ਦੇਸ਼ ਦਾ ਅਨਮੋਲ ਹੀਰਾ ਅਰੁਣ ਜੇਤਲੀ

08/24/2020 12:45:23 PM

ਡਾ. ਬਲਦੇਵ ਰਾਜ ਚਾਵਲਾ, ਸਾਬਕਾ ਸਿਹਤ ਮੰਤਰੀ

ਬਰਸੀ ’ਤੇ ਵਿਸ਼ੇਸ਼

ਅੱਜ ਅਰੁਣ ਜੇਤਲੀ ਦਾ ਸ਼ਰਧਾਂਜਲੀ ਦਿਵਸ ਸਾਰੇ ਦੇਸ਼ ’ਚ ਮਨਾਇਆ ਜਾ ਰਿਹਾ ਹੈ। ਜੇਤਲੀ ਭਾਰਤ ਦੇ ਪ੍ਰਸਿੱਧ ਵਕੀਲ, ਤਜਰਬੇਕਾਰ ਸਿਆਸੀ ਆਗੂ ਅਤੇ ਹੁਨਰਮੰਦ ਸਿਆਸਤਦਾਨ ਸਨ। ਉਹ ਹਿੰਦੀ ਅਤੇ ਅੰਗਰੇਜ਼ੀ ਦੇ ਬੁਲਾਰੇ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਸਨ। ਉਨ੍ਹਾਂ ਦਾ ਜਨਮ 28 ਦਸੰਬਰ 1952 ਨੂੰ ਮਹਾਰਾਜ ਕਿਸ਼ਨ ਜੇਤਲੀ ਅਤੇ ਮਾਤਾ ਰਤਨ ਪ੍ਰਭਾ ਜੇਤਲੀ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਜੀ ਇਕ ਵਕੀਲ ਸਨ। ਜੇਤਲੀ ਨੇ ਆਪਣੀ ਸਿੱਖਿਆ ਸੇਂਟ ਜੇਵੀਅਰਜ਼ ਸਕੂਲ ਨਵੀਂ ਦਿੱਲੀ ਤੋਂ ਮੁਕੰਮਲ ਕੀਤੀ। ਸੰਨ 1973 ’ਚ ਉਨ੍ਹਾਂ ਨੇ ਬੀ. ਕਾਮ. ਸ਼੍ਰੀ ਰਾਮ ਕਾਲਜ ਆਫ ਕਾਮਰਸ ਨਵੀਂ ਦਿੱਲੀ ਤੋਂ ਪਾਸ ਕੀਤੀ।

1977 ’ਚ ਉਨ੍ਹਾਂ ਨੇ ਐੱਲ. ਐੱਲ. ਬੀ. ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀ। ਉਹ ਆਪਣੇ ਵਿਦਿਆਰਥੀ ਜੀਵਨ ’ਚ ਵਾਧੂ ਸਰਗਰਮੀਅਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। 1974 ’ਚ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜ ਗਏ। 1974 ’ਚ ਉਹ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਵਿਦਿਆਰਥੀ ਜੀਵਨ ’ਚ ਜੈ ਪ੍ਰਕਾਸ਼ ਨਾਰਾਇਣ ਅਤੇ ਰਾਜ ਨਾਰਾਇਣ ਵਲੋਂ ਚਲਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ’ਚ ਸਰਗਰਮ ਭੂਮਿਕਾ ਅਦਾ ਕੀਤੀ।

ਐਮਰਜੈਂਸੀ : ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ ’ਚ ਐਮਰਜੈਂਸੀ ਦਾ ਐਲਾਨ ਕੀਤਾ। ਸਾਰੀਅਾਂ ਸਿਆਸੀ ਪਾਰਟੀਅਾਂ ਨੇ ਇਸ ਦਾ ਵਿਰੋਧ ਕੀਤਾ। ਰਾਸ਼ਟਰੀ ਸਵੈਮਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਡਟ ਕੇ ਇਸ ਦਾ ਵਿਰੋਧ ਕੀਤਾ। ਲੱਖਾਂ ਲੋਕਾਂ ਨੂੰ ਜੇਲਾਂ ਦੇ ਅੰਦਰ ਬੰਦ ਕਰ ਦਿੱਤਾ ਗਿਆ।

ਅਰੁਣ ਜੇਤਲੀ ਨੇ ਵੀ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ 19 ਮਹੀਨਿਅਾਂ ਤੱਕ ਨਜ਼ਰਬੰਦ ਰਹੇ। ਐਮਰਜੈਂਸੀ ਦੇ ਬਾਅਦ 1977 ’ਚ ਉਹ ਹਾਈਕੋਰਟ ’ਚ ਆਪਣੀ ਵਕਾਲਤ ਦੀ ਤਿਆਰੀ ਕਰਨ ਲੱਗੇ। ਇਸ ਦੇ ਬਾਅਦ ਸੰਨ 1990 ’ਚ ਜੇਤਲੀ ਨੇ ਸੁਪਰੀਮ ਕੋਰਟ ’ਚ ਸੀਨੀਅਰ ਵਕੀਲ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਕਾਲਤ ਕਰਦੇ ਹੋਏ ਉਨ੍ਹਾਂ ਨੇ ਕਾਨੂੰਨ ਸੰਬੰਧੀ ਕਈ ਲੇਖ ਲਿਖੇ।

ਜੇਤਲੀ ਦਾ ਸਿਆਸੀ ਸਫਰ

ਅਰੁਣ ਜੇਤਲੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਬਾਅਦ ਭਾਜਪਾ ਦੇ ਮੈਂਬਰ ਬਣੇ ਅਤੇ 1991 ’ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਬਣੇ। 1999 ’ਚ ਭਾਜਪਾ ਦੇ ਬੁਲਾਰੇ ਨਿਯੁਕਤ ਹੋਏ। ਸੰਨ 1999 ’ਚ ਭਾਜਪਾ ਦੀ ਵਾਜਪਾਈ ਸਰਕਾਰ ਦੀ ਅਗਵਾਈ ’ਚ ਰਾਸ਼ਟਰੀ ਜਨਤੰਤਰਿਕ ਗਠਜੋੜ ਦੇ ਸੱਤਾ ’ਚ ਆਉਣ ਦੇ ਬਾਅਦ ਜੇਤਲੀ ਜੀ ਨੂੰ 13 ਅਕਤੂਬਰ 1999 ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰੀ (ਆਜ਼ਾਦਾਨਾ ਚਾਰਜ) ਨਿਯੁਕਤ ਕੀਤਾ ਗਿਆ। 29 ਜਨਵਰੀ 2003 ਨੂੰ ਕੇਂਦਰੀ ਮੰਤਰੀ ਮੰਡਲ ’ਚ ਵਣਜ, ਉਦਯੋਗ ਤੇ ਕਾਨੂੰਨ ਅਤੇ ਨਿਅਾਂ ਮੰਤਰੀ ਦੇ ਰੂਪ ’ਚ ਜੇਤਲੀ ਨੇ ਕਾਰਜਭਾਰ ਸੰਭਾਲਿਅਾ।

2004 ਨੂੰ ਜਨਤੰਤਰਿਕ ਗਠਜੋੜ ਦੀ ਹਾਰ ਹੋ ਗਈ। ਜੇਤਲੀ ਜੀ ਫਿਰ ਤੋਂ ਆਪਣੀ ਪਾਰਟੀ ਦੇ ਜਨਰਲ ਸਕੱਤਰ ਦੇ ਰੂਪ ’ਚ ਸੇਵਾ ਕਰਨ ’ਚ ਜੁਟ ਗਏ। ਨਾਲ ਹੀ ਆਪਣੀ ਕਾਨੂੰਨੀ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ। 3 ਜੂਨ 2009 ਨੂੰ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਸੀ। ਉਸ ਸਮੇਂ ਉਹ ਪਾਰਟੀ ਦੇ ਜਨਰਲ ਸਕੱਤਰ ਵੀ ਸਨ।

16 ਜੂਨ 2009 ਨੂੰ ਉਨ੍ਹਾਂ ਨੇ ਪਾਰਟੀ ਦੇ ਵਨ-ਮੈਨ ਵਨ-ਪੋਸਟ ਦੇ ਆਧਾਰ ’ਤੇ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਰੁਣ ਜੇਤਲੀ ਨੇ ਜਨ-ਲੋਕਪਾਲ ਬਿੱਲ ਲਈ ਅੰਨਾ ਹਜ਼ਾਰੇ ਦਾ ਸਮਰਥਨ ਕੀਤਾ।

2014 ’ਚ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਉਣ ਲਈ ਜੇਤਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਅਰੁਣ ਸ਼ੋਰੀ ਅਤੇ ਸੁਬਰਾਮਣੀਅਮ ਸਵਾਮੀ ਦੀਅਾਂ ਸੰਭਾਵਨਾਵਾਂ ਦੀ ਅਣਦੇਖੀ ਕਰਦੇ ਹੋਏ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਸਾਰੇ ਮਹੱਤਵਪੂਰਨ ਕਾਰਜ ਸੌਂਪੇ।

ਮੋਦੀ ਨੇ ਜੇਤਲੀ ਨੂੰ ਆਪਣੀ ਸਰਕਾਰ ਦਾ ਇਕ ਅਨਮੋਲ ਹੀਰਾ ਦੱਸਿਆ। ਇਥੋਂ ਤੱਕ ਕਿ ਰੱਖਿਆ ਮੰਤਰਾਲਾ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ। ਜੇਤਲੀ ਨੇ ਜੀ. ਐੱਸ. ਟੀ. ਲਗਾ ਕੇ ਪੂਰੇ ਦੇਸ਼ ਨੂੰ ਇਕ ਬਾਜ਼ਾਰ ’ਚ ਬਦਲ ਦਿੱਤਾ। ਉਨ੍ਹਾਂ ਨਾਲ ਮੇਰਾ ਸੰਪਰਕ ਉਦੋਂ ਹੋਇਆ ਜਦੋਂ ਉਹ ਪਾਰਟੀ ’ਚ ਮਹਾਮੰਤਰੀ ਸਨ ਅਤੇ ਮੈਂ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਸੀ। ਜਦੋਂ ਮੈਂ ਐੱਮ. ਪੀ. ਦੀ ਚੋਣ ਲੜਨ ਲਈ ਇਨ੍ਹਾਂ ਕੋਲ ਗਿਆ ਤਾਂ ਇਨ੍ਹਾਂ ਨੇ ਤੁਰੰਤ ਕਿਹਾ ਕਿ ਇਸ ਵਾਰ ਤਾਂ ਉਹ ਅੰਮ੍ਰਿਤਸਰ ਤੋਂ ਚੋਣ ਲੜਨਗੇ। ਮੈਂ ਪ੍ਰਸੰਨਤਾਪੂਰਵਕ ਇਸ ਗੱਲ ਦਾ ਸਵਾਗਤ ਕੀਤਾ। ਬਦਕਿਸਮਤੀ ਕਿ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਉਹ ਇਹ ਸੀਟ ਜਿੱਤ ਨਾ ਸਕੇ। ਅਰੁਣ ਜੇਤਲੀ ਦਾ 24 ਅਗਸਤ 2019 ਨੂੰ ਦਿੱਲੀ ਦੇ ਏਮਜ਼ ’ਚ ਦਿਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਸਾਰੇ ਦੇਸ਼ ’ਚ ਸ਼ਰਧਾਂਜਲੀ ਦਿਵਸ ਮਨਾਇਆ ਜਾ ਰਿਹਾ ਹੈ।


Bharat Thapa

Content Editor

Related News