ਸੀਰੀਆ ਦਾ ਨਵਾਂ ਅਧਿਆਏ ਜਾਂ ਅਨਿਸ਼ਚਿਤ ਭਵਿੱਖ?
Sunday, Dec 15, 2024 - 04:06 PM (IST)
5 ਦਹਾਕਿਆਂ ਤੋਂ ਵੱਧ ਦੇ ਤਾਨਾਸ਼ਾਹੀ ਸ਼ਾਸਨ ਪਿੱਛੋਂ, ਸੀਰੀਆ ’ਤੇ ਅਸਦ ਵੰਸ਼ ਦੀ ਪਕੜ ਨਾਟਕੀ ਘਟਨਾਕ੍ਰਮ ਵਿਚ ਢਹਿ ਗਈ ਹੈ। ਅਲ-ਕਾਇਦਾ ਨਾਲ ਜੁੜੇ ਅਲ-ਨੁਸਰਾ ਫਰੰਟ ਦੇ ਇਕ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐੱਚ. ਟੀ. ਐੱਸ.) ਦੀ ਅਗਵਾਈ ’ਚ ਇਕ ਤੇਜ਼ ਫੌਜੀ ਹਮਲੇ ਨੇ ਸਹਿਯੋਗੀ ਧੜਿਆਂ ਨਾਲ ਮਿਲ ਕੇ ਪੂਰੇ ਦੇਸ਼ ਵਿਚ ਤਬਾਹੀ ਮਚਾਈ, ਪ੍ਰਮੁੱਖ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਅਤੇ ਦਮਿਸ਼ਕ ਦੇ ਪਤਨ ਦੇ ਨਾਲ ਇਸ ਦੀ ਸਮਾਪਤੀ ਹੋਈ। ਰਾਸ਼ਟਰਪਤੀ ਬਸ਼ਰ ਅਲ-ਅਸਦ ਰੂਸ ਭੱਜ ਗਏ ਹਨ ਜੋ ਸੀਰੀਆ ਦੇ 13 ਸਾਲਾਂ ਦੇ ਸੰਘਰਸ਼ ਵਿਚ ਇਕ ਨਿਰਣਾਇਕ ਪਲ ਹੈ।
ਹਾਲਾਂਕਿ ਇਕ ਰਣਨੀਤਕ ਵਿਚਾਰਧਾਰਾ ਇਹ ਮੰਨਦੀ ਹੈ ਕਿ ਬਸ਼ਰ ਅਲ-ਅਸਦ ਦਾ ਬਾਹਰ ਨਿਕਲਣਾ ਪਤਨ ਨਹੀਂ ਸੀ, ਸਗੋਂ ਈਰਾਨ, ਰੂਸ ਅਤੇ ਤੁਰਕੀਏ ਵੱਲੋਂ ਐੱਚ. ਟੀ. ਐੱਸ. ਨੂੰ ਸੱਤਾ ਦੇ ਤਬਾਦਲੇ ਨੂੰ ਯਕੀਨੀ ਬਣਾਉਣ ਲਈ ਇਕ ਮੋਡਸ ਅਪ੍ਰੈਂਡੀ (ਕੰਮ ਦਾ ਢੰਗ) ਸੀ, ਜਿਸ ਵਿਚ ਅਸਦ ਨੇ ਦੇਸ਼ ਛੱਡ ਦਿੱਤਾ, ਜਦੋਂ ਕਿ ਪ੍ਰਧਾਨ ਮੰਤਰੀ ਮੁਹੰਮਦ ਅਲ-ਜਲਾਲੀ ਦੀ ਅਗਵਾਈ ਵਿਚ ਮੁੱਖ ਸ਼ਾਸਨ ਦੇ ਨੇਤਾ ਦੇਸ਼ ਨੂੰ ਨਵੇਂ ਸ਼ਾਸਕਾਂ ਨੂੰ ਸੌਂਪਣ ਲਈ ਪਿੱਛੇ ਰਹੇ। ਇਹ ਕਿੰਨਾ ਸੱਚ ਹੈ, ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੀ ਐੱਚ. ਟੀ. ਐੱਸ. ਅਤੇ ਉਸਦੇ ਸਹਿਯੋਗੀਆਂ ਵਲੋਂ ਪੂਰਨ ਕੰਟਰੋਲ ਅਤੇ ਕਮਾਨ ਸੰਭਾਲੇ ਜਾਣ ’ਤੇ ਬਾਥ ਪਾਰਟੀ ਦੇ ਲੋਕ ਬਦਲੇ ਤੋਂ ਬਚਦੇ ਹਨ ਕਿ ਨਹੀਂ। ਜਿਵੇਂ ਕਿ ਸੀਰੀਆਈ ਇਕ ਯੁੱਗ ਦੇ ਅੰਤ ਨੂੰ ਦੇਖ ਰਹੇ ਹਨ, ਤਾਂ ਉਨ੍ਹਾਂ ਦੀਆਂ ਭਾਵਨਾਵਾਂ ਚੌਕਸ ਉਮੀਦ ਅਤੇ ਅਨਿਸ਼ਚਿਤਤਾ ਦਾ ਮਿਸ਼ਰਣ ਹਨ। ਨਵੀਂ ਲੀਡਰਸ਼ਿਪ ਦੇ ਇਤਿਹਾਸ ਅਤੇ ਉਦੇਸ਼ ਦਹਾਕਿਆਂ ਦੀ ਬੇਚੈਨੀ ਨਾਲ ਘਿਰੇ ਦੇਸ਼ ਲਈ ਅੱਗੇ ਦੇ ਰਸਤੇ ’ਤੇ ਪਰਛਾਵਾਂ ਪਾਉਂਦੇ ਹਨ।
ਇਕ ਰਾਸ਼ਟਰ ਦਾ ਗੜਬੜ ’ਚ ਉਤਾਰਾ : ਅਸਦ ਰਾਜਵੰਸ਼ ਦਾ ਪਤਨ ਸੀਰੀਆ ਦੇ ਇਤਿਹਾਸ ਵਿਚ ਇਕ ਅਹਿਮ ਮੋੜ ਹੈ, ਪਰ ਇਸ ਦੇ ਪੂਰੇ ਮਹੱਤਵ ਨੂੰ ਸਮਝਣ ਲਈ, ਕਿਸੇ ਨੂੰ ਦੇਸ਼ ਦੇ ਗੜਬੜ ਵਾਲੇ ਅਤੀਤ ’ਤੇ ਵਿਚਾਰ ਕਰਨਾ ਚਾਹੀਦਾ ਹੈ। ਬਸ਼ਰ ਅਲ-ਅਸਦ ਨੇ 2000 ਵਿਚ ਸੱਤਾ ਸੰਭਾਲੀ, ਆਪਣੇ ਪਿਤਾ ਹਾਫਿਜ਼ ਅਲ-ਅਸਦ ਦੇ ਉੱਤਰਾਧਿਕਾਰੀ ਵਜੋਂ, ਜਿਸ ਨੇ ਤਿੰਨ ਦਹਾਕਿਆਂ ਤੱਕ ਸਖਤੀ ਨਾਲ ਹਕੂਮਤ ਕੀਤੀ ਸੀ।
ਬਸ਼ਰ ਦੇ ਅਧੀਨ ਸੁਧਾਰ ਦੀਆਂ ਉਮੀਦਾਂ ਛੇਤੀ ਹੀ ਫਿੱਕੀਆਂ ਪੈ ਗਈਆਂ ਕਿਉਂਕਿ ਉਸ ਨੇ ਆਪਣੇ ਪਿਤਾ ਦੇ ਤਾਨਾਸ਼ਾਹੀ ਸ਼ਾਸਨ ਨੂੰ ਜਾਰੀ ਰੱਖਿਆ। 2011 ਵਿਚ ਅਰਬ ਸਪ੍ਰਿੰਗ ਨੇ ਸੀਰੀਆਈ ਲੋਕਾਂ ਨੂੰ ਰਾਜਨੀਤਕ ਤਬਦੀਲੀ ਅਤੇ ਵਧੇਰੇ ਆਜ਼ਾਦੀ ਦੀ ਮੰਗ ਕਰਨ ਲਈ ਪ੍ਰੇਰਿਆ, ਪਰ ਅਸਦ ਦੇ ਹਿੰਸਕ ਦਮਨ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਇਕ ਤਬਾਹਕੁੰਨ ਗ੍ਰਹਿ ਯੁੱਧ ਵਿਚ ਬਦਲ ਦਿੱਤਾ।
2010 ਦੇ ਦਹਾਕੇ ਦੇ ਅੱਧ ਤੱਕ, ਸੀਰੀਆ ਪ੍ਰੌਕਸੀ ਯੁੱਧਾਂ ਦਾ ਮੈਦਾਨ ਬਣ ਗਿਆ, ਜਿਸ ਵਿਚ ਰੂਸ ਅਤੇ ਈਰਾਨ ਅਸਦ ਦੀ ਹਮਾਇਤ ਕਰ ਰਹੇ ਸਨ, ਜਦੋਂ ਕਿ ਤੁਰਕੀਏ, ਕਤਰ ਅਤੇ ਪੱਛਮੀ ਸ਼ਕਤੀਆਂ ਵਿਰੋਧੀ ਸਮੂਹਾਂ ਦੀ ਹਮਾਇਤ ਕਰ ਰਹੀਆਂ ਸਨ। ਆਈ. ਐੱਸ. ਆਈ. ਐੱਸ. ਅਤੇ ਐੱਚ. ਟੀ. ਐੱਸ. ਵਰਗੇ ਕੱਟੜਪੰਥੀ ਸਮੂਹਾਂ ਨੇ ਗੜਬੜ ਦਾ ਫਾਇਦਾ ਉਠਾਇਆ, ਜਿਸ ਨਾਲ ਸੰਘਰਸ਼ ਹੋਰ ਵੀ ਵੰਡਿਆ ਗਿਆ।
ਨਤੀਜਾ ਘਾਤਕ ਨਿਕਲਿਆ ਹੈ। 5,00,000 ਤੋਂ ਵੱਧ ਮੌਤਾਂ ਹੋਈਆਂ, ਲੱਖਾਂ ਲੋਕ ਬੇਘਰ ਹੋ ਗਏ ਅਤੇ ਇਕ ਵਾਰ ਜੀਵੰਤ ਦੇਸ਼ ਤਬਾਹ ਹੋ ਗਿਆ। 2020 ਤੱਕ ਮਹੱਤਵਪੂਰਨ ਖੇਤਰ ਮੁੜ ਪ੍ਰਾਪਤ ਕਰਨ ਦੇ ਬਾਵਜੂਦ, ਅਸਦ ਦਾ ਕੰਟਰੋਲ ਅਧੂਰਾ ਰਿਹਾ। ਸੀਰੀਆ ਦੇ ਕੁਝ ਹਿੱਸਿਆਂ ਵਿਚ ਵਿਰੋਧੀ ਧਿਰ ਦਾ ਦਬਦਬਾ ਰਿਹਾ। ਰੂਸ ਅਤੇ ਤੁਰਕੀਏ ਵਲੋਂ ਵਿਚੋਲਗੀ ਕੀਤੇ ਗਏ ਇਦਲਿਬ ਵਿਚ ਇਕ ਨਾਜ਼ੁਕ ਜੰਗਬੰਦੀ ਨੇ ਇਕ ਅਸਥਾਈ ਅੜਿੱਕਾ ਪੈਦਾ ਕਰ ਦਿੱਤਾ। ਹੁਣ ਦਸੰਬਰ 2024 ਵਿਚ, ਅਸਦ ਦੇ ਸ਼ਾਸਨ ਦੇ ਅਚਾਨਕ ਪਤਨ ਨੇ ਸੀਰੀਆ ਦੇ ਲੰਬੇ ਸੰਘਰਸ਼ ਵਿਚ ਇਕ ਨਵਾਂ ਅਧਿਆਏ ਖੋਲ੍ਹਿਆ ਹੈ, ਜਿਸ ਨਾਲ ਦੇਸ਼ ਇਕ ਹੋਰ ਚੌਰਾਹੇ ’ਤੇ ਆ ਗਿਆ ਹੈ, ਜੋ ਕਿ ਇਕ ਨਾਜ਼ੁਕ ਲਾਗ ਵਾਂਗ ਹੈ।
ਅਸਦ ਸ਼ਾਸਨ ਦੇ ਪਤਨ ਤੋਂ ਬਾਅਦ, ਅਹਿਮਦ ਅਲ-ਸ਼ਰਾ (ਪਹਿਲਾਂ ਅਬੂ ਮੁਹੰਮਦ ਅਲ-ਗੋਲਾਨੀ) ਦੀ ਅਗਵਾਈ ਵਾਲੇ ਹਯਾਤ ਤਹਿਰੀਰ ਅਲ-ਸ਼ਾਮ (ਐੱਚ. ਟੀ. ਐੱਸ.) ਨੇ ਇੱਕ ਸੰਕਟਕਾਲੀਨ ਅਥਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ। ਮੌਜੂਦਾ ਪ੍ਰਧਾਨ ਮੰਤਰੀ ਮੁਹੰਮਦ ਅਲ-ਜਲਾਲੀ ਨੂੰ ਇਸ ਅੰਤ੍ਰਿਮ ਸਮੇਂ ਦੌਰਾਨ ਰਾਜ ਦੇ ਅਦਾਰਿਆਂ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸਮਾਵੇਸ਼ ਅਤੇ ਸੀਰੀਆ ਦੀ ਅਗਵਾਈ ਵਾਲੀ ਲੀਡਰਸ਼ਿਪ ਵਲੋਂ ਆਕਾਰ ਦਿੱਤੇ ਗਏ ਭਵਿੱਖ ਦਾ ਵਾਅਦਾ ਕਰਦਾ ਹੈ। ਹਾਲਾਂਕਿ, ਐੱਚ. ਟੀ. ਐੱਸ. ਦੇ ਕੱਟੜਵਾਦ ਦੇ ਇਤਿਹਾਸ ਨੇ ਇਸ ਦੇ ਭਰੋਸਿਆਂ ਨੂੰ ਧੁੰਦਲਾ ਕਰ ਦਿੱਤਾ ਹੈ।
ਅਸਦ ਦੇ ਪਤਨ ਦੀਆਂ ਗਲੋਬਲ ਲਹਿਰਾਂ : ਬਸ਼ਰ ਅਲ-ਅਸਦ ਦੇ ਸ਼ਾਸਨ ਦੇ ਪਤਨ ਨੇ ਦੁਨੀਆ ਭਰ ਵਿਚ ਭੂਚਾਲ ਲਿਆ ਦਿੱਤਾ ਹੈ। ਰੂਸ ਲਈ, ਜਿਸ ਨੇ ਅਸਦ ਨੂੰ ਮਜ਼ਬੂਤ ਕਰਨ ਲਈ 2015 ਵਿਚ ਦਖਲ ਦਿੱਤਾ ਸੀ, ਇਹ ਇਕ ਮਹੱਤਵਪੂਰਨ ਝਟਕਾ ਹੈ। ਈਰਾਨ ਨੂੰ ਆਪਣੇ ‘ਵਿਰੋਧ ਦੇ ਧੁਰੇ’ ਵਿਚ ਇਕ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਤਹਿਰਾਨ ਨੂੰ ਸੀਰੀਆ ਰਾਹੀਂ ਲਿਬਨਾਨ ’ਚ ਹਿਜ਼ਬੁੱਲਾ ਨਾਲ ਜੋੜਨ ਵਾਲਾ ਇਕ ਮਹੱਤਵਪੂਰਨ ਗਲਿਆਰਾ ਹੈ। ਇਹ ਨੈੱਟਵਰਕ ਲੰਬੇ ਸਮੇਂ ਤੋਂ ਈਰਾਨ ਦੀ ਖੇਤਰੀ ਰਣਨੀਤੀ ਦਾ ਕੇਂਦਰ ਰਿਹਾ ਹੈ। ਇਜ਼ਰਾਈਲ ਅਤੇ ਉਸ ਦੀ ਪ੍ਰੌਕਸੀ ਨਾਲ ਹਾਲ ਹੀ ਦੇ ਸੰਘਰਸ਼ਾਂ ਨਾਲ ਹਿਜ਼ਬੁੱਲਾ ਦੇ ਕਮਜ਼ੋਰ ਹੋਣ ਦੇ ਨਾਲ, ਤਹਿਰਾਨ ਨੂੰ ਇਕ ਮਹੱਤਵਪੂਰਨ ਰਣਨੀਤਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੁਰਕੀਏ, ਜੋ 3 ਮਿਲੀਅਨ ਤੋਂ ਵੱਧ ਸੀਰੀਆਈ ਸ਼ਰਨਾਰਥੀਆਂ ਦੀ ਮੇਜ਼ਬਾਨੀ ਕਰਦਾ ਹੈ, ਆਪਣੇ ਆਪ ਨੂੰ ਇਕ ਗੁੰਝਲਦਾਰ ਸਥਿਤੀ ਵਿਚ ਪਾਉਂਦਾ ਹੈ, ਜਦੋਂ ਕਿ ਅੰਕਾਰਾ ਅਧਿਕਾਰਤ ਤੌਰ ’ਤੇ ਐੱਚ. ਟੀ. ਐੱਸ. ਹਮਲੇ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦਾ ਹੈ। ਮਾਹਿਰ ਸੁਝਾਅ ਦਿੰਦੇ ਹਨ ਕਿ ਅਸਿੱਧੀ ਹਮਾਇਤ ਜਾਂ ਮੌਨ ਪ੍ਰਵਾਨਗੀ ਨੇ ਇਸ ’ਚ ਭੂਮਿਕਾ ਨਿਭਾਈ ਹੋ ਸਕਦੀ ਹੈ।
ਰਾਸ਼ਟਰਪਤੀ ਰੇਸੇਪ ਏਰਦੋਗਨ ਦਾ ਉਦੇਸ਼ ਸ਼ਰਨਾਰਥੀ ਸੰਕਟ ਨੂੰ ਹੱਲ ਕਰਨਾ ਅਤੇ ਉੱਤਰੀ ਸੀਰੀਆ ਵਿਚ ਕੁਰਦ ਮਿਲੀਸ਼ੀਆ ਦਾ ਮੁਕਾਬਲਾ ਕਰਨਾ ਹੈ, ਪਰ ਐੱਚ. ਟੀ. ਐੱਸ. ਦਾ ਉਭਾਰ ਇਨ੍ਹਾਂ ਯੋਜਨਾਵਾਂ ਵਿਚ ਅਨਿਸ਼ਚਿਤਤਾ ਨੂੰ ਜੋੜਦਾ ਹੈ। ਇਜ਼ਰਾਈਲ ਵੀ ਬਦਲਦੇ ਦ੍ਰਿਸ਼ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਅਸਦ ਦੇ ਪਤਨ ਨੇ ਹਿਜ਼ਬੁੱਲਾ ਲਈ ਈਰਾਨ ਦੇ ਸਪਲਾਈ ਮਾਰਗਾਂ ਵਿਚ ਵਿਘਨ ਪਾ ਦਿੱਤਾ ਹੈ।
ਬਦਲ ਰਹੇ ਸੀਰੀਆ ’ਚ ਭਾਰਤ ਦੀ ਹਿੱਸੇਦਾਰੀ : ਭਾਰਤ ਅਤੇ ਸੀਰੀਆ ਦੇ ਇਤਿਹਾਸਕ ਸਬੰਧ ਹਨ। ਦੋਵਾਂ ਦੇਸ਼ਾਂ ਵਿਚਾਲੇ 1950 ਵਿਚ ਕੂਟਨੀਤਕ ਸਬੰਧ ਸਥਾਪਿਤ ਹੋਏ ਸਨ। ਇਸ ਰਿਸ਼ਤੇ ਦੀ ਪ੍ਰਤੀਕ ਜਵਾਹਰ ਲਾਲ ਨਹਿਰੂ ਦੇ ਨਾਂ ’ਤੇ ਦਮਿਸ਼ਕ ਦੀ ਇਕ ਸੜਕ ਹੈ। ਪਿਛਲੇ ਕਈ ਸਾਲਾਂ ਦੌਰਾਨ, ਸੀਰੀਆ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦੀ ਹਮਾਇਤ ਕੀਤੀ ਹੈ, ਜਦੋਂ ਕਿ ਭਾਰਤ ਨੇ ਗੋਲਾਨ ਹਾਈਟਸ ’ਤੇ ਸੀਰੀਆ ਦੇ ਦਾਅਵੇ ਦੀ ਹਮਾਇਤ ਕੀਤੀ ਹੈ ਅਤੇ ਗ੍ਰਹਿ ਯੁੱਧ ਦੌਰਾਨ ਗੱਲਬਾਤ ਦਾ ਸੱਦਾ ਦਿੱਤਾ ਹੈ।
ਅਸਦ ਸ਼ਾਸਨ ਦੇ ਪਤਨ ਨੇ ਹੁਣ ਭਾਰਤ ਦੇ ਸਿਆਸੀ ਅਤੇ ਆਰਥਿਕ ਹਿੱਤਾਂ ’ਤੇ ਪਰਛਾਵਾਂ ਪਾ ਦਿੱਤਾ ਹੈ। ਭਾਰਤ ਲਈ, ਉੱਭਰ ਰਿਹਾ ਸੰਕਟ ਇਕ ਗਤੀਸ਼ੀਲ ਵਿਦੇਸ਼ ਨੀਤੀ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਅੱਤਵਾਦ ਵਿਰੋਧੀ ਸਹਿਯੋਗ ਨੂੰ ਤਰਜੀਹ ਦੇਣਾ, ਸੀਰੀਆ ਦੇ ਸੰਕਟਕਾਲੀਨ ਅਧਿਕਾਰੀਆਂ ਨਾਲ ਕੂਟਨੀਤਕ ਤੌਰ ’ਤੇ ਜੁੜਨਾ ਅਤੇ ਆਰਥਿਕ ਨਿਵੇਸ਼ਾਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੋਵੇਗਾ।
-ਮਨੀਸ਼ ਤਿਵਾੜੀ