ਚੀਨ ਦਾ ਅਜੀਬ ਕਾਨੂੰਨ, ਬੱਚਿਆਂ ਦੇ ਸਕੂਲ ''ਚ ਸੌਣ ''ਤੇ ਵਸੂਲੇ ਜਾਣਗੇ 200 ਯੂਆਨ
Wednesday, Sep 13, 2023 - 01:51 PM (IST)
ਚੀਨ ’ਚ ਆਰਥਿਕ ਹਾਲਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਵੇਗਾ ਕਿ ਚੀਨ ਸਰਕਾਰ ਹੁਣ ਆਪਣੀ ਜਨਤਾ ਕੋਲੋਂ ਪੈਸਾ ਵਸੂਲਣ ਲਈ ਕਰੂਰਤਾ ਦੀ ਹੱਦ ਤਕ ਜਾ ਪੁੱਜੀ ਹੈ। ਕਵਾਂਗਤੁੰਗ ਸੂਬੇ ਦੇ ਤੁੰਗਵਾਨ ਸ਼ਹਿਰ ਤੋਂ ਖਬਰ ਆ ਰਹੀ ਹੈ ਕਿ ਉੱਥੇ ਇਕ ਸਕੂਲ ਨੇ ਬੱਚਿਆਂ ਕੋਲੋਂ ਦੁਪਹਿਰ ਦਾ ਖਾਣਾ ਖਾਣ ਪਿੱਛੋਂ ਆਪਣੇ ਡੈਸਕ ’ਤੇ ਸਿਰ ਰੱਖ ਕੇ ਸੌਣ ਲਈ 200 ਯੂਆਨ ਵਸੂਲਣਾ ਸ਼ੁਰੂ ਕਰ ਦਿੱਤਾ ਹੈ।
ਚੀਨ ’ਚ ਸਕੂਲ ਦੇ ਨਿਯਮਾਂ ’ਚ ਇਹ ਗੱਲ ਸ਼ਾਮਲ ਹੈ ਕਿ ਦੁਪਹਿਰ ਦੇ ਖਾਣੇ ਪਿੱਛੋਂ ਬੱਚਿਆਂ ਨੂੰ ਥੋੜ੍ਹੀ ਦੇਰ ਸਕੂਲ ’ਚ ਸੌਣ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਦਿਮਾਗ ਤਰੋਤਾਜ਼ਾ ਰਹੇ ਅਤੇ ਉਹ ਮਨ ਲਾ ਕੇ ਪੜ੍ਹਾਈ ਕਰ ਸਕਣ। ਸਕੂਲ ਵੱਲੋਂ ਬੱਚਿਆਂ ਦੇ ਸੌਣ ’ਤੇ ਪੈਸੇ ਵਸੂਲੇ ਜਾਣ ਦੀ ਗੱਲ ਨੂੰ ਲੈ ਕੇ ਪੂਰੇ ਚੀਨ ਦੇ ਨੈਟੀਜ਼ਨਾਂ (ਸੋਸ਼ਲ ਮੀਡੀਆ ’ਤੇ ਸਰਗਰਮ ਲੋਕ) ’ਚ ਚਰਚਾ ਗਰਮ ਹੈ ਅਤੇ ਲੋਕ ਇਸ ਨੂੰ ਲੈ ਕੇ ਚੀਨ ਸਰਕਾਰ ਦੀ ਬਹੁਤ ਆਲੋਚਨਾ ਕਰ ਰਹੇ ਹਨ। ਚੀਨ ਦੀ ਆਰਥਿਕ ਹਾਲਤ ਖਰਾਬ ਹੈ, ਇਹ ਗੱਲ ਦੁਨੀਆ ਜਾਣਦੀ ਹੈ ਪਰ ਚੀਨ ਸਰਕਾਰ ਧਨ ਉਗਰਾਹੀ ਲਈ ਇਸ ਹੱਦ ਤਕ ਡਿੱਗ ਜਾਵੇਗੀ, ਇਹ ਗੱਲ ਕਿਸੇ ਨੂੰ ਨਹੀਂ ਪਤਾ ਸੀ।
ਚੀਨ ਦੇ ਪੱਕੇ ਦੋਸਤ ਪਾਕਿਸਤਾਨ ਦੀ ਹਾਲਤ ਵੀ ਇਨ੍ਹੀਂ ਦਿਨੀਂ ਚੀਨ ਵਰਗੀ ਹੀ ਹੈ ਅਤੇ ਉੱਥੇ ਵੀ ਲੋਕਾਂ ਕੋਲੋਂ ਕਈ ਤਰੀਕਿਆਂ ਨਾਲ ਪੈਸੇ ਵਸੂਲੇ ਜਾ ਰਹੇ ਹਨ। ਇਨ੍ਹੀਂ ਦਿਨੀਂ ਉੱਥੇ ਘਰਾਂ ਦੀ ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਆ ਰਿਹਾ ਹੈ ਕਿ ਆਮ ਆਦਮੀ ਅਚੰਭੇ ’ਚ ਹੈ। ਜਿਨ੍ਹਾਂ ਲੋਕਾਂ ਦਾ ਇਕ ਮਹੀਨੇ ਦਾ ਬਿਜਲੀ ਬਿੱਲ 4 ਤੋਂ 5 ਹਜ਼ਾਰ ਰੁਪਏ ਆਉਂਦਾ ਸੀ, ਅੱਜ ਉਨ੍ਹਾਂ ਦਾ ਬਿੱਲ 32 ਹਜ਼ਾਰ, 40 ਹਜ਼ਾਰ ਅਤੇ 57 ਹਜ਼ਾਰ ਆ ਰਿਹਾ ਹੈ।
ਪਾਕਿਸਤਾਨ ਸਰਕਾਰ ਕੋਲੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣੀ ਜਨਤਾ ਕੋਲੋਂ ਪੈਸੇ ਵਸੂਲਣ ਲਈ ਇੰਨਾ ਹੇਠਾਂ ਡਿੱਗ ਜਾਵੇਗੀ ਕਿਉਂਕਿ ਪਾਕਿਸਤਾਨ ਸਰਕਾਰ ਕੋਲੋਂ ਫਾਰੈਕਸ ਰਿਜ਼ਰਵ ਵੀ ਨਹੀਂ ਬਚੇ ਪਰ ਚੀਨ ਸਰਕਾਰ ਅਜਿਹਾ ਕਰੇਗੀ, ਕੋਈ ਸੋਚ ਵੀ ਨਹੀਂ ਸਕਦਾ। ਦੱਖਣੀ ਚੀਨ ਦੇ ਕਵਾਂਗਤੁੰਗ ਸੂਬੇ ਦੇ ਤੁੰਗਵਾਨ ਸ਼ਹਿਰ ਦੀ ਇਸ ਘਟਨਾ ਨੂੰ ਮੀਡੀਆ ਨੇ ਵੀ ਪ੍ਰਮੁੱਖਤਾ ਦਿੱਤੀ ਹੈ।
ਮੀਡੀਆ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ’ਚ ਖੁਦ ਸਕੂਲ ਪ੍ਰਸ਼ਾਸਨ ਨੇ ਇਸ ਖਬਰ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨਵਾਂ ਫੀਸ ਸਲੈਬ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਵਸੂਲਿਆ ਜਾ ਰਿਹਾ ਹੈ, ਜਿਸ ਨੂੰ ਇਸ ਸਾਲ ਮਾਰਚ ’ਚ ਤੈਅ ਕੀਤਾ ਗਿਆ ਸੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਕਿਸੇ ਦੇ ਮਨ ’ਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਇਹ ਸਕੂਲ ਦੀ ਮਨਮਰਜ਼ੀ ਹੈ ਤਾਂ ਇਸ ਦਾ ਹੱਲ ਹੋ ਚੁੱਕਾ ਹੈ ਅਤੇ ਉਹੀ ਨੈਟੀਜ਼ਨ ਸਕੂਲ ਦੇ ਨਾਲ-ਨਾਲ ਸਰਕਾਰ ਦੀਆਂ ਨੀਤੀਆਂ ਦੀ ਜੰਮ ਕੇ ਆਲੋਚਨਾ ਕਰ ਰਹੇ ਹਨ।
ਇਸ ਨਵੇਂ ਫੀਸ ਸਲੈਬ ਨਾਲ ਬੱਚਿਆਂ ਨੂੰ ਦੋ ਬਦਲ ਦਿੱਤੇ ਗਏ ਹਨ ਕਿ ਜਾਂ ਤਾਂ ਫੀਸ ਦਿਓ ਜਾਂ ਫਿਰ ਖਾਣੇ ਦੀ ਛੁੱਟੀ ਦੌਰਾਨ ਘਰ ਚਲੇ ਜਾਓ। ਇਸ ਤਰ੍ਹਾਂ ਦਾ ਸਰਕੂਲਰ ਬੱਚਿਆਂ ਦੇ ਮਾਪਿਆਂ ਨੂੰ ਭੇਜਿਆ ਗਿਆ ਹੈ ਪਰ ਅੱਗੇ ਗੱਲ ਵਧਦੀ ਦੇਖ ਮਿਊਂਸੀਪਲ ਕਾਰਪੋਰੇਸ਼ਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਤੋਂ ਇਹ ਪਤਾ ਲਾਇਆ ਜਾ ਸਕੇ ਕਿ ਇਹ ਫੀਸ ਸਲੈਬ ਕਿੰਨਾ ਤਰਕਸੰਗਤ ਹੈ। ਤੁੰਗਵਾਨ ਸ਼ਹਿਰ ਦੇ ਡਿਵੈਲਪਮੈਂਟ ਰਿਫਾਰਮ ਬਿਊਰੋ ਸਟਾਫ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ’ਚ ਸਕੂਲ ਨੇ ਜੋ ਫੀਸ ਵਧਾਈ ਹੈ, ਉਹ ਸਹੀ ਹੈ।
ਉਨ੍ਹਾਂ ਨੇ ਆਪਣੇ ਤਰਕ ਦੀ ਸਫਾਈ ’ਚ ਕਿਹਾ ਕਿ ਲੰਚ ਟਾਈਮ ’ਚ ਬੱਚਿਆਂ ਦੇ ਸਕੂਲ ’ਚ ਸੌਣ ਦੀ ਜੋ ਫੀਸ ਲਈ ਜਾ ਰਹੀ ਹੈ, ਉਹ ਦਰਅਸਲ ਉਨ੍ਹਾਂ ਬੱਚਿਆਂ ਨੂੰ ਸੁਪਰਵਾਈਜ਼ ਕਰਨ ਦੀ ਕੀਮਤ ਵਸੂਲੀ ਜਾ ਰਹੀ ਹੈ ਜੋ ਕਾਨੂੰਨੀ ਤੌਰ ’ਤੇ ਸਹੀ ਹੈ।
ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਰੌਲਾ-ਰੱਪਾ ਪੈਣਾ ਸ਼ੁਰੂ ਹੋ ਗਿਆ ਹੈ। ਕੁਝ ਨੈਟੀਜ਼ਨਾਂ ਨੇ ਕਿਹਾ ਕਿ ਹੁਣ ਬੱਚਿਆਂ ਕੋਲੋਂ ਸਕੂਲ ’ਚ ਸਾਹ ਲੈਣ ਦੇ ਪੈਸੇ ਵੀ ਚਾਰਜ ਕੀਤੇ ਜਾਣਗੇ। ਕੁਝ ਦੂਸਰੇ ਨੈਟੀਜ਼ਨਾਂ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ, ਜੇ ਬੱਚੇ ਸਕੂਲ ਦੇ ਗਲਿਆਰੇ ’ਚ ਖੜ੍ਹੇ ਹਨ ਤਾਂ ਉਨ੍ਹਾਂ ਕੋਲੋਂ ਉਸ ਗੱਲ ਦੇ ਵੀ ਪੈਸੇ ਵਸੂਲੇ ਜਾਣਗੇ। ਕੁਝ ਨੇ ਵਿਅੰਗ ਕਰਦਿਆਂ ਲਿਖਿਆ ਕਿ ਹੁਣ ਤੁਹਾਨੂੰ ਸਕੂਲ ’ਚ ਸੌਣ ਲਈ ਪੈਸੇ ਦੇਣੇ ਪੈਣਗੇ। ਇੱਥੋਂ ਤੱਕ ਕਿ ਆਉਣ ਵਾਲੇ ਦਿਨਾਂ ’ਚ ਸਕੂਲ ਦੇ ਟਾਇਲਟ ਇਸਤੇਮਾਲ ਕਰਨ ’ਤੇ ਵੀ ਤੁਹਾਡੇ ਕੋਲੋਂ ਪੈਸੇ ਦੀ ਵਸੂਲੀ ਹੋਵੇਗੀ।
ਹਾਲੀਆ ਸਾਲਾਂ ’ਚ ਚੀਨ ਸਾਹਮਣੇ ਵਿੱਤੀ ਚੁਣੌਤੀਆਂ ਵਧੀਆਂ ਹਨ, ਇਸ ਨਾਲ ਨਾ ਸਿਰਫ ਸੀ. ਪੀ. ਸੀ. ਬਲਕਿ ਸਕੂਲਾਂ ’ਚ ਬੱਚਿਆਂ ਨੂੰ ਦਾਖਲਾ ਨਾ ਲੈਣ ਕਾਰਨ ਸਕੂਲਾਂ ਕੋਲ ਆਪਣੀ ਮੈਨੇਜਮੈਂਟ ਚਲਾਉਣ ਦੇ ਪੈਸੇ ਵੀ ਨਹੀਂ ਬਚੇ। ਇਸ ਕਾਰਨ ਚੀਨ ਦੇ ਕਈ ਸ਼ਹਿਰਾਂ ’ਚ ਪ੍ਰਾਈਵੇਟ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਬੰਦ ਹੋ ਚੁੱਕੇ ਹਨ।
ਇਸ ਵਿੱਤੀ ਪ੍ਰੇਸ਼ਾਨੀ ਕਾਰਨ ਕਈ ਸਰਕਾਰੀ ਸਕੂਲਾਂ ’ਤੇ ਵੀ ਬੁਰਾ ਅਸਰ ਪਿਆ ਹੈ ਤੇ ਉਨ੍ਹਾਂ ਕੋਲ ਵੀ ਕੋਈ ਫੰਡ ਨਹੀਂ ਬਚੇ, ਜਿਸ ਨਾਲ ਉਹ ਆਪਣਾ ਪ੍ਰਬੰਧ ਚਲਾ ਸਕਣ। ਇਹੀ ਉਹ ਕਾਰਨ ਹੈ ਜੋ ਚੀਨ ’ਚ ਹੁਣ ਸਕੂਲਾਂ ਦੇ ਬੱਚਿਆਂ ਤਕ ਕੋਲੋਂ ਮਨਮਰਜ਼ੀ ਦੇ ਢੰਗ ਨਾਲ ਪੈਸੇ ਵਸੂਲੇ ਜਾ ਰਹੇ ਹਨ ਅਤੇ ਬੱਚਿਆਂ ਦੇ ਮਾਪਿਆਂ ਕੋਲ ਕੋਈ ਚਾਰਾ ਨਹੀਂ ਬਚਿਆ। ਜੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਕੂਲ ’ਚ ਪੜ੍ਹਾਉਣਾ ਹੈ ਤਾਂ ਉਨ੍ਹਾਂ ਨੂੰ ਇਹ ਪੈਸਾ ਦੇਣਾ ਜ਼ਰੂਰੀ ਹੈ।