ਬਿਜਲੀ ਸੰਕਟ ਦਾ ਮੁੱਖ ਕਾਰਨ ਗਲੋਬਲ ਵਾਰਮਿੰਗ
Tuesday, Nov 02, 2021 - 03:44 AM (IST)

ਭਰਤ ਝੁਨਝੁਨਵਾਲਾ
ਬੀਤੇ ਸਮੇਂ ਬਰਸਾਤ ’ਚ ਕੋਲੇ ਦੀਆਂ ਖਾਨਾਂ ’ਚ ਪਾਣੀ ਭਰਨ ਕਾਰਨ ਆਪਣੇ ਦੇਸ਼ ’ਚ ਕੋਲੇ ਦਾ ਉਤਪਾਦਨ ਵੀ ਘੱਟ ਹੋਇਆ ਅਤੇ ਕਈ ਸ਼ਹਿਰਾਂ ’ਚ ਪਾਵਰ ਕੱਟ ਲਾਗੂ ਕੀਤੇ ਗਏ। ਫਿਲਹਾਲ ਬਰਸਾਤ ਦੇ ਘੱਟ ਹੋ ਜਾਣ ਨਾਲ ਇਹ ਸੰਕਟ ਟਲ ਗਿਆ ਹੈ ਪਰ ਇਹ ਸਿਰਫ ਤੁਰੰਤ ਰਾਹਤ ਹੈ। ਸਾਨੂੰ ਇਸ ਸਮੱਸਿਆ ਦੇ ਮੂਲ ਕਾਰਨਾਂ ਨੂੰ ਦੂਰ ਕਰਨਾ ਹੋਵੇਗਾ ਨਹੀਂ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਾਰ ਵਾਰ ਆਉਂਦੀਆਂ ਰਹਿਣਗੀਆਂ।
ਮੌਜੂਦਾ ਬਿਜਲੀ ਸੰਕਟ ਦੇ ਤਿੰਨ ਕਥਿਤ ਕਾਰਨਾਂ ਦਾ ਪਹਿਲਾ ਨਿਵਾਰਨ ਕਰਨਾ ਜ਼ਰੂਰੀ ਹੈ। ਪਹਿਲਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕੋਵਿਡ ਸੰਕਟ ਦੇ ਖਤਮ ਹੋ ਜਾਣ ਕਾਰਨ ਦੇਸ਼ ’ਚ ਬਿਜਲੀ ਦੀ ਮੰਗ ਵਧ ਗਈ ਹੈ ਜਿਸ ਕਾਰਨ ਇਹ ਸੰਕਟ ਪੈਦਾ ਹੋਇਆ ਹੈ। ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਪ੍ਰੈਲ ਤੋਂ ਸਤੰਬਰ 2019 ਦੇ ਮੁਕਾਬਲੇ ਅਪ੍ਰੈਲ ਤੋਂ ਸਤੰਬਰ 2021 ’ਚ ਕੋਲੇ ਦਾ 11 ਤੋਂ ਵੱਧ ਵਾਰ ਉਤਪਾਦਨ ਹੋਇਆ ਸੀ। ਇਸੇ ਮਿਆਦ ’ਚ ਦੇਸ਼ ਦਾ ਜੀ.ਡੀ.ਪੀ. ਲਗਭਗ ਉਸੇ ਪੱਧਰ ’ਤੇ ਰਿਹਾ ਭਾਵ ਕੋਲੇ ਦਾ ਉਤਪਾਦਨ ਵਧਿਆ ਅਤੇ ਆਰਥਿਕ ਸਰਗਰਮੀਆਂ ਪਹਿਲਾਂ ਦੇ ਪੱਧਰ ’ਤੇ ਰਹੀਆਂ। ਇਸ ਲਈ ਬਿਜਲੀ ਦਾ ਸੰਕਟ ਘਟਣਾ ਚਾਹੀਦਾ ਸੀ ਨਾ ਕਿ ਵਧਣਾ ਜਿਵੇਂ ਕਿ ਹੋਇਆ ਹੈ।
ਦੂਜਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੋਲੇ ਦੇ ਖਨਨ ’ਚ ਬੀਤੇ ਕਈ ਸਾਲਾਂ ’ਚ ਨਿਵੇਸ਼ ਘੱਟ ਹੋਇਆ ਹੈ। ਬਿਜਲੀ ਉਤਪਾਦਨ ਦਾ ਰੁਝਾਣ ਸੋਲਰ ਅਤੇ ਹਵਾ ਦੀ ਊਰਜਾ ਵੱਲ ਵਧ ਹੋ ਗਿਆ ਹੈ। ਇਹ ਗੱਲ ਠੀਕ ਹੋ ਸਕਦੀ ਹੈ ਪਰ ਇਸ ਕਾਰਨ ਬਿਜਲੀ ਦਾ ਸੰਕਟ ਪੈਦਾ ਨਹੀਂ ਹੋਣਾ ਚਾਹੀਦਾ ਸੀ। ਕੋਲੇ ਦੀਆਂ ਖਾਨਾਂ ’ਚ ਨਿਵੇਸ਼ ਦੀ ਜਿੰਨੀ ਕਮੀ ਹੋਈ ਹੈ, ਜੇ ਓਨਾ ਹੀ ਨਿਵੇਸ਼ ਸੋਲਰ ਅਤੇ ਹਵਾ ਊਰਜਾ ’ਚ ਕੀਤਾ ਗਿਆ ਤਾਂ ਕੋਲੇ ਨਾਲ ਬਣੀ ਊਰਜਾ ’ਚ ਜਿੰਨੀ ਕਮੀ ਹੋਵੇਗੀ, ਓਨਾ ਹੀ ਵਾਧਾ ਸੋਲਰ ਅਤੇ ਹਵਾ ਦੀ ਊਰਜਾ ’ਚ ਹੋਣਾ ਚਾਹੀਦਾ ਸੀ। ਊਰਜਾ ਖੇਤਰ ’ਚ ਕੁਲ ਨਿਵੇਸ਼ ਘੱਟ ਹੋਇਆ ਹੋਵੇ, ਅਜਿਹੇ ਸੰਕੇਤ ਨਹੀਂ ਮਿਲਦੇ। ਇਸ ਲਈ ਕੋਲੇ ’ਚ ਨਿਵੇਸ਼ ਦੀ ਕਮੀ ਨੂੰ ਸੰਕਟ ਦਾ ਕਾਰਨ ਨਹੀਂ ਦੱਸਿਆ ਜਾ ਸਕਦਾ।
ਹੁਣੇ ਜਿਹੇ ਆਏ ਬਿਜਲੀ ਸੰਕਟ ਦਾ ਮੂਲ ਕਾਰਨ ਗਲੋਬਲ ਵਾਰਮਿੰਗ ਨਜ਼ਰ ਆਉਂਦਾ ਹੈ। ਗਲੋਬਲ ਵਾਰਮਿੰਗ ਕਾਰਨ ਇਕ ਪਾਸੇ ਬਿਜਲੀ ਦਾ ਉਤਪਾਦਨ ਘੱਟ ਹੋਇਆ ਤਾਂ ਦੂਜੇ ਪਾਸੇ ਬਿਜਲੀ ਦੀ ਮੰਗ ਵਧ ਗਈ। ਪਹਿਲਾਂ ਉਤਪਾਦਨ ’ਤੇ ਵਿਚਾਰ ਕਰੀਏ ਜਿਵੇਂ ਉਪਰ ਦੱਸਿਆ ਗਿਆ ਹੈ, ਬੀਤੇ ਸਮੇਂ ’ਚ ਹੜ੍ਹ ਕਾਰਨ ਕੋਲੇ ਦਾ ਖਨਨ ਘੱਟ ਹੋਇਆ ਸੀ। ਇਹ ਹੜ੍ਹ ਖੁਦ ਗਲੋਬਲ ਵਾਰਨਿੰਗ ਕਾਰਨ ਵਧੇ ਹਨ। ਇਸ ਤਰ੍ਹਾਂ ਦੇ ਸੰਕੇਟ ਮਿਲੇ ਹਨ। ਗਲੋਬਲ ਵਾਰਮਿੰਗ ਕਾਰਨ ਮੀਂਹ ਘੱਟ ਸਮੇਂ ’ਚ ਵੱਧ ਮਾਤਰਾ ’ਚ ਹੋਣ ਦਾ ਅਨੁਮਾਨ ਹੈ ਜੋ ਹੜ੍ਹ ਦਾ ਕਾਰਨ ਬਣਦਾ ਹੈ। ਇਸ ਲਈ ਹੜ੍ਹ ਨੂੰ ਦੋਸ਼ ਦੇਣ ਦੀ ਥਾਂ ’ਤੇ ਸਾਨੂੰ ਗਲੋਬਲ ਵਾਰਮਿੰਗ ਵੱਲ ਧਿਆਨ ਦੇਣਾ ਹੋਵੇਗਾ।
ਗਲੋਬਰ ਵਾਰਮਿੰਗ ਦਾ ਦੂਜਾ ਪ੍ਰਭਾਵ ਇਹ ਰਿਹਾ ਹੈ ਕਿ ਅਮਰੀਕਾ ਦੇ ਲੁਸਿਆਨਾ ਅਤੇ ਟੈਕਸਾਸ ਸੂਬਿਆਂ ’ਚ ਕਈ ਤੂਫਾਨ ਆਏ। ਇਨ੍ਹਾਂ ਸੂਬਿਆਂ ’ਚ ਤੇਲ ਦਾ ਭਾਰੀ ਮਾਤਰਾ ’ਚ ਉਤਪਾਦਨ ਹੁੰਦਾ ਹੈ ਜਿਸ ਕਾਰਨ ਵਿਸ਼ਵ ਅਰਥਵਿਵਸਥਾ ’ਚ ਤੇਲ ਦੀ ਉਪਲਬਧੀ ਘੱਟ ਹੋਈ ਅਤੇ ਕੋਲੇ ਦੀ ਵਰਤੋਂ ਵੱਧ ਹੋਈ। ਵਿਸ਼ਵ ਬਾਜ਼ਾਰ ’ਚ ਕੋਲੇ ਦੀ ਮੰਗ ਵਧੀ, ਕੀਮਤਾਂ ’ਚ ਵਾਧਾ ਹੋਇਆ ਅਤੇ ਸਾਡੇ ਲਈ ਦਰਾਮਦ ਕੀਤਾ ਜਾਣ ਵਾਲਾ ਕੋਲਾ ਮਹਿੰਗਾ ਹੋ ਗਿਆ। ਇਸ ਕਾਰਨ ਆਪਣੇ ਦੇਸ਼ ’ਚ ਵੀ ਕੋਲੇ ਦਾ ਸੰਕਟ ਪੈਦਾ ਹੋ ਗਿਆ।
ਗਲੋਬਲ ਵਾਰਮਿੰਗ ਦਾ ਤੀਜਾ ਅਸਰ ਚੀਨ ’ਚ ਰਿਹਾ ਹੈ। ਚੀਨ ਦੇ ਕਈ ਖੇਤਰਾਂ ’ਚ ਸੋਕਾ ਪਿਆ ਹੈ। ਇਸ ਕਾਰਨ ਪਣ ਬਿਜਲੀ ਦਾ ਉਤਪਾਦਨ ਘੱਟ ਹੋਇਆ ਹੈ ਅਤੇ ਕਈ ਖੇਤਰਾਂ ’ਚ ਹਵਾ ਦੀ ਰਫਤਾਰ ਵੀ ਘੱਟ ਰਹੀ ਹੈ, ਇਸ ਕਾਰਨ ਹਵਾ ਦੀ ਊਰਜਾ ਦਾ ਉਤਪਾਦਨ ਘੱਟ ਹੋਇਆ। ਇਨ੍ਹਾਂ ਤਿੰਨਾਂ ਰਸਤਿਆਂ ਰਾਹੀਂ ਗਲੋਬਲ ਵਾਰਮਿੰਗ ਕਾਰਨ ਕੋਲੇ ਅਤੇ ਬਿਜਲੀ ਦੀ ਉਪਲਬਧੀ ਨੂੰ ਘੱਟ ਕੀਤਾ ਹੈ। ਦੂਜੇ ਪਾਸੇ ਗਲੋਬਲ ਵਾਰਮਿੰਗ ਕਾਰਨ ਹੀ ਊਰਜਾ ਦੀ ਮੰਗ ਵਧੀ ਹੈ। ਬੀਤੇ ਸਾਲ ਯੂਰਪ ਅਤੇ ਹੋਰਨਾਂ ਠੰਡੇ ਦੇਸ਼ਾਂ ’ਚ ਸਰਦੀ ਦਾ ਸਮਾਂ ਲੰਬਾ ਚੱਲਿਆ। ਇਸ ਕਾਰਨ ਉੱਥੇ ਘਰਾਂ ਨੂੰ ਗਰਮ ਰੱਖਣ ਲਈ ਕੋਲੇ ਦੀ ਖਪਤ ਵਧੀ। ਇਸ ਕਾਰਨ ਗਲੋਬਲ ਵਾਰਮਿੰਗ ਦੇ ਕਾਰਨ ਇਕ ਪਾਸੇ ਹੜ੍ਹ, ਤੂਫਾਨ ਅਤੇ ਸੋਕੇ ਦੇ ਕਾਰਨ ਊਰਜਾ ਦਾ ਉਤਪਾਦਨ ਡਿਗਿਆ। ਮਕਾਨਾਂ ਨੂੰ ਗਰਮ ਰੱਖਣ ਲਈ ਤੇਲ ਦੀ ਖਪਤ ’ਚ ਵੀ ਵਾਧਾ ਹੋਇਆ। ਇਸ ਅਸੰਤੁਲਨ ਕਾਰਨ ਦੁਨੀਆ ’ਚ ਤੇਲ ਅਤੇ ਕੋਲੇ ਦੀਆਂ ਕੀਮਤਾਂ ’ਚ ਵਾਧਾ ਹੋਇਆ। ਇਸ ਦਾ ਅਸਰ ਭਾਰਤ ’ਤੇ ਵੀ ਪਿਆ।
ਅਸੀਂ ਆਪਣੀ ਖਪਤ ਦਾ 85 ਫੀਸਦੀ ਤੇਲ ਬਾਹਰੋਂ ਮੰਗਵਾਉਂਦੇ ਹਾਂ, ਨਾਲ ਹੀ 10 ਫੀਸਦੀ ਕੋਲਾ ਵੀ ਦਰਾਮਦ ਕਰਦੇ ਹਾਂ। ਉਂਝ ਤਾਂ 10 ਫੀਸਦੀ ਘੱਟ ਨਜ਼ਰ ਆਉਂਦਾ ਹੈ ਪਰ ਬਾਹਰੋਂ ਮੰਗਵਾਏ ਕੋਲੇ ਦੇ ਮਹਿੰਗਾ ਹੋ ਜਾਣ ਕਾਰਨ ਇਸ ਕੋਲੇ ’ਤੇ ਚੱਲਣ ਵਾਲੇ ਘਰੇਲੂ ਬਿਜਲੀ ਪਲਾਂਟਾਂ ਰਾਹੀਂ ਬਿਜਲੀ ਦਾ ਉਤਪਾਦਨ ਮਹਿੰਗਾ ਹੋਣ ਲੱਗਾ। ਇਸ ਨੂੰ ਖਰੀਦਣ ਨਾਲ ਵੱਖ-ਵੱਖ ਬਿਜਲੀ ਬੋਰਡਾਂ ਨੇ ਨਾਂਹ ਕਰ ਦਿੱਤੀ। ਕਈ ਬਿਜਲੀ ਪਲਾਂਟ ਬੰਦ ਹੋ ਗਏ। ਇਨ੍ਹਾਂ ਦੇ ਬੰਦ ਹੋਣ ਕਾਰਨ ਜੋ ਬਿਜਲੀ ਉਤਪਾਦਨ ’ਚ ਕਟੌਤੀ ਹੋਈ, ਉਸ ਦੀ ਸਪਲਾਈ ਹੋਰਨਾਂ ਸਾਧਨਾਂ ਤੋਂ ਨਹੀਂ ਹੋ ਸਕੀ ਕਿਉਂਕਿ ਨਾਲ-ਨਾਲ ਕੋਲੇ ਦੇ ਘਰੇਲੂ ਉਤਪਾਦਨ ’ਚ ਵੀ ਕਟੌਤੀ ਹੋਈ। ਇਸ ਕਾਰਨ ਆਪਣੇ ਦੇਸ਼ ’ਚ ਇਹ ਸਮੱਸਿਆ ਪੈਦਾ ਹੋ ਗਈ।
ਆਉਣ ਵਾਲੇ ਸਮੇਂ ’ਚ ਅਜਿਹੀ ਸਮੱਸਿਆ ਮੁੜ ਪੈਦਾ ਨਾ ਹੋ ਸਕੇ, ਲਈ ਸਾਨੂੰ ਦੋ ਕਦਮ ਚੁਕਣੇ ਹੋਣਗੇ। ਪਹਿਲੀ ਗੱਲ ਇਹ ਹੈ ਕਿ ਦੇਸ਼ ’ਚ ਊਰਜਾ ਦੀ ਖਪਤ ਹੁਣ ਘੱਟ ਕਰਨੀ ਹੋਵੇਗੀ। ਸਾਡੇ ਕੋਲ ਕੋਲੇ ਦਾ ਭੰਡਾਰ ਸਿਰਫ 150 ਸਾਲ ਲਈ ਹੈ। ਤੇਲ ਲਈ ਅਸੀਂ ਦਰਾਮਦ ’ਤੇ ਨਿਰਭਰ ਹਾਂ। ਇਸ ਲਈ ਸਾਨੂੰ ਦੇਸ਼ ’ਚ ਊਰਜਾ ਦੀ ਕੀਮਤ ਨੂੰ ਵਧਾਉਣਾ ਚਾਹੀਦਾ ਹੈ ਅਤੇ ਇਸ ਰਕਮ ਨੂੰ ਊਰਜਾ ਦੀ ਵਧੀਆ ਵਰਤੋਂ ਲਈ ਲਾਉਣਾ ਚਾਹੀਦਾ ਹੈ। ਜਿਵੇਂ ਸਰਕਾਰ ਬਿਜਲੀ ਦੀ ਕੀਮਤ ਵਧਾ ਦੇਵੇ ਅਤੇ ਵਧੀਆ ਬਿਜਲੀ ਦੀਆਂ ਮੋਟਰਾਂ ਨੂੰ ਲਾਉਣ ਲਈ ਸਬਸਿਡੀ ਦੇ ਦੇਵੇ ਤਾਂ ਊਰਜਾ ਦੀ ਖਪਤ ਘੱਟ ਹੋਵੇਗੀ ਪਰ ਉਦਮੀ ਨੂੰ ਨੁਕਸਾਨ ਨਹੀਂ ਹੋਵੇਗਾ। ਸਾਡੀ ਜੀ.ਡੀ.ਪੀ.’ਤੇ ਵੀ ਕੋਈ ਮਾੜਾ ਅਸਰ ਨਹੀਂ ਪਵੇਗਾ।
ਦੂਜੇ ਪਾਸੇ ਸਰਕਾਰ ਨੂੰ ਬਿਜਲੀ ਦੀਆਂ ਕੀਮਤਾਂ ’ਚ ਉਸੇ ਤਰ੍ਹਾਂ ਮਾਸਿਕ ਤਬਦੀਲੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੇਲ ਦੀਆਂ ਕੀਮਤਾਂ’ਚ ਰੋਜ਼ਾਨਾ ਕੀਤੀ ਜਾਂਦੀ ਹੈ। ਮੌਜੂਦਾ ਵਿਵਸਥਾ ’ਚ ਬਿਜਲੀ ਬੋਰਡਾਂ ਨੂੰ ਉਤਪਾਦਕਾਂ ਤੋਂ ਤੇਲ ਦੀ ਕੀਮਤ ਮੁਤਾਬਕ ਖਰੀਦ ਕਰਨੀ ਪੈਂਦੀ ਹੈ। ਜਦੋਂ ਕੌਮਾਂਤਰੀ ਮਾਰਕੀਟ ’ਚ ਕੋਲੇ ਅਤੇ ਤੇਲ ਦੀ ਕੀਮਤ ਵੱਧ ਜਾਂਦੀ ਹੈ ਤਾਂ ਉਨ੍ਹਾਂ ਨੂੰ ਮਹਿੰਗੀ ਬਿਜਲੀ ਖਰੀਦਣੀ ਪੈਂਦੀ ਹੈ। ਖਪਤਕਾਰਾਂ ਨੂੰ ਉਨ੍ਹਾਂ ਨੂੰ ਉਸ ਤੋਂ ਪਹਿਲਾਂ ਦੀ ਕੀਮਤ ’ਤੇ ਬਿਜਲੀ ਵੇਚਣੀ ਪੈਂਦੀ ਹੈ ਕਿਉਂਕਿ ਖਪਤਕਾਰਾਂ ਨੂੰ ਜਿਸ ਮੁੱਲ ’ਤੇ ਬਿਜਲੀ ਵੇਚੀ ਜਾਵੇਗੀ, ਇਹ ਲੰਬੇ ਸਮੇਂ ਲਈ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ। ਇਸ ਲਈ ਬਿਜਲੀ ਬੋਰਡਾਂ ਦੇ ਸਾਹਮਣੇ ਸੰਕਟ ਪੈਦਾ ਹੋ ਗਿਆ ਹੈ।
ਇਕ ਪਾਸੇ ਉਨ੍ਹਾਂ ਨੂੰ ਮਹਿੰਗੀ ਬਿਜਲੀ ਖਰੀਦਣ ਪੈ ਰਹੀ ਹੈ ਪਰ ਖਪਤਕਾਰ ਕੋਲੋਂ ਉਹ ਬੀਤੇ ਸਮੇਂ ਮੁਤਾਬਕ ਹੀ ਬਿਜਲੀ ਦੀ ਘੱਟ ਦਰ ਵਸੂਲ ਸਕਦੇ ਹਨ। ਇਸ ਲਈ ਸਾਨੂੰ ਇਹ ਪ੍ਰਬੰਧ ਕਰਨੇ ਹੋਣਗੇ ਕਿ ਬਿਜਲੀ ਦੀਆਂ ਕੀਮਤਾਂ ’ਚ ਵੀ ਉਸੇ ਤਰ੍ਹਾਂ ਤਬਦੀਲੀ ਕੀਤੀ ਜਾਵੇ ਜਿਸ ਤਰ੍ਹਾਂ ਡੀਜ਼ਲ ਅਤੇ ਪੈਟਰੋਲ ’ਚ ਕੀਤੀ ਜਾਂਦੀ ਹੈ। ਤਦ ਹੀ ਬਿਜਲੀ ਬੋਰਡ ਖਰੀਦ ਕੀਮਤ ਮੁਤਾਬਕ ਖਪਤਕਾਰ ਨੂੰ ਮਹਿੰਗੀ ਜਾਂ ਸਸਤੀ ਬਿਜਲੀ ਉਪਲਬਧ ਕਰਵਾ ਸਕਣਗੇ। ਇਸ ਤਰ੍ਹਾਂ ਦਾ ਸੰਕਟ ਫਿਰ ਦੁਬਾਰਾ ਪੈਦਾ ਨਹੀਂ ਹੋਵੇਗਾ।