ਵਿਸ਼ਵ ’ਚ ਜਿਨ੍ਹਾਂ ਦਾ ਮੁਕਾਬਲਾ ਨਹੀਂ ਉਨ੍ਹਾਂ ਦਾ ਨਾਂ ਹੈ ਜਗਤਗੁਰੂ ਰਾਮਭਦਰਾਚਾਰੀਆ

Sunday, Jan 14, 2024 - 02:41 PM (IST)

ਵਿਸ਼ਵ ’ਚ ਜਿਨ੍ਹਾਂ ਦਾ ਮੁਕਾਬਲਾ ਨਹੀਂ ਉਨ੍ਹਾਂ ਦਾ ਨਾਂ ਹੈ ਜਗਤਗੁਰੂ ਰਾਮਭਦਰਾਚਾਰੀਆ

ਵਿਸ਼ਵ ’ਚ ਲਗਭਗ 1 ਅਰਬ ਦਿਵਿਆਂਗ ਹਨ। ਇਸੇ ਅਧੀਨ ਭਾਰਤ ’ਚ ਲਗਭਗ 3 ਕਰੋੜ ਤੋਂ ਵੱਧ ਦਿਵਿਆਂਗਾਂ ਦੀ ਗਿਣਤੀ ਹੈ। ਇਨ੍ਹਾਂ ਨੂੰ ਪਹਿਲਾਂ ਵਿਕਲਾਂਗ ਕਿਹਾ ਜਾਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ 2 ਦਸੰਬਰ, 2015 ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਸਰੀਰਕ ਤੌਰ ’ਤੇ ਅਸਮਰੱਥ ਲੋਕਾਂ ਨੂੰ ‘ਦਿਵਿਆਂਗ’ ਨਾਂ ਨਾਲ ਸੰਬੋਧਨ ਕਰਨ ਦਾ ਫੈਸਲਾ ਦੱਸਿਆ। ਵਿਸ਼ਵ ਮੰਚ ’ਤੇ ਜਦੋਂ ਦਿਵਿਆਂਗਾਂ ਬਾਰੇ ਵਿਚਾਰ ਕਰਦੇ ਹਾਂ ਤਾਂ ਦੇਖਣ ’ਚ ਆਉਂਦਾ ਹੈ ਕਿ ਆਸਟ੍ਰੇਲੀਆ, ਅਫਰੀਕਾ, ਜਰਮਨੀ, ਅਮਰੀਕਾ, ਬਰਤਾਨੀਆ ਸਮੇਤ ਕਈ ਦੇਸ਼ਾਂ ’ਚ ਦਿਵਿਆਂਗਾਂ ਨੇ ਕਿਤੇ ਗਣਿਤ ਤਾਂ ਕਿਤੇ ਭੌਤਿਕੀ, ਕਿਤੇ ਮੀਡੀਆ, ਕਿਤੇ ਸੰਗੀਤ ਦੇ ਖੇਤਰ ’ਚ ਅਸਾਧਾਰਨ ਪ੍ਰਾਪਤੀ ਹਾਸਲ ਕੀਤੀ ਹੈ। ਇੱਥੋਂ ਤੱਕ ਕਿ ਇਕ ਦਿਵਿਆਂਗ ਨੂੰ ਆਪਣੇ ਕਾਰਜ ਖੇਤਰ ’ਚ ‘ਨੋਬਲ ਪੁਰਸਕਾਰ’ ਵੀ ਮਿਲਿਆ।

ਪਰ ਜਦੋਂ ਭਾਰਤ ’ਚ ਦਿਵਿਆਂਗਾਂ ਦੀ ਚਰਚਾ ਹੁੰਦੀ ਹੈ ਤਾਂ ਇਕ ਅਜਿਹੀ ਸ਼ਖ਼ਸੀਅਤ ਦਾ ਨਾਂ ਉਭਰ ਕੇ ਆਉਂਦਾ ਹੈ ਜੋ ਨਾ ਸਿਰਫ 140 ਕਰੋੜ ਭਾਰਤੀਆਂ ਲਈ ਸਗੋਂ ਵਿਸ਼ਵ ਦੇ ਕਰੋੜਾਂ ਲੋਕਾਂ ਲਈ ਵੀ ਇਕ ਆਦਰਸ਼ ਪੇਸ਼ ਕਰਦੇ ਹਨ। ਉਨ੍ਹਾਂ ਦੇ ਜੀਵਨ ਨਾਲ ਨਾ ਸਿਰਫ ਦਿਵਿਆਂਗ ਸਗੋਂ ਕਰੋੜਾਂ ਸਰਵਾਂਗ ਵਿਅਕਤੀਆਂ ਨੂੰ ਪ੍ਰੇਰਣਾ ਮਿਲਦੀ ਹੈ। ਭਾਰਤ ਦੇ ਉਸ ਵਿਅਕਤੀ ਦਾ ਨਾਂ ਹੈ ਜਗਤਗੁਰੂ ਸਵਾਮੀ ਰਾਮਭਦਰਾਚਾਰੀਆ। ਉਨ੍ਹਾਂ ਨੂੰ ਕੋਈ ਨੇਤਰਹੀਣ ਜਾਂ ਦਿਵਿਆਂਗ ਕਹਿੰਦਾ ਹੈ ਤਾਂ ਕਹਿੰਦੇ ਹਨ ਕਿ ਮੈਨੂੰ ਇਹ ਚੰਗਾ ਨਹੀਂ ਲੱਗਦਾ। ਮੈਂ ਆਪਣੀਆਂ ਇਨ੍ਹਾਂ ਹੀ ਅੱਖਾਂ ਨਾਲ ਪ੍ਰਤੱਖ ਭਗਵਾਨ ਮਰਿਆਦਾ ਪੁਰਸ਼ੋਤਮ ਦਾ ਬਚਪਨ ਦਾ ਰੂਪ ਦੇਖਿਆ ਹੈ।

14 ਜਨਵਰੀ, 1950 ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਦੇ ਸ਼ਾਂਡਿਲਯ ਖੈਰ ਪਿੰਡ ’ਚ ਜਨਮੇ, ਜਿਨ੍ਹਾਂ ਦਾ ਪਹਿਲਾ ਨਾਂ ਡਾ. ਗਿਰੀਧਰ ਲਾਲ ਮਿਸ਼ਰ ਸੀ, ਉਹ ਜਨਮ ਦੇ 2 ਮਹੀਨੇ ਬਾਅਦ ਹੀ ਆਪਣੀਆਂ ਦੋਵਾਂ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਸਨ ਪਰ ਉਨ੍ਹਾਂ ਨੇ ਹਿੰਮਤ ਨਹੀਂ ਗੁਆਈ। 14 ਜਨਵਰੀ, 2024 ਤੋਂ ਅਯੁੱਧਿਆ ’ਚ 9 ਦਿਨਾਂ ਤੱਕ ਉਨ੍ਹਾਂ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਦੀ ਤਿਆਰੀ ਚੱਲ ਰਹੀ ਹੈ।

ਪੂਜਨੀਕ ਰਾਮਭਦਰਾਚਾਰੀਆ ਜੀ ਦੀ ਜ਼ਿੰਦਗੀ ਦੇ ਅਤੀਤ ਦਾ ਜਦੋਂ ਅਧਿਐਨ ਕਰਦੇ ਹਾਂ ਤਾਂ ਜਾਪਦਾ ਹੈ ਕਿ ਈਸ਼ਵਰ ਨੇ ਉਨ੍ਹਾਂ ਨੂੰ ਆਪਣੀ ਸ਼ਕਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਜ਼ਿੰਦਗੀ ’ਚ ਕਦੀ ਵੀ ਬ੍ਰੇਲ ਲਿਪੀ ਦੀ ਵਰਤੋਂ ਨਹੀਂ ਕੀਤੀ। ਜਦੋਂ ਉਹ 5 ਸਾਲ ਦੇ ਹੋਏ ਤਾਂ ਸ਼੍ਰੀਮਦਭਗਵਤ ਗੀਤਾ ਅਤੇ 7 ਸਾਲ ਦੀ ਉਮਰ ’ਚ ਸ਼੍ਰੀਰਾਮਚਰਿਤਮਾਨਸ ਪੂਰੀ ਤਰ੍ਹਾਂ ਯਾਦ ਕਰ ਲਿਆ ਸੀ। ਸ਼ੁਰੂ ਤੋਂ ਆਚਾਰੀਆ (ਪਰਾਸਨਾਤਕ) ਤੱਕ ਸਾਰੀਆਂ ਜਮਾਤਾਂ ’ਚ ਪਹਿਲੀ ਸ਼੍ਰੇਣੀ ਅਤੇ ਪ੍ਰਥਮ ਸਥਾਨ ਪ੍ਰਾਪਤ ਕੀਤਾ।

ਉਸ ਤੋਂ ਬਾਅਦ ਪੀ. ਐੱਚ. ਡੀ. ਖੋਜ ਪਿੱਛੋਂ ਧਰਮ ਸਮਰਾਟ ਸਵਾਮੀ ਕਰਪਾਤਰੀ ਜੀ ਦੇ ਹੁਕਮ ’ਤੇ ਰਾਮਾਨੰਦ ਸੰਪਰਦਾਇ ਵਿਚ ਵਿਰੱਕਤ ਦੀਕਸ਼ਿਤ ਹੋਣ ਪਿੱਛੋਂ ਜਗਤਗੁਰੂ ਰਾਮਭਦਰਾਚਾਰੀਆ ਦੇ ਅਹੁਦੇ ’ਤੇ ਸਰਬਸੰਮਤੀ ਨਾਲ ਤਾਜਪੋਸ਼ੀ ਹੋਈ। ਅਜਿਹੇ ਵਿਲੱਖਣ ਸਾਹਿਤਕਾਰ ਜਿਨ੍ਹਾਂ ਦੀਆਂ ਪੁਸਤਕਾਂ ਨੂੰ ਦੇਸ਼ ਦੇ 2 ਸਭ ਤੋਂ ਪ੍ਰਸਿੱਧ ਪ੍ਰਧਾਨ ਮੰਤਰੀਆਂ ਕ੍ਰਮਵਾਰ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਨੇ ਰਿਲੀਜ਼ ਕੀਤਾ। 240 ਗ੍ਰੰਥਾਂ ਨੂੰ ਪੂਰਾ ਕਰਨਾ ਜਿਨ੍ਹਾਂ ’ਚ 4 ਮਹਾਕਾਵਿ ਸਮੇਤ ਸਾਹਿਤ ਦੀਆਂ ਸਾਰੀਆਂ ਵਿਧਾਵਾਂ ’ਚ ਰਚਨਾਵਾਂ ਰਚੀਆਂ ਗਈਆਂ। ਸਾਹਿਤ ਦੇ ਖੇਤਰ ’ਚ ਸਭ ਤੋਂ ਉੱਤਮ ਸਨਮਾਨ ਸਾਹਿਤ ਅਕਾਦਮੀ ਤੋਂ 2005 ’ਚ ਸਨਮਾਨਿਤ ਕੀਤੇ ਗਏ।

19 ਨਵੰਬਰ, 1992 ਨੂੰ ਚਿਤਰਕੂਟ ਮੱਧ ਪ੍ਰਦੇਸ਼ ’ਚ ਸ਼੍ਰੀਤੁਲਸੀਪੀਠ ਦੀ ਸਥਾਪਨਾ ਰਾਮਭਦਰਾਚਾਰੀਆ ਜੀ ਵੱਲੋਂ ਕੀਤੀ ਗਈ। ਸ਼੍ਰੀ ਤੁਲਸੀ ਪ੍ਰਗਿਆਚਕਸ਼ੂ ਦਿਵਿਆਂਗ ਹਾਇਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ ਗਈ। ਉਸ ਪਿੱਛੋਂ ਵਿਸ਼ਵ ਪੱਧਰ ’ਤੇ ਦਿਵਿਆਂਗਾਂ ਲਈ ਜਗਤਗੁਰੂ ਰਾਮਭਦਰਾਚਾਰੀਆ ਵਿਸ਼ਵ ਦੀ ਪਹਿਲੀ ਦਿਵਿਆਂਗ ਯੂਨੀਵਰਸਿਟੀ ਹੈ ਜਿੱਥੇ ਹੁਣ ਤੱਕ 5 ਹਜ਼ਾਰ ਤੋਂ ਵੱਧ ਵਿਦਿਆਰਥੀ ਅਧਿਐਨ ਕਰ ਕੇ ਦੇਸ਼ ਦੇ ਖਾਸ ਕਰ ਕੇ ਉੱਤਰ ਪ੍ਰਦੇਸ਼ ਦੇ ਕਈ ਉੱਚ ਸਥਾਨਾਂ ’ਤੇ ਬਿਰਾਜਮਾਨ ਹਨ। ਦਿਵਿਆਂਗ ਯੂਨੀਵਰਸਿਟੀ ਦੀ ਸਥਾਪਨਾ 2001 ’ਚ ਕੀਤੀ ਗਈ। ਇਸ ਪਿੱਛੋਂ ਸ਼੍ਰੀ ਗੀਤਾ ਗਿਆਨ ਮੰਦਰ ਰਾਜਕੋਟ ਗੁਜਰਾਤ ਦੀ ਸਥਾਪਨਾ ਵੀ ਉਨ੍ਹਾਂ ਵੱਲੋਂ ਕੀਤੀ ਗਈ। ਵਸ਼ਿਸ਼ਠ ਅਯਮਨ ਹਰਿਦੁਆਰ ਉੱਤਰਾਖੰਡ ਦੀ ਸਥਾਪਨਾ ਵੀ ਉਨ੍ਹਾਂ ਵੱਲੋਂ ਕੀਤੀ ਗਈ। ਸਾਹਿਤ ਅਤੇ ਸਮਾਜਿਕ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ 2015 ’ਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਜਗਤਗੁਰੂ ਰਾਮਭਦਰਾਚਾਰੀਆ ਦਿਵਿਆਂਗ ਯੂਨੀਵਰਸਿਟੀ ਦੇ ਉਹ ਪੂਰੀ ਜ਼ਿੰਦਗੀ ਚਾਂਸਲਰ ਬਣੇ ਰਹਿਣਗੇ। ਭਾਰਤ ਸਰਕਾਰ ਦੀ ਸਵੱਛਤਾ ਮੁਹਿੰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਨੌਂ ਰਤਨਾਂ ’ਚ ਸ਼ਾਮਲ ਕੀਤਾ ਗਿਆ।

ਭੌਤਿਕ ਅੱਖਾਂ ਨਾ ਹੁੰਦੇ ਹੋਏ ਵੀ, ਬ੍ਰੇਲ ਲਿਪੀ ਦੀ ਬਿਨਾਂ ਵਰਤੋਂ ਦੇ ਹੁਣ ਤੱਕ ਉਹ 1275 ਤੋਂ ਵੱਧ ਸ਼੍ਰੀਰਾਮਚਰਿਤਮਾਨਸ ’ਤੇ ਕਥਾ ਵਾਚਨ ਕਰ ਚੁੱਕੇ ਹਨ ਅਤੇ ਸ਼੍ਰੀਮਦਭਗਵਤ ’ਤੇ 1115 ਤੋਂ ਵੱਧ ਕਥਾ ਵਾਚਨ ਅਜੇ ਤੱਕ ਕਰ ਚੁੱਕੇ ਹਨ। ਧਾਰਾ ਪ੍ਰਵਾਹ ਸੰਸਕ੍ਰਿਤ ਭਾਸ਼ਣ ’ਚ ਵਿਸ਼ਵ ’ਚ ਉਨ੍ਹਾਂ ਦਾ ਕੋਈ ਜੋੜ ਨਹੀਂ ਹੈ। ਉਹ ਇਕ ਘੰਟੇ ’ਚ 100 ਸਲੋਕ ਬਣਾਉਣ ਦੀ ਸਮਰੱਥਾ ਰੱਖਦੇ ਹਨ। ਦਰਸ਼ਨ ਕਾਵਿ ਅਤੇ ਲੇਖਣੀ ਅਟੱਲ ਰਫਤਾਰ ਉਨ੍ਹਾਂ ਨੂੰ ਪ੍ਰਦਾਨ ਹੈ। ਤਤਕਾਲ ਸਮੱਸਿਆ ਪੂਰਤੀ ’ਤੇ ਸੰਸਕ੍ਰਿਤ, ਿਹੰਦੀ ਆਦਿ ਭਾਸ਼ਾਵਾਂ ’ਚ ਉਹ ਸਲੋਕ ਅਤੇ ਹੋਰ ਵਿਧਾ ਰਚ ਲੈਂਦੇ ਹਨ। ਸੰਯੁਕਤ ਰਾਸ਼ਟਰ ਸੰਘ ਨਿਊਯਾਰਕ ’ਚ ਆਯੋਜਿਤ ਵਿਸ਼ਵ ਸ਼ਾਂਤੀ ਸੰਮੇਲਨ ’ਚ 16 ਮਿੰਟ ਦਾ ਇਤਿਹਾਸਕ ਭਾਸ਼ਣ ਸੰਪੰਨ ਹੋਇਆ। ਉਹ 22 ਭਾਸ਼ਾਵਾਂ ਦੇ ਗਿਆਨੀ ਹਨ।

ਇਲਾਹਾਬਾਦ ਹਾਈਕੋਰਟ ’ਚ ਜਦੋਂ ਰਾਮ ਜਨਮਭੂਮੀ ਮਾਮਲੇ ’ਤੇ ਬਹਿਸ ਚੱਲ ਰਹੀ ਸੀ ਤਾਂ ਮੁਸਲਿਮ ਪੱਖ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਜੇ ਬਾਬਰ ਨੇ ਰਾਮ ਮੰਦਰ ਤੋੜਿਆ ਤਾਂ ਤੁਲਸੀਦਾਸ ਨੇ ਜ਼ਿਕਰ ਕਿਉਂ ਨਹੀਂ ਕੀਤਾ। ਹਿੰਦੂ ਪੱਖ ਲਈ ਸੰਕਟ ਖੜ੍ਹਾ ਹੋ ਗਿਆ ਪਰ ਉਦੋਂ ਸੰਕਟਮੋਚਨ ਬਣੇ ਸ਼੍ਰੀ ਰਾਮਭਦਰਾਚਾਰੀਆ ਜੀ। ਉਨ੍ਹਾਂ ਨੇ ਇਲਾਹਾਬਾਦ ਹਾਈਕੋਰਟ ’ਚ 15 ਜੁਲਾਈ, 2003 ਨੂੰ ਗਵਾਹੀ ਦਿੱਤੀ ਅਤੇ ਤੁਲਸੀਦਾਸ ਦੇ ਦੋਹਾਸ਼ਤਕ ’ਚ ਲਿਖੇ ਉਸ ਦੋਹੇ ਨੂੰ ਜੱਜ ਸਾਹਿਬ ਨੂੰ ਸੁਣਾਇਆ ਜਿਸ ’ਚ ਬਾਬਰ ਦੇ ਸੈਨਾਪਤੀ ਮੀਰ ਬਾਕੀ ਵੱਲੋਂ ਰਾਮ ਮੰਦਰ ਨੂੰ ਤੋੜਨ ਦੀ ਗੱਲ ਕਹੀ ਗਈ ਹੈ। ਦੋਹਾ ਇਸ ਤਰ੍ਹਾਂ ਹੈ :

ਰਾਮਜਨਮ ਮੰਦਿਰ ਮਹਿੰ ਮੰਦਿਰਹਿ ਤੋਰਿ ਮਸੀਤ ਬਨਾਯ।

ਜਬਹਿ ਬਹੁ ਹਿੰਦੁਨ ਹਤੇ, ਤੁਲਸੀ ਕੀਨਹੀ ਹਾਯ।।

ਦਲਯੋ ਮੀਰ ਬਾਕੀ ਅਵਧ, ਮੰਦਿਰ ਰਾਮ ਸਮਾਜ।

ਤੁਲਸੀ ਰੋਵਤ ਹ੍ਰਿਦਯ ਅਤਿ, ਤ੍ਰਾਹੀ ਤ੍ਰਾਹੀ ਰਘੂਰਾਜ।।

ਜਗਤਗੁਰੂ ਸਵਾਮੀ ਰਾਮਭਦਰਾਚਾਰੀਆ ਜੀ ਦੱਸਦੇ ਹਨ ਕਿ ਅਯੁੱਧਿਆ ’ਚ ਰਾਮ ਮੰਦਰ ਹੋਣ ਦੇ 437 ਸਬੂਤ ਅਦਾਲਤ ਨੂੰ ਦਿੱਤੇ ਗਏ ਹਨ। ਉਹ ਪ੍ਰਾਚੀਨ ਗ੍ਰੰਥਾਂ ਦਾ ਵਰਨਣ ਕਰਦੇ ਹੋਏ ਦੱਸਦੇ ਹਨ ਕਿ ਵਾਲਮੀਕਿ ਰਾਮਾਇਣ ਦੇ ਬਾਲ ਖੰਡ ਦੇ 8ਵੇਂ ਸਲੋਕ ਤੋਂ ਸ਼੍ਰੀ ਰਾਮ ਜਨਮ ਬਾਰੇ ਜਾਣਕਾਰੀ ਸ਼ੁਰੂ ਹੁੰਦੀ ਹੈ। ਰਾਮਭਦਰਾਚਾਰੀਆ ਜੀ ਦੱਸਦੇ ਹਨ ਕਿ ਵੇਦ ’ਚ ਵੀ ਸ਼੍ਰੀ ਰਾਮ ਜਨਮ ਦਾ ਸਪੱਸ਼ਟ ਸਬੂਤ ਹੈ। ਰਿਗਵੇਦ ਦੇ ਦਸਮ ਮੰਡਲ ’ਚ ਵੀ ਇਸ ਦਾ ਸਬੂਤ ਹੈ। ਰਾਮਚਰਿਤਮਾਨਸ ’ਚ ਬਹੁਤ ਹੀ ਸਪੱਸ਼ਟ ਲਿਖਿਆ ਹੈ।

ਸਵਾਮੀ ਰਾਮਭਦਰਾਚਾਰੀਆ ਜੀ ਦੇ ਸਬੂਤਾਂ ਨੇ ਇਲਾਹਾਬਾਦ ਹਾਈਕੋਰਟ ਦੇ ਜੱਜਾਂ ਨੂੰ ਹੈਰਾਨ ਕਰ ਦਿੱਤਾ ਕਿ ਸ਼੍ਰੀ ਰਾਮਲੱਲਾ ਅਯੁੱਧਿਆ ’ਚ ਉਸੇ ਵਿਵਾਦਿਤ ਥਾਂ ’ਤੇ ਬਿਰਾਜਦੇ ਹਨ। ਉਨ੍ਹਾਂ ਦੇ ਦਿੱਤੇ ਗਏ ਤਰਕਾਂ ਦੀ ਰੋਸ਼ਨੀ ’ਚ ਹੀ ਸੁਪਰੀਮ ਕੋਰਟ ’ਚ ਬਹਿਸ ਹੋਈ ਤਾਂ ਵਕੀਲਾਂ ਨੇ ਉਨ੍ਹਾਂ ਵੱਲੋਂ ਪੇਸ਼ ਤੱਥਾਂ ਨੂੰ ਜਸਟਿਸਾਂ ਦੇ ਸਾਹਮਣੇ ਪੇਸ਼ ਕੀਤਾ। ਇਹ ਕਹਿਣ ’ਚ ਕੋਈ ਝਿਜਕ ਨਹੀਂ ਕਿ ਸ਼੍ਰੀ ਰਾਮ ਜਨਮਭੂਮੀ ’ਤੇ ਹੀ ਅਯੁੱਧਿਆ ’ਚ ਸ਼੍ਰੀ ਰਾਮਲੱਲਾ ਬਿਰਾਜਦੇ ਹਨ, ਦੇ ਪੱਖ ’ਚ ਫੈਸਲਾ ਲੈਣ ’ਚ ਰਾਮਭਦਰਾਚਾਰੀਆ ਜੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।

ਪ੍ਰਭਾਤ ਝਾਅ


author

Rakesh

Content Editor

Related News