ਬਾਲੀਵੁੱਡ ਦਾ ਬਦਲਦਾ ਟ੍ਰੈਂਡ

08/17/2020 2:53:08 AM

ਵਿਨੀਤ ਨਾਰਾਇਣ

ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ’ਚ ਇਕ ਨਵਾਂ ਟ੍ਰੈਂਡ ਚੱਲਿਆ ਹੈ ਸਮਕਾਲੀਨ ਲੋਕਾਂ ਦੀਆਂ ਜੀਵਨੀਆਂ ’ਤੇ ਆਧਾਰਿਤ ਫਿਲਮਾਂ ਬਣਾਉਣ ਦਾ। ਪਿਛਲੇ ਹਫਤੇ ਰਿਲੀਜ਼ ਹੋਈ ‘ਗੁੰਜਨ ਸਕਸੈਨਾ-ਦਿ ਕਾਰਗਿਲ ਗਰਲ’ ਇਕ ਅਜਿਹੀ ਹੀ ਫਿਲਮ ਹੈ ਜੋ ਭਾਰਤੀ ਹਵਾਈ ਫੌਜ ਦੀ ਪਾਇਲਟ ਗੁੰਜਨ ਸਕਸੈਨਾ ਦੇ ਜੀਵਨ ’ਤੇ ਆਧਾਰਿਤ ਹੈ। ਗੁੰਜਨ ਸਕਸੈਨਾ ਉਹ ਜਾਂਬਾਜ਼ ਪਾਇਲਟ ਹਨ ਜਿਨ੍ਹਾਂ ਨੇ ਕਾਰਗਿਲ ਜੰਗ ’ਚ ਬੜੀ ਸਿਆਣਪ ਅਤੇ ਹਿੰਮਤ ਦਾ ਸਬੂਤ ਦਿੱਤਾ। ਇਸ ਜੰਗ ਦੌਰਾਨ ਸ੍ਰੀਨਗਰ ਬੇਸ ਕੈਂਪ ਤੋਂ ਉਨ੍ਹਾਂ ਨੇ 40 ਵਾਰ ਕਾਰਗਿਲ ਲਈ ਉਡਾਣਾਂ ਭਰੀਆਂ। ਸਰਹੱਦ ’ਤੇ ਲੜ ਰਹੀ ਭਾਰਤੀ ਫੌਜ ਨੂੰ ਰਸਦ ਪਹੁੰਚਾਉਣ ਅਤੇ ਗੋਲਾ ਬਾਰੂਦ ਵਿਚਾਲਿਓਂ ਜ਼ਖਮੀਆਂ ਨੂੰ ਕੱਢ ਕੇ ਲਿਆਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਬਾਖੂਬੀ ਅੰਜਾਮ ਦਿੱਤਾ ਅਤੇ ਸਿੱਧ ਕਰ ਦਿੱਤਾ ਕਿ ਔਰਤਾਂ ਬਹਾਦਰੀ ’ਚ ਕਿਸੇ ਮਰਦ ਨਾਲੋਂ ਪਿੱਛੇ ਨਹੀਂ ਹੁੰਦੀਆਂ। ਹਾਲਾਂਕਿ ਪੂਰੀ ਤਰ੍ਹਾਂ ਮਰਦਾਂ ਵਲੋਂ ਸੰਚਾਲਿਤ ਹਵਾਈ ਫੌਜ ’ਚ ਪਾਇਲਟ ਵਜੋਂ ਗੁੰਜਨ ਸਕਸੈਨਾ ਦੀ ਐਂਟਰੀ ‘ਸੌਖੀ’ ਨਹੀਂ ਸੀ। ਉਨ੍ਹਾਂ ਨੂੰ ਬਰਾਬਰ ਯੋਗਤਾ ਵਾਲੇ ਪਾਇਲਟਾਂ ਦੀ ਭਾਰੀ ਅਣਦੇਖੀ ਅਤੇ ਉਨ੍ਹਾਂ ਤੋਂ ਨਿਰਾਦਰ ਸਹਿਣਾ ਪਿਆ ਪਰ ਉਹ ਡਟੀ ਰਹੀ ਅਤੇ ਇਕ ਸਫਲ ਲੜਾਕੂ ਪਾਇਲਟ ਦੇ ਰੂਪ ’ਚ ਨਾਂ ਕਮਾਇਆ। ਫਿਲਮੀ ਪਰਦੇ ’ਤੇ ਵੀ ਇਸ ਨੂੰ ਜਾਨ੍ਹਵੀ ਕਪੂਰ ਨੇ ਬੜੀ ਖੂਬਸੂਰਤੀ ਨਾਲ ਨਿਭਾਇਆ ਹੈ।

ਇਸ ਤੋਂ ਪਹਿਲਾਂ ਵੀ ਬਾਕਸਿੰਗ ਚੈਂਪੀਅਨ ਮੈਰੀਕਾਮ, ਦੌੜਾਕ ਮਿਲਖਾ ਸਿੰਘ, ਕ੍ਰਿਕਟਰ ਮਹਿੰਦਰ ਸਿੰਘ ਧੋਨੀ, ਕੁਸ਼ਤੀ ਲਈ ਮਸ਼ਹੂਰ ਹੋਈਆਂ ਫੋਗਟ ਭੈਣਾਂ ਅਤੇ ਵਿਸ਼ਵ ਪ੍ਰਸਿੱਧ ਗਣਿਤ ਮਾਹਿਰ ਸ਼ਕੁੰਲਤਾ ਦੇਵੀ ਅਤੇ ਸਮਕਾਲੀਨ ਸਿਤਾਰਿਆਂ ’ਤੇ ਪਿਛਲੇ ਸਾਲਾਂ ’ਚ ਬਿਹਤਰੀਨ ਫਿਲਮਾਂ ਆਈਆਂ ਹਨ। ਇਸ ਤੋਂ ਪਹਿਲਾਂ ਦੇ ਦੌਰ ’ਚ ਇਤਿਹਾਸਕ ਸ਼ਖਸੀਅਤਾਂ ਜਿਵੇਂ ਕਿ ਸਰਦਾਰ ਭਗਤ ਸਿੰਘ, ਮਹਾਤਮਾ ਗਾਂਧੀ, ਸਰਦਾਰ ਪਟੇਲ, ਸੁਭਾਸ਼ ਚੰਦਰਬੋਸ ਜਾਂ ਹੋਰ ਪਹਿਲੇ ਦੌਰ ਦੇ ਨਾਇਕ ਛਤਰਪਤੀ ਸ਼ਿਵਾਜੀ, ਮਹਾਰਾਣਾ ਪ੍ਰਤਾਪ ਜਾਂ ਫਿਰ ਵੱਖ-ਵੱਖ ਸੂਬਿਆਂ ’ਚ ਸਮਾਜ ਨੂੰ ਦਿਸ਼ਾ ਅਤੇ ਸ਼ਾਂਤੀ ਦੇਣ ਵਾਲੇ ਸੰਤ ਜਿਵੇਂ ਕਿ ਮੀਰਾ ਬਾਈ, ਸੰਤ ਤੁਕਾਰਾਮ, ਸੰਤ ਨਾਮਦੇਵ ’ਤੇ ਵੀ ਫਿਲਮਾਂ ਬਣਦੀਆਂ ਰਹੀਆਂ ਹਨ। ਇਸ ਤੋਂ ਹੋਰ ਵੀ ਪਹਿਲੇ ਦੌਰ ’ਚ ਪੁਰਾਤਨ ਚਰਿੱਤਰਾਂ ’ਤੇ ਵੀ ਬਹੁਤ ਫਿਲਮਾਂ ਬਣੀਆਂ ਹਨ, ਜਿਵੇਂ ਭਗਤ ਪ੍ਰਹਿਲਾਦ, ਭਗਤ ਧਰੁਵ ਤੇ ਸੂਰਦਾਸ ਆਦਿ।

ਦਰਅਸਲ, ਸਿਤਾਰੇ ਉਹੀ ਨਹੀਂ ਹੁੰਦੇ ਜੋ ਫਿਲਮੀ ਪਰਦੇ ’ਤੇ ਦਿਖਾਈ ਦਿੰਦੇ ਹਨ। ਨਾਇਕ ਸਿਰਫ ਉਹੀ ਨਹੀਂ ਹੁੰਦੇ ਜੋ ਜੰਗ ਜਿੱਤਦੇ ਹਨ। ਸਗੋਂ ਹਰ ਉਹ ਵਿਅਕਤੀ ਜੋ ਆਪਣੇ ਕਾਰਜ ਖੇਤਰ ’ਚ ਆਪਣੀ ਮਿਹਨਤ, ਲਗਨ ਅਤੇ ਨਿਸ਼ਠਾ ਨਾਲ ਛਾਪ ਛੱਡਦਾ ਹੈ, ਉਹ ਜਨਤਾ ਦੀ ਦ੍ਰਿਸ਼ਟੀ ’ਚ ਸਿਤਾਰਾ ਹੀ ਹੁੰਦਾ ਹੈ। ਭਾਵੇਂ ਉਹ ਖੇਡ ’ਚ ਹੋਵੇ, ਸਮਾਜ ਸੇਵਾ ’ਚ ਹੋਵੇ, ਸਾਹਿਤ ਜਾਂ ਪੱਤਰਕਾਰਿਤਾ ’ਚ ਹੋਵੇ ਜਾਂ ਕਲਾ ਤੇ ਸੰਗੀਤ ’ਚ ਹੋਵੇ, ਅਜਿਹੇ ‘ਰੀਅਲ ਲਾਈਫ ਹੀਰੋ’ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਜਾਣਨ ਦੀ ਜਿਗਿਆਸਾ ਆਮ ਲੋਕਾਂ ਨੂੰ ਹਮੇਸ਼ਾ ਹੀ ਰਹਿੰਦੀ ਹੈ। ਉਨ੍ਹਾਂ ਦਾ ਕਿਥੇ ਜਨਮ ਹੋਇਆ, ਉਹ ਕਿਵੇਂ ਇਸ ਖੇਤਰ ’ਚ ਆਏ, ਉਨ੍ਹਾਂ ਨੇ ਕਿੰਨਾ ਅਤੇ ਕਿਵੇਂ ਸੰਘਰਸ਼ ਕੀਤਾ ਅਤੇ ਫਿਰ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਕਾਮਯਾਬੀ ਮਿਲੀ, ਅਜਿਹੀ ਜੀਵਨਗਾਥਾ ਸੁਣਨੀ ਅਤੇ ਸੁਣਾਉਣੀ ਦੋਵੇਂ ਹੀ ਆਨੰਦਦਾਇਕ ਹੁੰਦੇ ਹਨ। ਇਸ ਲਈ ਇਹ ਫਿਲਮਾਂ ਸਫਲ ਹੁੰਦੀਆਂ ਹਨ। ਸਿਤਾਰਾ ਭਾਵੇਂ ਬੀਤੇ ਜ਼ਮਾਨੇ ਦਾ ਹੋਵੇ ਜਾਂ ਫਿਰ ਅੱਜ ਦੇ ਜ਼ਮਾਨੇ ਦਾ, ਉਸ ਦੀਆਂ ਪ੍ਰਾਪਤੀਆਂ ਹਰ ਇਕ ਲਈ ਪ੍ਰੇਰਨਾਦਾਇਕ ਹੁੰਦੀਆਂ ਹਨ, ਖਾਸ ਕਰ ਕੇ ਨਵੀਂ ਪੀੜ੍ਹੀ ਲਈ। ਇਸ ਲਈ ਬਾਲੀਵੁੱਡ ਦੇ ਉਨ੍ਹਾਂ ਨਿਰਮਾਤਾਵਾਂ ਦੇ ਅਸੀਂ ਧੰਨਵਾਦੀ ਹਾਂ ਜੋ ਨਾਚ, ਹਿੰਸਾ, ਇਸ਼ਕ ਵਰਗੇ ਘਿਸੇ-ਪਿਟੇ ਵਿਸ਼ਿਆਂ ’ਚੋਂ ਬਾਹਰ ਨਿਕਲ ਕੇ ਅਜਿਹੇ ਨਵੇਂ ਪ੍ਰਯੋਗ ਕਰ ਰਹੇ ਹਨ। ਸ਼ੁਰੂ ’ਚ ਸ਼ਾਇਦ ਇਹ ਜੋਖਮ ਭਰਿਆ ਯਤਨ ਰਿਹਾ ਹੋਵੇ ਕਿਉਂਕਿ ਜੇਕਰ ਫਿਲਮ ਬਾਕਸ ਆਫਿਸ ’ਤੇ ਸਫਲ ਨਾ ਹੋਵੇ ਤਾਂ ਇਹ ਉਸ ਫਿਲਮ ਦੇ ਨਿਰਮਾਣ ਨਾਲ ਜੁੜੇ ਹਰ ਮਹੱਤਵਪੂਰਨ ਵਿਅਕਤੀ ਨੂੰ ਵੱਡਾ ਝਟਕਾ ਦਿੰਦੀ ਹੈ ਪਰ ਜਦੋਂ ਤੋਂ ਨੈੱਟਫਲਿਕਸ ਵਰਗੇ ਪਲੇਟਫਾਰਮ ਵਜੂਦ ’ਚ ਆਏ ਹਨ , ਉਦੋਂ ਤੋਂ ਇਹ ਜੋਖਮ ਵੀ ਖਤਮ ਹੋ ਗਿਆ ਹੈ ਕਿਉਂਕਿ ਹੁਣ ਬਿਨਾਂ ਟਿਕਟ ਖਰੀਦੇ ਹੀ ਬਿਨਾਂ ਥੀਏਟਰ ਤੱਕ ਗਏ ਹੀ, ਘਰ ਬੈਠੇ ਕਰੋੜਾਂ ਦਰਸ਼ਕ ਦੁਨੀਆ ਦੇ ਹਰ ਕੋਨੇ ’ਚ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਫਿਲਮਾਂ ਨੂੰ ਦੇਖ ਸਕਦੇ ਹਨ।

ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ‘ਬਾਇਓਪਿਕ’ (ਜੀਵਨੀ) ’ਤੇ ਫਿਲਮ ਬਣਾਉਣ ਵਾਲੇ ਜਿਥੋਂ ਤੱਕ ਸੰਭਵ ਹੋਵੇ, ਫਿਲਮ ਨੂੰ ਤਥਿਆਤਮਕ ਹੀ ਬਣਾਉਣ। ਉਸ ’ਚ ਡਰਾਮੇਬਾਜ਼ੀ ਨਾ ਆਉਣ ਦੇਣ। ਅਸੀਂ ਜਾਣਦੇ ਹਾਂ ਕਿ ਅਾਪਣੀ ਪ੍ਰੇਮਿਕਾ ਦੇ ਅੱਗੇ-ਪਿੱਛੇ ਬੈਕਗਰਾਊਂਡ ਸੰਗੀਤ ਦੇ ਨਾਲ ਬਾਗ-ਬਗੀਚੇ ’ਚ ਦੌੜ-ਦੌੜ ਕੇ ਪ੍ਰੇਮ ਦਾ ਇਜ਼ਹਾਰ ਕਦੇ ਕੋਈ ਵੀ ਨਹੀਂ ਕਰਦਾ। ਪ੍ਰੇਮ ਪ੍ਰਦਰਸ਼ਨ ਦਾ ਇਹ ਤਰੀਕਾ ਬਾਲੀਵੁੱਡ ਨੇ ਹੀ ਖੋਜਿਆ ਅਤੇ ਅੱਜ ਤਕ ਢੋਅ ਰਿਹਾ ਹੈ। ਆਮ ਜ਼ਿੰਦਗੀ ’ਚ ਪ੍ਰੇਮੀ ਅਤੇ ਪ੍ਰੇਮਿਕਾ ਆਮ ਢੰਗ ਨਾਲ ਸਿਰਫ ਗੱਲਬਾਤ ’ਚ ਹੀ ਪ੍ਰੇਮ ਦਾ ਇਜ਼ਹਾਰ ਕਰਦੇ ਹਨ। ਇਸ ਲਈ ਜਦੋਂ ਮਿਲਖਾ ਸਿੰਘ ਨੂੰ ਆਪਣੀ ਪ੍ਰੇਮਿਕਾ ਨਾਲ ਗੀਤ ਗਾਉਂਦੇ ਦਿਖਾਇਆ ਗਿਆ ਤਾਂ ਉਹ ਕਿਸੇ ਦੇ ਗਲੇ ਨਹੀਂ ਉਤਰਿਆ। ਫਿਲਮ ’ਚ ਬਿਨਾਂ ਵਜ੍ਹਾ ਗਾਣ ੇ ਤੁੰਨਣ ਨਾਲ ਵੀ ਫਿਲਮ ਬੇਲੋੜੇ ਤੌਰ ’ਤੇ ਲੰਬੀ ਹੈ। ਫਿਰ ਵੀ ਦਰਸ਼ਕ ਟਿਕਿਆ ਰਿਹਾ ਕਿਉਂਕਿ ਮਿਲਖਾ ਸਿੰਘ ਦੀ ਜੀਵਨੀ ’ਚ ਬਹੁਤ ਖਿੱਚ ਸੀ।

ਬਾਲੀਵੁੱਡ ’ਚ ਆਏ ਇਸ ਨਵੇਂ ਟ੍ਰੈਂਡ ਨਾਲ ਦਰਸ਼ਕਾਂ ਦੀ ਵੀ ਪਸੰਦ ਬਦਲ ਰਹੀ ਹੈ। ਟੈਲੀਵਿਜ਼ਨ ਦੇ ਆਉਣ ਤੋਂ ਪਹਿਲਾਂ ਨਾਟਕ ਅਤੇ ਫਿਲਮਾਂ ਹੀ ਆਮ ਜਨਤਾ ਲਈ ਮਨੋਰੰਜਨ ਦਾ ਮੁੁੱਖ ਸਾਧਨ ਹੁੰਦੀਆਂ ਸਨ। ਟੈਲੀਵਿਜ਼ਨ ਦੇ ਆਉਣ ਤੋਂ ਬਾਅਦ ਖਾਸਕਰ ਕੇ ਨਿੱਜੀ ਚੈਨਲਾਂ ਦੇ ਆਉਣ ਤੋਂ ਬਾਅਦ ਮਨੋਰੰਜਨ ਦੇ ਸਾਧਨਾਂ ਦਾ ਭਾਰੀ ਵਿਸਤਾਰ ਹੋਇਆ। ਹੁਣ ਹਰ ਵਿਅਕਤੀ ਆਪਣੀ ਰੁਚੀ ਅਨੁਸਾਰ ਆਪਣੇ ਮਨੋਰੰਜਨ ਲਈ ਅਨੇਕ ਤਰ੍ਹਾਂ ਦੇ ਪ੍ਰੋਗਰਾਮ ਦੇਖ ਸਕਦਾ ਹੈ। ਅਜਿਹੇ ’ਚ ਬਾਲੀਵੁੱਡ ਲਈ ਵੀ ਇਹ ਲਾਜ਼ਮੀ ਨਹੀਂ ਹੈ ਕਿ ਉਹ ਸਿਰਫ ਮਨੋਰੰਜਨ ਨੂੰ ਹੀ ਆਪਣਾ ਟੀਚਾ ਬਣਾ ਕੇ ਫਿਲਮਾਂ ਬਣਾਵੇ। ਮਨੋਰੰਜਨ ਤੋਂ ਇਲਾਵਾ ਸੂਚਨਾ ਦੇਣੀ ਅਤੇ ਸਿੱਖਿਅਤ ਕਰਨਾ ਵੀ ਇਸ ਦੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਨਿਭਾਉਣ ’ਚ ਬਾਲੀਵੁੱਡ ਕਾਫੀ ਪਿੱਛੇ ਰਿਹਾ ਹੈ ਪਰ ਇਨ੍ਹਾਂ ਬਦਲੀਆਂ ਹੋਈਆਂ ਹਾਲਤਾਂ ’ਚ ਆਮ ਦਰਸ਼ਕ ਵੀ ਬੜਾ ਜਾਗਰੂਕ ਹੋ ਗਿਆ ਹੈ। ਉਸ ਨੂੰ ਇਤਿਹਾਸ, ਧਰਮ, ਸੱਭਿਆਚਾਰ ਜਾਂ ‘ਰੀਅਲ ਲਾਈਫ ਹੀਰੋਜ਼’ ਦੀ ਜੀਵਨੀ ’ਤੇ ਆਧਾਰਿਤ ਫਿਲਮਾਂ ਦੇਖਣੀਆਂ ਚੰਗੀਆਂ ਲੱਗਦੀਆਂ ਹਨ।

ਸਮਕਾਲੀਨ ਹੀਰੋ ’ਤੇ ਫਿਲਮ ਬਣਾਉਣ ਦਾ ਇਕ ਹੋਰ ਵੱਡਾ ਲਾਭ

ਇਹ ਹੈ ਕਿ ਅਸੀਂ ਉਸ ਵਿਅਕਤੀ ਨੂੰ ਉਸਦੇ ਜੀਵਨਕਾਲ ’ਚ ਹੀ ਉਹ ਪ੍ਰਸਿੱਧੀ ਦੇ ਸਕਦੇ ਹਾਂ, ਜਿਸ ਦਾ ਉਹ ਹੱਕਦਾਰ ਹੈ ਪਰ ਹਰ ਖੇਤਰ ’ਚ ਪੈਦਾ ਹੋਈ ਰਾਜਨੀਤੀ, ਭਾਈ-ਭਤੀਜਾਵਾਦ, ਲਿੰਗ-ਭੇਦ ਜਾਂ ਭ੍ਰਿਸ਼ਟਾਚਾਰ ਦੇ ਕਾਰਨ ਉਹ ਇਸ ਜਸ ਨੂੰ ਹਾਸਲ ਕਰਨ ’ਚ ਵਾਂਝਾ ਰਹਿ ਜਾਂਦਾ ਹੈ। ਅੱਜ ਵੀ ਦੇਸ਼ ਦੇ ਹਰ ਸੂਬੇ ’ਚ ਅਤੇ ਹਰ ਖੇਤਰ ’ਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਦੀ ਜੀਵਨੀ ’ਤੇ ਜੇਕਰ ਫਿਲਮਾਂ ਬਣਨ ਤਾਂ ਸਮਾਜ ਨੂੰ ਬਹੁਤ ਵੱਡਾ ਲਾਭ ਹੋਵੇਗਾ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਬਾਲੀਵੁੱਡ ਇਸ ਦਿਸ਼ਾ ’ਚ ਹੋਰ ਵੀ ਉਤਸ਼ਾਹ ਨਾਲ ਅੱਗੇ ਵਧੇਗਾ।


Bharat Thapa

Content Editor

Related News