‘ਪੋਰਨ ਵੀਡੀਓ’ ਦੇਖ ਕੇ ਬੌਖਲਾ ਰਹੇ ਹਨ ਵਿਦਿਆਰਥੀ

Thursday, Sep 26, 2019 - 02:14 AM (IST)

‘ਪੋਰਨ ਵੀਡੀਓ’ ਦੇਖ ਕੇ ਬੌਖਲਾ ਰਹੇ ਹਨ ਵਿਦਿਆਰਥੀ

ਨੌਜਵਾਨ ਵਰਗ ’ਚ ਪੋਰਨ ਭਾਵ ਅਸ਼ਲੀਲ ਫਿਲਮਾਂ ਦੇਖਣ ਦੀ ਲਤ ਵਧਦੀ ਜਾ ਰਹੀ ਹੈ। ਚਾਹੇ ਉਹ ਵਿਦਿਆਰਥੀ ਹੋਣ ਜਾਂ ਕੰਮਕਾਜੀ ਵਰਗ ਦੇ ਲੋਕ, ਸਾਰਿਆਂ ’ਚ ਪੋਰਨ ਦੇਖਣ ਦਾ ਚਸਕਾ ਵਧਦਾ ਜਾ ਰਿਹਾ ਹੈ। ਮੁੰਬਈ ਦੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀ (ਮੁੰਡੇ ਤੇ ਕੁੜੀਆਂ) ਵੀ ਇਸ ਤੋਂ ਅਛੂਤੇ ਨਹੀਂ। ਮੁੰਬਈ ਦੀ ਇਕ ਚੈਰੀਟੇਬਲ ਸੰਸਥਾ ‘ਰੈਸਕਿਊ ਰਿਸਰਚ ਐਂਡ ਟ੍ਰੇਨਿੰਗ’ ਵਲੋਂ 30 ਜੂਨੀਅਰ ਤੇ ਡਿਗਰੀ ਕਾਲਜਾਂ ਦੇ 500 ਵਿਦਿਆਰਥੀਆਂ ’ਚ ਕੀਤੇ ਸਰਵੇਖਣ ਤੋਂ ਵਿਦਿਆਰਥੀਆਂ ਨੂੰ ਵਿਗਾੜਨ ਵਾਲੇ ਪੋਰਨ ਬਾਰੇ ਹੈਰਾਨੀਜਨਕ ਨਤੀਜੇ ਮਿਲੇ ਹਨ।

ਕਈ ਵਿਦਿਆਰਥੀਆਂ ਨੇ ਦੱਸਿਆ ਕਿ ਪੋਰਨ ਫਿਲਮ ਦੇਖ ਕੇ ਉਹ ਬੌਖਲਾ ਜਾਂਦੇ ਹਨ। ਕਈ ਤਾਂ ਆਪਣੀ ਗਰਲਫ੍ਰੈਂਡ ਨਾਲ ਅਤੇ ਕਈ ਸੈਕਸ ਵਰਕਰਾਂ ਨਾਲ ਪੋਰਨ ’ਚ ਦਿਖਾਏ ਗਏ ਗੈਰ-ਕੁਦਰਤੀ ਸੈਕਸ ਨੂੰ ਦੁਹਰਾਉਂਦੇ ਹਨ। ਵਿਦਿਆਰਥੀਆਂ ਨੇ ਇਹ ਵੀ ਮੰਨਿਆ ਕਿ ਹਿੰਸਕ ਪੋਰਨ ਦੇਖਣ ਤੋਂ ਬਾਅਦ ਉਨ੍ਹਾਂ ਦੇ ਮਨ ’ਚ ਉਹੀ ਦ੍ਰਿਸ਼ ਦੁਹਰਾਉਣ ਦੀ ਇੱਛਾ ਪੈਦਾ ਹੋ ਜਾਂਦੀ ਹੈ, ਮਿਸਾਲ ਵਜੋਂ ਰੇਪ।

ਰੈਸਕਿਊ ਰਿਸਰਚ ਐਂਡ ਟ੍ਰੇਨਿੰਗ ਚੈਰੀਟੇਬਲ ਟਰੱਸਟ ਦੇ ਸੀ. ਈ. ਓ. ਅਭਿਸ਼ੇਕ ਕਲਿਫੋਰਡ ਨੇ ਕਿਹਾ ਕਿ ਪੋਰਨ ਸਾਡੀ ਸੱਭਿਅਤਾ ਨਹੀਂ ਹੈ, ਪੋਰਨ ਫਿਲਮਾਂ ਸਾਡੀ ਪੀੜ੍ਹੀ ਨੂੰ ਬਰਬਾਦ ਕਰ ਰਹੀਆਂ ਹਨ। ਅਧਿਐਨ ਮੁਤਾਬਕ 40 ਫੀਸਦੀ ਵਿਦਿਆਰਥੀਆਂ ਵਲੋਂ ਹਫਤੇ ’ਚ ਔਸਤਨ 40 ਰੇਪ ਪੋਰਨ ਵੀਡੀਓ ਦੇਖੇ ਜਾਂਦੇ ਹਨ ਭਾਵ ਮੁੰਬਈ ਦੇ ਵਿਦਿਆਰਥੀ ਰੋਜ਼ਾਨਾ 2 ਮਿਲੀਅਨ ਪੋਰਨ ਵੀਡੀਓ ਦੇਖਦੇ ਹਨ।

ਘਾਤਕ ਨਤੀਜੇ

500 ਵਿਦਿਆਰਥੀਆਂ ’ਤੇ ਕੀਤੇ ਗਏ ਇਸ ਅਧਿਐਨ ’ਚ 16 ਤੋਂ 22 ਸਾਲ ਦੇ ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ’ਚ 188 ਮੁੰਡੇ ਤੇ 345 ਕੁੜੀਆਂ ਹਨ। ਪੋਰਨ ਦੇਖਣ ਦੇ ਕਈ ਘਾਤਕ ਨਤੀਜੇ ਸਾਹਮਣੇ ਆਏ ਹਨ। ਅਧਿਐਨ ਮੁਤਾਬਕ 33 ਫੀਸਦੀ ਮੁੰਡੇ ਤੇ 24 ਫੀਸਦੀ ਕੁੜੀਆਂ ਵਲੋਂ ‘ਸੈਕਸਟਿੰਗ’ ਕੀਤੀ ਜਾਂਦੀ ਹੈ ਭਾਵ ਬਿਹਤਰ ਅਤੇ ਜ਼ਿਆਦਾ ਲਗਾਅ ਲਈ ਉਹ ਇਕ-ਦੂਜੇ ਨੂੰ ਆਪਣੀਆਂ ਨੰਗੀਆਂ ਤਸਵੀਰਾਂ ਭੇਜਦੇ ਹਨ। 35 ਫੀਸਦੀ ਵਿਦਿਆਰਥੀ ਸੈਕਸ ਦਾ ਤਜਰਬਾ ਲੈ ਚੁੱਕੇ ਹਨ। ਕੁਝ ਅਧਿਆਪਕਾਂ ਨੇ ਇਹ ਵੀ ਕਿਹਾ ਹੈ ਕਿ 16 ਤੋਂ 17 ਸਾਲ ਦੇ ਵਿਦਿਆਰਥੀ ਸਰੀਰਕ ਸਬੰਧ ਬਣਾਉਣ ’ਚ ਸਰਗਰਮ ਹਨ।

ਅਨੈਤਿਕ ਸਬੰਧ ਬਣਾਉਣ ਤੋਂ ਬਾਅਦ ਗਰਭ ਨਿਰੋਧਕ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲਗਭਗ 10 ਫੀਸਦੀ ਕੁੜੀਆਂ ਕਾਲਜਾਂ ’ਚ ਹੀ ਗਰਭਵਤੀ ਹੋ ਜਾਂਦੀਆਂ ਹਨ ਤੇ ਕਈ ਵਾਰ ਉਨ੍ਹਾਂ ਨੂੰ ਗਰਭਪਾਤ ਕਰਵਾਉਣਾ ਪੈਂਦਾ ਹੈ।

ਗੈਰ-ਕੁਦਰਤੀ ਸੈਕਸ ਜਾਨ ਲਈ ਜੋਖਮ

‘ਰੈਸਕਿਊ’ ਮੁਤਾਬਕ 56 ਫੀਸਦੀ ਪੋਰਨ ਵੈੱਬਸਾਈਟ ’ਤੇ ਗੈਰ-ਕੁਦਰਤੀ ਸੈਕਸ ਕੰਟੈਂਟ ਪਾਏ ਜਾਂਦੇ ਹਨ ਅਤੇ 67 ਫੀਸਦੀ ਮੁੰਡਿਆਂ ਦਾ ਕਹਿਣਾ ਹੈ ਕਿ ਪੋਰਨ ਦੇਖਣ ਤੋਂ ਬਾਅਦ ਉਹ ਵੀ ਗੈਰ-ਕੁਦਰਤੀ ਸੈਕਸ ਲਈ ਪ੍ਰੇਰਿਤ ਹੁੰਦੇ ਹਨ। ਇਸ ਢੰਗ ਨਾਲ ਸੈਕਸ ਕਰਨ ਵਾਲਿਆਂ ’ਚ ਐੱਚ. ਆਈ. ਵੀ. ਅਤੇ ਯੌਨ ਰੋਗ ਹੋਣ ਦਾ ਖਤਰਾ 100 ਗੁਣਾ ਵਧ ਜਾਂਦਾ ਹੈ। ਇਸ ਨਾਲ ਆਦਮੀ ਦੀ ਉਮਰ ਵੀ 14 ਤੋਂ 20 ਸਾਲ ਘਟ ਜਾਂਦੀ ਹੈ ਭਾਵ ਕੁਲ ਮਿਲਾ ਕੇ ਗੈਰ-ਕੁਦਰਤੀ ਸੈਕਸ ਜਾਨ ਲਈ ਜੋਖਮ ਹੀ ਹੈ।

ਸੈਕਸ ਲਈ ਰੈੱਡ ਲਾਈਟ ਏਰੀਏ ’ਚ ਪਹੁੰਚੇ ਵਿਦਿਆਰਥੀ

ਅਧਿਐਨ ਮੁਤਾਬਕ 59 ਫੀਸਦੀ ਵਿਦਿਆਰਥੀਆਂ ਨੇ ਮੰਨਿਆ ਕਿ ਪੋਰਨ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਦੇਹ ਵਪਾਰ ਕਰਨ ਵਾਲੀਆਂ ਕੁੜੀਆਂ ਨਾਲ ਸਬੰਧ ਬਣਾਉਣ ਦੀ ਇੱਛਾ ਹੁੰਦੀ ਹੈ ਤੇ 26 ਫੀਸਦੀ ਵਿਦਿਆਰਥੀਆਂ ਨੇ ਪੈਸੇ ਖਰਚ ਕਰ ਕੇ ਸੈਕਸ ਕਰਨ ਲਈ ਰੈੱਡ ਲਾਈਟ ਏਰੀਏ ’ਚ ਜਾਣ ਦੀ ਗੱਲ ਕਬੂਲੀ। ਇਸ ਪਿੱਛੇ ਵਜ੍ਹਾ ਇਹ ਹੈ ਕਿ ਜਦੋਂ ਉਨ੍ਹਾਂ ਨੂੰ ਗੈਰ-ਕੁਦਰਤੀ ਸੈਕਸ ਦੀ ਸਹੂਲਤ ਨਹੀਂ ਮਿਲਦੀ ਤਾਂ ਉਹ ਪੈਸੇ ਦੇ ਕੇ ਵੇਸਵਾਵਾਂ ਕੋਲ ਜਾਂਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਗਰੀਬ ਘਰ ਦੀਆਂ 8 ’ਚੋਂ 1 ਵਿਦਿਆਰਥਣ ਨੇ ਪੈਸਿਆਂ ਲਈ ਸੈਕਸ ਕਰਨ ਦੀ ਗੱਲ ਕਬੂਲੀ ਹੈ।

ਕਿਵੇਂ ਬਚਿਆ ਜਾਵੇ?

‘ਰੈਸਕਿਊ’ ਵਲੋਂ ਕਾਲਜਾਂ ’ਚ 130 ਸਾਈਬਰ ਐਥਿਕ ਸੈਮੀਨਾਰ ਲਾਏ ਗਏ। ਵਿਦਿਆਰਥੀਆਂ ਨੂੰ ਯੂਥ ਰਿਲੇਸ਼ਨਸ਼ਿਪ ’ਤੇ ਸਿੱਖਿਆ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਕਾਨੂੰਨ ’ਚ ਸਖਤੀ ਹੋਣੀ ਜ਼ਰੂਰੀ ਹੈ। ਸਰਕਾਰ ਦੇ ਫੈਸਲੇ ਤੋਂ ਬਾਅਦ ਮੋਬਾਇਲ ਇੰਟਰਨੈੱਟ ਰਾਹੀਂ ਪੋਰਨ ਵੈੱਬਸਾਈਟ ਨਹੀਂ ਖੁੱਲ੍ਹ ਸਕਦੀਆਂ ਪਰ ਵਾਈ-ਫਾਈ ਦੇ ਜ਼ਰੀਏ ਅਜੇ ਵੀ ਪੋਰਨ ਐਕਸੈੱਸ ਸੰਭਵ ਹੈ, ਜਿਸ ਨੂੰ ਰੋਕਣ ਲਈ ਸਰਕਾਰ ਨੂੰ ਹੋਰ ਸਖਤ ਕਦਮ ਚੁੱਕਣੇ ਚਾਹੀਦੇ ਹਨ।

ਕਿਤੇ ਤੁਸੀਂ ਪੋਰਨ ਅਡਿਕਟ ਤਾਂ ਨਹੀਂ?

ਡਾ. ਸਾਗਰ ਦਾ ਕਹਿਣਾ ਹੈ ਕਿ ਜੇ ਕੋਈ ਆਦਮੀ ਇਕ ਹਫਤੇ ’ਚ 12 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਪੋਰਨ ਵੀਡੀਓ ਦੇਖਣ ’ਚ ਬਿਤਾਉਂਦਾ ਹੈ ਤਾਂ ਸਮਝੋ Àਉਹ ਪੋਰਨ ਅਡਿਕਟ ਹੋ ਸਕਦਾ ਹੈ। ਜੇ ਤੁਹਾਨੂੰ ਆਪਣੇ ਪਾਰਟਨਰ ਨਾਲ ਆਮ ਸੈਕਸ ਕਰਨ ’ਚ ਮੁਸ਼ਕਲ ਆਉਂਦੀ ਹੈ ਜਾਂ ਫਿਰ ਤੁਸੀਂ ਦੋਸਤਾਂ, ਘਰਵਾਲਿਆਂ ਨਾਲ ਸਮਾਂ ਬਿਤਾਉਣ ਦੀ ਬਜਾਏ ਪੋਰਨ ਦੇਖਣਾ ਪਸੰਦ ਕਰਦੇ ਹੋ ਤਾਂ ਵੀ ਤੁਸੀਂ ਪੋਰਨ ਅਡਿਕਟ ਹੋ ਸਕਦੇ ਹੋ।

ਡਾ. ਯੂਸਫ ਮਾਚਿਸਵਾਲਾ ਦਾ ਕਹਿਣਾ ਹੈ ਕਿ ਨੌਜਵਾਨਾਂ ’ਚ ਪੋਰਨ ਦਾ ਕ੍ਰੇਜ਼ ਕਾਫੀ ਹੈ। ਪੋਰਨ ਦੀ ਇਸ ਲਤ ਕਾਰਨ ਨੌਜਵਾਨ ਸਹੀ ਢੰਗ ਨਾਲ ਸੌਂ ਨਹੀਂ ਸਕਦੇ, ਪੜ੍ਹਾਈ ਨਹੀਂ ਕਰ ਸਕਦੇ ਤੇ ਨਿੱਤ ਦੇ ਕੰਮ ਵੀ ਠੀਕ ਢੰਗ ਨਾਲ ਨਹੀਂ ਕਰ ਸਕਦੇ। ਇਨ੍ਹਾਂ ‘ਮਰੀਜ਼ਾਂ’ ਦੀ ਬਾਅਦ ’ਚ ਕੌਂਸਲਿੰਗ ਕੀਤੀ ਜਾਂਦੀ ਹੈ ਤੇ ਦਵਾਈ ਵਜੋਂ ਐਂਟੀ ਡਿਪ੍ਰੈਸ਼ਨ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਸਰਤ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। (ਸਾ.)


author

Bharat Thapa

Content Editor

Related News