ਪੁਸਤਕ ਸੱਭਿਆਚਾਰ ਨੂੰ ਕਰਨਾ ਹੋਵੇਗਾ ਉਤਸ਼ਾਹਿਤ

04/23/2021 2:32:53 AM

ਦੇਵੇਂਦਰਰਾਜ ਸੁਥਾਰ 
ਪੁਸਤਕਾਂ ਦੋਸਤਾਂ ’ਚ ਸਭ ਤੋਂ ਸ਼ਾਂਤ ਅਤੇ ਸਥਿਰ ਹਨ, ਉਹ ਸਲਾਹਕਾਰਾਂ ’ਚ ਸਭ ਤੋਂ ਸੌਖੀਆਂ ਤੇ ਸਿਆਣੀਆਂ ਹਨ ਅਤੇ ਅਧਿਆਪਕਾਂ ’ਚ ਸਭ ਤੋਂ ਹੌਸਲੇ ਵਾਲੀਆਂ ਹਨ। ਚਾਰਲਸ ਵਿਲੀਅਮ ਇਲੀਅਟ ਦੀ ਕਹੀ ਇਹ ਗੱਲ ਪੁਸਤਕਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਬਿਨਾਂ ਸ਼ੱਕ ਪੁਸਤਕਾਂ ਗਿਆਨ ’ਚ ਵਾਧਾ ਕਰਨ, ਮਾਰਗਦਰਸ਼ਨ ਕਰਨ ਅਤੇ ਗਿਆਨ ਦੇਣ ’ਚ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਪੁਸਤਕਾਂ ਮਨੁੱਖ ਦੇ ਮਾਨਸਿਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਨੈਤਿਕ, ਚਾਲ-ਚਲਣ, ਕਿੱਤੇ ਅਤੇ ਸਿਆਸੀ ਵਿਕਾਸ ’ਚ ਸਹਾਇਕ ਹੁੰਦੀਆਂ ਹਨ।

ਦਰਅਸਲ 23 ਅਪ੍ਰੈਲ, 1564 ਨੂੰ ਇਕ ਅਜਿਹੇ ਲੇਖਕ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ ਜਿਸ ਦੀਆਂ ਕਿਰਤਾਂ ਦਾ ਵਿਸ਼ਵ ਦੀਆਂ ਸਮੁੱਚੀਆਂ ਭਾਸ਼ਾਵਾਂ ’ਚ ਅਨੁਵਾਦ ਹੋਇਆ। ਇਹ ਲੇਖਕ ਸੀ ਸ਼ੈਕਸਪੀਅਰ, ਜਿਸ ਨੇ ਆਪਣੇ ਜੀਵਨ ਕਾਲ ’ਚ ਲਗਭਗ 35 ਨਾਟਕ ਅਤੇ 200 ਤੋਂ ਵੱਧ ਕਵਿਤਾਵਾਂ ਲਿਖੀਆਂ। ਸਾਹਿਤ ਜਗਤ ’ਚ ਸ਼ੈਕਸਪੀਅਰ ਨੂੰ ਜੋ ਸਥਾਨ ਹਾਸਲ ਹੈ, ਉਸ ਨੂੰ ਦੇਖਦੇ ਹੋਏ ਯੂਨੈਸਕੋ ਨੇ 1995 ਤੋਂ ਅਤੇ ਭਾਰਤ ਸਰਕਾਰ ਨੇ 2001 ਤੋਂ ਇਸ ਦਿਨ ਨੂੰ ਵਿਸ਼ਵ ਪੁਸਤਕ ਦਿਵਸ ਦੇ ਰੂਪ ’ਚ ਮਨਾਉਣ ਦਾ ਐਲਾਨ ਕੀਤਾ ਹੈ।

ਬੇਸ਼ੱਕ ਹੀ ਅੱਜ ਦੇ ਇੰਟਰਨੈੱਟ ਫ੍ਰੈਂਡਲੀ ਵਰਲਡ ’ਚ ਸਿੱਖਣ ਲਈ ਬਹੁਤ ਕੁਝ ਇੰਟਰਨੈੱਟ ’ਤੇ ਮੌਜੂਦ ਹੈ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਜ਼ਿੰਦਗੀ ’ਚ ਪੁਸਤਕਾਂ ਦਾ ਮਹੱਤਵ ਅੱਜ ਵਾ ਕਾਇਮ ਹੈ ਕਿਉਂਕਿ ਕਿਤਾਬਾਂ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੇ ਸੱਚੇ ਦੋਸਤ ਦਾ ਹਰ ਫਰਜ਼ ਅਦਾ ਕਰਦੀਆਂ ਆਈਆਂ ਹਨ। ਬਚਪਨ ’ਚ ਮਾਂ ਅਤੇ ਪਰਿਵਾਰ ਤੋਂ ਸਿੱਖਣ ਦੇ ਬਾਅਦ ਜੋ ਬੱਚਾ ਸਕੂਲ ਜਾਂਦਾ ਹੈ ਤਦ ਉਸ ਦੀ ਮੁਲਾਕਾਤ ਕਿਤਾਬਾਂ ਨਾਲ ਹੁੰਦੀ ਹੈ ਜੋ ਉਸ ਨੂੰ ਜ਼ਿੰਦਗੀ ਦੀ ਅਸਲੀਅਤ ਨਾਲ ਮਿਲਵਾਉਂਦੀਆਂ ਹਨ ਅਤੇ ਜਿਊਣ ਦੀ ਕਲਾ ਸਿਖਾਉਂਦੀਆਂ ਹਨ ਅਤੇ ਜਦੋਂ ਉਮਰ ਦਾ ਸਫਰ ਪਾਰ ਕਰਦੇ ਹੋਏ ਵਿਅਕਤੀ ਬੁਢਾਪੇ ਵੱਲ ਵਧਦਾ ਹੈ ਤਦ ਵੀ ਇਹ ਕਿਤਾਬਾਂ ਹੀ ਉਸ ਦੇ ਇਕੱਲੇਪਨ ਨੂੰ ਸਾਂਝਾ ਕਰਦੀਆਂ ਹਨ।

ਮਹਾਤਮਾ ਗਾਂਧੀ ਨੇ ਕਿਹਾ ਹੈ, ‘‘ਪੁਸਤਕਾਂ ਦਾ ਮੁੱਲ ਰਤਨਾਂ ਤੋਂ ਵੀ ਵੱਧ ਹੈ ਕਿਉਂਕਿ ਪੁਸਤਕਾਂ ਅੰਦਰੂਨੀਪਣ ਨੂੰ ਉੱਜਵਲ ਕਰਦੀਆਂ ਹਨ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸ਼ਬਦਾਂ ’ਚ, ‘‘ਪੁਸਤਕਾਂ ਉਹ ਸਾਧਨ ਹਨ, ਜਿਨ੍ਹਾਂ ਦੇ ਰਾਹੀਂ ਅਸੀਂ ਵੱਖ-ਵੱਖ ਸੱਭਿਆਚਾਰਾਂ ਦੇ ਦਰਮਿਆਨ ਪੁਲ ਦਾ ਨਿਰਮਾਣ ਕਰ ਸਕਦੇ ਹਾਂ।’’ ਪੁਸਤਕਾਂ ਦੀ ਮਹੱਤਤਾ ਨੂੰ ਪ੍ਰਵਾਨਦੇ ਹੋਏ ਲੋਕਮਾਨਿਆ ਤਿਲਕ ਕਹਿੰਦੇ ਹਨ ਕਿ ਮੈਂ ਨਰਕ ’ਚ ਵੀ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਇਨ੍ਹਾਂ ’ਚ ਉਹ ਸ਼ਕਤੀ ਹੈ ਜਿੱਥੇ ਇਹ ਹੋਣਗੀਆਂ ਉੱਥੇ ਆਪਣੇ-ਆਪ ਸਵਰਗ ਬਣ ਜਾਵੇਗਾ।

ਅਾਚਾਰੀਆ ਮਹਾਵੀਰ ਪ੍ਰਸਾਦ ਦਿਵੇਦੀ ਨੇ ਪੁਸਤਕਾਂ ਦੇ ਮਹੱਤਵ ’ਤੇ ਲਿਖਿਆ ਹੈ ਕਿ ਤੋਪ, ਤੀਰ, ਤਲਵਾਰ ’ਚ ਜੋ ਸ਼ਕਤੀ ਨਹੀਂ ਹੁੰਦੀ; ਉਹ ਸ਼ਕਤੀ ਪੁਸਤਕਾਂ ’ਚ ਰਹਿੰਦੀ ਹੈ। ਤਲਵਾਰ ਆਦਿ ਦੇ ਜ਼ੋਰ ’ਤੇ ਤਾਂ ਅਸੀਂ ਸਿਰਫ ਦੂਸਰਿਆਂ ਦਾ ਸਰੀਰ ਹੀ ਜਿੱਤ ਸਕਦੇ ਹਾਂ, ਮਨ ਨੂੰ ਨਹੀਂ ਪਰ ਪੁਸਤਕਾਂ ਦੀ ਸ਼ਕਤੀ ਦੇ ਜ਼ੋਰ ’ਤੇ ਦੂਸਰਿਆਂ ਦੇ ਮਨ ਅਤੇ ਦਿਲ ਨੂੰ ਜਿੱਤ ਸਕਦੇ ਹਾਂ। ਅਜਿਹੀ ਜਿੱਤ ਹੀ ਸੱਚੀ ਹੈ ਅਤੇ ਸਥਾਈ ਹੁੰਦੀ ਹੈ, ਸਿਰਫ ਸਰੀਰ ਦੀ ਜਿੱਤ ਨਹੀਂ! ਦਰਅਸਲ ਪੁਸਤਕਾਂ ਸੱਚਮੁੱਚ ਸਾਡੀਆਂ ਦੋਸਤ ਹਨ, ਉਹ ਆਪਣਾ ਅੰਮ੍ਰਿਤਕੋਸ਼ ਸਦਾ ਸਾਡੇ ’ਤੇ ਵਾਰਨ ਲਈ ਤਿਆਰ ਰਹਿੰਦੀਆਂ ਹਨ। ਉਨ੍ਹਾਂ ’ਚ ਲੁਕੀਆਂ ਅਨੁਭਵ ਦੀਆਂ ਗੱਲਾਂ ਸਾਡਾ ਮਾਰਗਦਰਸ਼ਨ ਕਰਦੀਆਂ ਹਨ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਇੰਟਰਨੈੱਟ ਅਤੇ ਈ-ਪੁਸਤਕਾਂ ਦੀ ਉਪਲਬਧਤਾ ਦੇ ਬਾਅਦ ਕਾਗਜ਼ੀ ਪੁਸਤਕਾਂ ਪ੍ਰਤੀ ਲੋਕਾਂ ਦੀ ਲਗਨ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਹੈ ਪਰ ਅਜਿਹਾ ਮੰਨਣਾ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਹੈ। ਇੰਟਰਨੈੱਟ ਪੁਸਤਕ ਦਾ ਬਦਲ ਕਦੀ ਵੀ ਨਹੀਂ ਹੋ ਸਕਦਾ।

ਇੰਟਰਨੈੱਟ ਦੇ ਲਈ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਹੁੰਦੀ ਹੈ। ਇਹ ਹਰ ਥਾਂ ਮੁਹੱਈਆ ਨਹੀਂ ਹੁੰਦਾ। ਅਸਲ ’ਚ ਇੰਟਰਨੈੱਟ ਨਾਲ ਪੁਸਤਕਾਂ ਦੇ ਮਹੱਤਵ ’ਚ ਵਾਧਾ ਹੋਇਆ ਹੈ, ਨਾ ਕਿ ਇਸ ਦੇ ਕਾਰਨ ਪੁਸਤਕਾਂ ਦੇ ਪ੍ਰਤੀ ਲੋਕਾਂ ਦੀ ਲਗਨ ’ਚ ਕਮੀ, ਫਿਰ ਸਹੀ ਮਾਇਨੇ ’ਚ ਦੇਖਿਆ ਜਾਵੇ ਤਾਂ ਈ-ਪੁਸਤਕ ਵੀ ਤਾਂ ਕਾਗਜ਼ੀ ਪੁਸਤਕ ਦਾ ਹੀ ਰੂਪ ਹੈ। ਇਸ ਲਈ ਇਹ ਕਹਿਣਾ ਬਹੁਤ ਹੀ ਗਲਤ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਪੁਸਤਕਾਂ ਦੀ ਮਹੱਤਤਾ ਘੱਟ ਹੋ ਜਾਵੇਗੀ।

ਪਰ ਕਿਤਾਬਾਂ ਪ੍ਰਤੀ ਤੇਜ਼ ਰਫਤਾਰ ਨਾਲ ਹੋ ਰਿਹਾ ਮੋਹ ਭੰਗ ਚਿੰਤਾ ਵਾਲੀ ਗੱਲ ਹੈ। ਹਾਲ ਹੀ ’ਚ 24 ਸੂਬਿਆਂ ਦੇ 26 ਜ਼ਿਲਿਆਂ ’ਚ ‘ਅਸਰ’ (ਐਨੁਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ) ਦੁਆਰਾ ਕੀਤੇ ਗਏ ਸਰਵੇ ’ਚ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ।

ਇਨ੍ਹਾਂ ਸੂਬਿਆਂ ਦੇ 60-60 ਪਿੰਡਾਂ ’ਚ ਕੀਤੇ ਗਏ ਸਰਵੇ ’ਚ ਇਹ ਗੱਲ ਨਿਕਲ ਕੇ ਆਈ ਕਿ ਉੱਥੇ 94 ਫੀਸਦੀ ਲੋਕਾਂ ਦੇ ਕੋਲ ਮੋਬਾਇਲ ਅਤੇ ਲਗਭਗ 74 ਦੇ ਕੋਲ ਟੈਲੀਵਿਜ਼ਨ ਹੈ। ਕਿਤਾਬਾਂ ਅਤੇ ਮੈਗਜ਼ੀਨ ਦੇ ਮਾਮਲੇ ’ਚ ਇਹ ਅੰਕੜਾ ਬੇਹੱਦ ਨਿਰਾਸ਼ਾਜਨਕ ਹੈ। ਸਿਰਫ 10 ਫੀਸਦੀ ਲੋਕਾਂ ਦੇ ਘਰਾਂ ’ਚ ਹੀ ਕਿਤਾਬਾਂ ਅਤੇ ਮੈਗਜ਼ੀਨ ਮਿਲਦੇ ਹਨ।

ਓਧਰ ਦੁਨੀਆ ਭਰ ਦੀਆਂ 285 ਯੂਨੀਵਰਸਿਟੀਆਂ ’ਚ ਬ੍ਰਿਟੇਨ ਅਤੇ ਇਟਲੀ ਦੀ ਯੂਨੀਵਰਸਿਟੀ ਨੇ ਸੰਯੁਕਤ ਅਧਿਐਨ ’ਚ ਇਹ ਸਿੱਟਾ ਕੱਢਿਆ ਹੈ ਕਿ ਜੋ ਵਿਦਿਆਰਥੀ ਡਿਜੀਟਲ ਤਕਨੀਕ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਪੜ੍ਹਾਈ ਦੇ ਨਾਲ ਪੂਰੀ ਤਰ੍ਹਾਂ ਨਹੀਂ ਜੁੜ ਸਕਦੇ ਅਤੇ ਫਾਡੀ ਸਾਬਿਤ ਹੁੰਦੇ ਹਨ। ਜ਼ਿਆਦਾ ਇੰਟਰਨੈੱਟ ਦੀ ਵਰਤੋਂ ਨਾਲ ਉਨ੍ਹਾਂ ਨੂੰ ਲੋੜੀਂਦਾ ਨਤੀਜਾ ਨਹੀਂ ਮਿਲਦਾ ਅਤੇ ਉਨ੍ਹਾਂ ’ਚ ਇਕੱਲੇਪਨ ਦੀ ਭਾਵਨਾ ਘਰ ਕਰ ਜਾਂਦੀ ਹੈ।

ਅਧਿਐਨ ’ਚ 25 ਫੀਸਦੀ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ ਭਰ ’ਚ 4 ਘੰਟੇ ਆਨਲਾਈਨ ਬਿਤਾਏ ਜਦਕਿ 70 ਫੀਸਦੀ ਨੇ 1 ਤੋਂ 3 ਘੰਟੇ ਤੱਕ ਇੰਟਰਨੈੱਟ ਦੀ ਵਰਤੋਂ ਕੀਤੀ। ਇਨ੍ਹਾਂ ’ਚ 40 ਫੀਸਦੀ ਵਿਦਿਆਰਥੀਆਂ ਨੇ ਸੋਸ਼ਲ ਨੈੱਟਵਰਕਿੰਗ ਦੀ ਵਰਤੋਂ ਕੀਤੀ ਜਦਕਿ 30 ਫੀਸਦੀ ਨੇ ਸੂਚਨਾ ਲਈ ਇਸ ਦੀ ਵਰਤੋਂ ਕੀਤੀ। ਬਕੌਲ ਗੁਲਜ਼ਾਰ, ‘‘ਕਿਤਾਬਾਂ ਝਾਕਦੀਆਂ ਹਨ ਬੰਦ ਅਲਮਾਰੀ ਦੇ ਸ਼ੀਸ਼ਿਆਂ ’ਚੋਂ, ਬੜੀ ਹਸਰਤ ਦੇ ਨਾਲ ਤਕਦੀਆਂ ਹਨ, ਮਹੀਨਿਆਂ ਤਕ ਹੁਣ ਮੁਲਾਕਾਤ ਨਹੀਂ ਹੁੰਦੀ, ਜੋ ਸ਼ਾਮਾਂ ਉਨ੍ਹਾਂ ਦੀ ਮੁਹੱਬਤ ’ਚ ਗੁਜ਼ਰਦੀਆਂ ਸਨ, ਉਹ ਅਕਸਰ ਗੁਜ਼ਰ ਜਾਂਦੀਆਂ ਹਨ ਕੰਪਿਊਟਰ ਦੇ ਪਰਦਿਆਂ ’ਤੇ, ਬੜੀਆਂ ਬੇਚੈਨ ਰਹਿੰਦੀਆਂ ਹਨ ਕਿਤਾਬਾਂ....।’’


Bharat Thapa

Content Editor

Related News