ਸੀਤਾਰਾਮ ਯੇਚੁਰੀ :ਦੇਸ਼ ਨੇ ਇਕ ਮਹਾਨ ਸਪੂਤ ਗੁਆ ਦਿੱਤਾ

Saturday, Sep 14, 2024 - 01:21 PM (IST)

ਸੀਤਾਰਾਮ ਯੇਚੁਰੀ :ਦੇਸ਼ ਨੇ ਇਕ ਮਹਾਨ ਸਪੂਤ ਗੁਆ ਦਿੱਤਾ

ਸਾਲ 1986 ’ਚ ਮੈਂ ਪਹਿਲੀ ਵਾਰ ਸੀਤਾਰਾਮ ਯੇਚੁਰੀ ਬਾਰੇ ਸੁਣਿਆ। ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ’ਚ ਸ਼ਾਮਲ ਹੋਇਆ ਹੀ ਸੀ ਅਤੇ ਇਕ ਸਹਿਪਾਠੀ ਨੇ ਮੈਨੂੰ ਦੱਸਿਆ ਕਿ ਸਾਨੂੰ ਉਨ੍ਹਾਂ ਦਾ ਭਾਸ਼ਣ ਸੁਣਨ ਜਾਣਾ ਚਾਹੀਦਾ ਹੈ। ਉਨ੍ਹੀਂ ਦਿਨੀਂ ਜੇ. ਐੱਨ. ਯੂ. ’ਚ ਰਾਤ ਦੇ ਖਾਣੇ ਪਿੱਛੋਂ ਰਾਤ 9 ਵਜੇ ਦੇ ਆਸ-ਪਾਸ ਹੋਸਟਲ ਦੀ ਮੈੱਸ ’ਚ ਵਾਰਤਾ ਆਯੋਜਿਤ ਕਰਨ ਦੀ ਰਵਾਇਤ ਸੀ।

ਸੀਤਾਰਾਮ ਯੇਚੁਰੀ ਇਕ ਅਜਿਹੇ ਬੁਲਾਰੇ ਸਨ ਜਿਨ੍ਹਾਂ ਨੂੰ ਮੈਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਅਸਹਿਮਤ ਹੋਣ ਦੇ ਬਾਵਜੂਦ ਸੁਣਨ ਲਈ ਹਮੇਸ਼ਾ ਉਤਸੁਕ ਰਹਿੰਦਾ ਸੀ। ਉਸ ਦਿਨ, ਜਦੋਂ ਮੈਂ ਉਨ੍ਹਾਂ ਨੂੰ ਬੋਲਦਿਆਂ ਸੁਣਿਆ ਤਾਂ ਮੈਂ ਉਨ੍ਹਾਂ ਦੀ ਵਿਦਵਤਾ, ਗਿਆਨ ਦੀ ਡੂੰਘਾਈ ਅਤੇ ਭਾਸ਼ਾ ’ਤੇ ਉਨ੍ਹਾਂ ਦੀ ਪਕੜ ਤੋਂ ਬਸ ਦੰਗ ਰਹਿ ਗਿਆ। ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਯੂਨੀਵਰਸਿਟੀ ਛੱਡਣ ਪਿੱਛੋਂ, ਇਕ ਰਿਪੋਰਟਰ ਦੇ ਤੌਰ ’ਤੇ ਮੈਂ ਖੱਬੇ ਮੋਰਚੇ ਅਤੇ ਇਸ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ. ਪੀ. ਆਈ. (ਐੱਮ)) ਨੂੰ ਕਵਰ ਕਰਾਂਗਾ, ਜਿਸ ਦੇ ਯੇਚੁਰੀ ਇਕ ਪ੍ਰਮੁੱਖ ਆਗੂ ਅਤੇ ਪੋਲਿਟ ਬਿਊਰੋ ਦੇ ਮੈਂਬਰ ਸਨ।

ਜਦੋਂ ਕਮਿਊਨਿਜ਼ਮ ਕਮਜ਼ੋਰ ਪੈ ਰਿਹਾ ਸੀ

ਜੇ. ਐੱਨ. ਯੂ. ’ਚ ਮੇਰੇ ਰਹਿਣ ਦੌਰਾਨ, ਚੀਨ ਅਤੇ ਕਿਊਬਾ ਵਰਗੇ ਦੇਸ਼ਾਂ ਨੂੰ ਛੱਡ ਕੇ, ਦੁਨੀਆ ਭਰ ’ਚ ਕਮਿਊਨਿਸਟ ਅੰਦੋਲਨ ਲਗਭਗ ਕਮਜ਼ੋਰ ਪੈ ਚੁੱਕਾ ਸੀ। ਸੀਤਾਰਾਮ ਖੁਦ ਜੇ. ਐੱਨ. ਯੂ. ਦੇ ਸਾਬਕਾ ਵਿਦਿਆਰਥੀ ਸਨ ਅਤੇ ਮੇਰੇ ਤੋਂ ਇਕ ਦਹਾਕੇ ਤੋਂ ਵੀ ਵੱਧ ਸੀਨੀਅਰ ਸਨ। ਜਦੋਂ ਉਹ ਵਿਦਿਆਰਥੀ ਆਗੂ ਸਨ, ਤਦ ਦੁਨੀਆ 2 ਮਹਾਸ਼ਕਤੀਆਂ ਦਰਮਿਆਨ ਵੰਡੀ ਹੋਈ ਸੀ। ਇਹ ਠੰਢੀ ਜੰਗ ਦਾ ਦੌਰ ਸੀ ਪਰ 1984 ’ਚ ਜਦ ਉਨ੍ਹਾਂ ਨੂੰ ਸੀ. ਪੀ. ਆਈ. (ਐੱਮ.) ਦੀ ਕੇਂਦਰੀ ਕਮੇਟੀ ’ਚ ਸ਼ਾਮਲ ਕੀਤਾ ਗਿਆ, ਤਦ ਤਕ ਕਮਿਊਨਿਜ਼ਮ ਡੂੰਘੇ ਸੰਕਟ ’ਚ ਆ ਚੁੱਕਾ ਸੀ ਅਤੇ ਮਿਖਾਈਲ ਗੋਰਬਾਚੇਵ ਤੋਂ ਬਿਹਤਰ ਇਸ ਨੂੰ ਕੋਈ ਨਹੀਂ ਸਮਝ ਸਕਦਾ ਸੀ।

ਤਿਨਾਨਮਿਨ ਕਤਲੇਆਮ

ਉਸ ਸਮੇਂ, ਡੇਂਗ ਸ਼ਿਆਓਪਿੰਗ ਚੀਨ ’ਚ ਮਾਮਲਿਆਂ ਦੀ ਕਮਾਨ ਸੰਭਾਲ ਰਹੇ ਸਨ। ਉਨ੍ਹਾਂ ਨੇ 1989 ’ਚ ਚੀਨੀ ਵਿਦਿਆਰਥੀਆਂ ਦੀ ਬਗਾਵਤ ਦਾ ਡੱਟ ਕੇ ਸਾਹਮਣਾ ਕੀਤਾ, ਤਿਨਾਨਮਿਨ ਚੌਕ ’ਚ ਉਨ੍ਹਾਂ ’ਤੇ ਟੈਂਕ ਚੜ੍ਹਾਉਣ ਤੋਂ ਵੀ ਸੰਕੋਚ ਨਹੀਂ ਕੀਤਾ। ਇਹ ਜੂਨ ਦਾ ਮਹੀਨਾ ਸੀ ਅਤੇ ਮੈਨੂੰ ਹੁਣ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਵਿਦਿਆਰਥੀਆਂ ਦੇ ਖੂਨੀ ਦਮਨ ਦੀ ਖਬਰ ਜੇ. ਐੱਨ. ਯੂ. ਪਹੁੰਚੀ, ਤਾਂ ਖੱਬੇਪੱਖੀ ਵਿਦਿਆਰਥੀਆਂ ਦੀਆਂ ਅੱਖਾਂ ’ਚ ਹੰਝੂ ਆ ਗਏ ਸਨ। ਪਾਰਟੀ ਦੇ ਅਨੁਸ਼ਾਸਿਤ ਸਿਪਾਹੀ ਹੋਣ ਦੇ ਨਾਤੇ, ਯੇਚੁਰੀ, ਜਿਨ੍ਹਾਂ ਦੀ ਪਾਰਟੀ ਸੀ. ਪੀ. ਆਈ. (ਐੱਮ.) ਨੇ ਸੀ. ਪੀ. ਆਈ. ਤੋਂ ਵੱਖ ਹੋਣ ਪਿੱਛੋਂ ਚੀਨ ਦੀ ਲਾਈਨ ਅਪਣਾ ਲਈ ਸੀ, ਜੇ. ਐੱਨ. ਯੂ. ’ਚ ਤਿਆਨਮਿਨ ’ਚ ਚੀਨੀ ਦਮਨ ਦੀ ਹਮਾਇਤ ਕਰਨ ਅਤੇ ਉਸ ਨੂੰ ਉਚਿਤ ਠਹਿਰਾਉਣ ਆਏ ਸਨ, ਜਿਸ ’ਚ ਸੈਂਕੜੇ ਲੋਕ ਮਾਰੇ ਗਏ ਸਨ।

ਉਹ ਸਿਰਫ 10 ਸ਼ਬਦ ਹੀ ਬੋਲ ਸਕੇ ‘ਤਿਨਾਨਮਿਨ ਸਕਵਾਇਰ ’ਚ ਖੂਨ ਦੀ ਇਕ ਬੂੰਦ ਵੀ ਨਹੀਂ ਵਹਾਈ ਗਈ।’ ਇਸ ਤੋਂ ਪਹਿਲਾਂ ਕਿ ਵਿਦਿਆਰਥੀਆਂ ਦੇ ਗੁੱਸੇ ਨੇ ਉਨ੍ਹਾਂ ਨੂੰ ਇਕ ਸ਼ਬਦ ਹੋਰ ਬੋਲਣ ਤੋਂ ਰੋਕ ਦਿੱਤਾ। ਜੇ. ਐੱਨ. ਯੂ. ’ਚ ਸੀ. ਪੀ. ਆਈ. (ਐੱਮ.) ਦੀ ਵਿਦਿਆਰਥੀ ਸ਼ਾਖਾ ਸਟੂਡੈਂਟਸ ਫੈੱਡਰੇਸ਼ਨ ਆਫ ਇੰਡੀਆ ਦਾ ਦਬਦਬਾ ਹੋਣ ਦੇ ਬਾਵਜੂਦ, ਯੇਚੁਰੀ ਨੂੰ ਜਲਦੀ ਵਾਪਸ ਨਾ ਪਰਤਣ ਲਈ ਕੈਂਪਸ ਛੱਡਣਾ ਪਿਆ।

ਜਦੋਂ ਯੇਚੁਰੀ ਦੇ ਅਕਸ ਬਾਰੇ ਮੇਰੀ ਧਾਰਨਾ ਬਦਲ ਗਈ

ਇਨ੍ਹਾਂ 2 ਘਟਨਾਵਾਂ ਨੇ ਮੇਰੇ ਤਤਕਾਲੀਨ ਪ੍ਰਭਾਵਸ਼ਾਲੀ ਮਨ ’ਚ ਯੇਚੁਰੀ ਦਾ ਇਕ ਬਹੁਤ ਹੀ ਵੱਖਰਾ ਅਕਸ ਬਣਾਇਆ। ਮੇਰੇ ਲਈ ਉਹ ਇਕ ਬੇਰਹਿਮ ਅਤੇ ਸਖਤ ਦਿਲ ਕਮਿਊਨਿਸਟ ਆਗੂ ਸਨ। 1995 ’ਚ, ਜਦੋਂ ਮੈਂ ‘ਆਜ ਤਕ’ ’ਚ ਸ਼ਾਮਲ ਹੋਇਆ, ਜੋ ਉਸ ਸਮੇਂ ਦੂਰਦਰਸ਼ਨ ’ਤੇ ਸਿਰਫ 20 ਮਿੰਟ ਦਾ ਸਮਾਚਾਰ ਸ਼ੋਅ ਸੀ, ਮੈਨੂੰ ਖੱਬੇਪੱਖੀ ਪਾਰਟੀਆਂ ਨੂੰ ਕਵਰ ਕਰਨ ਲਈ ਕਿਹਾ ਗਿਆ। ਹੁਣ, ਯੇਚੁਰੀ ਅਤੇ ਹੋਰ ਖੱਬੇਪੱਖੀ ਆਗੂਆਂ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਨੀ ਮੇਰਾ ਪੇਸ਼ੇਵਰ ਕਰਤੱਵ ਸੀ।

ਪਰ ਜਿਸ ਪਲ ਮੈਂ ਯੇਚੁਰੀ ਨੂੰ ਮਿਲਿਆ, ਉਨ੍ਹਾਂ ਬਾਰੇ ਮੇਰੀ ਧਾਰਨਾ ਬਦਲ ਗਈ। ਉਹ ਸਭ ਤੋਂ ਪਿਆਰੇ ਆਦਮੀ ਸਨ ਜਿਨ੍ਹਾਂ ਨਾਲ ਕੋਈ ਸ਼ਾਂਤੀਪੂਰਨ ਬਹਿਸ ਕਰ ਸਕਦਾ ਸੀ, ਭਾਵੇਂ ਹੀ ਤੁਸੀਂ ਉਨ੍ਹਾਂ ਨਾਲ ਹਿੰਸਕ ਰੂਪ ਤੋਂ ਅਸਹਿਮਤ ਹੋਵੋ। ਉਹ ਇਕ ਅਜਿਹੇ ਵਿਅਕਤੀ ਸਨ ਜੋ ਅਸਲ ’ਚ ਲੋਕਤੰਤਰੀ ਸਨ, ਹਾਲਾਂਕਿ ਉਹ ਪਾਰਟੀ ਦੇ ਲੋਕਤੰਤਰੀ ਕੇਂਦਰੀਵਾਦ ਦੇ ਅਨੁਸ਼ਾਸਨ ’ਚ ਬੱਝੇ ਸਨ। ਉਨ੍ਹਾਂ ’ਚ ਕੋਈ ਹੰਕਾਰ ਨਹੀਂ ਸੀ ਅਤੇ ਮੇਰੇ ਵਿਚਾਰ ਜਾਣਨ ਦੇ ਬਾਵਜੂਦ ਉਨ੍ਹਾਂ ਨੇ ਕਦੇ ਮੇਰੇ ਲਈ ਦਰਵਾਜ਼ਾ ਬੰਦ ਨਹੀਂ ਕੀਤਾ। ਸੀਤਾਰਾਮ ਮੇਰੇ ਪੂਰੇ ਪੱਤਰਕਾਰੀ ਦੇ ਕਰੀਅਰ ’ਚ ਸਭ ਤੋਂ ਪ੍ਰਤਿਭਾਸ਼ਾਲੀ ਅਕਾਦਮਿਕ ਤੌਰ ’ਤੇ ਓਰੀਐਂਟਿਡ ਆਗੂਆਂ ’ਚੋਂ ਇਕ ਸਨ। ਆਪਣੇ ਜੇ. ਐੱਨ. ਯੂ. ਦੇ ਦੋਸਤ ਅਤੇ ਸਹਿਯੋਗੀ ਪ੍ਰਕਾਸ਼ ਕਰਾਤ ਦੇ ਉਲਟ, ਉਹ ਇਕ ਵਿਹਾਰਕ ਸਿਆਸਤਦਾਨ ਸਨ। ਨਰਸਿਮ੍ਹਾ ਰਾਓ ਚੋਣ ਹਾਰ ਗਏ ਅਤੇ ਸੰਯੁਕਤ ਮੋਰਚੇ ਦੀ ਅਗਵਾਈ ਵਾਲੇ ਤੀਜੇ ਮੋਰਚੇ ਨੇ ਜਯੋਤੀ ਬਸੂ ਨੂੰ ਪ੍ਰਧਾਨ ਮੰਤਰੀ ਚੁਣਿਆ, ਸੀ. ਪੀ. ਆਈ. (ਐੱਮ.) ਨੇ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ।

ਪਾਰਟੀ ਦੇ ਪੋਲਿਟ ਬਿਊਰੋ ਨੇ ਸਹਿਮਤੀ ਜਤਾਈ ਸੀ, ਪਰ ਕੇਂਦਰੀ ਕਮੇਟੀ ਨੇ ਇਸ ਬਦਲ ਨੂੰ ਖਾਰਜ ਕਰ ਦਿੱਤਾ। ਇਹ ਇਕ ਅਜੀਬ ਸਥਿਤੀ ਸੀ। ਪਾਰਟੀ ਦੇ 2 ਸਭ ਤੋਂ ਵੱਡੇ ਆਗੂ ਜਯੋਤੀ ਬਸੂ ਅਤੇ ਤਤਕਾਲੀ ਪਾਰਟੀ ਜਨਰਲ ਸਕੱਤਰ ਹਰਕਿਸ਼ਨ ਸਿੰਘ ਸੁਰਜੀਤ ਦੀ ਰਾਇ ਸੀ ਕਿ ਬਸੂ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਪਰ ਆਖਰਕਾਰ, ਕੇਂਦਰੀ ਕਮੇਟੀ ’ਚ ਕਰਾਤ ਦੀ ਅਗਵਾਈ ’ਚ ਬਹੁਮਤ ਨੇ ਜਿੱਤ ਹਾਸਲ ਕੀਤੀ। ਸੀਤਾਰਾਮ ਯੇਚੁਰੀ ਵੀ ਬਸੂ ਦੇ ਪ੍ਰਧਾਨ ਮੰਤਰੀ ਬਣਨ ਦੇ ਹੱਕ ’ਚ ਨਹੀਂ ਸਨ। ਉਨ੍ਹਾਂ ਨੇ ਕਦੀ ਆਪਣੀ ਰਾਇ ਖੁੱਲ੍ਹ ਕੇ ਨਹੀਂ ਜਤਾਈ, ਪਰ ਮੇਰੇ ਨਾਲ ਸਾਂਝੀ ਕੀਤੀ। ਯੇਚੁਰੀ 2015 ’ਚ ਪਾਰਟੀ ਦੇ ਜਨਰਲ ਸਕੱਤਰ ਬਣੇ, ਪਰ ਤਦ ਤਕ ਦੇਸ਼ ਦੀ ਸਿਆਸਤ ਪਛਾਣ ਤੋਂ ਪਰ੍ਹੇ ਬਦਲ ਚੁੱਕੀ ਸੀ; ਧਰਮਨਿਰਪੱਖਤਾ, ਜੋ ਆਜ਼ਾਦੀ ਪਿੱਛੋਂ ਭਾਰਤ ਦਾ ਪਰਿਭਾਸ਼ਿਤ ਸਿਧਾਂਤ ਹੈ, ਦਮ ਤੋੜ ਰਹੀ ਸੀ।

ਯੇਚੁਰੀ ਲਈ ਭਾਰਤ ਦਾ ਵਿਚਾਰ ਸਭ ਤੋਂ ਉੱਪਰ ਸੀ

ਸੀਤਾਰਾਮ ਯੇਚੁਰੀ ਦੇ ਰੂਪ ’ਚ ਦੇਸ਼ ਨੇ ਭਾਰਤ ਦੇ ਇਕ ਮਹਾਨ ਸਪੂਤ ਨੂੰ ਗੁਆ ਲਿਆ ਹੈ, ਜੋ ਆਪਣੇ ਆਖਰੀ ਸਾਹ ਤਕ ਭਾਰਤ ਦੇ ਵਿਚਾਰ ’ਚ ਯਕੀਨ ਕਰਦੇ ਸਨ, ਜਿਸ ਲਈ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਸਨ।ਉਹ ਦਿਲੋਂ ਕਮਿਊਨਿਸਟ ਸਨ, ਪਰ ਉਨ੍ਹਾਂ ਦਾ ਕਮਿਊਨਿਜ਼ਮ ਬੀਤੇ ਦੀ ਗੱਲ ਨਹੀਂ ਸੀ। ਇਹ ਬਦਕਿਸਮਤੀ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਜਦ ਤਕ ਉਨ੍ਹਾਂ ਨੂੰ ਕਮਾਨ ਸੌਂਪੀ ਗਈ, ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।

-ਆਸ਼ੂਤੋਸ਼


author

Tanu

Content Editor

Related News