ਮਿੰਨੀ ਰਾਜ ਵਰਗਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਤੰਤਰ
Friday, Aug 06, 2021 - 03:33 AM (IST)

ਸੁਨੀਲ ਪਾਂਡੇ
ਲਗਭਗ 150 ਕਰੋੜ ਰੁਪਏ ਸਾਲਾਨਾ ਬਜਟ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਦੀਆਂ ਆਮ ਚੋਣਾਂ ਇਸੇ ਮਹੀਨੇ ਦੀ 22 ਤਰੀਕ ਨੂੰ ਹੋਣ ਜਾ ਰਹੀਆਂ ਹਨ। ਕਮੇਟੀ ਦੀ ਸੱਤਾ ’ਤੇ ਕਾਬਜ਼ ਹੋਣ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਾਲੀ ਜਾਗੋ ਪਾਰਟੀ, ਪੰਥਕ ਅਕਾਲੀ ਲਹਿਰ ਤੇ ਸਿੱਖ ਸਦਭਾਵਨਾ ਦਲ ਚੋਣ ਮੈਦਾਨ ’ਚ ਹਨ। ਗੁਰਦੁਆਰਾ ਕਮੇਟੀ ਚੋਣਾਂ ਲਈ ਲਗਭਗ ਸਾਢੇ 3 ਲੱਖ ਤੋਂ ਵੱਧ ਵੋਟਰ ਹਨ। ਨਤੀਜੇ 25 ਅਗਸਤ ਨੂੰ ਆਉਣਗੇ।
ਗੁਰਦੁਆਰਾ ਕਮੇਟੀ ਦੇਸ਼ ਦੇ ਇਕ ਰਾਜ ਵਾਂਗ ਬੁਨਿਆਦੀ ਢਾਂਚਾ ਸਥਾਪਿਤ ਕਰ ਕੇ ਸਿਸਟਮ ਨੂੰ ਚਲਾਉਂਦੀ ਹੈ। ਕਮੇਟੀ ’ਚ ਉਹ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਗਈਆਂ ਹਨ ਜੋ ਇਕ ਸਥਾਪਿਤ ਰਾਜ ਨੂੰ ਚਲਾਉਣ ਲਈ ਕੀਤੀਆਂ ਜਾਂਦੀਆਂ ਹਨ। ਦਿੱਲੀ ’ਚ ਲਗਭਗ 9 ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਦਾ ਸੰਚਾਲਨ ਕਮੇਟੀ ਦੀ ਦੇਖ-ਰੇਖ ’ਚ ਹੁੰਦਾ ਹੈ। ਇਸ ਦੇ ਇਲਾਵਾ ਸਕੂਲ, ਕਾਲਜ, ਇੰਜੀਨੀਅਰਿੰਗ ਕਾਲਜ, ਪੋਲੀਟੈਕਨਿਕ, ਧਾਰਮਿਕ ਗੁਰਮਤਿ ਕਾਲਜ, ਹਸਪਤਾਲ, ਡਿਸਪੈਂਸਰੀਆਂ, ਬਿਰਧ ਆਸ਼ਰਮ ਚਲਾਏ ਜਾ ਰਹੇ ਹਨ। ਕਮੇਟੀ ਦਾ ਘੇਰਾ ਬਹੁਤ ਵੱਡਾ ਹੋਣ ਦੇ ਕਾਰਨ ਇੱਥੇ ਸਿਆਸੀ ਦਖਲ ਵੀ ਹਮੇਸ਼ਾ ਤੋਂ ਰਿਹਾ ਹੈ। ਇਹੀ ਕਾਰਨ ਹੈ ਕਿ ਸਾਰੇ ਸਿਆਸੀ ਅਤੇ ਧਾਰਮਿਕ ਦਲ ਕਮੇਟੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਦਿੱਲੀ ’ਚ ਕਿਸੇ ਵੀ ਧਾਰਮਿਕ ਭਾਈਚਾਰੇ ਦੀ ਇਹ ਸਭ ਤੋਂ ਵੱਡੀ ਕਮੇਟੀ ਹੈ। ਆਰਥਿਕ ਢਾਂਚਾ ਮਜ਼ਬੂਤ ਬਣਿਆ ਰਹੇ, ਇਸ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਤਰਜ਼ ’ਤੇ ਆਰ. ਟੀ. ਆਈ. ਵਿਵਸਥਾ ਵੀ ਇੱਥੇ ਲਾਗੂ ਹੈ। ਕਮੇਟੀ ’ਚ ਲਗਭਗ 2100 ਕਰਮਚਾਰੀ ਸਿੱਧੇ ਤਾਇਨਾਤ ਹਨ, ਜਿਨ੍ਹਾਂ ਨੂੰ ਬਾਕਾਇਦਾ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਕਮੇਟੀ ਦੀ ਆਮਦਨ ਗੁਰੂ ਕੀ ਗੋਲਕ, ਪ੍ਰਸ਼ਾਦ ਦੀ ਪਰਚੀ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਰੂਪੀ ਦਾਨ ਤੋਂ ਹੁੰਦੀ ਹੈ।
4 ਸਾਲ ਹੁੰਦਾ ਹੈ ਗੁਰਦੁਆਰਾ ਕਮੇਟੀ ਦਾ ਕਾਰਜਕਾਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਦਿੱਲੀ ਸਰਕਾਰ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਲੋਕਤੰਤਰਿਕ ਢੰਗ ਨਾਲ ਕਰਵਾਈ ਜਾਂਦੀ ਹੈ। ਇਸ ਦੇ ਮੈਂਬਰਾਂ ਦਾ ਕਾਰਜਕਾਲ 4 ਸਾਲ ਦਾ ਹੁੰਦਾ ਹੈ। ਪਿਛਲੀਆਂ ਚੋਣਾਂ ਫਰਵਰੀ 2017 ’ਚ ਕਰਵਾਈਆਂ ਗਈਆਂ ਸਨ। ਪੂਰੀ ਦਿੱਲੀ ਨੂੰ ਚੋਣਾਂ ਦੇ ਨਜ਼ਰੀਏ ਤੋਂ 46 ਗੁਰਦੁਆਰਾ ਵਾਰਡਾਂ ’ਚ ਵੰਡਿਆ ਗਿਆ ਹੈ। ਗੁਰਦੁਆਰਾ ਵਾਰਡ ਵੋਟਰ ਸੂਚੀ ’ਚ 18 ਸਾਲ ਤੋਂ ਉਪਰ ਦੀ ਉਮਰ ਦੇ ਪਾਤਰ ਸਿੱਖ ਨਾਗਰਿਕ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਅਜੇ ਤੱਕ ਇਸ ਸੂਚੀ ’ਚ 3,83,561 ਵੋਟਰਾਂ ਦੇ ਨਾਂ ਦਰਜ ਹਨ, ਹਾਲਾਂਕਿ ਇਸੇ ’ਚੋਂ ਉਨ੍ਹਾਂ ਫਰਜ਼ੀ ਅਤੇ ਬੋਗਸ ਵੋਟਾਂ ਨੂੰ ਕੈਂਸਲ ਕਰ ਦਿੱਤਾ ਗਿਆ ਜੋ ਨਿਰਧਾਰਤ ਥਾਂ ’ਤੇ ਨਹੀਂ ਰਹਿ ਰਹੇ ਹਨ। ਸਾਲ 2017 ’ਚ ਹੋਈਆਂ ਗੁਰਦੁਆਰਾ ਚੋਣਾਂ ’ਚ 45.68 ਫੀਸਦੀ ਪੋਲਿੰਗ ਹੋਈ ਸੀ।
ਸੰਸਦ ਐਕਟ ਤਹਿਤ ਬਣੀ ਹੈ : ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਸਥਾਪਨਾ ਸਾਲ 1974 ’ਚ ਸੰਸਦ ’ਚ ਦਿੱਲੀ ਸਿੱਖ ਗੁਰਦੁਆਰਾ ਕਾਨੂੰਨ 1971 ਦੇ ਨਾਂ ਨਾਲ ਪਾਸ ਇਕ ਨੋਟੀਫਿਕੇਸ਼ਨ ਤਹਿਤ ਹੋਈ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਕ੍ਰਮਵਾਰ 1974, 1978, 1995, 2002, 2007 ਅਤੇ 2013 ’ਚ ਹੋਈਆਂ ਸਨ। ਡਾਇਰੈਕਟੋਰੇਟ, ਗੁਰਦੁਆਰਾ ਚੋਣ ਕਰਵਾਉਣ ਦੇ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਕਾਨੂੰਨ 1971 ਦੀਆਂ ਵਿਵਸਥਾਵਾਂ ਦੀ ਪਾਲਣਾ ਦੇ ਨਾਲ ਗੁਰਦੁਆਰਾ ਵਾਰਡਾਂ ਦੇ ਪਰਿਸੀਮਨ ਅਤੇ ਕਾਨੂੰਨ ਤੇ ਨਿਯਮਾਂ ’ਚ ਸੋਧ ਦੇ ਕਾਰਜ ਨੂੰ ਵੀ ਯਕੀਨੀ ਬਣਾਉਂਦਾ ਹੈ।
ਕਮੇਟੀ ਦੇ ਮੈਂਬਰਾਂ ਨੂੰ 24 ਲੱਖ ਦਿੱਤਾ ਜਾਂਦਾ ਹੈ ਬਜਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ 46 ਮੈਂਬਰ ਚੁਣੇ ਜਾਂਦੇ ਹਨ ਜਿਨ੍ਹਾਂ ਨੂੰ ਐਕਟ ਦੇ ਅਨੁਸਾਰ ਖਰਚ ਕਰਨ ਲਈ ਕਮੇਟੀ ਵੱਲੋਂ 6 ਲੱਖ ਰੁਪਏ ਪ੍ਰਤੀ ਸਾਲ ਿਦੱਤੇ ਜਾਂਦੇ ਹਨ। ਉਨ੍ਹਾਂ ਦਾ ਕਾਰਜਕਾਲ 4 ਸਾਲ ਦਾ ਹੁੰਦਾ ਹੈ। ਲਿਹਾਜ਼ਾ ਉਨ੍ਹਾਂ ਨੂੰ ਕੁੱਲ 24 ਲੱਖ ਰੁਪਏ ਮਿਲਦੇ ਹਨ। ਇਨ੍ਹਾਂ ’ਚੋਂ ਉਹ ਗਰੀਬ ਬੱਚਿਆਂ ਦੇ ਸਕੂਲਾਂ ਦੀ ਫੀਸ, ਸਥਾਨਕ ਗੁਰਦੁਆਰਿਆਂ ਦੀ ਮਦਦ, ਰਾਸ਼ਨ ਦੀ ਪਰਚੀ, ਬੀਮਾਰ ਲੋਕਾਂ ਦੇ ਇਲਾਜ ਲਈ ਖਰਚਾ ਕਰਦੇ ਹਨ। ਕੋਈ ਵੀ ਮੈਂਬਰ ਬਜਟ ਦੇ ਇਨ੍ਹਾਂ ਪੈਸਿਆਂ ਦਾ ਨਕਦ ਲੈਣ-ਦੇਣ ਨਹੀਂ ਕਰ ਸਕਦਾ, ਸਭ ਕੁਝ ਚੈੱਕ ਰਾਹੀਂ ਕੀਤੇ ਜਾਣ ਦੀ ਵਿਵਸਥਾ ਹੈ।
ਹਾਲਾਂਕਿ ਕਈ ਵਾਰ ਵਿਰੋਧੀ ਮੈਂਬਰਾਂ ਨੂੰ ਨਾ ਦੇ ਕੇ ਸੱਤਾਧਾਰੀ ਧਿਰ ਆਪਣੇ ਕਿਸੇ ਨੁਮਾਇੰਦੇ ਨੂੰ ਹਲਕੇ ’ਚ ਲੋਕਾਂ ਦੀ ਮਦਦ ਲਈ ਇਹ ਬਜਟ ਸੌਂਪ ਦਿੰਦੀ ਹੈ, ਜੋ ਐਕਟ ਦੀ ਉਲੰਘਣਾ ਵੀ ਹੈ। ਕਮੇਟੀ ’ਚ ਚੁਣ ਕੇ ਆਉਣ ਵਾਲੇ ਮੈਂਬਰਾਂ ਨੂੰ ਹੀ ਵੱਖ-ਵੱਖ ਕਮੇਟੀਆਂ ਦੀ ਚੇਅਰਮੈਨੀ ਸੌਂਪੀ ਜਾਂਦੀ ਹੈ ਭਾਵ ਧਾਰਮਿਕ ਕਮੇਟੀ, ਪਰਚੇਜ਼ ਕਮੇਟੀ, ਸਕੂਲ-ਕਾਲਜ ਅਤੇ ਹੋਰ ਸੰਸਥਾਨਾਂ ਦੇ ਚੇਅਰਮੈਨ, ਵਾਈਸ ਚੇਅਰਮੈਨ, ਗੁਰਦੁਆਰਿਆਂ ਦੇ ਚੇਅਰਮੈਨ ਬਣਾਏ ਜਾਂਦੇ ਹਨ।
ਸਿੱਖਿਆ ਤੇ ਸਿਹਤ ਦਾ ਸਭ ਤੋਂ ਵੱਡਾ ਕੇਂਦਰ : ਦਿੱਲੀ ’ਚ ਸਿੱਖ ਬੱਚਿਆਂ ਦਾ ਵਿੱਦਿਅਕ ਬੁਨਿਆਦੀ ਢਾਂਚਾ ਮਜ਼ਬੂਤ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਿਆ ਦਾ ਸਭ ਤੋਂ ਵੱਡਾ ਸੈਂਟਰ ਸਥਾਪਿਤ ਕੀਤਾ ਹੈ। ਜਮਾਤ 1 ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਜੀ. ਐੱਚ. ਪੀ. ਐੱਸ.) ਦੇ 17 ਸੰਸਥਾਨ ਚਲਾਏ ਜਾ ਰਹੇ ਹਨ। ਇਸ ਦੇ ਇਲਾਵਾ ਖਾਲਸਾ ਏਡਿਡ ਦੇ 5 ਸਕੂਲ, 6 ਕਾਲਜ, 1 ਗੁਰਮਤਿ ਕਾਲਜ (ਧਾਰਮਿਕ ਪੜ੍ਹਾਈ ਲਈ), 4 ਕਾਲਜ ਡੀ. ਯੂ. ਅਧੀਨ ਹਨ, ਜਦਕਿ ਤਕਨੀਕੀ ਪੜ੍ਹਾਈ ਲਈ 10 ਇੰਸਟੀਚਿਊਟ, ਆਈ. ਟੀ. ਆਈ, ਪੋਲੀਟੈਕਨੀਕ, ਬੀ. ਐੱਡ., ਐੱਮ. ਬੀ. ਏ. ਦੀ ਪੜ੍ਹਾਈ ਲਈ ਵੱਖਰੇ ਸੰਸਥਾਨ ਸਥਾਪਿਤ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਤ ਪ੍ਰਕਾਸ਼ਿਤ ਕਰਨ ਲਈ 1 ਪ੍ਰਿੰਟਿੰਗ ਪ੍ਰੈੱਸ, ਨਵੀਂ ਪੀੜ੍ਹੀ ਅਤੇ ਦੂਸਰੇ ਲੋਕਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ 2 ਮਿਊਜ਼ੀਅਮ ਵੀ ਬਣਾਏ ਗਏ ਹਨ। ਇਸੇ ਤਰ੍ਹਾਂ ਸਿਹਤ ਨੂੰ ਧਿਆਨ ’ਚ ਰੱਖ ਕੇ 6 ਡਿਸਪੈਂਸਰੀਆਂ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ ਸਾਰੇ ਵਰਗਾਂ ਦਾ ਇਲਾਜ ਹੁੰਦਾ ਹੈ। ਇਸ ਦੇ ਇਲਾਵਾ 2 ਹਸਪਤਾਲ ਵੀ ਬਣਾਏ ਗਏ ਹਨ। ਬਜ਼ੁਰਗਾਂ ਲਈ ਇਕ ਬਿਰਧ ਆਸ਼ਰਮ ਵੀ ਖੋਲ੍ਹਿਆ ਗਿਆ ਹੈ।
ਅਤੇ ਅਖੀਰ ’ਚ... ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ’ਚ ਹੁਣ ਮਹਿਜ਼ 15 ਦਿਨ ਬਚੇ ਹਨ। ਸੱਤਾ ਦੀ ਚਾਬੀ ਕਿਸ ਦੇ ਹੱਥ ਲੱਗੇਗੀ, ਇਹ ਤਾਂ 25 ਅਗਸਤ ਦੀ ਸ਼ਾਮ ਨੂੰ ਪਤਾ ਲੱਗੇਗਾ ਪਰ ਸਾਰੀਆਂ ਪਾਰਟੀਆਂ ਨੇ ਕਮਰ ਕੱਸਦੇ ਹੋਏ ਤਾਕਤ ਝੋਕਣੀ ਸ਼ੁਰੂ ਕਰ ਦਿੱਤੀ ਹੈ। ਸਿੱਧੇ ਤੌਰ ’ਤੇ ਦੋ ਪਾਰਟੀਆਂ-ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਪ੍ਰਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਪਾਰਟੀ (ਦਿੱਲੀ) ਦਰਮਿਆਨ ਕਾਂਟੇ ਦੀ ਟੱਕਰ ਦੇਖੀ ਜਾ ਰਹੀ ਹੈ। ਹਾਲਾਂਕਿ ਸਾਬਕਾ ਪ੍ਰਧਾਨ ਮਨਜੀਤ ਸਿੰਘ ਦੀ ਨਵੀਂ ਪਾਰਟੀ ਜਾਗੋ ਪਹਿਲੀ ਵਾਰ ਨਵੇਂ ਚਿਹਰਿਆਂ ਅਤੇ ਜਵਾਨ ਜੋਸ਼ ਨਾਲ ਚੋਣਾਂ ’ਚ ਅਲਖ ਜਗਾਉਣ ਲਈ ਤਿਆਰ ਹੈ।