ਸਿਆਸਤ ’ਚ ਗਾਲੀ-ਗਲੋਚ ਸੁਣ-ਸੁਣ ਕੇ ਦੇਸ਼ਵਾਸੀ ਪੱਕ ਗਏ ਹਨ
Tuesday, Mar 12, 2024 - 06:13 PM (IST)
ਕੁਝ ਸਾਲ ਪਹਿਲਾਂ ਜਦੋਂ ਮੈਂ ਆਪਣੇ ਇਸੇ ਕਾਲਮ ’ਚ ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਮਮਤਾ ਦੀਦੀ ਦੇ ਸਾਦਗੀ ਭਰੇ ਜੀਵਨ ’ਤੇ ਲੇਖ ਲਿਖਿਆ ਸੀ ਤਾਂ ਇਕ ਖਾਸ ਕਿਸਮ ਦੀ ਮਾਨਸਿਕਤਾ ਨਾਲ ਗ੍ਰਸਤ ਲੋਕਾਂ ਨੇ ਮੈਨੂੰ ਟਵਿਟਰ (ਹੁਣ ਐਕਸ) ’ਤੇ ਘੇਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਹਫਤੇ ਜਦੋਂ ਮੈਂ ਸੰਦੇਸ਼ਖਾਲੀ ਦੀਆਂ ਘਟਨਾਵਾਂ ਦੇ ਸੰਦਰਭ ’ਚ ਮਮਤਾ ਬੈਨਰਜੀ ਦੀ ਸਖਤ ਆਲੋਚਨਾ ਕੀਤੀ ਤਾਂ ਉਨ੍ਹਾਂ ਲੋਕਾਂ ’ਚ ਇਹ ਨੈਤਿਕ ਦਲੇਰੀ ਨਹੀਂ ਹੋਈ ਕਿ ਐਕਸ ’ਤੇ ਲਿਖਣ ‘ਮੰਨ ਗਏ ਕਿ ਤੁਸੀਂ ਨਿਰਪੱਖ ਪੱਤਰਕਾਰ ਹੋ’।
ਇਸੇ ਤਰ੍ਹਾਂ 2003 ’ਚ ਜਦੋਂ ਮੈਂ ਸੋਨੀਆ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦੀ ਸ਼ਖਸੀਅਤ ਦਾ ਮੁਲਾਂਕਣ ਕਰਦਿਆਂ ਇਕ ਲੇਖ ਲਿਖਿਆ ਸੀ, ਜਿਸ ਵਿਚ ਦੋਵਾਂ ਦੇ ਗੁਣ-ਦੋਸ਼ਾਂ ਦਾ ਜ਼ਿਕਰ ਸੀ, ਤਾਂ ਕੁਝ ਮਿੱਤਰਾਂ ਨੇ ਪੁੱਛਿਆ, ‘‘ਤੁਸੀਂ ਕਿਸ ਪਾਸੇ ਹੋ, ਇਹ ਸਮਝ ’ਚ ਨਹੀਂ ਆਉਂਦਾ।’’ ਮੈਂ ਮੁੜ ਕੇ ਪੁੱਛਿਆ ਕਿ ਕੋਈ ਪੱਤਰਕਾਰ ਬਿਨਾਂ ਤਰਫਦਾਰੀ ਦੇ ਆਪਣੀ ਸਮਝ ਨਾਲ ਸਿੱਧਾ ਖੜ੍ਹਾ ਨਹੀਂ ਰਹਿ ਸਕਦਾ? ਕੀ ਉਸ ਦਾ ਇਕ ਪਾਸੇ ਝੁਕਣਾ ਲਾਜ਼ਮੀ ਹੈ?
ਅੱਜ ਦੇ ਹਾਲਾਤ ਅਜਿਹੇ ਹੀ ਹੋ ਗਏ ਹਨ, ਜਿਨ੍ਹਾਂ ’ਚ ਵਿਰਲਾ ਹੀ ਹੋਵੇਗਾ ਜੋ ਬਿਨਾਂ ਝੁਕੇ ਖੜ੍ਹਾ ਰਹੇ। ਅਕਸਰ ਸਾਰੇ ਆਪਣੇ-ਆਪਣੇ ਆਕਿਆਂ ਦੇ ਆਸਰੇ ਦੀ ਛਾਂ ’ਚ ਫਲ਼-ਫੁੱਲ ਰਹੇ ਹਨ। ਜਨਤਾ ਦਾ ਦੁੱਖ-ਦਰਦ, ਲਿਖੇ ਜਾ ਰਹੇ ਤਰਕਾਂ ਦੀ ਪ੍ਰਮਾਣਿਕਤਾ, ਪੱਤਰਕਾਰਿਤਾ ’ਚ ਨਿਰਪੱਖਤਾ ਬੜੀ ਘੱਟ ਗਈ ਹੈ। ਹੁਣ ਪੱਤਰਕਾਰਿਤਾ ਦਾ ਧਰਮ ਹੈ ਕਿ ਆਪਣਾ ਮੁਨਾਫਾ ਕੀ ਲਿਖਣ ਜਾਂ ਬੋਲਣ ’ਚ ਹੈ, ਉਸ ਨੂੰ ਬਿਨਾਂ ਝਿਜਕੇ ਐਲਾਨ ਕਰੋ।
ਦਰਅਸਲ ਹਰ ਲੇਖ ਦੇ ਵਿਸ਼ਾ-ਵਸਤੂ ਦੇ ਅਨੁਸਾਰ ਉਸ ਦੇ ਸਮਰਥਨ ’ਚ ਸੰਦਰਭ ਲੱਭੇ ਜਾਂਦੇ ਹਨ। ਕਿਸੇ ਇਕ ਲੇਖ ’ਚ ਹਰ ਵਿਅਕਤੀ ਦੀ ਹਰ ਗੱਲ ਦਾ ਇਤਿਹਾਸ ਲਿਖਣਾ ਮੂਰਖਤਾ ਹੈ। ਇਹ ਸਭ ਭੂਮਿਕਾ ਇਸ ਲਈ ਕਿ ਅੱਜ ਮੈਂ ਸਿਆਸੀ ਲੋਕਾਂ ਦੇ ਵਿਗੜੇ ਬੋਲਾਂ ’ਤੇ ਚਰਚਾ ਕਰਾਂਗਾ ਤਾਂ ਕੁਝ ਸਿਰਫਿਰੇ ਕਹਿਣਗੇ ਕਿ ਮੈਂ ਫਲਾਣੇ ਦੇ ਭ੍ਰਿਸ਼ਟਾਚਾਰ ’ਤੇ ਕਿਉਂ ਨਹੀਂ ਲਿਖ ਰਿਹਾ। ਤਾਂ ਕੀ ਅਜਿਹੇ ਲੋਕ ਦੱਸ ਸਕਦੇ ਹਨ ਕਿ ਅੱਜ ਦੇਸ਼ ਦਾ ਕਿਹੜਾ ਵੱਡਾ ਨੇਤਾ ਜਾਂ ਸਿਆਸੀ ਪਾਰਟੀ ਹੈ ਜੋ ਬੁਰੀ ਤਰ੍ਹਾਂ ਭ੍ਰਿਸ਼ਟਾਚਾਰ ’ਚ ਨਹੀਂ ਡੁੱਬੀ? ਜਾਂ ਦੇਸ਼ ਵਿਚ ਕਿਹੜਾ ਨੇਤਾ ਹੈ ਜੋ ਆਪਣੀ ਪਾਰਟੀ ਦੀ ਆਮਦਨ-ਖਰਚ ਦਾ ਵੇਰਵਾ ਦੇਸ਼ ਦੇ ਸਾਹਮਣੇ ਖੁੱਲ੍ਹ ਕੇ ਰੱਖਣ ’ਚ ਝਿਜਕਦਾ ਨਹੀਂ?
ਅੱਜ ਦਾ ਲੇਖ ਇਨ੍ਹਾਂ ਨੇਤਾਵਾਂ ਅਤੇ ਇਨ੍ਹਾਂ ਦੇ ਵਰਕਰਾਂ ਦੀ ਭਾਸ਼ਾ ’ਤੇ ਕੇਂਦ੍ਰਿਤ ਹੈ ਜੋ ਦਿਨੋਂ-ਦਿਨ ਨਿਵਾਣ ਵੱਲ ਜਾ ਰਹੀ ਹੈ। ਹੁਣ ਤਾਂ ਕੁਝ ਸੰਸਦ ਮੈਂਬਰ ਸੰਸਦ ਦੇ ਸੈਸ਼ਨ ਤੱਕ ’ਚ ਹਰ ਮਰਿਆਦਾ ਦੀ ਖੁੱਲ੍ਹ ਕੇ ਉਲੰਘਣਾ ਕਰਨ ਲੱਗੇ ਹਨ। ਉਨ੍ਹਾਂ ਦੀ ਭਾਸ਼ਾ ਗਲੀ-ਮੁਹੱਲੇ ਤੋਂ ਵੀ ਗਈ-ਗੁਜ਼ਰੀ ਹੋ ਗਈ ਹੈ। ਸੋਚੋ ਦੇਸ਼ ਦੇ ਕਰੋੜਾਂ ਬੱਚਿਆਂ, ਨੌਜਵਾਨਾਂ ਅਤੇ ਬਾਕੀ ਦੇਸ਼ਵਾਸੀਆਂ ’ਤੇ ਇਸ ਦਾ ਕੀ ਅਸਰ ਪੈ ਰਿਹਾ ਹੋਵੇਗਾ?
ਇਸੇ ਕਰ ਕੇ ਅਜਿਹੇ ਕੁਝ ਸੰਸਦ ਮੈਂਬਰਾਂ ਦੀਆਂ ਟਿਕਟਾਂ ਇਸ ਵਾਰ ਕੱਟੀਆਂ ਜਾ ਰਹੀਆਂ ਹਨ ਪਰ ਇੰਨਾ ਕਾਫੀ ਨਹੀਂ ਹੈ। ਹਰ ਪਾਰਟੀ ਦੇ ਨੇਤਾਵਾਂ ਨੂੰ ਇਸ ਡਿੱਗਦੇ ਪੱਧਰ ਨੂੰ ਚੁੱਕਣ ਲਈ ਸਖਤ ਕਦਮ ਚੁੱਕਣੇ ਹੋਣਗੇ। ਆਪਣੇ ਵਰਕਰਾਂ ਅਤੇ ‘ਟ੍ਰੋਲ ਆਰਮੀ’ ਨੂੰ ਸਿਆਸੀ ਵਿਚਾਰ-ਵਟਾਂਦਰੇ ’ਚ ਸਹੀ ਭਾਸ਼ਾ ਦੀ ਵਰਤੋਂ ਕਰਨ ਦੇ ਸਖਤ ਹੁਕਮ ਦੇਣੇ ਹੋਣਗੇ। ਅਜਿਹੀ ਨੈਤਿਕ ਦਲੇਰੀ ਉਹੀ ਨੇਤਾ ਦਿਖਾ ਸਕਦਾ ਹੈ ਜਿਸ ਦੀ ਖੁਦ ਦੀ ਭਾਸ਼ਾ ’ਚ ਸੰਜਮ ਹੋਵੇ।
ਇਸ ਸੰਦਰਭ ’ਚ ਮੈਂ ਅਖਿਲੇਸ਼ ਯਾਦਵ ਦਾ ਵਰਣਨ ਕਰਨਾ ਚਾਹਾਂਗਾ। ਮੇਰੀ ਨਜ਼ਰ ’ਚ ਆਪਣੀ ਘੱਟ ਉਮਰ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਦਾ ਪਰਿਪੱਕ ਆਚਰਣ ਤੇ ਵਿਰੋਧੀਆਂ ਪ੍ਰਤੀ ਵੀ ਸੰਜਮ ਅਤੇ ਸਨਮਾਨਜਨਕ ਭਾਸ਼ਾ ਦੀ ਵਰਤੋਂ ਅਖਿਲੇਸ਼ ਯਾਦਵ ਕਰਦੇ ਹਨ, ਅਜਿਹੀ ਉਦਾਹਰਣ ਦੇਸ਼ ਦੀ ਸਿਆਸਤ ’ਚ ਘੱਟ ਹੀ ਮਿਲੇਗੀ।
ਮੇਰੀ ਅਖਿਲੇਸ਼ ਯਾਦਵ ਨਾਲ ਜਾਣ-ਪਛਾਣ 2012 ’ਚ ਹੋਈ ਸੀ, ਜਦੋਂ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ। ਮੈਂ ਮਥੁਰਾ ਦੇ ਵਿਕਾਸ ਦੇ ਸਬੰਧ ’ਚ ਉਨ੍ਹਾਂ ਨੂੰ ਮਿਲਣ ਗਿਆ ਸੀ। ਬ੍ਰਜ ਸਜਾਉਣ ਲਈ ਉਨ੍ਹਾਂ ਦਾ ਉਤਸ਼ਾਹ ਅਤੇ ਤੁਰੰਤ ਸਰਗਰਮੀ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਮਥੁਰਾ ਤੋਂ ਸਾਡੀ ਸੰਸਦ ਮੈਂਬਰ ਹੇਮਾ ਮਾਲਿਨੀ ਤੱਕ ਅਖਿਲੇਸ਼ ਦੇ ਇਸ ਵਤੀਰੇ ਦੀ ਮੁਰੀਦ ਹੈ। 2012 ਤੋਂ ਅੱਜ ਤੱਕ ਮੈਂ ਅਖਿਲੇਸ਼ ਯਾਦਵ ਦੇ ਮੂੰਹ ’ਚੋਂ ਕਦੇ ਵੀ ਕਿਸੇ ਦੇ ਵੀ ਪ੍ਰਤੀ ਨਾ ਤਾਂ ਨਿਰਾਦਰਯੋਗ ਭਾਸ਼ਾ ਸੁਣੀ ਅਤੇ ਨਾ ਉਨ੍ਹਾਂ ਨੂੰ ਕਿਸੇ ਦੀ ਨਿੰਦਿਅਾ ਕਰਦਿਆਂ ਸੁਣਿਆ। ਵਿਰੋਧੀਆਂ ਨੂੰ ਸਨਮਾਨ ਦੇਣਾ ਅਤੇ ਉਨ੍ਹਾਂ ਦੇ ਸਹੀ ਕੰਮਾਂ ਨੂੰ ਤਤਪਰਤਾ ਨਾਲ ਕਰਨਾ ਅਖਿਲੇਸ਼ ਯਾਦਵ ਦੀ ਇਕ ਅਜਿਹੀ ਖੂਬੀ ਹੈ ਜੋ ਉਨ੍ਹਾਂ ਦੇ ਕੱਦ ਨੂੰ ਬੜਾ ਵੱਡਾ ਬਣਾ ਦਿੰਦੀ ਹੈ।
ਕਈ ਵਾਰ ਈਰਖਾ ਜਾਂ ਚਾਪਲੂਸੀ ਕਿਸਮ ਦੀ ਪੱਤਰਕਾਰਿਤਾ ਕਰਨ ਵਾਲੇ ਟੀ. ਵੀ. ਐਂਕਰ ਅਖਿਲੇਸ਼ ਯਾਦਵ ਨੂੰ ਭੜਕਾਉਣ ਦੀ ਬੜੀ ਕੋਸ਼ਿਸ਼ ਕਰਦੇ ਹਨ ਪਰ ਉਹ ਸ਼ਾਲੀਨਤਾ ਨਾਲ ਉਸ ਸਥਿਤੀ ਨੂੰ ਸੰਭਾਲ ਲੈਂਦੇ ਹਨ।
ਕੀ ਅੱਜ ਹਰ ਪਾਰਟੀ ਅਤੇ ਨੇਤਾ ਨੂੰ ਇਸ ਤੋਂ ਕੁਝ ਸਿੱਖਣਾ ਨਹੀਂ ਚਾਹੀਦਾ? ਸੋਚੋ, ਜੇਕਰ ਅਜਿਹਾ ਹੋਵੇ ਤਾਂ ਦੇਸ਼ ਦਾ ਸਿਆਸੀ ਮਾਹੌਲ ਿਕੰਨਾ ਖੁਸ਼ਗਵਾਰ ਬਣ ਜਾਵੇਗਾ। ਟੀ. ਵੀ. ਸ਼ੋਅ ਹੋਣ ਜਾਂ ਸੋਸ਼ਲ ਮੀਡੀਆ, ਅੱਜ ਹਰ ਥਾਂ ਗਾਲੀ-ਗਲੋਚ ਦੀ ਭਾਸ਼ਾ ਸੁਣ-ਸੁਣ ਕੇ ਦੇਸ਼ਵਾਸੀ ਪੱਕ ਗਏ ਹਨ।
ਅਖਿਲੇਸ਼ ਯਾਦਵ ਵਰਗੇ ਸਰਲ ਸੁਭਾਅ ਵਾਲੇ ਵਿਅਕਤੀ ਨੂੰ ਜੋ ਵਿਅਕਤੀ ਗੱਲ-ਗੱਲ ’ਤੇ ‘ਟੋਂਟੀ ਚੋਰ’ ਕਹਿ ਕੇ ਜ਼ਲੀਲ ਕਰਦੇ ਹਨ, ਉਨ੍ਹਾਂ ਨੂੰ ਆਪਣੇ ਪਾਰਟੀ ਦੇ ਨੇਤਾਵਾਂ ਦੇ ਵੀ ਆਚਰਣ ਅਤੇ ਕਾਰਨਾਮਿਆਂ ਨੂੰ ਭੁੱਲਣਾ ਨਹੀਂ ਚਾਹੀਦਾ। ਕੋਈ ਦੁੱਧ ਦਾ ਧੋਤਾ ਨਹੀਂ ਹੈ। ਟੋਂਟੀ ਚੋਰ, ਫੇਂਕੂ, ਜੁਮਲੇਬਾਜ਼, ਚਾਰਾ ਚੋਰ, ਪੱਪੂ ਵਰਗੀ ਸਾਰੀ ਭਾਸ਼ਾ ਹੁਣ ਇਸ ਚੋਣ ਸਿਆਸਤ ’ਚ ਬੰਦ ਹੋਣੀ ਚਾਹੀਦੀ ਹੈ। ਇਸ ਭਾਸ਼ਾ ਨਾਲ ਅਜਿਹਾ ਬੋਲਣ ਵਾਲਿਆਂ ਦਾ ਸਿਰਫ ਘਟੀਆਪਣ ਦਿਖਾਈ ਦਿੰਦਾ ਹੈ ਅਤੇ ਦੇਸ਼ ਦੇ ਸਾਹਮਣੇ ਮੌਜੂਦ ਗੰਭੀਰ ਵਿਸ਼ਿਆਂ ਤੋਂ ਧਿਆਨ ਹਟ ਜਾਂਦਾ ਹੈ। ਕਿਹੜਾ ਨੇਤਾ ਜਾਂ ਕਿਹੜੀ ਪਾਰਟੀ ਕਿੰਨੇ ਪਾਣੀ ’ਚ ਹੈ, ਜਨਤਾ ਸਭ ਜਾਣਦੀ ਹੈ।
ਅਜਿਹਾ ਨਹੀਂ ਕਿ ਜਿਨ੍ਹਾਂ ਨੂੰ ਉਹ ਵੋਟ ਪਾਉਂਦੀ ਹੈ, ਉਨ੍ਹਾਂ ਨੂੰ ਪਾਕ-ਸਾਫ ਮੰਨਦੀ ਹੈ। ਉਨ੍ਹਾਂ ਨੂੰ ਵੋਟ ਪਾਉਣ ਦੇ ਦੂਜੇ ਵੀ ਕਈ ਕਾਰਨ ਹੁੰਦੇ ਹਨ। ਇਸ ਲਈ ਜ਼ਿਆਦਾ ਵੋਟਾਂ ਪਾ ਕੇ ਚੋਣਾਂ ਜਿੱਤਣ ਵਾਲਿਆਂ ਨੂੰ ਆਪਣੇ ਮਹਾਨ ਹੋਣ ਦਾ ਭਰਮ ਨਹੀਂ ਪਾਲਣਾ ਚਾਹੀਦਾ ਕਿਉਂਕਿ ਕਿਸੇ ਹੋਰ ਨੂੰ ਪਤਾ ਹੋਵੇ ਨਾ ਹੋਵੇ, ਆਪਣੀ ਅਸਲੀਅਤ ਉਸ ਤੋਂ ਤਾਂ ਕਦੇ ਲੁਕੀ ਨਹੀਂ ਹੁੰਦੀ। ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ਵਿਚ ਕਹਿੰਦੇ ਹਨ ਕਿ ਸਾਰੀ ਦੁਨੀਆ ਕੁਦਰਤ ਦੇ ਤਿੰਨ ਗੁਣਾਂ : ਸਤੋਗੁਣ, ਰਜੋਗੁਣ ਤੇ ਤਮੋਗੁਣ ਨਾਲ ਕਾਬੂ ’ਚ ਹੈ, ਜਿਸ ਦਾ ਕੋਈ ਅਪਵਾਦ ਨਹੀਂ ਹੈ। ਹਾਂ, ਕਿਹੜਾ ਕਿਸ ’ਚ ਵੱਧ ਜਾਂ ਕਿਸ ’ਚ ਘੱਟ ਹੈ, ਇਹ ਫਰਕ ਜ਼ਰੂਰ ਰਹਿੰਦਾ ਹੈ ਪਰ ਤਮੋਗੁਣ ਤੋਂ ਰਹਿਤ ਤਾਂ ਸਿਰਫ ਵਿਰੱਕਤ ਸੰਤ ਜਾਂ ਭਗਵਾਨ ਹੀ ਹੋ ਸਕਦੇ ਹਨ, ਅਸੀਂ ਅਤੇ ਤੁਸੀਂ ਨਹੀਂ। ਸਿਆਸੀ ਆਗੂ ਤਾਂ ਕਦੇ ਹੋ ਹੀ ਨਹੀਂ ਸਕਦੇ ਕਿਉਂਕਿ ਸਿਆਸਤ ਹੈ ਹੀ ਹਨੇਰੇ ਦੀ ਕੋਠਰੀ, ਉਸ ਵਿਚੋਂ ਉਜਲਾ ਕੌਣ ਨਿਕਲ ਸਕਿਆ ਹੈ? ਇਸ ਲਈ ਕਹਿੰਦਾ ਹਾਂ ‘ਭਾਸ਼ਾ ਸੁਧਾਰੋ, ਦੇਸ਼ ਸੁਧਰੇਗਾ।’ ਕਿਉਂ ਠੀਕ ਹੈ ਨਾ?
ਵਿਨੀਤ ਨਾਰਾਇਣ