ਕੁਝ ਆਗੂਆਂ ਦਾ ਇਨ੍ਹਾਂ ਚੋਣਾਂ ’ਚ ਸਭ ਕੁਝ ਦਾਅ ’ਤੇ

Friday, May 17, 2024 - 04:30 PM (IST)

ਬੇਸ਼ੱਕ 18ਵੀਂ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਕੇਂਦਰੀ ਸੱਤਾ ਦਾ ਫੈਸਲਾ ਕਰਨਗੀਆਂ ਪਰ ਕੁਝ ਨੇਤਾਵਾਂ ਦਾ ਇਨ੍ਹਾਂ ’ਚ ਸਭ ਕੁਝ ਦਾਅ ’ਤੇ ਲੱਗਿਆ ਹੈ। ਹਾਰ ਦੇ ਬਾਵਜੂਦ ਉਨ੍ਹਾਂ ਦਾ ਵਜੂਦ ਤਾਂ ਬਚਿਆ ਰਹਿ ਸਕਦਾ ਹੈ ਪਰ ਚੋਣ ਸਿਆਸਤ ’ਚ ਪ੍ਰਾਸੰਗਿਕਤਾ ਸ਼ਾਇਦ ਹੀ ਬਚੇ।

ਉੱਤਰ ਪ੍ਰਦੇਸ਼ ’ਚ ਮਾਇਆਵਤੀ ਨੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੀ 4 ਵਾਰ ਮੁੱਖ ਮੰਤਰੀ ਬਣਨ ਦਾ ਕ੍ਰਿਸ਼ਮਾ ਦਿਖਾਇਆ। ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਰਾਜਸਥਾਨ, ਹਰਿਆਣਾ ਅਤੇ ਪੰਜਾਬ ’ਚ ਅਸਰ ਦੇ ਚੱਲਦਿਆਂ ਕੇਂਦਰੀ ਸੱਤਾ ਦੀ ਚਾਬੀ ਵੀ ਕਦੇ ਬਸਪਾ ਦੇ ਹੱਥ ਨਜ਼ਰ ਆਉਂਦੀ ਸੀ। ਬਸਪਾ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਿਆ ਅਤੇ ਮਾਇਆਵਤੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਣ ਲੱਗੀ।

2019 ਦੀਆਂ ਲੋਕ ਸਭਾ ਚੋਣਾਂ ’ਚ ਸਪਾ ਨਾਲ ਗੱਠਜੋੜ ’ਚ 19.3 ਫੀਸਦੀ ਵੋਟਾਂ ਦੀ ਬਦੌਲਤ 10 ਸੀਟਾਂ ਜਿੱਤਣ ’ਚ ਸਫਲ ਬਸਪਾ ਇਕੱਲੇ ਲੜਨ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ 12.88 ਫੀਸਦੀ ਵੋਟਾਂ ਅਤੇ ਸਿਰਫ ਇਕ ਸੀਟ ’ਤੇ ਸਿਮਟ ਗਈ। ਜਿਹੜੇ 10 ਸੰਸਦ ਮੈਂਬਰ ਜਿੱਤੇ ਸਨ ਉਨ੍ਹਾਂ ’ਚ ਵੀ ਜ਼ਿਆਦਾਤਰ ਇਸ ਚੋਣ ਤੋਂ ਪਹਿਲਾਂ ਹਾਥੀ ਦਾ ਸਾਥ ਛੱਡ ਗਏ। ਲੋਕ ਸਭਾ ਚੋਣਾਂ ਵੀ ਬਸਪਾ ਇਕੱਲੇ ਲੜ ਰਹੀ ਹੈ। ਅਖਿਲੇਸ਼ ਦਾ ਦਾਅਵਾ ਰਿਹਾ ਕਿ ‘ਇੰਡੀਆ’ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਸੀ। ਫਿਰ ਕਿਉਂ ਭੈਣ ਜੀ ਦੇ ਸੰਬੋਧਨ ਨਾਲ ਮਸ਼ਹੂਰ ਮਾਇਆਵਤੀ ਨੇ ‘ਇਕੱਲੇ ਚਲੋ’ ਦਾ ਫੈਸਲਾ ਕੀਤਾ। ਪਿਛਲੀਆਂ ਲੋਕ ਸਭਾ ਚੋਣਾਂ ’ਚ ਸਪਾ-ਬਸਪਾ-ਰਾਲੋਦ ਗੱਠਜੋੜ 15 ਸੀਟਾਂ ਜਿੱਤਣ ’ਚ ਸਫਲ ਹੋ ਗਿਆ ਸੀ ਤਾਂ ਬਦਲਦੇ ਸਿਆਸੀ ਦ੍ਰਿਸ਼ ’ਚ ਇਸ ਵਾਰ ਕਾਂਗਰਸ ਦੇ ਵੀ ਨਾਲ ਹੋਣ ’ਤੇ ‘ਇੰਡੀਆ’ ਉਸ ਉੱਤਰ ਪ੍ਰਦੇਸ਼ ’ਚ ਵੱਡੀ ਛਾਲ ਮਾਰ ਸਕਦਾ ਸੀ ਜੋ ਭਾਜਪਾ ਦਾ ਸਭ ਤੋਂ ਵੱਡਾ ਸ਼ਕਤੀ ਸਰੋਤ ਹੈ। ਇਸ ਲਈ ਬਸਪਾ ’ਤੇ ਭਾਜਪਾ ਦੀ ‘ਬੀ ਟੀਮ’ ਹੋਣ ਦਾ ਦੋਸ਼ ਹੈ।

ਆਪਣੇ ਹਮਲਾਵਰ ਭਤੀਜੇ ਆਕਾਸ਼ ਆਨੰਦ ਨੂੰ ਚੋਣਾਂ ਵਿਚਾਲੇ ਉੱਤਰਾਧਿਕਾਰੀ ਦੇ ਨਾਲ ਹੀ ਨੈਸ਼ਨਲ ਕੋਆਰਡੀਨੇਟਰ ਅਹੁਦੇ ਤੋਂ ਹਟਾਉਣ ਨੂੰ ਵੀ ਮਾਇਆਵਤੀ ਦੀ ਅਣਬੁੱਝ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਬਸਪਾ ਦੀ 4 ਦਹਾਕਿਆਂ ਦੀ ਸਿਆਸੀ ਕਮਾਈ ਕਿਉਂ ਦਾਅ ’ਤੇ ਲਗਾਈ, ਇਹ ਤਾਂ ਮਾਇਆਵਤੀ ਬਿਹਤਰ ਜਾਣਦੀ ਹੋਵੇਗੀ ਪਰ ਸਿਮਟਦਾ ਜਨ-ਆਧਾਰ ਉਨ੍ਹਾਂ ਨੂੰ ਚੋਣ ਸਿਆਸਤ ’ਚ ਗੈਰ-ਪ੍ਰਾਸੰਗਿਕ ਬਣਾ ਰਿਹਾ ਹੈ।

ਰਾਸ਼ਟਰੀ ਲੋਕ ਦਲ ਦਾ ਵੀ ਸਭ ਕੁਝ ਇਨ੍ਹਾਂ ਚੋਣਾਂ ’ਚ ਦਾਅ ’ਤੇ ਹੈ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਮਤਭੇਦਾਂ ਦੇ ਕਾਰਨ ਕਾਂਗਰਸ ਤੋਂ ਵੱਖ ਭਾਰਤੀ ਕ੍ਰਾਂਤੀ ਦਲ ਬਣਾਉਣ ਵਾਲੇ ਚੌਧਰੀ ਚਰਨ ਸਿੰਘ ਬਾਅਦ ’ਚ ਪ੍ਰਧਾਨ ਮੰਤਰੀ ਵੀ ਬਣੇ। ਹਾਰ-ਜਿੱਤ ਹੁੰਦੀ ਰਹੀ, ਪਾਰਟੀ ਦਾ ਨਾਂ ਵੀ ਬਦਲਦਾ ਰਿਹਾ ਪਰ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ ਤੋਂ ਵੀ ਅੱਗੇ ਪੰਜਾਬ, ਮੱਧ ਪ੍ਰਦੇਸ਼ ਅਤੇ ਓਡਿਸ਼ਾ ਤੱਕ ਫੈਲੇ ਉਨ੍ਹਾਂ ਦੇ ਜਨ-ਆਧਾਰ ਅਤੇ ਦਿੱਗਜਾਂ ’ਤੇ ਸਵਾਲੀਆ ਨਿਸ਼ਾਨ ਨਹੀਂ ਲੱਗਾ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਖਾਸ ਤੌਰ ’ਤੇ ਮੰਡਲ-ਕਮੰਡਲ ਦੇ ਸਿਆਸੀ ਧਰੁਵੀਕਰਨ ਦੇ ਕਾਰਨ ਉਹ ਜਨ-ਆਧਾਰ ਉਨ੍ਹਾਂ ਦੇ ਬੇਟੇ ਅਜੀਤ ਸਿੰਘ ਦੇ ਜੀਵਨ ਕਾਲ ’ਚ ਹੀ ਪੱਛਮੀ ਉੱਤਰ ਪ੍ਰਦੇਸ਼ ਦੇ ਹੀ ਕੁਝ ਜ਼ਿਲਿਆਂ ਤੱਕ ਸਿਮਟ ਗਿਆ। ਅਜੀਤ ਦੇ ਬੇਟੇ ਜਯੰਤ ਚੌਧਰੀ ’ਚ ਚਰਨ ਸਿੰਘ ਦਾ ਅਕਸ ਦੇਖਣ ਵਾਲਿਆਂ ਨੂੰ ਉਮੀਦਾਂ ਬਹੁਤ ਸਨ ਪਰ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਵਿਰੋਧੀ ਧਿਰ ਤੋਂ ਪਲਟੀ ਮਾਰ ਕੇ ਸਿਰਫ 2 ਲੋਕ ਸਭਾ ਸੀਟਾਂ ਲਈ ਸੱਤਾ ਧਿਰ ਦਾ ਪੱਲਾ ਫੜ ਲਿਆ, ਉਸ ਦੇ ਨਤੀਜੇ ਕਿਸਾਨ ਸਿਆਸਤ ਦੇ ਸਭ ਤੋਂ ਵੱਡੇ ਚੌਧਰੀ ਦੀ ਵਿਰਾਸਤ ਦਾ ਭਵਿੱਖ ਵੀ ਤੈਅ ਕਰ ਦੇਣਗੇ।

ਇਸੇ ਤਰ੍ਹਾਂ ਦੀ ਚੁਣੌਤੀ ਬਿਹਾਰ ’ਚ ਚਿਰਾਗ ਪਾਸਵਾਨ ਦੇ ਸਾਹਮਣੇ ਹੈ। ਰਾਮਵਿਲਾਸ ਪਾਸਵਾਨ, ਲਾਲੂ ਯਾਦਵ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਲੋਕ ਦਲੀ-ਸਮਾਜਵਾਦੀ ਸਿਆਸੀ ਧਾਰਾ ’ਚੋਂ ਨਿਕਲੇ ਸਨ। ਨਿਤੀਸ਼ ਦੀ ਸਿਆਸਤ ਲੰਬੀ ਨਹੀਂ ਬਚੀ ਹੈ। ਲਾਲੂ ਦੇ ਵਾਰਿਸ ਦੇ ਰੂਪ ’ਚ ਤੇਜਸਵੀ ਨੇ ਖੁਦ ਨੂੰ ਸਥਾਪਿਤ ਕਰ ਲਿਆ ਹੈ ਪਰ ਮਾਇਆਵਤੀ ਦੇ ਇਲਾਵਾ ਉੱਤਰ ਭਾਰਤ ’ਚ ਦੂਜੇ ਵੱਡੇ ਦਲਿਤ ਚਿਹਰੇ ਦੇ ਰੂਪ ’ਚ ਉਭਰੇ ਪਾਸਵਾਨ ਦੀ ਵਿਰਾਸਤ ’ਤੇ ਸੰਕਟ ਹੈ। ਪਹਿਲਾਂ ਲੋਕ ਜਨਸ਼ਕਤੀ ਪਾਰਟੀ ਭਾਈ ਅਤੇ ਭਤੀਜੇ ਵਿਚਾਲੇ ਵੰਡੀ ਗਈ ਤਾਂ ਹੁਣ ਚੋਣ ਪ੍ਰੀਖਿਆ ਆ ਗਈ ਹੈ।

ਚੋਣਾਂ ਕੇਂਦਰ ਦੀ ਸੱਤਾ ਲਈ ਹਨ ਪਰ ਮਹਾਰਾਸ਼ਟਰ ਦੀ ਸਿਆਸਤ ’ਤੇ ਵੀ ਨਤੀਜਿਆਂ ਦਾ ਡੂੰਘਾ ਅਸਰ ਪਵੇਗਾ। ਸ਼ਿਵਸੈਨਾ ਤੋੜ ਕੇ ਭਾਜਪਾ ਦੀ ਮਦਦ ਨਾਲ ਮੁੱਖ ਮੰਤਰੀ ਵੀ ਬਣ ਗਏ ਏਕਨਾਥ ਸ਼ਿੰਦੇ ਦੀ ਅਸਲੀ ਪ੍ਰੀਖਿਆ ਇਨ੍ਹਾਂ ਚੋਣਾਂ ’ਚ ਹੈ। ਬੇਸ਼ੱਕ ਸੰਸਦ ਮੈਂਬਰਾਂ, ਵਿਧਾਇਕਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਗਿਆ, ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧੜੇ ਨੂੰ ਸ਼ਿਵਸੈਨਾ ਵੀ ਮੰਨ ਲਿਆ ਪਰ ਲੋਕਾਂ ਦੇ ਸਮਰਥਨ ਦਾ ਪਤਾ ਚੋਣਾਂ ’ਚ ਲੱਗ ਜਾਵੇਗਾ।

ਇਹੀ ਹਾਲ ਅਜੀਤ ਪਵਾਰ ਦਾ ਹੈ। 5 ਸਾਲਾਂ ’ਚ ਆਪਣੇ ਚਾਚਾ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਦੋ ਵਾਰ ਤੋੜ ਕੇ ਭਾਜਪਾ ਦੀ ਮਦਦ ਨਾਲ ਉੱਪ ਮੁੱਖ ਮੰਤਰੀ ਬਣਨ ਵਾਲੇ ਅਜੀਤ ਮਹਾਰਾਸ਼ਟਰ ਦੀ ਸਿਆਸਤ ਦੇ ‘ਦਾਦਾ’ ਬਣ ਸਕੇ ਹਨ ਜਾਂ ਨਹੀਂ, ਦਾ ਫੈਸਲਾ ਚੋਣਾਂ ’ਚ ਹੋ ਜਾਵੇਗਾ। ਜੇ ਉਹ ਚੋਣ ਪ੍ਰੀਖਿਆ ’ਚ ਫੇਲ ਹੋ ਗਏ ਤਾਂ ਭਾਜਪਾ ਉਨ੍ਹਾਂ ਦਾ ਬੋਝ ਨਹੀਂ ਢੋਏਗੀ ਕਿਉਂਕਿ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਵੀ ਇਸੇ ਸਾਲ ਅਕਤੂਬਰ ’ਚ ਹਨ।

ਵਿਧਾਨ ਸਭਾ ਚੋਣਾਂ ਹਰਿਆਣਾ ’ਚ ਵੀ ਹੋਣੀਆਂ ਹਨ, ਜਿੱਥੇ ਪਿਛਲੀ ਵਾਰ ਭਾਜਪਾ ਬਹੁਮਤ ਤੋਂ ਖੁੰਝ ਗਈ ਸੀ ਅਤੇ ਸੱਤਾ ਦੀ ਚਾਬੀ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ ਦੇ ਹੱਥ ’ਚ ਚਲੀ ਗਈ। ਉਸ ਚਾਬੀ ਦੇ ਸਹਾਰੇ 10 ਵਿਧਾਇਕਾਂ ਦੇ ਨੇਤਾ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣ ਗਏ ਪਰ ਇਸੇ ਸਾਲ ਮਾਰਚ ’ਚ ਅਚਾਨਕ ਹੋਏ ਮੁੱਖ ਮੰਤਰੀ ਤਬਦੀਲੀ ਦੇ ਕ੍ਰਮ ’ਚ ਉਹ ਗੱਠਜੋੜ ਵੀ ਟੁੱਟ ਗਿਆ। ਦੋਸਤਾਂ ’ਚ ਦੂਰੀਆਂ ਇੰਨੀਆਂ ਵਧੀਆਂ ਕਿ ਗੱਲ ਭਾਜਪਾ ਸਰਕਾਰ ਡੇਗਣ ਲਈ ਕਾਂਗਰਸ ਨਾਲ ਵੀ ਹੱਥ ਮਿਲਾਉਣ ਤੱਕ ਪਹੁੰਚ ਗਈ ਹੈ, ਜਦ ਕਿ ਖੁਦ ਆਪਣੀ ਪਾਰਟੀ ਟੁੱਟਣ ਦੇ ਕੰਢੇ ’ਤੇ ਹੈ। ਸੱਤਾ ਦੀ ਇਸ ਚਾਬੀ ਦਾ ਭਵਿੱਖ ਵੀ ਇਨ੍ਹਾਂ ਚੋਣਾਂ ’ਚ ਤੈਅ ਹੋ ਜਾਵੇਗਾ।

ਰਾਜ ਕੁਮਾਰ ਸਿੰਘ


Rakesh

Content Editor

Related News