ਸਾਂਭ ਲਓ ਮਾਪੇ, ਰੱਬ ਮਿਲ ਜਾਊ ਆਪੇ
Wednesday, Dec 13, 2023 - 04:14 PM (IST)
ਹਰ ਪ੍ਰਾਣੀ ਦਾ ਜਨਮ ਮਾਤਾ-ਪਿਤਾ ਦੇ ਸੰਜੋਗ ਨਾਲ ਹੀ ਹੁੰਦਾ ਹੈ। ਮਾਤਾ ਦਾ ਗਰਭ ਹਰ ਪ੍ਰਾਣੀ ਲਈ ਇਕ ਪਾਲਣ ਗ੍ਰਹਿ ਵਾਂਗ ਹੈ। ਮਨੁੱਖ ਨੂੰ 9 ਮਹੀਨੇ ਪਾਲਣ ਦਾ ਮੌਕਾ ਪ੍ਰਦਾਨ ਕਰਦੇ ਹੋਏ ਇਕ ਮਾਂ ਕਿੰਨੇ ਦੁੱਖ ਸਹਿੰਦੀ ਹੈ, ਉਸ ਦਾ ਵੇਰਵਾ ਅੱਜ ਤਕ ਕੋਈ ਵੀ ਸ਼ਬਦਾਂ ’ਚ ਪ੍ਰਗਟ ਨਹੀਂ ਕਰ ਸਕਿਆ।
ਜਨਮ ਪਿੱਛੋਂ ਵੀ ਮਾਤਾ-ਪਿਤਾ ਦੋਵੇਂ ਮਿਲ ਕੇ ਬੱਚੇ ਨੂੰ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਦੇ ਨਾਲ-ਨਾਲ ਉਸ ਨੂੰ ਪੜ੍ਹਾਈ ਰੂਪੀ ਸਰਵਉੱਚ ਸੰਪਤੀ ਦੇਣ ਲਈ ਵੀ ਹਰ ਸੰਭਵ ਯਤਨ ਕਰਦੇ ਹਨ। ਇਨ੍ਹਾਂ ਸਾਰੀਆਂ ਭੌਤਿਕ ਸਹੂਲਤਾਂ ਦੇ ਨਾਲ-ਨਾਲ ਮਾਤਾ-ਪਿਤਾ ਦਾ ਬੱਚਿਆਂ ਲਈ ਪ੍ਰੇਮ ਤਾਂ ਮਨੁੱਖ ਹੀ ਨਹੀਂ ਸਗੋਂ ਹਰ ਜੂਨ ’ਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ।
ਇਸ ਪਿਛੋਕੜ ’ਚ ਇਹ ਕਿਹਾ ਜਾ ਸਕਦਾ ਹੈ ਕਿ ਜੇ ਪ੍ਰਮਾਤਮਾ ਦੀ ਕੋਈ ਵੀ ਕਲਿਆਣਕਾਰੀ ਭੂਮਿਕਾ ਹੈ ਤਾਂ ਉਹ ਸਿਰਫ ਮਾਤਾ-ਪਿਤਾ ਰਾਹੀਂ ਹੀ ਹਾਸਲ ਹੁੰਦੀ ਹੈ। ਮਾਤਾ-ਪਿਤਾ ਰਾਹੀਂ ਜਨਮ ਲੈਣ ਨੂੰ ਜੇ ਸਿਰਫ ਇਕ ਕੁਦਰਤੀ ਅਤੇ ਅਚੇਤਨ ਘਟਨਾ ਵੀ ਮੰਨ ਲਿਆ ਜਾਵੇ ਤਾਂ ਵੀ ਜਨਮ ਪਿੱਛੋਂ ਮਾਤਾ-ਪਿਤਾ ਵੱਲੋਂ ਪੂਰੀ ਚੇਤਨਾ ਨਾਲ ਬੱਚਿਆਂ ਲਈ ਜੋ ਕਿਰਪਾ ਅਤੇ ਪ੍ਰੇਮ ਵਰ੍ਹਦਾ ਹੈ, ਉਸ ਤੋਂ ਤਾਂ ਕੋਈ ਵੀ ਇਨਸਾਨ ਇਨਕਾਰ ਨਹੀਂ ਕਰ ਸਕਦਾ।
ਮਾਤਾ-ਪਿਤਾ ਆਪਣੀ ਪੂਰੀ ਚੇਤਨਾ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਦੇ ਹਨ। ਇਨ੍ਹਾਂ ਸਭ ਕੰਮਾਂ ’ਚ ਅਕਸਰ ਮਾਤਾ-ਪਿਤਾ ਦੇ ਨਾਲ-ਨਾਲ ਬੱਚਿਆਂ ਦੀ ਵੀ ਚੇਤਨਾ ਜੁੜ ਜਾਂਦੀ ਹੈ। ਜਿਸ ਤਰ੍ਹਾਂ ਮਾਤਾ-ਪਿਤਾ ਬੱਚਿਆਂ ਨੂੰ ਪ੍ਰੇਮ ਕਰਦੇ ਹਨ, ਉਸੇ ਤਰ੍ਹਾਂ ਬੱਚੇ ਵੀ ਮਾਤਾ-ਪਿਤਾ ਨਾਲ ਜੁੜ ਕੇ ਆਪਣੇ ਆਪ ਨੂੰ ਸਭ ਤੋਂ ਚੋਟੀ ਦੀ ਸੁਰੱਖਿਆ ਦੇ ਘੇਰੇ ’ਚ ਮਹਿਸੂਸ ਕਰਦੇ ਹਨ। ਸਮੇਂ ਦੇ ਨਾਲ-ਨਾਲ ਮਾਤਾ-ਪਿਤਾ ਦੀ ਇਹ ਚੇਤਨਾ ਭਾਵ ਬੱਚਿਆਂ ਪ੍ਰਤੀ ਪ੍ਰੇਮ ਅਤੇ ਲਗਾਅ ਤਾਂ ਵਧਦਾ ਜਾਂਦਾ ਹੈ ਪਰ ਬੱਚਿਆਂ ’ਚ ਇਹ ਚੇਤਨਾ ਅਤੇ ਪ੍ਰੇਮ ਅਕਸਰ ਘਟਦਾ ਵੇਖਿਆ ਜਾਂਦਾ ਹੈ।
ਇਸ ਦਾ ਮਨੋਵਿਗਿਆਨ ਕਾਰਨ ਵੀ ਹੈ। ਬੱਚੇ ਸਕੂਲ ’ਚ, ਕਾਲਜ ’ਚ ਅਤੇ ਉਸ ਤੋਂ ਬਾਅਦ ਕੰਮ ਕਰਨ ਵਾਲੀਆਂ ਥਾਵਾਂ ’ਤੇ ਜਦੋਂ ਨਵੇਂ-ਨਵੇਂ ਸਾਥੀ ਲੱਭਦੇ ਹਨ ਅਤੇ ਜ਼ਿੰਦਗੀ ਦੀ ਨੌਜਵਾਨ ਅਵਸਥਾ ਪਿੱਛੋਂ ਭੌਤਿਕ ਸੁੱਖਾਂ ਦੇ ਸਬੰਧ ’ਚ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਂਦੇ ਹਨ, ਖੁਦ ਕਮਾਈ ਕਰਨ ਲੱਗਦੇ ਹਨ ਤਾਂ ਉਹ ਆਪਣੇ ਆਪ ਨੂੰ ਆਜ਼ਾਦ ਅਤੇ ਖੁਦਮੁਖਤਾਰ ਮੰਨਣ ਲੱਗਦੇ ਹਨ।
ਮਾਤਾ-ਪਿਤਾ ਦੇ ਸਭ ਦੁੱਖਾਂ ਅਤੇ ਕਿਰਪਾਵਾਂ ਨੂੰ ਭੁੱਲ ਕੇ ਉਹ ਆਪਣਾ ਹੀ ਇਕ ਮਨੋਵਿਗਿਆਨਕ ਵਿਕਸਿਤ ਕਰ ਲੈਂਦੇ ਹਨ ਕਿ ਮੈਂ ਖੁਦ ਪੜ੍ਹ ਕੇ ਅਤੇ ਮਿਹਨਤ ਕਰ ਕੇ ਕਿੰਨਾ ਯੋਗ ਬਣ ਚੁੱਕਾ ਹਾਂ। ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਇਕ ਹੰਕਾਰ ਦੀ ਯਾਤਰਾ ਪਰ ਇਹ ਕਦੀ-ਕਦੀ ਬਦਲੇ ਦੀ ਭਾਵਨਾ ’ਚ ਵੀ ਬਦਲ ਜਾਂਦੀ ਹੈ। ਇਹ ਉਦੋਂ ਬਦਲਦੀ ਹੈ ਜਦੋਂ ਬੱਚੇ ਮਾਤਾ-ਪਿਤਾ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਨੂੰ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਵੀ ਨਹੀਂ ਝਿਜਕਦੇ।
ਕੁਝ ਸਮਾਂ ਪਹਿਲਾਂ ਦਿੱਲੀ ਦੇ ਇਕ ਅਜਿਹੇ ਹੀ ਪੁੱਤਰ ਦਾ ਕਿੱਸਾ ਅਖਬਾਰਾਂ ’ਚ ਵੇਖਣ ਨੂੰ ਮਿਲਿਆ। ਬੇਟਾ ਪੜ੍ਹ-ਲਿਖ ਕੇ ਅਮਰੀਕਾ ’ਚ ਨੌਕਰੀ ਕਰਨ ਲੱਗ ਪਿਆ ਸੀ। ਉਸ ਦਾ ਪਾਲਣ-ਪੋਸ਼ਣ ਕਰ ਕੇ ਪੜ੍ਹਾਉਣ ਵਾਲੀ ਇਕੱਲੀ ਮਾਂ ਦਿੱਲੀ ’ਚ ਰਹਿਣ ਲਈ ਮਜਬੂਰ ਸੀ।
ਇਕ ਦਿਨ ਇਸ ਪੁੱਤਰ ਨੇ ਮਾਂ ਨੂੰ ਕਿਹਾ ਕਿ ਦਿੱਲੀ ਵਾਲਾ ਮਕਾਨ ਵੇਚ ਕੇ ਤੁਹਾਨੂੰ ਮੈਂ ਆਪਣੇ ਨਾਲ ਅਮਰੀਕਾ ਲੈ ਜਾਂਦਾ ਹੈ। ਸਹਿਜ ਹੀ ਕਲਪਨਾ ਕੀਤੀ ਜਾ ਸਕਦੀ ਹੈ ਕਿ ਮਾਂ ਦੇ ਮਨ ’ਚ ਕਿੰਨਾ ਪਿਆਰ ਅਤੇ ਉਮੀਦਾਂ ਪੈਦਾ ਹੋਈਆਂ ਹੋਣਗੀਆਂ। ਬੇਟਾ ਦਿੱਲੀ ਆਇਆ, ਕੁਝ ਦਿਨ ਰੁਕ ਕੇ ਦਿੱਲੀ ਵਾਲੇ ਮਕਾਨ ਨੂੰ ਵੇਚਿਆ ਅਤੇ ਮਾਂ ਨੂੰ ਲੈ ਕੇ ਚੱਲ ਪਿਆ ਦਿੱਲੀ ਹਵਾਈ ਅੱਡੇ ਵੱਲ।
ਹਵਾਈ ਅੱਡੇ ’ਤੇ ਪਹੁੰਚ ਕੇ ਉਸ ਨੇ ਆਪਣੀ ਮਾਂ ਨੂੰ ਬਾਹਰ ਇਕ ਬੈਂਚ ’ਤੇ ਬਿਠਾਉਂਦਿਆਂ ਕਿਹਾ ਕਿ ਮੈਂ ਅੰਦਰੋਂ ਤੁਹਾਡੀ ਟਿਕਟ ਲੈ ਕੇ ਆਉਂਦਾ ਹਾਂ। ਹੁਣ ਤੁਸੀਂ ਸਮਝ ਸਕਦੇ ਹੋ ਕਿ ਉਸ ਨੇ ਕੀ ਕੀਤਾ ਹੋਵੇਗਾ। ਕਈ ਘੰਟਿਆਂ ਦੀ ਉਡੀਕ ਪਿੱਛੋਂ ਹਵਾਈ ਅੱਡੇ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਸੰਪਰਕ ਕਰਨ ’ਤੇ ਮਾਂ ਨੂੰ ਦੱਸਿਆ ਗਿਆ ਕਿ ਉਸ ਦੇ ਪੁੱਤਰ ਨੇ ਇਕ ਘੋਰ ਕਲਯੁਗੀ ਹੋਣ ਦਾ ਸਬੂਤ ਦਿੱਤਾ ਹੈ। ਉਹ ਖੁਦ ਅਮਰੀਕਾ ਚਲਾ ਗਿਆ ਹੈ।
ਮਾਂ ਨੂੰ ਪੂਰੀ ਬੇਸ਼ਰਮੀ ਨਾਲ ਬੇਘਰ ਅਤੇ ਬੇਸਹਾਰਾ ਛੱਡ ਕੇ ਉਹ ਚਲਾ ਗਿਆ। ਕਿਸੇ ਤਰ੍ਹਾਂ ਮਾਂ ਵਾਪਸ ਆਪਣੇ ਵਿਕੇ ਹੋਏ ਘਰ ਕੋਲ ਪਹੁੰਚ ਗਈ ਅਤੇ ਗੁਆਂਢੀਆਂ ਦੀ ਮਦਦ ਲੈ ਕੇ ਕਿਸੇ ਦੀ ਸੇਵਾ ਕਰ ਕੇ ਆਪਣੇ ਰਹਿਣ ਅਤੇ ਬਾਕੀ ਦੀ ਜ਼ਿੰਦਗੀ ਬਿਤਾਉਣ ਦਾ ਸਹਾਰਾ ਲੱਭਣ ਲਈ ਮਜਬੂਰ ਹੋ ਗਈ।
ਇਹ ਯਕੀਨੀ ਹੈ ਕਿ ਅਜਿਹੀਆਂ ਘਟਨਾਵਾਂ ਅਕਸਰ ਨਹੀਂ ਵਾਪਰਦੀਆਂ ਪਰ ਇਹ ਤਾਂ ਆਮ ਹੀ ਵੇਖਿਆ ਜਾਂਦਾ ਹੈ ਕਿ ਮਾਤਾ-ਪਿਤਾ ਦਾ ਸਤਿਕਾਰ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਜਾਇਦਾਦ ਉਨ੍ਹਾਂ ਦੇ ਨਾਂ ’ਤੇ ਚੱਲਦੀ ਰਹਿੰਦੀ ਹੈ। ਇਸ ਲਈ ਮੇਰੀ ਇਹ ਬੇਨਤੀ ਕਾਨੂੰਨੀ ਵਿਵਸਥਾਵਾਂ ਦੇ ਨਾਲ-ਨਾਲ ਸਮਾਜਿਕ ਅਤੇ ਪਰਿਵਾਰਕ ਸੁਰੱਖਿਆ ਪੱਖੋਂ ਹਰ ਮਾਤਾ-ਪਿਤਾ ਲਈ ਹੈ ਕਿ ਆਪਣੇ ਜਿਊਂਦਿਆਂ ਹੀ ਪਰਿਵਾਰਕ ਜਾਇਦਾਦਾਂ ਨੂੰ ਬੱਚਿਆਂ ਦੇ ਨਾਂ ’ਤੇ ਕਦੀ ਵੀ ਨਾ ਕਰੋ।
ਬੈਂਕਾਂ ’ਚ ਜਮ੍ਹਾਂ ਰਕਮ ਜਾਂ ਗਹਿਣੇ ਆਦਿ ਵੀ ਲਾਕਰਾਂ ’ਚ ਸੁਰੱਖਿਅਤ ਰੱਖੋ। ਸਭ ਜਾਇਦਾਦਾਂ ਦੀ ਵਸੀਅਤ ਬੇਸ਼ੱਕ ਕਰ ਿਦਓ ਤਾਂ ਜੋ ਮਾਤਾ-ਪਿਤਾ ਦੀ ਮੌਤ ਪਿੱਛੋਂ ਇਹ ਜਾਇਦਾਦਾਂ ਬੱਚਿਆਂ ਨੂੰ ਮਿਲ ਜਾਣ। ਇਸ ਨਾਲ ਬੱਚਿਆਂ ’ਚ ਮਾਤਾ-ਪਿਤਾ ਕੋਲੋਂ ਕੁਝ ਮਿਲਣ ਦਾ ਲਾਲਚ ਘੱਟੋ-ਘੱਟ ਉਨ੍ਹਾਂ ਨੂੰ ਸੇਵਾ ਲਈ ਤਾਂ ਮਜਬੂਰ ਕਰਦਾ ਹੀ ਰਹੇਗਾ।
ਅੱਜਕਲ ਦੇ ਬੱਚੇ ਧਾਰਮਿਕ ਥਾਵਾਂ ’ਤੇ ਜਾ ਕੇ ਧਾਰਮਿਕ ਰਸਮਾਂ ਪੂਰੀਆਂ ਕਰ ਕੇ ਪ੍ਰਮਾਤਮਾ ਦੀ ਭਗਤੀ ਦਾ ਅਹਿਸਾਸ ਤਾਂ ਕਰਵਾਉਂਦੇ ਹਨ ਪਰ ਅਸਲ ਪ੍ਰਮਾਤਮਾ ਦੀ ਭਗਤੀ ਤਾਂ ਮਾਤਾ-ਪਿਤਾ ਦੀ ਸੇਵਾ ਰਾਹੀਂ ਹੀ ਮਿਲੇਗੀ ਕਿਉਂਕਿ ਜਨਮ ਤੋਂ ਲੈ ਕੇ ਪਾਲਣ-ਪੋਸ਼ਣ ਅਤੇ ਸਿੱਖਿਆ ਦੀ ਸਾਰੀ ਈਸ਼ਵਰੀ ਕਿਰਪਾ ਉਨ੍ਹਾਂ ਨੂੰ ਮਾਤਾ-ਪਿਤਾ ਰਾਹੀਂ ਹੀ ਮਿਲੀ ਹੈ। ਇਸ ਲਈ ਪ੍ਰਮਾਤਮਾ ਦੀ ਭਗਤੀ ਵੀ ਮਾਤਾ-ਪਿਤਾ ਰਾਹੀਂ ਹੀ ਪ੍ਰਮਾਤਮਾ ਤੱਕ ਪਹੁੰਚੇਗੀ।
ਕੁਝ ਸਾਲ ਪਹਿਲਾਂ ਮੈਂ ਪੰਜਾਬ ਦੇ ਕੁਝ ਘਰਾਂ ’ਚ ਅਜਿਹੇ ਹੀ ਤਾਮਸਿਕ ਬੱਚਿਆਂ ਦੀਆਂ ਘਟਨਾਵਾਂ ਦੇਖੀਆਂ ਤਾਂ ਸੁਭਾਵਿਕ ਪੱਖੋਂ ਇਕ ਸਮਾਜਿਕ ਪ੍ਰੇਰਣਾ ਭਰਿਆ ਅੰਦੋਲਨ ਸ਼ੁਰੂ ਹੋ ਗਿਆ। ਇਸ ਅੰਦੋਲਨ ਦਾ ਨਾਂ ਵੀ ਬਹੁਤ ਹੀ ਸੁਭਾਵਿਕ ਰੂਪ ਨਾਲ ਸਾਹਮਣੇ ਆ ਗਿਆ। ‘ਸਾਂਭ ਲਓ ਮਾਪੇ, ਰੱਬ ਮਿਲ ਜਾਊ ਆਪੇ’ ਭਾਵ ਜੇ ਅਸੀਂ ਮਾਤਾ-ਪਿਤਾ ਦੀ ਦੇਖਭਾਲ ਕਰੀਏ ਤਾਂ ਪ੍ਰਮਾਤਮਾ ਸਾਨੂੰ ਆਪਣੇ ਆਪ ਹੀ ਮਿਲ ਜਾਵੇਗਾ।
ਮੇਰਾ ਵਿਚਾਰ ਇਹ ਹੈ ਕਿ ਜੇ ਇਹ ਪ੍ਰੇਰਣਾ ਭਰਿਆ ਵਿਚਾਰ ਹਰ ਧਾਰਮਿਕ ਥਾਂ ਦੇ ਬਾਹਰ ਅਤੇ ਸਮਾਜ ’ਚ ਥਾਂ-ਥਾਂ ਪ੍ਰਚੱਲਿਤ ਕਰ ਦਿੱਤਾ ਜਾਵੇ ਤਾਂ ਜ਼ਰੂਰ ਹੀ ਮਾਤਾ-ਪਿਤਾ ਦਾ ਸਤਿਕਾਰ ਕਰਨ ਦੀ ਪ੍ਰੰਪਰਾ ਘਰ-ਘਰ ’ਚ ਪਹੁੰਚ ਸਕੇਗੀ।
ਕਾਨੂੰਨੀ ਸਲਾਹ ਵਜੋਂ ਮੈਂ ਇਕ ਗੱਲ ਹੋਰ ਪਾਠਕਾਂ ਲਈ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਯੁੱਗ ’ਚ ਸਰਕਾਰਾਂ ਨੇ ਸੀਨੀਅਰ ਨਾਗਰਿਕ ਟ੍ਰਿਬਿਊਨਲ ਹਰ ਸੂਬੇ ਦੇ ਹਰ ਜ਼ਿਲੇ ’ਚ ਬਣਾਏ ਹਨ। ਇਨ੍ਹਾਂ ਅਦਾਲਤਾਂ ’ਚ ਬਜ਼ੁਰਗਾਂ ਨੂੰ ਜੋ ਸਮੱਸਿਆਵਾਂ ਆਪਣੇ ਬੱਚਿਆਂ ਕਾਰਨ ਪੇਸ਼ ਆਉਂਦੀਆਂ ਹਨ, ਉਨ੍ਹਾਂ ਦਾ ਢੁੱਕਵਾਂ ਹੱਲ ਕੀਤਾ ਜਾਂਦਾ ਹੈ। ਜੇ ਕਿਸੇ ਮਾਤਾ-ਪਿਤਾ ਦਾ ਮਕਾਨ ਬੱਚੇ ਆਪਣੇ ਨਾਂ ’ਤੇ ਕਰਵਾ ਲੈਂਦੇ ਹਨ ਅਤੇ ਉਸ ਪਿੱਛੋਂ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਅਪਣਾਉਂਦੇ ਤਾਂ ਅਜਿਹੀ ਹਾਲਤ ’ਚ ਉਸ ਮਕਾਨ ਦੀ ਤਬਦੀਲੀ ਰੱਦ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਮਕਾਨ ਜਾਂ ਜਾਇਦਾਦ ਮੁੜ ਤੋਂ ਮਾਤਾ-ਪਿਤਾ ਦੇ ਨਾਂ ’ਤੇ ਆ ਸਕੇ ਅਤੇ ਬੱਚਿਆਂ ਨੂੰ ਮਾਤਾ-ਪਿਤਾ ਲਈ ਹਰ ਮਹੀਨੇ ਗੁਜ਼ਾਰਾ ਭੱਤਾ ਦੇਣ ਲਈ ਹੁਕਮ ਜਾਰੀ ਕਰ ਸਕਦੀ ਹੈ।