ਗਰੀਬਾਂ ਦਾ ਢਿੱਡ ਭਰਨ ਵਾਲੇ ‘ਫੂਡ ਏ. ਟੀ. ਐੱਮਜ਼’
Wednesday, Oct 30, 2019 - 01:27 AM (IST)

2 ਸਾਲ ਪਹਿਲਾਂ ਚੇਨਈ ਦੇ ਇਕ ਫੁੱਟਪਾਥ ’ਤੇ ਦਿਖਾਈ ਦੇਣ ਤੋਂ ਬਾਅਦ ਕਮਿਊਨਿਟੀ ਫਰਿੱਜ ਨੇ ਭਿਖਾਰੀਆਂ ਤੋਂ ਲੈ ਕੇ ਆਟੋ ਵਾਲਿਆਂ, ਫੜ੍ਹੀ ਵਾਲਿਆਂ ਅਤੇ ਘਰੇਲੂ ਨੌਕਰਾਂ ਵਰਗੇ ਸੈਂਕੜੇ ਭੁੱਖੇ ਲੋਕਾਂ ਦੇ ਢਿੱਡ ਭਰੇ ਹਨ।
2017 ਵਿਚ ਪਹਿਲੀ ਮਿਸਾਲ ਤੋਂ ਬਾਅਦ ਇਸ ਵਿਚਾਰ ਨੂੰ ਕੋਲਕਾਤਾ ਵਿਚ ਨਵਾਂ ਜੀਵਨ ਮਿਲਿਆ ਅਤੇ ਫਿਰ ਇਸ ਨੂੰ ਤੇਜ਼ੀ ਨਾਲ ਬੈਂਗਲੁਰੂ ਵਿਚ ਅਪਣਾਇਆ ਗਿਆ। ਭੁਵਨੇਸ਼ਵਰ ਵਿਚ ਸ਼ੁਰੂਆਤ ਤੋਂ ਬਾਅਦ ਇਸ ਨੂੰ ਇਸ ਸਾਲ ਦੇ ਸ਼ੁਰੂ ’ਚ ਉੱਤਰ ਭਾਰਤ ਦੇ ਸ਼ਹਿਰ ਗੁਰੂਗ੍ਰਾਮ ਵਿਚ ਸਥਾਪਿਤ ਕੀਤਾ ਗਿਆ। ਹੁਣ ਕਈ ਸ਼ਹਿਰਾਂ ਵਿਚ ਕਮਿਊਨਿਟੀ ਫਰਿੱਜ ਨਜ਼ਰ ਆਉਣ ਲੱਗੇ ਹਨ। ਕੁਝ ਐੱਨ. ਜੀ. ਓਜ਼ ਨੇ ਇਸ ਵਿਚਾਰ ਨੂੰ ਅਪਣਾਇਆ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਆਪਣਾ ਭਾਈਵਾਲ ਬਣਾਇਆ।
ਬੈਂਗਲੁਰੂ ਵਿਚ ਅੱਜ 15 ਤੋਂ ਜ਼ਿਆਦਾ ਕਮਿਊਨਿਟੀ ਫਰਿੱਜ ਹਨ ਅਤੇ ਹੋਰ ਵੀ ਲਾਉਣ ਦੀ ਯੋਜਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਦੱਖਣ-ਪੱਛਮੀ ਰੇਲਵੇ ਨੇ ਵੀ ਕ੍ਰਾਂਤੀਵੀਰ ਸਾਂਗੋਲੀ ਰਾਯਾਨਾ ਸਟੇਸ਼ਨ (ਬੈਂਗਲੁਰੂ ਸਿਟੀ ਰੇਲਵੇ ਸਟੇਸ਼ਨ) ਉੱਤੇ ਇਕ ਜਨਤਕ ਫਰਿੱਜ ਲਾਇਆ। ‘ਫੂਡ ਏ. ਟੀ. ਐੱਮਜ਼’ ਦੇ ਨਾਂ ਨਾਲ ਜਾਣੇ ਜਾਂਦੇ ਕਮਿਊਨਿਟੀ ਜਾਂ ਜਨਤਕ ਫਰਿੱਜ ਸੜਕ ਕਿਨਾਰੇ ਜਾਂ ਕਿਸੇ ਫੁੱਟਪਾਥ ’ਤੇ ਲਾਏ ਜਾਂਦੇ ਹਨ, ਜਿਥੇ ਕਿਸੇ ਵੀ ਲੋੜਵੰਦ ਲਈ ਵਾਧੂ ਜਾਂ ਬਚਿਆ ਹੋਇਆ ਭੋਜਨ ਰੱਖਿਆ ਜਾਂਦਾ ਹੈ।
ਭੁੱਖਿਆਂ ਲਈ ਰੈਸਟੋਰੈਂਟ ਦਾ ਬਚਿਆ ਭੋਜਨ
ਆਸਿਫ ਅਹਿਮਦ ਨੇ ਪਾਰਕ ਸਰਕਸ ਸੀ. ਆਈ. ਟੀ. ਰੋਡ ਅਤੇ ਈ. ਐੱਮ. ਬਾਈਪਾਸ ’ਤੇ 2017 ’ਚ ਆਪਣੇ ਰੈਸਟੋਰੈਂਟਾਂ ਨੇੜੇ ਕੋਲਕਾਤਾ ਦੇ ਪਹਿਲੇ ਏ. ਟੀ. ਐੱਮਜ਼ ਲਾਏ ਸਨ। ਆਪਣੇ ਮਿੱਤਰਾਂ ਪ੍ਰਕਾਸ਼ ਨਾਹਟਾ, ਰਾਹੁਲ ਅਗਰਵਾਲ ਅਤੇ ਨਿਰਮਲ ਬਜਾਜ ਨਾਲ ਮਿਲ ਕੇ ਉਨ੍ਹਾਂ ਨੇ ਮੋਲਾਲੀ ਨੇੜੇ, ਰਾਮਲੀਲਾ ਮੈਦਾਨ ਨੇੜੇ ਇਕ ਕਲੱਬ ਅਤੇ ਪਾਰਕ ਸਰਕਸ ਮੈਦਾਨ ਨੇੜੇ ਮਹਾਦੇਵੀ ਬਿਰਲਾ ਸਕੂਲ ਦੇ ਅੰਦਰ 2 ਹੋਰ ਫੂਡ ਏ. ਟੀ. ਐੱਮਜ਼ ਲਾਏ ਹਨ। ਇਹ ਚਾਰੇ ਏ. ਟੀ. ਐੱਮਜ਼ ਰੋਜ਼ਾਨਾ 100 ਤੋਂ ਜ਼ਿਆਦਾ ਲੋਕਾਂ ਦਾ ਢਿੱਡ ਭਰਦੇ ਹਨ। ਵਿਆਹਾਂ ਦੇ ਅਤੇ ਤਿਉਹਾਰੀ ਸੀਜ਼ਨ ’ਚ ਇਨ੍ਹਾਂ ਤੋਂ ਖਾਣਾ ਲੈਣ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਜਾਂਦੀ ਹੈ।
ਆਪਣੇ ਰੈਸਟੋਰੈਂਟਾਂ ਵਿਚ ਲੋਕਾਂ ਨੂੰ ਬਚਿਆ ਹੋਇਆ ਖਾਣਾ ਪੈਕ ਕਰ ਕੇ ਏ. ਟੀ. ਐੱਮਜ਼ ਨੂੰ ਦਾਨ ਕਰਨ ਦੀ ਸਲਾਹ ਦੇਣ ਵਾਲੇ ਅਹਿਮਦ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ ਖਾਣਾ ਬੇਕਾਰ ਜਾਣ ਤੋਂ ਬਚ ਜਾਂਦਾ ਹੈ, ਸਗੋਂ ਭੁੱਖਿਆਂ ਦੀ ਮਦਦ ਵੀ ਹੋ ਜਾਂਦੀ ਹੈ। ਉਨ੍ਹਾਂ ਦੇ ਰੈਸਟੋਰੈਂਟਾਂ ਨਾਲ ਲੱਗੇ ਦੋਹਾਂ ਏ. ਟੀ. ਐੱਮਜ਼ ਵਿਚ ਬਿਰਿਆਨੀ ਅਤੇ ਤੰਦੂਰੀ ਰੋਟੀ ਸਭ ਤੋਂ ਆਮ ਚੀਜ਼ਾਂ ਹਨ।
ਅਹਿਮਦ ਅਤੇ ਉਨ੍ਹਾਂ ਦੇ ਮਿੱਤਰਾਂ ਨੂੰ ਅਜਿਹਾ ਇਕ ਏ. ਟੀ. ਐੱਮ. ਲਾਉਣ ਵਿਚ 70-80 ਹਜ਼ਾਰ ਰੁਪਏ ਖਰਚ ਕਰਨੇ ਪਏ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੂੰ ਚਲਾਉਣ (ਜਿਵੇਂ ਰੱਖ-ਰਖਾਅ ਅਤੇ ਬਿਜਲੀ ਦਾ ਖਰਚਾ ਆਦਿ) ਉੱਤੇ ਲੱਗਭਗ 10 ਹਜ਼ਾਰ ਰੁਪਏ ਹਰ ਮਹੀਨੇ ਖਰਚਾ ਆਉਂਦਾ ਹੈ।
ਦੇਸ਼ ਦਾ ਸਭ ਤੋਂ ਪਹਿਲਾ ਕਮਿਊਨਿਟੀ ਫਰਿੱਜ ਚੇਨਈ ਵਿਚ ਅਗਸਤ 2017 ਨੂੰ ਬਸੰਤ ਨਗਰ ਟੈਨਿਸ ਕਲੱਬ ਨੇੜੇ ਇਕ ਫੁੱਟਪਾਥ ’ਤੇ ਲਾਇਆ ਗਿਆ ਸੀ। ਉਸ ’ਤੇ ਇਕ ਸਟਿੱਕਰ ਲਾਇਆ ਗਿਆ ਸੀ, ਜਿਸ ’ਤੇ ਤਮਿਲ ਭਾਸ਼ਾ ਵਿਚ ਸ਼ਬਦ ਲਿਖੇ ਗਏ ਸਨ, ਜਿਨ੍ਹਾਂ ਦਾ ਅਰਥ ਸੀ ‘ਤੁਸੀਂ ਪਰੋਸਣ ਤੋਂ ਬਾਅਦ ਖਾਓ’। ਇਹ ਵਿਚਾਰ ਚੇਨਈ ਦੀ ਆਰਥੋ ਡੌਂਟਿਸਟ ਡਾ. ਈਸਾ ਫਾਤਿਮਾ ਜਾਸਮੀਨ ਦਾ ਸੀ।
‘ਪਬਲਿਕ ਫਰਿੱਜ’ ਨਾਮੀ ਇਕ ਐੱਨ. ਜੀ. ਓ. ਦੀ ਸਥਾਪਨਾ ਕਰਨ ਵਾਲੀ ਜਾਸਮੀਨ ਨੇ ਦੱਸਿਆ ਕਿ ਇਹ ਅਮੀਰਾਂ ਜਾਂ ਗਰੀਬਾਂ ਲਈ ਨਹੀਂ, ਸਗੋਂ ਹਰੇਕ ਉਸ ਵਿਅਕਤੀ ਲਈ ਹੈ, ਜੋ ਲੋੜਵੰਦ ਹੈ। ਇਕ ਦਿਨ ਇਕ ਆਟੋ ਰਿਕਸ਼ਾ ਡਰਾਈਵਰ ਇਸ ਫਰਿੱਜ ’ਚ ਬਿਸਕੁਟਾਂ ਦੇ 3 ਪੈਕੇਟ ਰੱਖਣ ਲਈ ਰੁਕਿਆ, ਜਦਕਿ ਇਕ ਪਰਿਵਾਰ ਨੇ ਫਰਿੱਜ ਦੇ ਇਕ ਸ਼ੈਲਫ ’ਤੇ ਹਦਵਾਣਾ ਰੱਖ ਦਿੱਤਾ। ਕੁਝ ਦਿਨਾਂ ਬਾਅਦ ਪਾਣੀ ਦੀਆਂ 2 ਬੋਤਲਾਂ ਲਿਜਾ ਰਿਹਾ ਇਕ ਰਾਹਗੀਰ ਉਥੇ ਰੁਕਿਆ ਅਤੇ ਉਸ ਨੇ ਪ੍ਰੇਰਿਤ ਕਰਨ ਵਾਲਾ ਸੰਦੇਸ਼ ਪੜ੍ਹਨ ਮਗਰੋਂ ਆਪਣੀਆਂ ਬੋਤਲਾਂ ’ਚੋਂ ਇਕ ਬੋਤਲ ਉਥੇ ਛੱਡ ਦਿੱਤੀ।
ਇਸ ‘ਸੇਵਾ’ ਨੂੰ ਹੁਣ ਵੱਖ-ਵੱਖ ਸਕੂਲਾਂ ’ਚ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਬੱਚੇ ਵੀ ਖਾਣਾ ਬਚਾਉਣਾ ਅਤੇ ਜਨਤਕ ਫਰਿੱਜਾਂ ਲਈ ਦਾਨ ਕਰਨਾ ਸਿੱਖ ਰਹੇ ਹਨ। ਬੈਂਗਲੁਰੂ ਵਿਚ ਪਹਿਲਾ ਜਨਤਕ ਫਰਿੱਜ 2018 ’ਚ ਬੀ. ਟੀ. ਐੱਮ. ਲੇਆਊਟ ਵਿਚ ਲਾਇਆ ਗਿਆ ਸੀ ਅਤੇ ਸ਼ੁਰੂ ਵਿਚ ਇਸ ਨੇ ਲੱਗਭਗ 100 ਜਣਿਆਂ ਨੂੰ ਖਾਣਾ ਮੁਹੱਈਆ ਕਰਵਾਇਆ।
ਜਾਸਮੀਨ ਨੇ ਦੱਸਿਆ ਕਿ ਅੱਜ ਇਹ ਫਰਿੱਜ ਰੋਜ਼ਾਨਾ ਲੱਗਭਗ 700 ਭੁੱਖਿਆਂ ਦਾ ਢਿੱਡ ਭਰਦਾ ਹੈ। ਬਹੁਤ ਸਾਰੇ ਬੇਘਰ ਅਤੇ ਭੁੱਖੇ ਲੋਕ ਆ ਕੇ ਇਸ ਫਰਿੱਜ ’ਚੋਂ ਖਾਣੇ ਦੇ ਪੈਕੇਟ ਲੈ ਜਾਂਦੇ ਹਨ। ਰੋਟਰੀ ਬੈਂਗਲੁਰੂ ਬ੍ਰਿਗੇਡਜ਼ ਨੇ ਹੁਣ ਲੱਗਭਗ 8 ਕਮਿਊਨਿਟੀ ਫਰਿੱਜ ਲਗਵਾਏ ਹਨ। ਇੰਦਰਾ ਨਗਰ ’ਚ ਇਕ ਰੈਸਟੋਰੈਂਟ ਦੇ ਮੈਨੇਜਰ ਨਿਲੇਸ਼ ਨੇ ਦੱਸਿਆ ਕਿ ਲੋਕ ਹੁਣ ਉਨ੍ਹਾਂ ਨੂੰ ਖਾਣਾ ਪੈਕ ਕਰਨ ਲਈ ਕਹਿੰਦੇ ਹਨ ਤਾਂ ਕਿ ਉਸ ਨੂੰ ਫਰਿੱਜ ਵਿਚ ਰੱਖ ਸਕਣ। ਇਸੇ ਤਰ੍ਹਾਂ ਇਕ ਹੋਰ ਖੇਤਰ ਵਿਚ ਕਮਿਊਨਿਟੀ ਫਰਿੱਜ ਲਗਵਾਉਣ ਲਈ ਉਥੋਂ ਦੇ ਵਸਨੀਕਾਂ ਨੇ ਲੱਗਭਗ 1 ਲੱਖ ਰੁਪਿਆ ਇਕੱਠਾ ਕੀਤਾ ਹੈ।
ਇਸ ਸਾਲ ਸਤੰਬਰ ’ਚ ਦੇਹਰਾਦੂਨ ਦੇ ਵਾਸੀਆਂ ਦਾ ਇਕ ਸਮੂਹ ਕਮਿਊਨਿਟੀ ਫਰਿੱਜ ਲਗਵਾਉਣ ਲਈ ਅੱਗੇ ਆਇਆ। ਜ਼ਿਆਦਾਤਰ ਫਰਿੱਜ ਸਫਲਤਾਪੂਰਵਕ ਚੱਲ ਰਹੇ ਹਨ, ਸਿਵਾਏ ਭੁਵਨੇਸ਼ਵਰ ਵਿਚ ਲੱਗੇ ਇਕ ਫਰਿੱਜ ਦੇ, ਜੋ ਲੱਗਭਗ 6 ਮਹੀਨਿਆਂ ਬਾਅਦ ਹੁਣ ਇਸਤੇਮਾਲ ਨਹੀਂ ਕੀਤਾ ਜਾ ਰਿਹਾ।
ਅਜਿਹੀ ਯੋਜਨਾ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕਮਿਊਨਿਟੀ ਫਰਿੱਜਾਂ ਲਈ ਜ਼ਿੰਮੇਵਾਰੀ ਲੈਣੀ ਜ਼ਰੂਰੀ ਹੈ ਤਾਂ ਕਿ ਫਰਿੱਜ ਚਲਾਉਣ ਅਤੇ ਉਸ ਵਿਚ ਰੱਖੀਆਂ ਚੀਜ਼ਾਂ ਦੀ ਦੇਖ-ਰੇਖ ਲਈ ਕੋਈ ਨਾ ਕੋਈ ਹਮੇਸ਼ਾ ਮੁਹੱਈਆ ਹੋਵੇ। ਭਾਰਤ ਦੇ ਮਹਾਨਗਰਾਂ ਵਿਚ ਫੈਲ ਰਿਹਾ ਕਮਿਊਨਿਟੀ ਫਰਿੱਜਾਂ ਦਾ ਨੈੱਟਵਰਕ ਬ੍ਰਿਟੇਨ, ਕੈਨੇਡਾ ਤੇ ਸਿੰਗਾਪੁਰ ’ਚ ਅਜਿਹੇ ਹੀ ਵਿਚਾਰ ਦੀ ਕਦਮਤਾਲ
’ਚ ਹੈ। (ਟਾ.)