ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਵਿਦਿਆਰਥੀ

06/18/2021 3:25:16 AM

ਡਾ. ਮਨੋਜ ਡੋਗਰਾ
ਕੋਰੋਨਾ ਮਹਾਮਾਰੀ ਇਕ ਅਜਿਹਾ ਕਾਲ ਬਣ ਕੇ ਪੂਰੇ ਵਿਸ਼ਵ ਅਤੇ ਸਾਡੇ ਦੇਸ਼-ਪ੍ਰਦੇਸ਼, ਘਰ-ਪਿੰਡ ’ਤੇ ਅਜਿਹਾ ਮੰਡਰਾਇਆ ਹੈ ਜਿਵੇਂ ਆਪਣੀ ਜਾਨ ਬਚਾਉਣੀ ਹੀ ਇਸ ਸਮੇਂ ਜਨਮ ਲੈਣ ਦੀ ਯਥਾਰਥਤਾ ਹੋ ਗਈ ਹੋਵੇ।

ਇਸ ਮਹਾਮਾਰੀ ਨੇ ਪਤਾ ਨਹੀਂ ਕਿੰਨਿਆਂ ਨੂੰ ਆਪਣਿਆਂ ਨਾਲੋਂ ਜੁਦਾ ਕਰ ਦਿੱਤਾ ਅਤੇ ਪਤਾ ਨਹੀਂ ਅਜੇ ਇਹ ਕੋਰੋਨਾ ਮਹਾਮਾਰੀ ਕਿੰਨਿਆਂ ਨੂੰ ਆਪਣੀ ਬੁੱਕਲ ’ਚ ਲਿਜਾਣ ਲਈ ਜ਼ਹਿਰੀਲੀ ਘਾਤ ਲਗਾ ਕੇ ਬੈਠੀ ਹੈ।

ਕੋਰੋਨਾ ਨੇ ਪਤਾ ਨਹੀਂ ਕਿੰਨਿਆਂ ਨੂੰ ਬੇਰੋਜ਼ਗਾਰ ਕਰ ਕੇ ਘਰਾਂ ’ਚ ਬਿਠਾ ਦਿੱਤਾ ਅਤੇ ਪਤਾ ਨਹੀਂ ਕਿੰਨਿਆਂ ਨੂੰ ਦੋ ਡੰਗ ਦੀ ਰੋਟੀ ਲਈ ਸੜਕਾਂ ’ਤੇ ਉਤਾਰ ਦਿੱਤਾ ਹੈ।

ਇਸ ਨੇ ਦੇਸ਼ ਦਾ ਕੋਈ ਖੇਤਰ ਤੇ ਕੋਨਾ ਅਜਿਹਾ ਨਹੀਂ ਛੱਡਿਆ ਜਿਸ ਨੂੰ ਆਪਣੀ ਜ਼ਹਿਰੀਲੀ ਘਾਤ ਨਾਲ ਪ੍ਰਭਾਵਿਤ ਨਾ ਕੀਤਾ ਹੋਵੇ।

ਭਾਵੇਂ ਉਹ ਟਰਾਂਸਪੋਰਟ ਜਾਂ ਸੈਰ-ਸਪਾਟਾ ਹੋਵੇ, ਅਰਥਵਿਵਸਥਾ ਹੋਵੇ, ਖੇਤੀਬਾੜੀ ਹੋਵੇ ਜਾਂ ਫਿਰ ਸਭ ਤੋਂ ਮਹੱਤਵਪੂਰਨ ਸਿੱਖਿਆ ਅਤੇ ਸਿਹਤ ਹੀ ਕਿਉਂ ਨਾ ਹੋਣ, ਇਨ੍ਹਾਂ ਸਾਰਿਆਂ ’ਤੇ ਕੋਰੋਨਾ ਨੇ ਆਪਣੇ ਜ਼ਹਿਰੀਲੀ ਫਨ ਨਾਲ ਹਮਲਾ ਕੀਤਾ ਹੈ, ਜਿਸ ਤੋਂ ਸੰਭਲਣ ’ਚ ਅਜੇ ਕਈ ਸਾਲ ਇਨ੍ਹਾਂ ਨੂੰ ਲੱਗ ਸਕਦੇ ਹਨ।

ਕੋਰੋਨਾ ਨੂੰ ਵਿਸ਼ਵ ਤੇ ਸਾਡੇ ਦੇਸ਼ ’ਚ ਆਏ ਹੋਏ ਲਗਭਗ ਡੇਢ ਸਾਲ ਹੋ ਚੁੱਕਾ ਹੈ, ਇਸ ਦੀ ਇਨਫੈਕਸ਼ਨ ਫੈਲਣ ’ਤੇ ਜਿਸ ਖੇਤਰ ਨੂੰ ਸਭ ਤੋਂ ਪਹਿਲਾਂ ਬੰਦ ਕੀਤਾ ਗਿਆ ਸੀ ਉਹ ਸਿੱਖਿਆ ਖੇਤਰ ਸੀ, ਅੱਜ ਲਗਭਗ ਡੇਢ ਸਾਲ ਦੇ ਬਾਅਦ ਵੀ ਸਿੱਖਿਆ ਅਤੇ ਵਿਦਿਆਰਥੀਆਂ ਦਰਮਿਆਨ ਪੈਦਾ ਹੋਈ ਦੂਰੀ ਘੱਟ ਨਹੀਂ ਸਕੀ ਸਗੋਂ ਹੌਲੀ-ਹੌਲੀ ਵਧਦੀ ਹੀ ਜਾ ਰਹੀ ਹੈ। ਕਹਿਣ ਲਈ ਤਾਂ ਡਿਜੀਟਲ ਮਾਧਿਅਮ ਰਾਹੀਂ ਸਿੱਖਿਆ ਨੂੰ ਬਦਲ ਦੱਸਿਆ ਜਾ ਰਿਹਾ ਹੈ ਪਰ ਸਿੱਖਿਆ ਲਈ ਇਕ ਮਾਹੌਲ , ਵਾਤਾਵਰਣ ਤੇ ਗੁਰੂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਜਿਸ ਤੋਂ ਸਮੁੱਚਾ ਵਿਦਿਆਰਥੀ ਸਮਾਜ ਕੋਰੋਨਾ ਕਾਰਨ ਵਾਂਝਾ ਹੋ ਗਿਆ ਹੈ।

ਵਿਦਿਆਰਥੀ ਸ਼ਸ਼ੋਪੰਜ ’ਚ ਹੈ ਕਿ ਕੋਰੋਨਾ ਤੋਂ ਸੁਰੱਖਿਆ ਹੋਵੇ, ਸਿੱਖਿਆ ਹੋਵੇ ਜਾਂ ਇਨ੍ਹਾਂ ਦੋਵਾਂ ਦੇ ਬਾਅਦ ਗੱਲ ਪ੍ਰੀਖਿਆ ਤੱਕ ਪਹੁੰਚੇਗੀ ਵੀ ਜਾਂ ਨਹੀਂ। ਕਈ ਵਿਦਿਆਰਥੀਆਂ ਨੂੰ ਸਿੱਧੇ ਅਗਲੀਆਂ ਕਲਾਸਾਂ ’ਚ ਪ੍ਰਮੋਟ ਕਰ ਦਿੱਤਾ ਗਿਆ ਪਰ ਯੋਗਤਾ ਦਾ ਮਾਪਦੰਡ ਇਸ ਪ੍ਰਮੋਟ ਪ੍ਰਕਿਰਿਆ ਤੋਂ ਦੂਰ ਰਿਹਾ। ਪ੍ਰਮੋਟ ਕਰਨਾ ਤਾਂ ਮਜਬੂਰੀ ਸੀ, ਆਖਿਰ ਸਰਕਾਰਾਂ ਤੇ ਸਿੱਖਿਆ ਵਿਭਾਗ ਕਰਦੇ ਵੀ ਤਾਂ ਕੀ। ਜਾਂ ਤਾਂ ਜ਼ੀਰੋ ਸਾਲ ਐਲਾਨਦੇ ਜਾਂ ਇਕ ਸਾਲ ਦੇ ਨੁਕਸਾਨ ਦੀ ਪੂਰਤੀ ਪ੍ਰਮੋਟ ਨਾਲ ਕਰਦੇ ਅਤੇ ਹੋਇਆ ਵੀ ਅਜਿਹਾ ਹੀ।

ਪਰ ਹੁਣ ਇੰਨੇ ਲੰਬੇ ਸਮੇਂ ਤੋਂ ਘਰਾਂ ’ਚ ਕੈਦ ਵਿਦਿਆਰਥੀ ਭਾਵੇਂ ਉਹ ਸਕੂਲ ਦੇ ਵਿਦਿਆਰਥੀ ਹੋਣ ਜਾਂ ਕਾਲਜਾਂ ਦੇ ਹੋਣ, ਸਾਰੇ ਖੁਦ ’ਤੇ ਇਕ ਮਾਨਸਿਕ ਦਬਾਅ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਕਿ ਕੀ ਉਨ੍ਹਾਂ ਦੀਆਂ ਪ੍ਰੀਖਿਆਵਾਂ ਹੋਣਗੀਆਂ ਜਾਂ ਉਨ੍ਹਾਂ ਨੂੰ ਕਿਸ ਕਿਸਮ ਦਾ ਨਤੀਜਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਕਈ ਸਵਾਲ ਹਨ ਜੋ ਇਨ੍ਹਾਂ ਦੇ ਮਨ ਨੂੰ ਘਰਾਂ ਦੇ ਅੰਦਰ ਕੈਦ ਹੋਣ ਦੇ ਨਾਲ ਹੋਰ ਜ਼ਿਆਦਾ ਘੁਟਣ ਮਹਿਸੂਸ ਕਰਵਾਉਂਦੇ ਹਨ।

ਵਿਦਿਆਰਥੀ ਵਰਗ ਸਿੱਖਿਆ ਤਾਂ ਚਾਹੁੰਦਾ ਹੈ ਪਰ ਹਾਲਾਤ ਦੇ ਅੱਗੇ ਨਤਮਸਤਕ ਹੈ ਕਿਉਂਕਿ ਕੋਰੋਨਾ ਆਪਣੀ ਸਿਖਰ ਹੱਦ ਅਤੇ ਰਫਤਾਰ ਨਾਲ ਲੋਕਾਂ ਨੂੰ ਮੌਤ ਦਾ ਸ਼ਿਕਾਰ ਬਣਾਉਂਦਾ ਜਾ ਰਿਹਾ ਹੈ।

ਇਸ ਮਹਾਮਾਰੀ ਦੌਰਾਨ ਵਿਦਿਆਰਥੀਆਂ ਦੀ ਜ਼ਿੰਦਗੀ ਅਸਤ-ਵਿਅਸਤ ਜਿਹੀ ਹੁੰਦੀ ਜਾ ਰਹੀ ਹੈ। ਜਿੱਥੇ ਵਿਦਿਆਰਥੀ ਮਾਰਚ ਮਹੀਨੇ ’ਚ ਪ੍ਰੀਖਿਆਵਾਂ ’ਚ ਜੁਟੇ ਹੁੰਦੇ ਸਨ ਉੱਥੇ ਅੱਜ ਹਾਲਤ ਅਜਿਹੀ ਸ਼ਸ਼ੋਪੰਜ ਵਾਲੀ ਬਣ ਗਈ ਹੈ ਕਿ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ, ਇਸ ਸਥਿਤੀ ਨੂੰ ਲੈ ਕੇ ਵੀ ਵਿਦਿਆਰਥੀਆਂ ਦੀ ਜ਼ਿੰਦਗੀ ਤਣਾਅ ’ਚ ਘੁੱਟੀ ਜਾ ਰਹੀ ਹੈ।

ਘਰ ’ਚ ਬੈਠੇ ਵਿਦਿਆਰਥੀ ਇਹ ਨਹੀਂ ਸਮਝ ਪਾ ਰਹੇ ਹਨ ਕਿ ਇਹ ਮਹਾਮਾਰੀ ਕਦੋਂ ਖਤਮ ਹੋਵੇਗੀ ਅਤੇ ਕਦੋਂ ਉਨ੍ਹਾਂ ਦੀ ਜ਼ਿੰਦਗੀ ਅੱਗੇ ਦੀਆਂ ਪ੍ਰੀਖਿਆਵਾਂ ਲਈ ਸੁਖਦਾਈ ਹੋਵੇਗੀ। ਜਿਹੜੇ ਵਿਦਿਆਰਥੀਆਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਹੈ ਜਾਂ ਕਰਨੀ ਹੈ, ਉਹ ਵੀ ਦੋ ਸਾਲ ਪਿੱਛੇ ਚਲੇ ਗਏ ਹਨ। ਇਸ ਲਈ ਜਿੱਥੇ ਮਾਪੇ ਪ੍ਰੇਸ਼ਾਨ ਹਨ ਉੱਥੇ ਵਿਦਿਆਰਥੀ ਵੀ ਪ੍ਰੇਸ਼ਾਨੀ ’ਚ ਹਨ।

ਇਹੀ ਨਹੀਂ ਉਨ੍ਹਾਂ ਬੱਚਿਆਂ ਦਾ ਜਿਊਣਾ ਵੀ ਦੁੱਭਰ ਹੋ ਚੁੱਕਾ ਹੈ ਜੋ ਪਿਛਲੇ 2 ਸਾਲਾਂ ਤੋਂ ਸਕੂਲ ਦਾ ਮੂੰਹ ਵੀ ਨਹੀਂ ਦੇ ਸਕੇ ਅਤੇ ਘਰ ਦੇ ਵਿਹੜੇ ਅਤੇ ਛੱਤ ਦੇ ਹੇਠਾਂ ਮਜਬੂਰ ਹੋ ਕੇ ਹਰ ਰੋਜ਼ ਬਿਆਨ ਕਰਦੇ ਹਨ ਕਿ ਅਸੀਂ ਕਦੋਂ ਸਕੂਲ ਪਹੁੰਚਾਂਗੇ। ਇਨ੍ਹਾਂ ਨੰਨ੍ਹੇ-ਮੁੰਨੇ ਬੱਚਿਆਂ ਦਾ ਤਾਂ ਬੁਰਾ ਹਾਲ ਹੈ। ਜਿਨ੍ਹਾਂ ਨੇ ਪਹਿਲੀ ਜਮਾਤ ’ਚ ਦਾਖਲਾ ਲੈਣਾ ਸੀ ਉਹ ਘਰ ’ਚ ਕੈਦ ਹੋ ਚੁੱਕੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਬੱਚਿਆਂ ਦੀ ਜ਼ਿੰਦਗੀ ਇਨ੍ਹਾਂ ਪ੍ਰਤੀਕੂਲ ਹਾਲਤਾਂ ’ਚ ਅਜਿਹੀ ਬਣ ਜਾਵੇਗੀ ਕਿ ਉਹ ਘਰ ’ਚੋਂ ਨਿਕਲਣਾ ਪਸੰਦ ਨਹੀਂ ਕਰਨਗੇ।

ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਸੀਂ ਕੋਈ ਅਜਿਹੀ ਯੋਜਨਾ ਬਣਾਈਏ ਜੋ ਛੋਟੇ ਬੱਚੇ ਹਨ ਉਨ੍ਹਾਂ ਲਈ ਘਰ ’ਚ ਜਿੱਥੇ ਪੜ੍ਹਾਈ ਹੋਵੇ ਉੱਥੇ ਮਨੋਰੰਜਨ ਦੇ ਸਾਧਨ ਵੀ ਮੁਹੱਈਆ ਹੋਣ।

ਸਰਕਾਰਾਂ ਨੇ ਕਈ ਅਜਿਹੀਆਂ ਕੋਸ਼ਿਸ਼ਾਂ ਪਿਛਲੇ ਇਕ ਸਾਲ ਤੋਂ ਕੀਤੀਆਂ ਹਨ ਜਿਨ੍ਹਾਂ ਨਾਲ ਸਿੱਖਿਆ ਤੇ ਵਿਦਿਆਰਥੀ ਦਰਮਿਆਨ ਪੈਦਾ ਹੋਈ ਦੂਰੀ ਨੂੰ ਘਟਾਇਆ ਜਾ ਸਕਦਾ ਹੈ। ਭਾਵੇਂ ਉਹ ‘ਹਰ ਘਰ ਪਾਠਸ਼ਾਲਾ’ ਵਰਗੇ ਪ੍ਰੋਗਰਾਮ ਹੋਣ ਜਾਂ ਗੂਗਲ ਮੀਟ, ਜ਼ੂਮ ਮੀਟ ਪਲੇਟਫਾਰਮ ਰਾਹੀਂ ਕਲਾਸਾਂ ਲਗਾਉਣੀਆਂ ਹੋਣ। ਕਈ ਯਤਨ ਸਰਕਾਰਾਂ ਨੇ ਕੀਤੇ ਹਨ ਪਰ ਸਾਰੇ ਕੋਰੋਨਾ ਦੀ ਇਸ ਭਿਆਨਕ ਬੁੱਕਲ ’ਚ ਫਿੱਕੇ ਜਿਹੇ ਲੱਗਦੇ ਹਨ।

ਅੱਜ ਘਰਾਂ ’ਚ ਕੈਦ ਵਿਦਿਆਰਥੀ ਸਿਰ ’ਤੇ ਹੱਥ ਧਰ ਕੇ ਬੈਠਣ ਤੇ ਆਪਣੇ ਭਵਿੱਖ ਦੀ ਚਿੰਤਾ ਕਰਨ ਦੇ ਇਲਾਵਾ ਕਿਸੇ ਹੋਰ ਸਥਿਤੀ ’ਚ ਨਜ਼ਰ ਨਹੀਂ ਆ ਰਹੇ, ਜਿਵੇਂ ਮਾਨਸਿਕ ਦਬਾਅ, ਤਣਾਅ ਤੇ ਚਿੰਤਾ ਅਤੇ ਕੋਰੋਨਾ ਦੀ ਭਿਆਨਕ ਲਹਿਰ ਸਭ ਕੁਝ ਤਬਾਹ ਕਰਨ ਲਈ ਆਤੁਰ ਜਿਹੀ ਹੋਵੇ ਅਜਿਹਾ ਜਾਪਦਾ ਹੈ।

ਪਰ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਗੋਂ ਇਕ ਹਾਂਪੱਖੀ ਨਜ਼ਰੀਏ ਨਾਲ ਮਜ਼ਬੂਤ, ਦ੍ਰਿੜ੍ਹ ਇੱਛਾ ਬਣਾਈ ਰੱਖਦੇ ਹੋਏ ਇਸ ਬੁਰੇ ਸਮੇਂ ਤੋਂ ਪਾਰ ਪਾਉਣਾ ਹੈ। ਅੱਜ ਨਾ ਸਹੀ ਕੱਲ ਉਹ ਸਵੇਰਾ ਆਵੇਗਾ ਜਦੋਂ ਕੋਰੋਨਾ ਦਾ ਨਾਮੋ-ਨਿਸ਼ਾਨ ਦੇਸ਼ ’ਚੋਂ ਖਤਮ ਹੋਵੇਗਾ। ਇਹ ਵਕਤ ਹੀ ਹੈ, ਜੋ ਲੰਘ ਜਾਵੇਗਾ ਪਰ ਆਪਣੇ ਨਾਲ ਆਪਣੇ ਕੁਝ ਕਾਲੇ ਅਧਿਆਏ ਜ਼ਰੂਰ ਛੱਡ ਜਾਵੇਗਾ ਜਿਸ ਨਾਲ ਪੂਰੇ ਸਮਾਜ ਨੇ ਰਲ ਕੇ ਲੜਨਾ ਹੈ।

ਭਵਿੱਖ ਲਈ ਸਿੱਖਿਆ ਲੈਂਦੇ ਹੋਏ ਰਾਸ਼ਟਰ ਤੇ ਸਮਾਜ ਦੀ ਭਲਾਈ ਲਈ ਕੰਮ ਕਰਦੇ ਹੋਏ ਆਪਣਾ ਵਧੀਆ ਯੋਗਦਾਨ ਦਿੰਦੇ ਹੋਏ ਰਾਸ਼ਟਰ ਨਿਰਮਾਣ ਦੀ ਇਕ ਅਜਿਹੀ ਅਲਖ ਜਗਾਉਣੀ ਹੈ ਜਿਸ ਦੀ ਰੌਸ਼ਨੀ ਨਾਲ ਇਕ ਅਜਿਹਾ ਵਿਸ਼ਵ ਭਰ ’ਚ ਰਾਹ ਪੱਧਰਾ ਹੋ ਸਕੇ ਜਿਸ ਨਾਲ ਭਾਰਤ ਇਕ ਵਾਰ ਮੁੜ ‘‘ਵਿਸ਼ਵ ਗੁਰੂ-ਜਗਤ ਗੁਰੂ ਭਾਰਤ’’ ਅਖਵਾਵੇ।


Bharat Thapa

Content Editor

Related News