ਕਾਂਗਰਸ ਦੀਆਂ ਸੂਬਾਈ ਸਰਕਾਰਾਂ ਵੀ ‘ਖਤਰੇ’ ਵਿਚ

06/12/2019 7:08:29 AM

ਕਲਿਆਣੀ ਸ਼ੰਕਰ

ਇਹ ਦੇਖਦਿਆਂ ਕਿ ਤੇਲੰਗਾਨਾ, ਪੰਜਾਬ, ਰਾਜਸਥਾਨ ਅਤੇ ਕਰਨਾਟਕ ਸਮੇਤ ਕਈ ਸੂਬਿਆਂ ’ਚ ਪਾਰਟੀ ਨਾਲ ਕੀ ਹੋ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਕਾਂਗਰਸ ਹਾਈਕਮਾਨ ਦੀ ਪ੍ਰਭੂਸੱਤਾ ਨੂੰ ਹੌਲੀ-ਹੌਲੀ ਖੋਰਾ ਲੱਗ ਰਿਹਾ ਹੈ। ਜਿੱਥੇ ਕੌਮੀ ਪੱਧਰ ’ਤੇ ਕਾਂਗਰਸ ਲੀਡਰਸ਼ਿਪ ਦੇ ਸੰਕਟ ਨਾਲ ਜੂਝ ਰਹੀ ਹੈ, ਉਥੇ ਹੀ ਸੂਬਿਆਂ ’ਚ ਵੀ ਪਾਰਟੀ ਦਾ ਪਤਨ ਹੋ ਰਿਹਾ ਹੈ। ਸੀਨੀਅਰ ਪਾਰਟੀ ਆਗੂ ਮਹਿਸੂਸ ਕਰਦੇ ਹਨ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਿੱਛੇ ਹਟਣ ਅਤੇ ਇਸ ਬਾਰੇ ਕੋਈ ਸਪੱਸ਼ਟਤਾ ਨਾ ਹੋਣ ਨਾਲ ਕਿ ਉਹ ਅਹੁਦੇ ’ਤੇ ਬਣੇ ਰਹਿਣਗੇ ਜਾਂ ਨਹੀਂ, ਕਾਂਗਰਸ ਟੁੱਟ ਰਹੀ ਹੈ। ਅਜਿਹੀ ਦੁਚਿੱਤੀ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਅਜਿਹੀ ਹਾਰ ਤੋਂ ਬਾਅਦ ਪਾਰਟੀ ’ਚ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਵਧਦੀ ਜਾ ਰਹੀ ਹੈ।

ਮਿਸਾਲ ਵਜੋਂ ਤੇਲੰਗਾਨਾ ’ਚ ਕਾਂਗਰਸ ਪਾਰਟੀ ਦੀ ਤਰਸਯੋਗ ਸਥਿਤੀ ਨੂੰ ਲੈਂਦੇ ਹਾਂ। ਕਾਂਗਰਸ ਇਥੇ ਉਦੋਂ ਲੱਗਭਗ ਟੁੱਟ ਹੀ ਗਈ ਸੀ, ਜਦੋਂ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਚੁਣੇ ਗਏ 18 ਵਿਧਾਇਕਾਂ ’ਚੋਂ ਇਸ ਹਫਤੇ 12 ਵਿਧਾਇਕ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਵਿਚ ਸ਼ਾਮਿਲ ਹੋ ਗਏ। ਉੱਤਮ ਕੁਮਾਰ ਰੈੱਡੀ ਵਰਗੇ ਤੇਲੰਗਾਨਾ ਦੇ ਕਾਂਗਰਸੀ ਆਗੂ ਦਾਅਵਾ ਕਰਦੇ ਹਨ ਕਿ ਟੀ. ਆਰ. ਐੱਸ. ਨੇ 12 ਵਿਧਾਇਕਾਂ ਨੂੰ ਖਰੀਦ ਲਿਆ ਹੈ।

ਹੁਣ ਬਾਕੀ 6 ਵਿਧਾਇਕਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਕਾਂਗਰਸ ਲੀਡਰਸ਼ਿਪ ਲਈ ਇਕ ਮੁਸ਼ਕਿਲ ਕੰਮ ਹੋਵੇਗਾ। 2019 ਦੀਆਂ ਲੋਕ ਸਭਾ ਚੋਣਾਂ ’ਚ 3 ਸੀਟਾਂ ਹਾਸਿਲ ਕਰਨ ਦੇ ਬਾਵਜੂਦ ਕਾਂਗਰਸ ਦੀ ਸੂਬਾ ਇਕਾਈ ਗੰਭੀਰ ਸੰਕਟ ’ਚ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਟੀ. ਆਰ. ਐੱਸ. ਤੇਦੇਪਾ ਵਿਧਾਇਕ ਦਲ ਦਾ ਆਪਣੇ ’ਚ ਰਲੇਵਾਂ ਕਰਨ ’ਚ ਸਫਲ ਰਹੀ ਸੀ। ਇਸ ਨੇ 2014 ਦੀਆਂ ਚੋਣਾਂ ’ਚ ਜਿੱਤੇ 15 ’ਚੋਂ 12 ਵਿਧਾਇਕਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਕਾਂਗਰਸ ਲੀਡਰਸ਼ਿਪ ਅਜੇ ਵੀ ਸਥਿਤੀ ਦੀ ਗੰਭੀਰਤਾ ਨੂੰ ਸਮਝ ਨਹੀਂ ਸਕੀ ਹੈ ਕਿਉਂਕਿ ਪਾਰਟੀ ਲੱਗਭਗ ਖਤਮ ਹੋ ਗਈ ਹੈ।

ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ’ਚ ਅਸਥਿਰਤਾ

ਰਾਜਸਥਾਨ ਅਤੇ ਮੱਧ ਪ੍ਰਦੇਸ਼, ਜਿੱਥੇ ਪਾਰਟੀ ਨੇ ਦਸੰਬਰ 2018 ’ਚ ਭਾਜਪਾ ਤੋਂ ਸੱਤਾ ਖੋਹ ਲਈ ਸੀ, ਵਿਚ ਇਸ ਨੂੰ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ’ਚ ਪਹਿਲਾਂ ਹੀ ਤ੍ਰੇੜਾਂ ਨਜ਼ਰ ਆ ਰਹੀਆਂ ਹਨ। ਉਪ-ਮੁੱਖ ਮੰਤਰੀ ਸਚਿਨ ਪਾਇਲਟ ਦਾ ਸਮਰਥਨ ਕਰਨ ਵਾਲੇ ਕੁਝ ਵਿਧਾਇਕ ਮੰਗ ਕਰ ਰਹੇ ਹਨ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜਗ੍ਹਾ ਪਾਇਲਟ ਨੂੰ ਦਿੱਤੀ ਜਾਣੀ ਚਾਹੀਦੀ ਹੈ।

ਅਸ਼ੋਕ ਗਹਿਲੋਤ ਨੇ ਜੋਧਪੁਰ ’ਚ ਆਪਣੇ ਬੇਟੇ ਦੀ ਲੋਕ ਸਭਾ ਚੋਣਾਂ ’ਚ ਹੋਈ ਹਾਰ ਦਾ ਦੋਸ਼ ਪਾਇਲਟ ’ਤੇ ਮੜ੍ਹਿਆ ਹੈ। ਮੱਧ ਪ੍ਰਦੇਸ਼ ਵਿਚ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਯੋਤਿਰਾਦਿੱਤਿਆ ਸਿੰਧੀਆ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਹ ਸਭ ਉਦੋਂ ਹੋ ਰਿਹਾ ਹੈ, ਜਦੋਂ ਇਨ੍ਹਾਂ ਦੋਹਾਂ ਸੂਬਿਆਂ ’ਚ ਖ਼ੁਦ ਸਰਕਾਰ ਲਈ ਖਤਰਾ ਹੈ ਕਿਉਂਕਿ ਬਹੁਮਤ ਦਾ ਫਰਕ ਬਹੁਤ ਘੱਟ ਹੈ।

ਅਸਥਿਰਤਾ ਦਾ ਸਾਹਮਣਾ ਕਰਨ ਵਾਲਾ ਤੀਜਾ ਸੂਬਾ ਹੈ ਕਰਨਾਟਕ, ਜਿਥੇ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਥੇ ਸਰਕਾਰ ਦੇ ਡਿਗਣ ਦਾ ਖਤਰਾ ਹੈ। ਜੇ ਕਰਨਾਟਕ ’ਚ ਸਰਕਾਰ ਡਿੱਗਦੀ ਹੈ ਤਾਂ ਇਸ ਨਾਲ ਕਾਂਗਰਸ ਦੇ ਅਕਸ ਨੂੰ ਹੋਰ ਧੱਕਾ ਲੱਗੇਗਾ। ਆਜ਼ਾਦੀ ਤੋਂ ਬਾਅਦ ਦੇ 72 ਸਾਲਾਂ ’ਚੋਂ 55 ਸਾਲ ਭਾਰਤ ’ਤੇ ਰਾਜ ਕਰਨ ਵਾਲੀ ਕਾਂਗਰਸ ਨੂੰ ਹੁਣ ਲਗਾਤਾਰ 10 ਸਾਲ, ਭਾਵ 2024 ਤਕ ਵਿਰੋਧੀ ਧਿਰ ਵਿਚ ਬੈਠਣਾ ਪਵੇਗਾ, ਜੋ ਇਸ ਦੇ ਲਈ ਅਜਿਹਾ ਸਭ ਤੋਂ ਲੰਮਾ ਸਮਾਂ ਹੈ। ਕਾਂਗਰਸ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਅਗਵਾਈ ਕਾਰਣ ਹੁਣ ਤਕ ਹਾਰਾਂ ਦੇ ਬਾਵਜੂਦ ਵਾਪਸੀ ਕੀਤੀ ਸੀ।

ਲੀਡਰਸ਼ਿਪ ਬਾਰੇ ਸ਼ਸ਼ੋਪੰਜ

ਅਜਿਹੀਆਂ ਸ਼ਰਮਨਾਕ ਹਾਰਾਂ ਕਾਰਣ ਗਾਂਧੀ ਪਰਿਵਾਰ ਨੂੰ ਚੌਕਸੀਪੂਰਨ ਕਦਮ ਚੁੱਕਣੇ ਪੈਣਗੇ। ਪਹਿਲੀ ਗੱਲ, ਜਿਵੇਂ ਕਿ ਕਾਂਗਰਸ ਦੇ ਸੀਨੀਅਰ ਆਗੂ ਵੀਰੱਪਾ ਮੋਇਲੀ ਦਾ ਕਹਿਣਾ ਹੈ ਕਿ ਇਸ ਨੂੰ ਲੀਡਰਸ਼ਿਪ ਬਾਰੇ ਸ਼ਸ਼ੋਪੰਜ ਦੂਰ ਕਰਨੀ ਪਵੇਗੀ। ਦੂਜੀ ਹੈ ਮੌਜੂਦਾ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਅਸਥਿਰਤਾ ਤੋਂ ਬਚਾਉਣਾ। ਘੱਟੋ-ਘੱਟ 3 ਸੂਬੇ ਰਾਜਸਥਾਨ, ਕਰਨਾਟਕ ਅਤੇ ਮੱਧ ਪ੍ਰਦੇਸ਼ ਅਸਥਿਰਤਾ ਦੇ ਸੰਕੇਤ ਦਿਖਾ ਰਹੇ ਹਨ।

ਤੀਜੀ ਹੈ ਪਾਰਟੀ ’ਚ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ’ਤੇ ਰੋਕ ਲਾਉਣਾ, ਜਿਵੇਂ ਕਿ ਤੇਲੰਗਾਨਾ, ਕਰਨਾਟਕ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਪ੍ਰਤੱਖ ਹੈ। ਕਮਜ਼ੋਰ ਲੀਡਰਸ਼ਿਪ ਕਾਰਣ ਸੂਬਾ ਇਕਾਈਆਂ ਬਗਾਵਤ ਕਰਨ ਦੀ ਹਿੰਮਤ ਦਿਖਾਉਂਦੀਆਂ ਹਨ। ਚੌਥੀ ਹੈ ਤੇਲੰਗਾਨਾ ਅਤੇ ਹੋਰਨਾਂ ਥਾਵਾਂ ’ਤੇ ਪਾਰਟੀ ਨੂੰ ਲੱਗ ਰਿਹਾ ਖੋਰਾ ਰੋਕਣਾ। ਬਿਨਾਂ ਕਪਤਾਨ ਦੇ ਡੁੱਬਦੇ ਜਹਾਜ਼ ਨੂੰ ਹੋਰ ਜ਼ਿਆਦਾ ਲੋਕ ਛੱਡ ਸਕਦੇ ਹਨ।

ਪੰਜਵੀਂ ਹੈ ਪਾਰਟੀ ਦਾ ਮੁੜ ਗਠਨ ਕਰਨਾ ਕਿਉਂਕਿ ਪਾਰਟੀ ਦੀ ਚੋਟੀ ਦੀ ਨੀਤੀ-ਨਿਰਮਾਣ ਇਕਾਈ ‘ਕਾਂਗਰਸ ਕਾਰਜ ਕਮੇਟੀ’ ਨੇ ਰਾਹੁਲ ਗਾਂਧੀ ਨੂੰ ਅਜਿਹਾ ਕਰਨ ਲਈ ਅਧਿਕਾਰਤ ਕੀਤਾ ਹੈ। ਬਹੁਤ ਸਾਰੇ ਸੂਬਾਈ ਪੱਧਰੀ ਮੁਖੀਆਂ ਨੇ ਵੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਸਤੀਫੇ ਸੌਂਪੇ ਹਨ। ਜੇ ਪਾਰਟੀ ਦੁਬਾਰਾ ਉੱਠਣਾ ਚਾਹੁੰਦੀ ਹੈ ਤਾਂ ਇਕ ਨਵੀਂ ਲੀਡਰਸ਼ਿਪ ਹੋਣੀ ਜ਼ਰੂਰੀ ਹੈ। ਆਖਰੀ ਗੱਲ, ਕਾਂਗਰਸ ਲੀਡਰਸ਼ਿਪ ਨੂੰ ਪਾਰਟੀ ਵਰਕਰਾਂ ਦੇ ਡਿਗੇ ਮਨੋਬਲ ਨੂੰ ਉਪਰ ਚੁੱਕਣਾ ਚਾਹੀਦਾ ਹੈ।

ਅਜੇ ਸਭ ਕੁਝ ਨਹੀਂ ਗੁਆਇਆ

ਆਖਿਰ ਅਜੇ ਸਭ ਕੁਝ ਨਹੀਂ ਗੁਆਇਆ ਹੈ ਅਤੇ ਅਗਲੇ 5 ਸਾਲਾਂ ਦੌਰਾਨ ਕਈ ਹੋਰ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਇਸ ਨੇ ਸਾਹਮਣਾ ਕਰਨਾ ਹੈ। ਸਭ ਤੋਂ ਨੇੜਲੀ ਚੁਣੌਤੀ ਹਨ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ। ਇਸ ਤੋਂ ਇਲਾਵਾ ਪਾਰਟੀ ਨੂੰ ਆਉਣ ਵਾਲੇ ਪਾਰਲੀਮੈਂਟ ਸੈਸ਼ਨ ’ਚ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਬਣਾ ਕੇ ਵਿਰੋਧੀ ਧਿਰ ਦੀ ਕਮਾਨ ਸੰਭਾਲਣੀ ਚਾਹੀਦੀ ਹੈ।

ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ ਲੋਕ ਸਭਾ ਵਿਚ ਪਾਰਟੀ ਦਾ ਨੇਤਾ ਅਜੇ ਨਾਮਜ਼ਦ ਕਰਨਾ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਮਹਿਸੂਸ ਕਰਦੇ ਹਨ ਕਿ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਵਾਰੀ ਸੰਭਾਲਦਿਆਂ ਸੰਸਦ ’ਚ ਪਾਰਟੀ ਨੂੰ ਚਲਾਉਣਾ ਚਾਹੀਦਾ ਹੈ। ਹੁਣ ਤਕ ਉਹ ਸਦਨ ’ਚ ਲਗਾਤਾਰ ਹਾਜ਼ਰ ਨਹੀਂ ਹੋ ਰਹੇ ਸਨ ਅਤੇ ਕਦੇ-ਕਦਾਈਂ ਹੀ ਬੋਲਦੇ ਸਨ।

ਪਿਛਲੇ ਹਫਤੇ ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦਲ ਦੀ ਪਹਿਲੀ ਮੀਟਿੰਗ ’ਚ ਸੱਦਾ ਦਿੱਤਾ ਸੀ ਕਿ ‘‘ਇਕ ਅਣਕਿਆਸੇ ਸੰਕਟ ’ਚ ਅਣਕਿਆਸਾ ਮੌਕਾ ਹੁੰਦਾ ਹੈ। ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਆਪਣੀ ਹਾਰ ਤੋਂ ਸਬਕ ਲੈ ਕੇ ਅਸੀਂ ਇਸ ਨੂੰ ਨਿਮਰਤਾ ਅਤੇ ਆਤਮ-ਵਿਸ਼ਵਾਸ ਨਾਲ ਮੁੱਠੀ ’ਚ ਕਰ ਲਈਏ। ਆਪਣੇ ਸਾਹਮਣੇ ਖੜ੍ਹੀਆਂ ਬਹੁਤ ਸਾਰੀਆਂ ਚੁਣੌਤੀਆਂ ਅੱਗੇ ਡਟੇ ਰਹਿ ਕੇ ਅਸੀਂ ਮੁੜ ਉੱਠ ਖੜ੍ਹੇ ਹੋਵਾਂਗੇ।’’

ਹਾਸ਼ੀਏ ’ਤੇ ਪਹੁੰਚ ਚੁੱਕੀ ਕਾਂਗਰਸ ਪਾਰਟੀ ਯਕੀਨੀ ਤੌਰ ’ਤੇ ਪੁਰਾਣੀ ਹੈ ਪਰ ਹੁਣ ਵੱਡੀ ਪਾਰਟੀ ਨਹੀਂ ਰਹੀ। ਬਹੁਤ ਸਾਰੇ ਲੋਕਾਂ ਨੇ ਕਾਂਗਰਸ ਲਈ ਸ਼ੋਕ ਸੰਦੇਸ਼ ਲਿਖੇ ਹਨ ਪਰ ਪਾਰਟੀ ਕੋਲ ਖ਼ੁਦ ਨੂੰ ਇਕ ਨਵੇਂ ਅੰਦਾਜ਼ ਵਿਚ ਪੇਸ਼ ਕਰਨ ਅਤੇ ਇਕ ਚੰਗੀ ਲੀਡਰਸ਼ਿਪ ਦੇ ਤਹਿਤ ਮੁੜ-ਸੁਰਜੀਤ ਹੋਣ ਲਈ ਅਜੇ ਵੀ ਸਮਾਂ ਹੈ।

(kalyani60@gmail.com)


Bharat Thapa

Content Editor

Related News