ਮੋਹਨ ਭਾਗਵਤ ਦੇ ਬਿਆਨਾਂ ਨੂੰ ਕਿਵੇਂ ਦੇਖੀਏ

06/15/2024 5:27:10 PM

ਸੰਘ ਮੁਖੀ ਡਾ. ਮੋਹਨ ਭਾਗਵਤ ਦੇ ਭਾਸ਼ਣ ’ਤੇ ਜ਼ਬਰਦਸਤ ਬਹਿਸ ਚੱਲ ਰਹੀ ਹੈ। ਉਂਝ ਤਾਂ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਸੀਨੀਅਰ ਅਧਿਕਾਰੀਆਂ ਦੇ ਭਾਸ਼ਣ ਅਤੇ ਬਿਆਨਾਂ ’ਤੇ ਮੀਡੀਆ, ਵਿਸ਼ਲੇਸ਼ਕਾਂ ਅਤੇ ਸਮਰਥਕਾਂ ਦੇ ਇਲਾਵਾ ਵਿਰੋਧੀਆਂ ਦੀ ਵੀ ਤਿੱਖੀ ਨਜ਼ਰ ਰਹਿੰਦੀ ਹੈ। ਸੰਘ ਮੁਖੀ ਦੇ 2 ਭਾਸ਼ਣ ਸਾਲ ’ਚ ਸਭ ਤੋਂ ਵੱਧ ਮਹੱਤਵਪੂਰਨ ਹੁੰਦੇ ਹਨ ਅਤੇ ਉਨ੍ਹਾਂ ਤੋਂ ਭਵਿੱਖ ਦੀ ਦਿਸ਼ਾ ਮਿਲਦੀ ਹੈ-ਦੁਸਹਿਰਾ ਮਹਾਉਤਸਵ ਅਤੇ ਦੂਜਾ ਨਾਗਪੁਰ ’ਚ ਆਯੋਜਿਤ ਤਿੰਨ ਸਾਲਾ ਵਰਕਰ ਸਿਖਲਾਈ ਕੈਂਪ ਦੀ ਸਮਾਪਤੀ ’ਤੇ ਦਿੱਤਾ ਗਿਆ ਭਾਸ਼ਣ। ਮੌਜੂਦਾ ਭਾਸ਼ਣ ਵੀ ਵਰਕਰ ਵਿਕਾਸ ਵਰਗ ਦੇ ਸਮਾਪਤੀ ਸਮਾਗਮ ਦਾ ਹੀ ਹੈ।

ਨਿਰਪੱਖਤਾ ਨਾਲ ਕੋਈ ਉਨ੍ਹਾਂ ਦੇ ਪੂਰੇ ਭਾਸ਼ਣ ਨੂੰ ਸੁਣੇਗਾ ਤਾਂ ਉਸ ਦਾ ਉਹ ਅਰਥ ਨਹੀਂ ਨਿਕਲੇਗਾ ਜੋ ਮੁੱਖ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਛਾਇਆ ਹੋਇਆ ਹੈ। ਸਾਰਿਆਂ ਦਾ ਸਿੱਟਾ ਇਕ ਹੀ ਹੈ ਕਿ ਡਾ. ਭਾਗਵਤ ਨੇ ਭਾਜਪਾ ਦੇ ਬਹੁਮਤ ਹਾਸਲ ਨਾ ਕਰ ਸਕਣ ਨੂੰ ਲੈ ਕੇ ਹੀ ਆਪਣੀ ਟਿੱਪਣੀ ਕੀਤੀ ਹੈ ਅਤੇ ਉਸ ਨੂੰ ਯਾਦ ਕਰਵਾਇਆ ਹੈ। ਉਸ ’ਚ ਭਾਵੇਂ ਹੰਕਾਰ ਦੀ ਗੱਲ ਹੋਵੇ, ਮਿਲ ਕੇ ਚੱਲਣ ਦੀ, ਸੱਚ ਬੋਲਣ ਦੀ ਸਵੈ-ਪੜਚੋਲ ਸਭ ਸਿਰਫ ਨਰਿੰਦਰ ਮੋਦੀ ਅਤੇ ਭਾਜਪਾ ਲਈ ਹੈ। ਸਵਾਲ ਹੈ ਕਿ ਕੀ ਸੰਘ ਅਤੇ ਭਾਜਪਾ ਦੇ ਸਬੰਧ ਅਜਿਹੇ ਹੋ ਗਏ ਹਨ ਕਿ ਸੰਘ ਮੁਖੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਨੂੰ ਕੁਝ ਕਹਿਣਾ ਹੋਵੇ ਤਾਂ ਜਨਤਕ ਭਾਸ਼ਣ ’ਚ ਬੋਲਣਗੇ ਅਤੇ ਉਹ ਵੀ ਵਰਕਰ ਵਿਕਾਸ ਵਰਗ ਦੇ ਕੈਂਪ ਦੀ ਸਮਾਪਤੀ ’ਚ, ਜਦਕਿ ਸਿਖਲਾਈ ਦੇ ਬਾਅਦ ਸਵੈਮਸੇਵਕਾਂ ਨੂੰ ਹਾਂ-ਪੱਖੀ ਭਾਵ ’ਚੋਂ ਨਿਕਲ ਕੇ ਦੇਸ਼ ਲਈ ਕੰਮ ਕਰਨ ਦੀ ਪ੍ਰੇਰਣਾ ਦੇਣੀ ਹੁੰਦੀ ਹੈ।

ਦੂਜਾ, ਜੇਕਰ ਇਹ ਗੱਲਾਂ ਸਿਰਫ ਸਰਕਾਰ ਲਈ ਹਨ ਤਾਂ ਵਿਰੋਧੀ ਧਿਰ ਲਈ ਕਿਉਂ ਨਹੀਂ? ਚੋਣਾਂ ਹੋਣ, ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਕਈ ਮੁੱਦਿਆਂ ’ਤੇ ਹੋੜ ਚੱਲ ਰਹੀ ਹੋਵੇ, ਸਰਕਾਰ ਗਠਿਤ ਹੋਈ ਹੋਵੇ ਅਤੇ ਸੰਘ ਮੁਖੀ ਉਸ ਦੀ ਹਰ ਤਰ੍ਹਾਂ ਅਣਦੇਖੀ ਕਰ ਦੇਣ ਇਹ ਨਹੀਂ ਹੋ ਸਕਦਾ ਪਰ ਜਿਹੜੇ ਲੋਕਾਂ ਨੇ ਨਿਰਪੱਖਤਾ ਨਾਲ ਸੰਘ ਨੂੰ ਸਮਝਿਆ ਹੈ, ਅਧਿਐਨ ਕੀਤਾ ਹੈ ਉਹ ਇਨ੍ਹਾਂ ਵਧੇਰੇ ਟਿੱਪਣੀਆਂ ਨਾਲ ਸਹਿਮਤ ਨਹੀਂ ਹੋ ਸਕਦੇ। ਤਾਂ ਫਿਰ ਕੀ ਹੋਣਗੇ ਡਾ. ਮੋਹਨ ਭਾਗਵਤ ਦੇ ਬਿਆਨਾਂ ਦੇ ਅਰਥ?

ਜਿਹੜੀਆਂ ਸਤਰਾਂ ਨੂੰ ਬਹਿਸ ਦਾ ਆਧਾਰ ਬਣਾਇਆ ਗਿਆ ਹੈ ਉਨ੍ਹਾਂ ’ਚ ਪਹਿਲਾ ਹੈ ਚੋਣ। ਉਹ ਕਹਿੰਦੇ ਹਨ ਕਿ ਚੋਣਾਂ ਸੰਪੰਨ ਹੋਈਆਂ ਹਨ। ਉਨ੍ਹਾਂ ਦੇ ਨਤੀਜੇ ਵੀ ਆਏ ਹਨ ਅਤੇ ਸਰਕਾਰ ਵੀ ਬਣ ਗਈ ਹੈ। ਇਹ ਆਪਣੇ ਦੇਸ਼ ਦੇ ਪ੍ਰਜਾਤੰਤਰੀ ਤੰਤਰ ’ਚ ਹਰੇਕ 5 ਸਾਲਾਂ ’ਚ ਹੋਣ ਵਾਲੀ ਘਟਨਾ ਹੈ। ਆਪਣੇ ਦੇਸ਼ ਦੇ ਸੰਚਾਲਨ ਲਈ ਕੁਝ ਨਿਰਧਾਰਨ ਕਰਨ ਵਾਲਾ ਉਹ ਪ੍ਰਸੰਗ ਹੈ, ਇਸ ਲਈ ਮਹੱਤਵਪੂਰਨ ਹੈ ਪਰ ਇੰਨਾ ਮਹੱਤਵਪੂਰਨ ਕਿਉਂ ਹੈ? ਸਮਾਜ ਨੇ ਆਪਣੀ ਵੋਟ ਦੇ ਦਿੱਤੀ, ਉਸ ਦੇ ਅਨੁਸਾਰ ਸਭ ਹੋਵੇਗਾ।

ਧਿਆਨ ਰੱਖੋ ਇਸੇ ’ਚ ਉਹ ਕਹਿੰਦੇ ਹਨ ਕਿ ਕਿਉਂ, ਕਿਵੇਂ, ਇਸ ’ਚ ਸੰਘ ਦੇ ਸਾਡੇ ਲੋਕ ਨਹੀਂ ਪੈਂਦੇ। ਅਸੀਂ ਲੋਕਮਤ ਸੂਝ ਦਾ ਆਪਣਾ ਫਰਜ਼ ਨਿਭਾਉਂਦੇ ਰਹਿੰਦੇ ਹਾਂ। ਹਰ ਚੋਣ ਕਰਦੇ ਹਾਂ। ਇਸ ਵਾਰ ਵੀ ਕੀਤੀ ਹੈ। ਇਨ੍ਹਾਂ ਸਤਰਾਂ ਨੂੰ ਕੋਈ ਪ੍ਰਗਟ ਨਹੀਂ ਕਰਦਾ ਜਦਕਿ ਸੰਘ ਅਤੇ ਉਸ ਦੇ ਸਾਰੇ ਸੰਗਠਨਾਂ ’ਚ ਕੰਮ ਕਰਨ ਵਾਲੇ ਸਵੈਮਸੇਵਕਾਂ ਅਤੇ ਸਮਾਜ ਲਈ ਉਨ੍ਹਾਂ ਦਾ ਪੱਖ ਇਹੀ ਹੈ।

ਅੱਗੇ ਉਹ ਕਹਿੰਦੇ ਹਨ-ਕੱਲ ਹੀ ਸਤਿਕਾਰਯੋਗ ਸੱਤਿਆਪ੍ਰਕਾਸ਼ ਜੀ ਮਹਾਰਾਜ ਨੇ ਸਾਨੂੰ ਕਬੀਰ ਜੀ ਦਾ ਇਕ ਵਚਨ ਦੱਸਿਆ। ਕਬੀਰ ਜੀ ਕਹਿੰਦੇ ਹਨ-

‘ਨਿਰਬੰਧਾ ਬੰਧਾ ਰਹੇ ਬੰਧਾ ਨਿਰਬੰਧਾ ਹੋਈ

ਕਰਮ ਕਰੇ ਕਰਤਾ ਨਹੀਂ ਦਾਸ ਕਹਾਇ ਸੋਈ’।

ਜੋ ਸੇਵਾ ਕਰਦਾ ਹੈ ਉਹ ਅਸਲੀ ਸੇਵਕ ਹੈ, ਜਿਸ ਨੂੰ ਅਸਲੀ ਸੇਵਕ ਕਿਹਾ ਜਾ ਸਕਦਾ ਹੈ ਉਸ ਨੂੰ ਕੋਈ ਮਰਿਆਦਾ ਰਹਿੰਦੀ ਹੈ ਭਾਵ ਉਹ ਮਰਿਆਦਾ ਨਾਲ ਚੱਲਦਾ ਹੈ। ਜਿਵੇਂ ਕਿ ਕਿਸੇ ਨੇ ਕਿਹਾ ਹੈ ਕਿ ਨਿਪੁੰਨਤਾ ਨਾਲ ਰੋਜ਼ੀ-ਰੋਟੀ ਕਮਾਉਣੀ ਭਾਵ ਆਪਣੀ ਰੋਜ਼ੀ-ਰੋਟੀ ਢਿੱਡ ਭਰਨ ਦਾ ਕੰਮ ਸਾਰਿਆਂ ਨੂੰ ਲੱਗਾ ਹੀ ਹੈ, ਕਰਨਾ ਹੀ ਚਾਹੀਦਾ ਹੈ ਪਰ ਹੁਨਰਮੰਦ ਢੰਗ ਨਾਲ ਰੋਟੀ ਕਮਾਉਣੀ ਹੈ ਅਤੇ ਕੰਮ ਕਰਦੇ ਸਮੇਂ ਦੂਜਿਆਂ ਨੂੰ ਧੱਕਾ ਨਹੀਂ ਲੱਗਣਾ ਚਾਹੀਦਾ। ਇਹ ਮਰਿਆਦਾ ਹੈ। ਉਸ ’ਚ ਹਿੱਤ ਹੈ। ਉਹ ਮਰਿਆਦਾ ਹੀ ਆਪਣਾ ਧਰਮ ਹੈ, ਸੱਭਿਆਚਾਰ ਹੈ।

ਸੰਘ ਆਪਣਾ ਕੰਮ ਕਰਦਾ ਹੈ, ਉਸ ’ਚ ਉਲਝਾਉਂਦਾ ਨਹੀਂ ਅਤੇ ਬਹਿਸ ਇਸੇ ’ਤੇ ਹੋ ਰਹੀ ਹੈ ਕਿ ਸੰਘ ਇਸੇ ਬਿਰਤੀ ’ਚ ਰੁੱਝਿਆ ਹੋਇਆ ਹੈ। ਸੰਘ ਮੁਖੀ ਨੇ ਸਿਆਸਤ ਨੂੰ ਲੋਕਤੰਤਰ ’ਚ ਜ਼ਰੂਰੀ ਦੱਸਦੇ ਹੋਏ ਇਹ ਕਿਹਾ ਹੈ ਕਿ ਸਾਡੀ ਭੂਮਿਕਾ ਉਸ ਨਾਲੋਂ ਵੱਖਰੀ ਹੈ। ਚੋਣਾਂ ਨੂੰ ਪ੍ਰਜਾਤੰਤਰ ਦੀ ਲੋੜੀਂਦੀ ਪ੍ਰਕਿਰਿਆ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਉਸ ’ਚ ਦੋ ਧਿਰਾਂ ਰਹਿੰਦੀਆਂ ਹਨ, ਇਸ ਲਈ ਮੁਕਾਬਲੇਬਾਜ਼ੀ ਰਹਿੰਦੀ ਹੈ। ਮੁਕਾਬਲੇਬਾਜ਼ੀ ਰਹਿੰਦੀ ਹੈ ਤਾਂ ਦੂਜੇ ਨੂੰ ਪਿੱਛੇ ਕਰਨ ਅਤੇ ਖੁਦ ਨੂੰ ਅੱਗੇ ਵਧਣ ਦਾ ਕੰਮ ਹੁੰਦਾ ਹੈ ਪਰ ਉਸ ’ਚ ਵੀ ਇਕ ਮਰਿਆਦਾ ਹੈ।

ਝੂਠ ਦੀ ਵਰਤੋਂ ਨਹੀਂ ਕਰਨੀ। ਚੁਣੇ ਹੋਏ ਲੋਕ ਸੰਸਦ ’ਚ ਬੈਠ ਕੇ ਦੇਸ਼ ਨੂੰ ਚਲਾਉਣਗੇ। ਸਹਿਮਤੀ ਬਣਾ ਕੇ ਚਲਾਉਣਗੇ। ਤਾਂ ਭਾਗਵਤ ਦੀ ਦੇਸ਼ ਦੇ ਲਈ ਦਿਸ਼ਾ ਇਹੀ ਹੈ ਕਿ ਚੋਣਾਂ ’ਚ ਆਵੇਸ਼ ਹੋਇਆ, ਗੁੱਸਾ ਹੋਇਆ, ਸਭ ਕੁਝ ਹੋਇਆ ਪਰ ਹੁਣ ਸੱਤਾ ਅਤੇ ਵਿਰੋਧੀ ਦੀ ਥਾਂ ’ਤੇ ਸਾਰਿਆਂ ਨੇ ਦੇਸ਼ ਚਲਾਉਣਾ ਹੈ। ਇਸ ਲਈ ਸਹਿਮਤੀ ਬਣਾ ਕੇ ਅੱਗੇ ਕੰਮ ਹੋਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਸਾਡੇ ਇੱਥੇ ਤਾਂ ਰਵਾਇਤ ਸਹਿਮਤੀ ਬਣਾ ਕੇ ਚੱਲਣ ਦੀ ਹੈ-‘ਸਮਾਨੋ ਮੰਤਰ : ਸਮਿਤੀ ਸਮਾਨੀ। ਸਮਾਨਮ ਮਨ: ਸਹਿ ਚਿਤਮੇਸ਼ਾਮ’। ਇਹ ਸੱਚ ਹੈ ਕਿ ਰਿਗਵੇਦਕਾਰਾਂ ਨੂੰ ਮਨੁੱਖੀ ਮਨ ਦਾ ਗਿਆਨ ਸੀ। ਸਭ ਥਾਂ ਉਨ੍ਹਾਂ ਨੇ ‘ਸਮ’ ਕਿਹਾ ਹੈ (ਸਮਾਨੋ ਮੰਤਰ: ਸਮਿਤੀ ਸਮਾਨੀ ਸਮਾਨਮ ਮਨ:) ਪਰ ਚਿੱਤ ਦੇ ਬਾਰੇ ’ਚ ਸਮ ਨਹੀਂ ਕਿਹਾ ਕਿਉਂਕਿ ਹਰੇਕ ਵਿਅਕਤੀ ਦਾ ਚਿੱਤ, ਮਨੁੱਖ ਵੱਖ-ਵੱਖ ਹੁੰਦਾ ਹੀ ਹੈ, ਇਸ ਲਈ 100 ਫੀਸਦੀ ਮਤਾਂ ਦਾ ਮਿਲਾਣ ਹੋਣਾ ਸੰਭਵ ਨਹੀਂ ਹੈ ਪਰ ਜਦੋਂ ਚਿੱਤ ਵੱਖ-ਵੱਖ ਹੋਣ ਦੇ ਬਾਅਦ ਵੀ ਇਕੱਠੇ ਚੱਲਣ ਦਾ ਇਰਾਦਾ ਧਾਰਦੇ ਹਨ ਤਾਂ ਸਹਿ-ਚਿੱਤ ਬਣ ਜਾਂਦਾ ਹੈ।

ਦੁਨੀਆ ਭਰ ’ਚ ਸਾਡੇ ਦੇਸ਼ ਦਾ ਵੱਕਾਰ ਵਧਿਆ ਹੈ। ਵਿਸ਼ਵ ਦੇ ਵਿਕਸਿਤ ਦੇਸ਼ਾਂ ਨੇ ਸਾਨੂੰ ਹੌਲੀ-ਹੌਲੀ ਮੰਨਣਾ ਸ਼ੁਰੂ ਕੀਤਾ ਹੈ। ਜੋ ਕਹਿੰਦੇ ਹਨ ਕਿ ਭਾਗਵਤ ਨੇ ਸਿਰਫ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ, ਉਨ੍ਹਾਂ ਦੇ ਭਾਸ਼ਣ ਦਾ ਇਹ ਪੱਖ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਇਕ ਸਮੇਂ ਸ਼ਾਂਤ ਹੁੰਦੇ ਦਿਸ ਰਹੇ ਮਣੀਪੁਰ ’ਚ ਫਿਰ ਅਸ਼ਾਂਤੀ ਆਈ ਤਾਂ ਇਸ ’ਤੇ ਚਿੰਤਾ ਪ੍ਰਗਟ ਕਰਨੀ ਉੱਥੇ ਸ਼ਾਂਤੀ ਸਥਾਪਨਾ ਦੀ ਅਪੀਲ ਹੈ।
ਤੁਸੀਂ ਸੰਘ ਦੇ ਵਿਰੋਧੀ ਹੋ ਜਾਂ ਸਮਰਥਕ, ਉਸ ਦੇ ਪੂਰੇ ਭਾਸ਼ਣ ਨੂੰ ਸੁਣਿਆ ਤੇ ਸ਼ਾਂਤ ਮਨ ਨਾਲ ਮੰਨਿਆ ਜਾਵੇਗਾ ਤਾਂ ਤੁਹਾਨੂੰ ਕੋਈ ਵਿਰੋਧੀ ਜਾਂ ਦੁਸ਼ਮਣ ਨਜ਼ਰ ਨਹੀਂ ਆਵੇਗਾ ਅਤੇ ਸਭ ਦੇ ਅੰਦਰ ਦੇਸ਼ ਲਈ ਸੌੜੇ ਹਿੱਤਾਂ ਤੋਂ ਪਰ੍ਹੇ ਹਟ ਕੇ ਰਲ-ਮਿਲ ਕੇ ਕੰਮ ਕਰਨ ਦੀ ਭਾਵਨਾ ਮਜ਼ਬੂਤ ਹੋਵੇਗੀ।

ਅਵਧੇਸ਼ ਕੁਮਾਰ


Tanu

Content Editor

Related News