ਕੇਂਦਰ ਸਰਕਾਰ ਦੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਦੁੱਖਦਾਈ ਘਟਨਾਵਾਂ ਨਾਲ
Friday, Jun 14, 2024 - 04:12 AM (IST)
9 ਜੂਨ ਨੂੰ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਤੀਜੀ ਵਾਰ ਰਾਜਗ ਸਰਕਾਰ ਦੇ ਸੱਤਾ ’ਚ ਆਉਣ ਦੇ ਦਿਨ ਤੋਂ ਹੀ ਕਈ ਅਣਸੁਖਾਵੀਆਂ ਘਟਨਾਵਾਂ ਹੋ ਰਹੀਆਂ ਹਨ। ਇਕ ਪਾਸੇ ਜੰਮੂ-ਕਸ਼ਮੀਰ ਅਤੇ ਮਣੀਪੁਰ ’ਚ ਹਿੰਸਾ ਜਾਰੀ ਹੈ ਤਾਂ ਦੂਜੇ ਪਾਸੇ ਵਿਦੇਸ਼ ’ਚ ਵੀ ਭਾਰਤ ਵਿਰੋਧੀ ਸਰਗਰਮੀਆਂ ਚੱਲ ਰਹੀਆਂ ਹਨ :
* 9 ਜੂਨ ਨੂੰ ਕੇਂਦਰ ’ਚ ਰਾਜਗ ਸਰਕਾਰ ਵੱਲੋਂ ਸਹੁੰ ਚੁੱਕਣ ਤੋਂ ਕੁਝ ਹੀ ਘੰਟੇ ਪਹਿਲਾਂ ਜੰਮੂ-ਕਸ਼ਮੀਰ ’ਚ ਰਿਆਸੀ ਦੇ ਪੂਨੀ ਇਲਾਕੇ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਨੇ ਸ਼ਿਵਖੋੜੀ ਤੋਂ ਕੱਟੜਾ ਜਾ ਰਹੇ ਸ਼ਰਧਾਲੂਆਂ ਦੀ ਬੱਸ ’ਤੇ ਫਾਇਰਿੰਗ ਕਰ ਕੇ 9 ਤੀਰਥ ਯਾਤਰੀਆਂ ਦੀ ਹੱਤਿਆ ਅਤੇ 42 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ।
* 11 ਜੂਨ ਸ਼ਾਮ ਨੂੰ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਦੇ ‘ਸੈਦ ਸੋਹਲ’ ਪਿੰਡ ’ਚ ਅੱਤਵਾਦੀ ਹਮਲੇ ’ਚ ਸੀ.ਆਰ.ਪੀ.ਐੱਫ. ਦੇ ਇਕ ਜਵਾਨ ਕਬੀਰਦਾਸ ਸ਼ਹੀਦ ਹੋ ਗਏ।
* 11 ਜੂਨ ਨੂੰ ਹੀ ਡੋਡਾ ਜ਼ਿਲ੍ਹੇ ਦੇ ਭਦਰਵਾਹ-ਸ਼ਤਰਗਲਾ ’ਚ ਪੁਲਸ ਪਾਰਟੀ ’ਤੇ ਅੱਤਵਾਦੀ ਹਮਲੇ ’ਚ 6 ਜਵਾਨ ਜ਼ਖਮੀ ਹੋ ਗਏ।
* 12 ਜੂਨ ਨੂੰ ਡੋਡਾ ਜ਼ਿਲ੍ਹੇ ਦੇ ਗੰਡੋਹ-ਭਲੇਸਾ ’ਚ ‘ਕੋਟਾ ਟੋਪ’ ’ਤੇ ਅੱਤਵਾਦੀਆਂ ਨਾਲ ਪੁਲਸ ਦੇ ਮੁਕਾਬਲੇ ’ਚ ਇਕ ਹੈੱਡ ਕਾਂਸਟੇਬਲ ਜ਼ਖਮੀ ਹੋ ਗਿਆ ਜਦਕਿ 13 ਜੂਨ ਨੂੰ ਡੋਡਾ ਜ਼ਿਲ੍ਹੇ ’ਚ ਹੀ ਹੀਰਾਨਗਰ ਦੇ ਸੈਦ ਸੋਹਲ ਪਿੰਡ ’ਚ ਫਿਰ ਦੋ ਅੱਤਵਾਦੀ ਨਜ਼ਰ ਆਉਣ ਦੇ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਨਰਵਾਲ ’ਚ ਵੀ ਸ਼ੱਕੀ ਦਿਸਣ ’ਤੇ ਤਲਾਸ਼ੀ ਮੁਹਿੰਮ ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਜਾਰੀ ਸੀ।
ਜੰਮੂ-ਕਸ਼ਮੀਰ ਇਲਾਕਾ ਬੜੀ ਤੇਜ਼ੀ ਨਾਲ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਦੀਆਂ ਸਰਗਰਮੀਆਂ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਪਿਛਲੇ 6 ਮਹੀਨਿਆਂ ’ਚ ਜੰਮੂ ਇਲਾਕੇ ਦੇ 10 ’ਚੋਂ 6 ਜ਼ਿਲਿਆਂ- ਰਿਜੌਰੀ, ਪੁੰਛ, ਰਿਆਸੀ, ਊਧਮਪੁਰ, ਕਠੂਆ ਅਤੇ ਡੋਡਾ ’ਚ ਅੱਤਵਾਦੀਆਂ ਨੇ ਵਾਰਦਾਤਾਂ ਕੀਤੀਆਂ ਹਨ।
* 12 ਜੂਨ ਨੂੰ ਹੀ ਬੇਲਗਾਵੀ (ਕਰਨਾਟਕ) ਦੀ ਜੇਲ੍ਹ ’ਚ ਬੰਦ ਗੈਂਗਸਟਰ ਜਯੇਸ਼ ਪੁਜਾਰੀ ਨੇ ਆਪਣੇ ਵਿਰੁੱਧ ਕੇਸ ਦੀ ਸੁਣਵਾਈ ਲਈ ਪੇਸ਼ੀ ਦੇ ਦੌਰਾਨ ਭਰੀ ਅਦਾਲਤ ’ਚ ਪਾਕਿਸਤਾਨ ਦੇ ਸਮਰਥਨ ’ਚ ਨਾਅਰੇ ਲਗਾਏ।
* ਉੱਤਰ-ਪੂਰਬ ਦੇ ਮਣੀਪੁਰ ’ਚ ਪਿਛਲੇ ਸਾਢੇ 13 ਮਹੀਨਿਆਂ ਤੋਂ ਹਾਲਤ ਅਸ਼ਾਂਤ ਬਣੀ ਹੋਈ ਹੈ। ਵਰਨਣਯੋਗ ਹੈ ਕਿ ਬੀਤੇ ਸਾਲ 3 ਮਈ ਦੇ ਬਾਅਦ ਤੋਂ ਇਸ ਸਾਲ 3 ਜੂਨ ਤੱਕ ਮਣੀਪੁਰ ’ਚ ਸੁਰੱਖਿਆ ਬਲਾਂ ਦੇ 12 ਮੈਂਬਰਾਂ ਦੇ ਇਲਾਵਾ 220 ਤੋਂ ਵੱਧ ਲੋਕਾਂ ਦੀਆਂ ਮੌਤਾਂ ਤੇ 50,000 ਤੋਂ ਵੱਧ ਲੋਕ ਬੇਘਰ ਹੋਏ ਹਨ।
ਉੱਥੇ ਹਿੰਸਾ ਦੀ ਨਵੀਂ ਘਟਨਾ ’ਚ 8 ਜੂਨ ਨੂੰ ਜਿਰੀਬਾਮ ਜ਼ਿਲ੍ਹੇ ’ਚ ਅੱਤਵਾਦੀਆਂ ਨੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਿਸ ਦੇ ਕਾਰਨ ਉੱਥੇ ਭੜਕੀ ਹਿੰਸਾ ਦੇ ਬਾਅਦ ਜਿਰੀਬਾਮ ਜ਼ਿਲ੍ਹੇ ਦੇ ਬਾਹਰੀ ਪਿੰਡਾਂ ’ਚ ਸ਼ੱਕੀ ਅੱਤਵਾਦੀਆਂ ਨੇ ਰਾਹਤ ਕੈਂਪ ’ਚ ਵਸੇ ਲੋਕਾਂ ਦੇ ਘਰਾਂ ਨੂੰ ਸਾੜ ਦਿੱਤਾ।
ਇਸ ਦੇ ਦੋ ਦਿਨ ਬਾਅਦ 10 ਜੂਨ ਨੂੰ ਜਿਰੀਬਾਮ ਭੇਜੀ ਜਾ ਰਹੀ ਮੁੱਖ ਮੰਤਰੀ ਬੀਰੇਨ ਸਿੰਘ ਦੀ ਸੁਰੱਖਿਆ ਟੀਮ ’ਤੇ ਵੀ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਇਕ ਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
* 12 ਜੂਨ ਨੂੰ ਚੰਡੀਗੜ੍ਹ ’ਚ ਮੈਂਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਬਾਅਦ ਉੱਥੇ ਇਲਾਜ ਅਧੀਨ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ’ਚ ਸ਼ਿਫਟ ਕੀਤਾ ਗਿਆ। ਇਸ ਦੇ ਇਲਾਵਾ ਨਵੀਂ ਦਿੱਲੀ ’ਚ ਰਾਸ਼ਟਰੀ ਮਿਊਜ਼ੀਅਮ, ਰੇਲ ਮਿਊਜ਼ੀਅਮ, ਗਾਂਧੀ ਮਿਊਜ਼ੀਅਮ ਅਤੇ ਕਈ ਹੋਰਨਾਂ ਸੰਸਥਾਨਾਂ ਨੂੰ ਵੀ ਬੰਬ ਰੱਖੇ ਹੋਣ ਦੇ ਧਮਕੀ ਭਰੇ ਮੇਲ ਭੇਜੇ ਗਏ।
* ਦੇਸ਼ ਵਿਰੋਧੀ ਤਾਕਤਾਂ ਦੇ ਵਧੇ ਹੋਏ ਹੌਸਲਿਆਂ ਦਾ ਅੰਦਾਜ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ 13 ਜੂਨ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਇਟਲੀ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਹੋਈ ਘਟਨਾ ਤੋਂ ਹੀ ਲਗਾਇਆ ਜਾ ਸਕਦਾ ਹੈ।
12 ਜੂਨ ਨੂੰ ਇਟਲੀ ਦੇ ਰੋਮ ਸ਼ਹਿਰ ’ਚ ਖਾਲਿਸਤਾਨੀ ਸਮਰਥਕਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੁੱਤ ਦੀ ਘੁੰਡ ਚੁਕਾਈ ਕਰਨ ਵਾਲੇ ਸਨ। ਇਸ ਲਈ ਇਸ ਨੂੰ ਸੁਰੱਖਿਆ ’ਚ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ।
* 12 ਜੂਨ ਦਾ ਦਿਨ ਭਾਰਤ ਲਈ ਇਕ ਹੋਰ ਦਰਦਨਾਕ ਖਬਰ ਲੈ ਕੇ ਆਇਆ ਜਦੋਂ ਕੁਵੈਤ ਦੇ ‘ਮੰਗਾਫ’ ਸ਼ਹਿਰ ’ਚ ਇਕ ਇਮਾਰਤ ’ਚ ਅੱਗ ਲੱਗ ਜਾਣ ਨਾਲ 45 ਭਾਰਤੀਆਂ ਸਮੇਤ 49 ਵਿਅਕਤੀਆਂ ਦੀ ਜਾਨ ਚਲੀ ਗਈ।
ਇਸ ਦੇ ਇਲਾਵਾ ਵੀ ਪਿਛਲੇ ਕੁਝ ਦਿਨਾਂ ਦੇ ਦੌਰਾਨ ਦੇਸ਼ ’ਚ ਕਈ ਛੋਟੀਆਂ-ਮੋਟੀਆਂ ਦੁੱਖਦਾਈ ਘਟਨਾਵਾਂ ਹੋਈਆਂ ਹਨ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਦੇਸ਼ ਵਿਰੋਧੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਢੁੱਕਵਾਂ ਜਵਾਬ ਦੇਵੇਗੀ ਤੇ ਦੇਸ਼ ’ਚ ਸੁੱਖ-ਸ਼ਾਂਤੀ ਦਾ ਦੌਰ ਪਰਤੇਗਾ।
-ਵਿਜੇ ਕੁਮਾਰ