ਸੰਕਟਕਾਲ ਦੇ ਦੌਰਾਨ ਫੌਜ ਦੀ ਸ਼ਲਾਘਾਯੋਗ ਭੂਮਿਕਾ ਪਰ ...

Tuesday, May 11, 2021 - 03:43 AM (IST)

ਸੰਕਟਕਾਲ ਦੇ ਦੌਰਾਨ ਫੌਜ ਦੀ ਸ਼ਲਾਘਾਯੋਗ ਭੂਮਿਕਾ ਪਰ ...

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ

ਕੋਰੋਨਾ ਮਹਾਮਾਰੀ ਦੀ ਦੂਸਰੀ ਭਿਆਨਕ ਲਹਿਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰੀ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਅਸਿੱਧੇ ਤੌਰ ’ਤੇ ਇਹ ਮੰਨਿਆ ਕਿ ਇਸ ਕਿਸਮ ਦੀ ਆਫਤ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

ਸੁਪਰੀਮ ਕੋਰਟ ਨੇ ਕੋਵਿਡ-19 ਦੇ ਮਾਮਲਿਅਾਂ ’ਚ ਜ਼ਬਰਦਸਤ ਵਾਧੇ ਨੂੰ ਰਾਸ਼ਟਰੀ ਸੰਕਟ ਐਲਾਨਦਿਅਾਂ ਕਿਹਾ ਕਿ ਇਨ੍ਹਾਂ ਹਾਲਤਾਂ ’ਚ ਮੂਕਦਰਸ਼ਕ ਬਣਿਆ ਨਹੀਂ ਰਿਹਾ ਜਾ ਸਕਦਾ। ਦਿੱਲੀ ਹਾਈਕੋਰਟ ਨੇ ਇਸ ਨੂੰ ਸੁਨਾਮੀ ਦਾ ਦਰਜਾ ਦਿੱਤਾ ਤੇ ਮਦਰਾਸ ਹਾਈਕੋਰਟ ਨੇ ਕੋਰੋਨਾ ਦੇ ਇਸ ਅਚਾਨਕ ਵਾਧੇ ਲਈ ਕਿਸੇ ਹੱਦ ਤੱਕ ਚੋਣ ਕਮਿਸ਼ਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਸੰਕਟਕਾਲ ਸਮੇਂ ਜਦੋਂ ਪ੍ਰਸ਼ਾਸਨ ਹੱਥ ਖੜ੍ਹੇ ਕਰ ਦੇਵੇ ਤਾਂ ਅਕਸਰ ਫੌਜ ਨੂੰ ਹੀ ਯਾਦ ਕੀਤਾ ਜਾਂਦਾ ਹੈ ਜੋ ਕਿ ਭਾਈਚਾਰਕ ਸਾਂਝ ਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ। ਹਥਿਆਰਬੰਦ ਸੈਨਾਵਾਂ ਨੇ ਦੇਸ਼ ਦੀਅਾਂ ਜੰਗਾਂ ਜਿੱਤਣ ਦੇ ਨਾਲ ਹਮੇਸ਼ਾ ਕੁਦਰਤੀ ਆਫਤਾਂ ਜਿਵੇਂ ਕਿ ਭੂਚਾਲ, ਹੜ੍ਹ, ਸੁਨਾਮੀ ਲਹਿਰ, ਮਹਾਮਾਰੀ ਤੇ ਕਾਨੂੰਨ ਵਿਵਸਥਾ ਬਹਾਲ ਕਰਨ ਵਰਗੀਅਾਂ ਚੁਣੌਤੀਅਾਂ ਦੌਰਾਨ ਆਪਣੀਅਾਂ ਜਾਨਾਂ ਦੀ ਪ੍ਰਵਾਹ ਨਾ ਕਰਦਿਅਾਂ ਹੋਇਅਾਂ ਰਾਹਤ ਕਾਰਜਾਂ ’ਚ ਰੁੱਝੀਅਾਂ ਰਹੀਅਾਂ ਤੇ ਪੀੜਤ ਦੇਸ਼ਵਾਸੀਅਾਂ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢ ਕੇ ਮਾਲ-ਸਬਾਬ ਦੀ ਰਾਖੀ ਕੀਤੀ।

ਇਸ ਦੀ ਤਾਜ਼ਾ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜਦੋਂ ਇਸ ਨਾਮੁਰਾਦ ਵਾਇਰਸ ਨੇ ਬੀਤੇ ਸਾਲ ਦੇਸ਼ਵਾਸੀਅਾਂ ਦੇ ਅੰਦਰ ਘੁਸਪੈਠ ਕੀਤੀ ਤਾਂ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਏ ਨੇ ਇਸ ਅਦ੍ਰਿਸ਼ ਵੈਰੀ ਵਿਰੁੱਧ ਆਪ੍ਰੇਸ਼ਨ ਕੋਡ ‘ਨਮਸਤੇ’ ਦੇ ਅਧੀਨ ਜੰਗ ਦਾ ਬਿਗੁਲ ਵਜਾ ਕੇ, ਫਤਿਹ ਹਾਸਿਲ ਕੀਤੀ, ਜਿਸ ਦਾ ਜ਼ਿਕਰ ਇਸੇ ਕਾਲਮ ਤੇ ਕਲਮ ਰਾਹੀਂ ਕੋਵਿਡ-19 ਦੀ ਪਹਿਲੀ ਲਹਿਰ ਸਮੇਂ ਕੀਤਾ ਜਾ ਚੁੱਕਿਆ ਹੈ।

ਪਰ ਜੇਕਰ ਕਲ ਦੇ ਫੌਜੀ ਯੋਧੇ ਜਿਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਤੇ ਸਿਵਲ ਪ੍ਰਸ਼ਾਸaਨ ਦੀ ਮਦਦ ’ਤੇ ਉਤਰਦੇ ਰਹੇ ਅਤੇ ਅੱਜ ਉਨ੍ਹਾਂ ਦੀਅਾਂ ਜੰਗੀ ਵਿਧਵਾਵਾਂ ਨੂੰ ਵੀ ਸੁਨਾਮੀ ਲਹਿਰ ਸਮੇਂ ਹਸਪਤਾਲਾਂ ਦੀਅਾਂ ਠੋਕਰਾਂ ਤੇ ਦਰ-ਦਰ ਦੇ ਧੱਕੇ ਹੀ ਨਸੀਬ ਹੋਣ ਤਾਂ ਫਿਰ ਇਸ ਤੋਂ ਵਧ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ? ਇਸ ਵਾਸਤੇ ਇਸ ਲੇਖ ’ਚ ਫੌਜ ਦੀ ਭੂਮਿਕਾ ਨਾਲ ਜੰਗਜੂਅਾਂ ਬਾਰੇ ਚਰਚਾ ਵੀ ਲਾਜ਼ਮੀ ਹੈ।

ਆਪ੍ਰੇਸ਼ਨ ਕੋ-ਜੀਤ (Co-Jeet)

ਹਥਿਆਰਬੰਦ ਸੈਨਾਵਾਂ ਨੇ ਇਸ ਸੁਨਾਮੀ ਨਾਲ ਜੰਗੀ ਪੱਧਰ ’ਤੇ ਨਜਿੱਠਣ ਖਾਤਰ ਆਪ੍ਰੇਸ਼ਨ ‘ਕੋ-ਜੀਤ’ ਆਰੰਭ ਕੀਤਾ ਤੇ ਆਪੋ-ਆਪਣੇ ਦਾਇਰੇ ’ਚ ਰਹਿੰਦਿਅਾਂ ਹੋਇਆਂ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਦੀ ਮੰਗ ਅਨੁਸਾਰ ਤੁਰੰਤ ‘‘ਐਕਸ਼ਨ ਮੋਡ’ ਵਿਚ ਆ ਕੇ ਦਿਨ-ਰਾਤ ਇਕ ਕਰਕੇ ਹਰ ਕਿਸਮ ਦੀ ਸਹਾਇਤਾ ਮੁਹੱਈਆ ਕਰਨ ’ਚ ਰੁੱੱਝ ਗਈਅਾਂ।

ਜ਼ਿਕਰੋਯਗ ਹੈ ਕਿ ਪ੍ਰਧਾਨ ਮੰਤਰੀ ਦੇ ਅਪ੍ਰੈਲ ਮਹੀਨੇ ਵਲੋਂ ਚੁਣੌਤੀਅਾਂ ਭਰਪੂਰ ਰੁਝੇਵਿਅਾਂ ਦੌਰਾਨ ਸਭ ਤੋਂ ਪਹਿਲਾਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ. ਕੇ ਭਦੋਰੀਆ ਨਾਲ ਮੁਲਾਕਾਤ ਕੀਤੀ । ਭਦੋਰੀਅਾ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਏਅਰ ਫੋਰਸ 24×7 ਦਿਨ ਰਾਤ ਇਕ ਕਰ ਕੇ ਪ੍ਰਸ਼ਾਸਨ ਦੀ ਮਦਦ ’ਤੇ ਉੱਤਰੀ ਹੈ। ਫਿਰ 29 ਅਪ੍ਰੈਲ ਨੂੰ ਸੈਨਾ ਮੁਖੀ ਜਨਰਲ ਮਨੋਜ ਨੇ ਪ੍ਰਧਾਨ ਮੰਤਰੀ ਨਾਲ ਇਕੱਲੇ ਮੀਟਿੰਗ ਕਰ ਕੇ ਆਪ੍ਰੇਸ਼ਨ ‘ਕੋ-ਜੀਤ’ ਬਾਰੇ ਜਾਣੂ ਕਰਵਾਇਆ। ਫਿਰ ਜਦੋਂ ਮੋਦੀ ਜੀ ਨੂੰ ਚੋਣਾਂ ਤੋਂ ਕੁਝ ਫੁਰਸਤ ਮਿਲੀ ਤਾਂ 03 ਮਈ ਨੂੰ ਐਡਮਿਰਲ ਕਰਨਬੀਰ ਸਿੰਘ, ਸਮੁੰਦਰੀ ਫੌਜ ਮੁਖੀ ਨੇ ਉਨ੍ਹਾਂ ਦੀ ਫੋਰਸ ਵਲੋਂ ਵੱਖ-ਵੱਖ ਪਹਿਲੂਅਾਂ ਬਾਰੇ ਜਾਣੂ ਕਰਵਾਇਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ 7 ਮਈ ਨੂੰ ਖੇਤਰੀ ਭਾਸ਼ਾਵਾਂ ’ਚ ਕਈ ਅਖਬਾਰਾਂ ’ਚ ਛਪੇ ਆਪਣੇ ਲੇਖ ’ਚ ਵਿਸਥਾਰਪੂਰਵਕ ਢੰਗ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ.), ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਕੈਟੋਨਮੈਂਟ ਬੋਰਡ ਤੇ ਕੁਝ ਹੋਰ ਰੱਖਿਆ ਅਦਾਰਿਅਾਂ ਨੇ ਕੋਵਿਡ ਦੇਖਭਾਲ ਲਈ ਮੈਡੀਕਲ ਸਹੂਲਤਾਂ ਦੀ ਤੁਰੰਤ ਪੂਰਤੀ ਲਈ ਹਸਪਤਾਲ ਤੇ ਬਾਕੀ ਲੋੜੀਂਦੀ ਵਿਵਸਥਾ ਕੀਤੀ ਹੈ।

ਉਨ੍ਹਾਂ ਇਹ ਵੀ ਲਿਖਿਆ ਕਿ ਵੱਖ-ਵੱਖ ਮਿਲਟਰੀ ਹਸਪਤਾਲਾਂ ਵਿਚ ਲਗਭਗ 750 ਬਿਸਤਰੇ ਆਮ ਸ਼ਹਿਰੀਅਾਂ ਦੀ ਵਰਤੋਂ ਲਈ ਰੱਖੇ ਗਏ ਹਨ। ਦਿੱਲੀ ਦੇ ਬੇਸ ਹਸਪਤਾਲ ਨੂੰ ਕੋਵਿਡ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੀ ਸਮਰੱਥਾ 400 ਤੋਂ ਵਧਾ ਕੇ 1000 ਬਿਸਤਰੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏ.ਐੱਫ.ਐੱਮ.ਐੱਸ. ਨੇ 19 ਹਸਪਤਾਲ 4000 ਤੋਂ ਵੱਧ ਬਿਸਤਰੇ ਅਤੇ 585 ਆਈ. ਸੀ. ਯੂ. ਇਕਾਈਅਾਂ ਪੂਰੇ ਦੇਸ਼ ’ਚ ਸਥਾਪਿਤ ਕੀਤੀਅਾਂ ਹਨ।

ਇਸੇ ਤਰੀਕੇ ਨਾਲ ਡੀ.ਆਰ.ਡੀ.ਓ. ਨੇ ਨਵੀਂ ਦਿੱਲੀ ਤੇ ਲਖਨਊ ਵਿਚ 500 ਬਿਸਤਰਿਅਾਂ ਵਾਲੀ ਇਕ-ਇਕ ਕੋਵਿਡ-19 ਸਹੂਲਤ ਤੇ ਅਹਿਮਦਾਬਾਦ ’ਚ 900 ਬਿਸਤਰਿਅਾਂ ਵਾਲਾ ਇਕ ਹੋਰ ਹਸਪਤਾਲ ਤੇ ਪਟਨਾ ’ਚ, ਪ੍ਰਯਾਗਰਾਜ, ਗਵਾਲੀਅਰ, ਭੋਪਾਲ, ਜਬਲਪੁਰ ’ਚ ਹੋਰ ਸਹੂਲਤਾਂ। ਮੈਡੀਕਲ ਆਕਸੀਜਨ ਦੀ ਸਪਲਾਈ ’ਚ ਵਾਧਾ ਕਰਨ ਲਈ ਹਵਾਈ ਸੈਨਾ ਤੇ ਨੇਵੀ ਵਲੋਂ ਹਜ਼ਾਰਾਂ ਮੀਟ੍ਰਿਕ ਟਨ ਸਮਰੱਥਾ ਵਾਲੇ ਕੰਟੇਨਰਜ਼ ਏਅਰ ਲਿਫਟ ਕੀਤੇ ਜਾ ਰਹੇ ਹਨ।

ਰੱਖਿਆ ਮੰਤਰੀ ਨੇ ਆਪਣੇ ਲੇਖ ’ਚ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਹਥਿਆਰਬੰਦ ਸੈਨਾਵਾਂ ਦੇ ਕਮਾਂਡਰਾਂ ਨੂੰ ਐਮਰਜੈਂਸੀ ਵਿੱਤੀ ਸ਼ਕਤੀਅਾਂ ਪ੍ਰਦਾਨ ਕੀਤੀਅਾਂ ਹਨ ਤਾਂ ਕਿ ਉਹ ਕੁਆਰੰਟਾਈਨ ਸਹੂਲਤਾਂ, ਉਪਕਰਨਾਂ ਦੀ ਖਰੀਦੋ-ਫਰੋਖਤ ਤੇ ਮੁਰੰਮਤ ਕਰਵਾ ਸਕਣ।

ਜੰਗਜੂਅਾਂ ਦੀ ਵੀ ਸੁਣੋ

ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਤੇ ਆਰਮੀ ਕਮਾਂਡਰਾਂ ਵਲੋਂ ਹਦਾਇਤਾਂ ਜਾਰੀ ਕਰ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਬਕਾ ਫੌਜੀਅਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਰੋਨਾ ਮਹਾਮਾਰੀ ਸਮੇਂ ਹਰ ਕਿਸਮ ਦੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਕਈ ਕੇਸ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲਾਂ ’ਚ ਦਖਲ ਵੀ ਨਾ ਕੀਤਾ ਗਿਆ ਤੇ ਉਹ ਖੱਜਲ-ਖੁਆਰੀ ’ਚ ਹੀ ਚਲ ਵੱਸੇ।

ਬਾਜ਼ ਵਾਲੀ ਨਜ਼ਰ

ਕੋਵਿਡ-19 ਦੀ ਪਹਿਲੀ ਲਹਿਰ ਸਮੇਂ ਨਾ ਤਾਂ ਵੈਕਸੀਨ ਸੀ ਅਤੇ ਨਾ ਹੀ ਸ਼ਾਇਦ ਇਸ ਮਹਾਮਾਰੀ ਬਾਰੇ ਕਿਸੇ ਸੋਚਿਆ ਹੋਵੇਗਾ। ਹਾਲਾਂਕਿ 18 ਅਕਤੂਬਰ, 2019 ਨੂੰ ਅਮਰੀਕਾ ’ਚ ਹੋਏ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਆਉਣ ਵਾਲੇ ਸਮੇਂ ਪੈਨਡੇਮਿਕ ਬਾਰੇ ਸੁਚੇਤ ਕਰ ਦਿੱਤਾ ਗਿਆ ਸੀ। ਭਾਰਤੀ ਫੌਜ ਨੂੰ ਬੀਤੇ ਵਰ੍ਹੇ ਤਿੰਨ ਮੁਹਾਜਾਂ ’ਤੇ ਜੰਗ ਲੜਨੀ ਪਈ। ਪਹਿਲਾ ਫਰੰਟ ਕੋਵਿਡ-19 ਨਾਲ, ਦੂਸਰਾ ਪੂਰਬੀ ਲੱਦਾਖ ’ਚ ਪੀ. ਐੱਲ. ਏ ਦੀ ਘੁਸਪੈਠ ਨੂੰ ਠੱਲ੍ਹ ਪਾਉਣਾ ਤੇ ਤੀਸਰਾ ਪਾਕਿਸਤਾਨ ਨਾਲ ਜਾਰੀ ਅਸਿੱਧੀ ਜੰਗ।

ਉਸ ਸਮੇਂ ਵੀ ਬਜਟ ਦੀ ਘਾਟ ਨੂੰ ਸਮਝਦਿਅਾਂ ਹੋਇਆਂ ਰੱਖਿਆ ਮੰਤਰੀ ਨੇ ਫੌਜ ਨੂੰ ਕੁਝ ਵਿੱਤੀ ਸ਼ਕਤੀਅਾਂ ਪ੍ਰਦਾਨ ਕੀਤੀਅਾਂ ਸਨ ਤੇ ਹੁਣ ਸੁਨਾਮੀ ਲਹਿਰ ਸਮੇਂ ਵੀ ਇੰਝ ਹੀ ਹੋਇਆ। ਲੋੜ ਇਸ ਗੱਲ ਦੀ ਹੈ ਕਿ ਰੱਖਿਆ ਮਾਮਲਿਅਾਂ ਨਾਲ ਸੰਬੰਧਤ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਜਿਸ ਦੇ ਚੇਅਰਮੈਨ ਮੇਜਰ ਜਨਰਲ ਬੀ.ਸੀ. ਖੰਡੂਰੀ ਸਨ। ਉਨ੍ਹਾਂ ਦੀ ਰਿਪੋਰਟ ਜੋ ਕਿ ਪਾਰਲੀਮੈਂਟ ’ਚ 9 ਤੇ 10 ਅਗਸਤ, 2017 ਨੂੰ ਪੇਸ਼ ਕੀਤੀ ਗਈ, ਉਸ ਨੂੰ ਲਾਗੂ ਕੀਤਾ ਜਾਵੇ ਤਾਂਕਿ ਰੱਖਿਆ ਬਜਟ ਡੰਗ-ਟਪਾਊ ਨੀਤੀ ਦੇ ਅਧੀਨ ਨਹੀਂ, ਲੋੜ ਅਨੁਸਾਰ ਪੂਰਾ ਕੀਤਾ ਜਾਵੇ ਤਾਂਕਿ ਡਾਕਟਰਾਂ, ਨਰਸਾਂ, ਸਟਾਫ ਤੇ ਯੰਤਰਾਂ ਆਦਿ ਦੀ ਘਾਟ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

kahlonks@gmai.com


author

Bharat Thapa

Content Editor

Related News