ਨਵੇਂ ਸਾਲ ’ਤੇ ਵਿਸ਼ੇਸ਼: ਭਾਰਤ ’ਚ ਨਵੇਂ ਸਾਲ ਦੀਆਂ ਅਨੋਖੀਆਂ ਰਵਾਇਤਾਂ

Monday, Jan 01, 2024 - 12:21 PM (IST)

ਨਵੇਂ ਸਾਲ ’ਤੇ ਵਿਸ਼ੇਸ਼: ਭਾਰਤ ’ਚ ਨਵੇਂ ਸਾਲ ਦੀਆਂ ਅਨੋਖੀਆਂ ਰਵਾਇਤਾਂ

ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ’ਚ ਲੋਕ ਨਵੇਂ ਸਾਲ ਦੀ ਪਹਿਲੀ ਸ਼ਾਮ ’ਤੇ ਨੱਚਦੇ-ਗਾਉਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ। ਨੱਚਣ-ਗਾਉਣ ਦਾ ਇਹ ਸਿਲਸਿਲਾ ਘੜੀ ’ਤੇ ਰਾਤ ਦੇ 12 ਵੱਜਣ ਭਾਵ ਨਵੇਂ ਸਾਲ ਦੇ ਆਰੰਭ ਹੋਣ ਤੱਕ ਚੱਲਦਾ ਹੈ ਅਤੇ ਘੜੀ ਦੀਆਂ ਸੂਈਆਂ ਵੱਲੋਂ ਜਿਉਂ ਹੀ 12 ਵੱਜਣ ਦਾ ਸੰਕੇਤ ਮਿਲਦਾ ਹੈ ਭਾਵ ਨਵਾਂ ਸਾਲ ਦਸਤਕ ਦਿੰਦਾ ਹੈ, ਚਾਰੇ ਪਾਸੇ ਆਤਿਸ਼ਬਾਜ਼ੀਆਂ ਦਾ ਧੂਮ-ਧੜੱਕਾ ਸ਼ੁਰੂ ਹੋ ਜਾਂਦਾ ਹੈ ਅਤੇ ਇਕ ਵਾਰ ਤਾਂ ਇਹੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਡੇਢ-ਦੋ ਮਹੀਨੇ ਬਾਅਦ ਇਕ ਵਾਰ ਫਿਰ ਦੀਵਾਲੀ ਦਾ ਤਿਉਹਾਰ ਪਰਤ ਆਇਆ ਹੋਵੇ। ਨਵੇਂ ਸਾਲ ਦੇ ਪਹਿਲੇ ਦਿਨ ਲੋਕ ਇਕ-ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਖੁਦ ਲਈ ਵੀ ਕਾਮਨਾ ਕਰਦੇ ਹਨ ਕਿ ਨਵਾਂ ਸਾਲ ਸ਼ੁੱਭ ਅਤੇ ਫਲਦਾਇਕ ਹੋਵੇ ਅਤੇ ਨਵੇਂ ਸਾਲ ’ਚ ਸਫਲਤਾ ਉਨ੍ਹਾਂ ਦੇ ਕਦਮ ਚੁੰਮੇ।

ਦੁਨੀਆ ਭਰ ’ਚ ਨਵੇਂ ਸਾਲ ਦਾ ਸਵਾਗਤ ਬੜੀ ਧੂਮ-ਧਾਮ, ਆਸ ਅਤੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ। ਕਈ ਦੇਸ਼ਾਂ ’ਚ ਨਵੇਂ ਸਾਲ ਨਾਲ ਜੁੜੀਆਂ ਆਪਣੀਆਂ-ਆਪਣੀਆਂ ਰਵਾਇਤਾਂ ਹਨ। ਸਾਡੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਵੀ ਨਵੇਂ ਸਾਲ ਦਾ ਸਵਾਗਤ ਵੱਖ-ਵੱਖ ਢੰਗਾਂ ਨਾਲ ਕੀਤਾ ਜਾਂਦਾ ਹੈ ਪਰ ਕਈ ਥਾਵਾਂ ’ਤੇ ਨਵਾਂ ਸਾਲ ਮਨਾਉਣ ਦੀਆਂ ਰਵਾਇਤਾਂ ਅਤੇ ਰੀਤੀ-ਰਿਵਾਜ ਇੰਨੇ ਅਜੀਬ ਹਨ ਕਿ ਲੋਕ ਉਨ੍ਹਾਂ ਬਾਰੇ ਜਾਣ ਕੇ ਹੈਰਾਨ ਹੋ ਜਾਂਦੇ ਹਨ।

ਸ਼ਾਇਦ ਦੁਨੀਆ ਭਰ ’ਚ ਭਾਰਤ ਹੀ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਨਵਾਂ ਸਾਲ ਇਕ ਤੋਂ ਵੱਧ ਵਾਰ ਅਤੇ ਵੱਖ-ਵੱਖ ਰੂਪਾਂ ’ਚ ਮਨਾਇਆ ਜਾਂਦਾ ਹੈ। ਸਾਡੇ ਇੱਥੇ ਈਸਵੀ ਸੰਮਤ ਅਤੇ ਬਿਕ੍ਰਮੀ ਸੰਮਤ ਦੋਵਾਂ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ। ਈਸਵੀ ਸੰਮਤ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਇਕ ਜਨਵਰੀ ਨੂੰ ਅਤੇ ਬਿਕ੍ਰਮੀ ਸੰਮਤ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਵਿਸਾਖ ਮਹੀਨੇ ਦੇ ਪਹਿਲੇ ਦਿਨ ਤੋਂ ਮੰਨੀ ਜਾਂਦੀ ਹੈ ਜਦਕਿ ਇਸਲਾਮ ’ਚ ਹਿਜਰੀ ਸੰਮਤ ਦੇ ਆਧਾਰ ’ਤੇ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ।

ਫਿਲਹਾਲ, ਨਵਾਂ ਸਾਲ ਮਨਾਉਣ ਦੀਆਂ ਪ੍ਰੰਪਰਾਵਾਂ ਭਾਵੇਂ ਕੁਝ ਵੀ ਹੋਣ, ਸਭ ਦਾ ਮਕਸਦ ਇਕ ਹੀ ਹੈ ਅਤੇ ਉਹ ਹੈ ਨਵਾਂ ਸਾਲ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰਪੂਰ ਹੋਵੇ। ਆਓ ਜਾਣਦੇ ਹਾਂ, ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਕਿਵੇਂ ਮਨਾਇਆ ਜਾਂਦਾ ਹੈ ਨਵਾਂ ਸਾਲ। ਮਹਾਰਾਸ਼ਟਰ ’ਚ ਨਵੇਂ ਸਾਲ ਦੇ ਸ਼ੁੱਭ ਮੌਕੇ ’ਤੇ ਇਕ ਹਫਤਾ ਪਹਿਲਾਂ ਹੀ ਘਰਾਂ ਦੀਆਂ ਛੱਤਾਂ ’ਤੇ ਰੇਸ਼ਮੀ ਝੰਡਾ ਲਹਿਰਾਇਆ ਜਾਂਦਾ ਹੈ। ਘਰਾਂ ਤੇ ਦਫਤਰਾਂ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਇਸ ਦਿਨ ਪਤੰਗਾਂ ਉਡਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਜਾਂਦਾ ਹੈ।

ਬਿਹਾਰ ’ਚ ਨਵੇਂ ਸਾਲ ਦੇ ਮੌਕੇ ’ਤੇ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਗਰੀਬ ਬੱਚਿਆਂ ਨੂੰ ਕੱਪੜੇ ਅਤੇ ਚੌਲਾਂ ਦਾ ਦਾਨ ਕੀਤਾ ਜਾਂਦਾ ਹੈ ਤਾਂ ਕਿ ਸਾਲ ਭਰ ਘਰਾਂ ’ਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ। ਆਸਾਮ ’ਚ ਨਵੇਂ ਸਾਲ ਦੀ ਯਾਦਗਾਰ ਬੇਲਾ ’ਚ ਘਰ ਦੇ ਵਿਹੜੇ ’ਚ ਰੰਗੋਲੀ ਬਣਾਈ ਜਾਂਦੀ ਹੈ ਅਤੇ ਦੀਵੇ ਜਾਂ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਗਊ ਨੂੰ ਰੋਟੀ ਅਤੇ ਗੁੜ ਖਵਾਇਆ ਜਾਂਦਾ ਹੈ ਤਾਂ ਕਿ ਨਵਾਂ ਸਾਲ ਹਾਸੇ-ਖੁਸ਼ੀਆਂ ਨਾਲ ਲੰਘੇ।

ਕੇਰਲ ’ਚ ਨਵੇਂ ਸਾਲ ਦੇ ਮੌਕੇ ’ਤੇ ਨਿੰਮ ਤੇ ਤੁਲਸੀ ਦੇ ਪੱਤੇ ਅਤੇ ਗੁੜ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਸਰੀਰ ਸਾਲ ਭਰ ਤੱਕ ਤੰਦਰੁਸਤ ਬਣਿਆ ਰਹਿੰਦਾ ਹੈ। ਰਾਜਸਥਾਨ ’ਚ ਨਵੇਂ ਸਾਲ ਦੇ ਵਿਸ਼ੇਸ਼ ਮੌਕੇ ’ਤੇ ਗੁੜ ਨਾਲ ਬਣੇ ਪਕਵਾਨ ਖਾਣੇ ਬੜੇ ਸ਼ੁੱਭ ਮੰਨੇ ਜਾਂਦੇ ਹਨ ਤਾਂ ਕਿ ਸਾਲ ਭਰ ਮੂੰਹ ’ਚੋਂ ਮਿਠਾਸ ਵਾਲੀ ਬੋਲੀ ਹੀ ਨਿਕਲਦੀ ਰਹੇ। ਮਣੀਪੁਰ ’ਚ ਇਸ ਦਿਨ ਤਰ੍ਹਾਂ-ਤਰ੍ਹਾਂ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਅਤੇ ਕਈ ਥਾਵਾਂ ’ਤੇ ਭੂਤਾਂ-ਪ੍ਰੇਤਾਂ ਦੇ ਪੁਤਲੇ ਬਣਾ ਕੇ ਵੀ ਸਾੜੇ ਜਾਂਦੇ ਹਨ ਤਾਂ ਕਿ ਭੂਤ-ਪ੍ਰੇਤ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕਣ।

ਛੱਤੀਸਗੜ੍ਹ ’ਚ ਇੱਥੋਂ ਦੇ ਆਦਿਵਾਸੀ ਤਰ੍ਹਾਂ-ਤਰ੍ਹਾਂ ਦੇ ਗੀਤ ਗਾ ਕੇ ਨਵੇਂ ਸਾਲ ਦਾ ਸਵਾਗਤ ਕਰਦੇ ਹਨ। ਇੱਥੇ ਇਸ ਦਿਨ ਬੱਚਿਆਂ ਨੂੰ ਗੋਦ ਲੈਣ ਦੀ ਪ੍ਰਥਾ ਵੀ ਹੈ ਤਾਂ ਕਿ ਸਾਲ ਦਾ ਹਰੇਕ ਦਿਨ ਖੁਸ਼ੀਆਂ ਭਰਿਆ ਰਹੇ। ਸੂਬੇ ਦੇ ਕੁਝ ਆਦਿਵਾਸੀ ਇਲਾਕਿਆਂ ’ਚ ਫਸਲ ’ਚ ਮਹੂਏ ਦੇ ਫੁੱਲ ਦਿਖਾਈ ਦੇਣ ’ਤੇ ਆਦਿਵਾਸੀ ਉਤਸਵ ਮਨਾਇਆ ਜਾਂਦਾ ਹੈ ਜੋ ਉਨ੍ਹਾਂ ਦੇ ਨਵੇਂ ਸਾਲ ਦਾ ਆਰੰਭ ਮੰਨਿਆ ਜਾਂਦਾ ਹੈ। ਦੇਸ਼ ਦੇ ਕਈ ਹੋਰ ਆਦਿਵਾਸੀ ਇਲਾਕਿਆਂ ’ਚ ਉਨ੍ਹਾਂ ਦੇ ਦੇਵੀ-ਦੇਵਤਿਆਂ ਦੇ ਅਰਾਧਨਾ ਪੁਰਬਾਂ ਦੇ ਹਿਸਾਬ ਨਾਲ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਜੰਮੂ-ਕਸ਼ਮੀਰ ’ਚ ਨਵੇਂ ਸਾਲ ਦੇ ਮੌਕੇ ’ਤੇ ਅਨਾਥ ਬੱਚਿਆਂ ਨੂੰ ਢਿੱਡ-ਭਰਵਾਂ ਭੋਜਨ ਕਰਵਾ ਕੇ ਨਵੇਂ ਕੱਪੜੇ ਪਹਿਨਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਆਰਤੀ ਉਤਾਰੀ ਜਾਂਦੀ ਹੈ ਤਾਂ ਕਿ ਨਵਾਂ ਸਾਲ ਹਾਸੇ-ਖੁਸ਼ੀਆਂ ਨਾਲ ਬਤੀਤ ਹੋਵੇ।

ਨਾਗਾਲੈਂਡ ਦੇ ਨਾਗ ਆਦਿਵਾਸੀ ਨਾਗ ਪੰਚਮੀ ਦੇ ਦਿਨ ਤੋਂ ਹੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ। ਖੇਤੀ ਪ੍ਰਧਾਨ ਸੂਬਿਆਂ ਪੰਜਾਬ ਅਤੇ ਹਰਿਆਣਾ ’ਚ ਉਂਝ ਤਾਂ ਅੱਜਕਲ 1 ਜਨਵਰੀ ਨੂੰ ਹੀ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇੱਥੇ ਨਵੀਂ ਫਸਲ ਦਾ ਸਵਾਗਤ ਕਰਦੇ ਹੋਏ ਨਵਾਂ ਸਾਲ ਵਿਸਾਖੀ ਦੇ ਰੂਪ ’ਚ ਵੀ ਮਨਾਇਆ ਜਾਂਦਾ ਹੈ। ਵਪਾਰੀ ਭਾਈਚਾਰੇ ਦੇ ਲੋਕ ਆਪਣੇ ਆਰਥਿਕ ਹਿਸਾਬ-ਕਿਤਾਬ ਦੇ ਨਜ਼ਰੀਏ ਤੋਂ ਦੀਵਾਲੀ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ ਜਦਕਿ ਵਿੱਤੀ ਆਧਾਰ ’ਤੇ ਸਰਕਾਰੀ ਨਵੇਂ ਸਾਲ ਦੀ ਸ਼ੁਰੂਆਤ ਇਕ ਅਪ੍ਰੈਲ ਤੋਂ ਹੁੰਦੀ ਹੈ। 

ਸ਼ਵੇਤਾ ਗੋਇਲ


author

Tanu

Content Editor

Related News