ਰੋਲ ਮਾਡਲ ਦੀ ਭਾਲ ’ਚ ਭਟਕਦੇ ਸਿੱਖ ਨੌਜਵਾਨ

Friday, Mar 22, 2024 - 03:42 PM (IST)

ਰੋਲ ਮਾਡਲ ਦੀ ਭਾਲ ’ਚ ਭਟਕਦੇ ਸਿੱਖ ਨੌਜਵਾਨ

ਦੁਨੀਆ ਦਾ ਹਰ ਮਨੁੱਖ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਜਦੋਂ ਕੋਈ ਵਿਅਕਤੀ ਨਿਵੇਕਲੇ ਚੰਗੇ ਕੰਮ ਕਰਦਾ ਹੈ ਅਤੇ ਉਸ ਦੇ ਆਦਰਸ਼ ਜੀਵਨ ਦੇ ਸਾਰੇ ਪੱਖਾਂ ’ਚ ਪਰਪੱਕਤਾ ਤੋਂ ਪ੍ਰਭਾਵਿਤ ਹੋ ਕੇ ਆਮ ਲੋਕ ਉਸ ਵਰਗਾ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਵਿਅਕਤੀ ਨੂੰ ਉਨ੍ਹਾਂ ਲੋਕਾਂ ਦਾ ਰੋਲ ਮਾਡਲ ਕਿਹਾ ਜਾਂਦਾ ਹੈ। ਦੁਨੀਆ ਦੇ ਹਰ ਧਰਮ, ਹਰ ਖਿੱਤੇ ਅਤੇ ਹਰ ਸੱਭਿਅਤਾ ’ਚ ਰੋਲ ਮਾਡਲ ਪੈਦਾ ਹੁੰਦੇ ਰਹੇ ਹਨ।

ਇਸੇ ਤਰ੍ਹਾਂ ਸਿੱਖ ਕੌਮ ’ਚ ਵੀ ਅੱਜ ਤੋਂ ਤਕਰੀਬਨ ਸਾਢੇ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਉਸ ਸਮੇਂ ਦੇ ਭਾਰਤੀ ਸਮਾਜ ’ਚ ਆਈਆਂ ਕੁਰੀਤੀਆਂ ਅਤੇ ਅੰਧਵਿਸ਼ਵਾਸ ਦੇ ਵਿਰੁੱਧ ਆਵਾਜ਼ ਉਠਾਈ ਤੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੁਨੇਹਾ ਦਿੱਤਾ ਅਤੇ ਆਪਣੇ ਵੱਲੋਂ ਦਿੱਤੀਆਂ ਸਿੱਖਿਆਵਾਂ ’ਤੇ ਖੁਦ ਵੀ ਅਮਲ ਕੀਤਾ।

ਲੋਕਾਈ ਦੀ ਭਲਾਈ ਲਈ ਤਕਰੀਬਨ ਚਾਰ ਦਹਾਕਿਆਂ ਤੋਂ ਵੱਧ ਸਮਾਂ ਆਪਣੇ ਘਰ ਤੋਂ ਦੂਰ ਰਹਿ ਕੇ ਸਾਦਗੀ ਭਰਿਆ ਜੀਵਨ ਬਤੀਤ ਕਰ ਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਲਈ ਕੰਮ ਕੀਤਾ ਅਤੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ।

ਉਸ ਵੇਲੇ ਲੋਕਾਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਵਾਲਿਆਂ ਨੂੰ ਸਿੱਖ ਕਿਹਾ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਣ ਦੇ ਨਾਲ-ਨਾਲ ਸਿੱਖਾਂ ਦੇ ਪਹਿਲੇ ਆਦਰਸ਼ ਵੀ ਬਣੇ। ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਉਚਾਰਨ ਕਰ ਕੇ, ਸਕੂਲ ਤੇ ਸਾਹਿਤਕ ਕੇਂਦਰ ਖੋਲ੍ਹ ਕੇ, ਪਹਿਲਵਾਨੀ ਦੀ ਪ੍ਰਥਾ ਸ਼ੁਰੂ ਕਰਨ ਤੋਂ ਇਲਾਵਾ ਗੁਰਮੁਖੀ ਨੂੰ ਮਿਆਰਬੰਦ ਕਰ ਕੇ ਕੌਮ ਅਤੇ ਦੁਨੀਆ ਨੂੰ ਇਕ ਨਿਵੇਕਲੀ ਲਿੱਪੀ ਦਿੱਤੀ ਅਤੇ ਇਨ੍ਹਾਂ ਕਾਰਨਾਂ ਕਰ ਕੇ ਉਹ ਇਕ ਆਦਰਸ਼ ਵੀ ਬਣੇ। ਇਸ ਤੋਂ ਬਾਅਦ ਸਾਰੇ ਦੇ ਸਾਰੇ ਗੁਰੂ ਸਾਹਿਬਾਨ ਵੱਡੀਆਂ ਘਾਲਣਾਵਾਂ ਅਤੇ ਕੁਰਬਾਨੀਆਂ ਕਰ ਕੇ ਆਦਰਸ਼ ਬਣੇ। ਗੁਰੂ ਸਾਹਿਬ ਤੋਂ ਬਾਅਦ ਵੀ ਸਿੱਖ ਕੌਮ ’ਚ ਬਹੁਤ ਸਾਰੀਆਂ ਸ਼ਖਸੀਅਤਾਂ ਗੁਰੂਆਂ ਦੀ ਰਾਹ ’ਤੇ ਚੱਲਦੇ ਹੋਏ ਆਪਣੇ ਉੱਚੇ ਤੇ ਸੁੱਚੇ ਕਿਰਦਾਰ ਕਾਰਨ ਰੋਲ ਮਾਡਲ ਵਜੋਂ ਸਥਾਪਿਤ ਹੋਈਆਂ।

ਪਰ ਜਿਵੇਂ-ਜਿਵੇਂ ਸਿੱਖ ਲੀਡਰਸ਼ਿਪ ਸਿੱਖ ਅਸੂਲਾਂ ਅਤੇ ਗੁਰੂ ਸਾਹਿਬ ਵੱਲੋਂ ਪਾਏ ਗਏ ਪੂਰਨਿਆਂ ਤੋਂ ਪਿੱਛੇ ਹਟਦੀ ਗਈ, ਉਸੇ ਤਰ੍ਹਾਂ ਸਿੱਖ ਕੌਮ ਕੋਲ ਨਵੇਂ ਰੋਲ ਮਾਡਲਾਂ ਦੀ ਘਾਟ ਆਉਣੀ ਸ਼ੁਰੂ ਹੋ ਗਈ ਪਰੰਤੂ ਅਜੋਕੇ ਸਮੇਂ ’ਚ ਸਿੱਖ ਲੀਡਰਸ਼ਿਪ ’ਚ ਕਿਰਦਾਰ ਪੱਖੋਂ ਆਏ ਨਿਘਾਰ, ਸਿੱਖ ਨੌਜਵਾਨੀ ਦੀ ਗੌਰਵਮਈ ਇਤਿਹਾਸ ਤੋਂ ਦੂਰੀ ਅਤੇ ਗੁਰਬਾਣੀ ਦੀ ਸਹੀ ਵਿਆਖਿਆ ਦੀ ਘਾਟ ਨੇ ਸਿੱਖ ਨੌਜਵਾਨਾਂ ਨੂੰ ਨਕਾਰਾਤਮਕ ਸੋਚ ਵੱਲ ਧੱਕ ਦਿੱਤਾ ਹੈ। ਉਨ੍ਹਾਂ ’ਚ ਆਪਣੇ ਰੋਲ ਮਾਡਲ ਪਛਾਣਨ ਦੀ ਸੋਝੀ ਵੀ ਖਤਮ ਹੁੰਦੀ ਜਾ ਰਹੀ ਹੈ।

ਇਸੇ ਕਾਰਨ ਅੱਜ ਦੇ ਸਮੇਂ ’ਚ ਅਜਿਹੇ ਲੋਕਾਂ ਨੂੰ ਸਿੱਖ ਨੌਜਵਾਨ ਆਪਣਾ ਆਦਰਸ਼ ਮੰਨਣ ਲੱਗ ਪਏ ਹਨ ਜਿਨ੍ਹਾਂ ਦਾ ਸਿੱਖ ਕੌਮ ਜਾਂ ਸਮਾਜ ਲਈ ਕੋਈ ਖਾਸ ਯੋਗਦਾਨ ਨਹੀਂ ਹੁੰਦਾ ਤੇ ਸਭ ਤੋਂ ਜ਼ਰੂਰੀ ਉਨ੍ਹਾਂ ਦੇ ਪਿਛੋਕੜ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝਦੇ। ਉਹ ਸਿਰਫ ਉਸ ਨੂੰ ਹੀ ਇਕ ਆਦਰਸ਼ ਸਮਝਣ ਲੱਗਦੇ ਹਨ ਜੋ ਸਥਾਪਿਤ ਲੀਡਰਸ਼ਿਪ ਅਤੇ ਸਰਕਾਰ ਦਾ ਵਿਰੋਧ ਕਰਦਾ ਹੋਵੇ ਜਾਂ ਉਸ ਦਾ ਇਕ ਅੱਧਾ ਗੁਣ ਚੰਗਾ ਲੱਗਦਾ ਹੋਵੇ ਭਾਵੇਂ ਉਸ ’ਚ ਹੋਰ ਬਹੁਤ ਸਾਰੀਆਂ ਘਾਟਾਂ ਹੋਣ।

ਇਸ ਦੀਆਂ ਕਈ ਉਦਾਹਰਣਾਂ ਸਾਡੇ ਸਾਹਮਣੇ ਹਨ। ਜਿਸ ਤਰ੍ਹਾਂ ਦੀਪ ਸਿੱਧੂ ਵੱਲੋਂ ਸਰਕਾਰ ਦੀ ਲਗਾਤਾਰ ਵਿਰੋਧਤਾ ਕਰਨ ਤੋਂ ਬਾਅਦ ਇਕ ਦੁਰਘਟਨਾ ’ਚ ਉਸ ਦੀ ਮੌਤ ਹੋ ਜਾਣ ’ਤੇ ਇਸੇ ਸ਼ੱਕ ’ਚ ਉਸ ਨੂੰ ਰੋਲ ਮਾਡਲ ਮੰਨ ਲਿਆ ਗਿਆ ਕਿ ਉਸ ਦੀ ਮੌਤ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਹੈ। ਨੌਜਵਾਨਾਂ ਨੇ ਦੀਪ ਸਿੱਧੂ ਨੂੰ ਆਪਣਾ ਆਦਰਸ਼ ਮੰਨ ਕੇ ਗੁਰੂਆਂ ਨੂੰ ਭੁੱਲ ਕੇ ਉਸ ਦੇ ਨਾਂ ’ਤੇ ਅੰਮ੍ਰਿਤ ਛਕਣਾ ਸ਼ੁਰੂ ਕਰ ਦਿੱਤਾ ਜੋ ਕੇ ਖੁਦ ਸਿੱਖ ਰਹਿਤ ਮਰਿਆਦਾ ਤੋਂ ਸੱਖਣਾ ਸੀ, ਸਗੋਂ ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਵੀ ਨਹੀਂ ਸੀ ਅਪਣਾ ਰਿਹਾ। ਇਸੇ ਤਰ੍ਹਾਂ ਦੇਸ਼-ਵਿਦੇਸ਼ ’ਚ ਬੈਠੇ ਕਈ ਲੋਕ ਜੋ ਖੁਦ ਸਿੱਖੀ ਰਹਿਤ ਮਰਿਆਦਾ ਨਹੀਂ ਅਪਣਾ ਰਹੇ, ਨੂੰ ਵੀ ਬਹੁਤ ਸਾਰੇ ਸਿੱਖ ਨੌਜਵਾਨ ਰੋਲ ਮਾਡਲ ਵਜੋਂ ਮੰਨ ਰਹੇ ਹਨ।

ਕਿਸੇ ਨੂੰ ਵੀ ਆਪਣਾ ਆਦਰਸ਼ ਸਮਝਣ ਵੇਲੇ ਸਿੱਖ ਨੌਜਵਾਨਾਂ ਨੂੰ ਖਾਲਸੇ ਦੀ ਸਿਰਜਣਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਬਦ, ‘‘ਰਹਿਣੀ ਰਹੈ ਸੋਈ ਸਿਖ ਮੇਰਾ।। ਉਹ ਠਾਕੁਰ ਮੈਂ ਉਸ ਕਾ ਚੇਰਾ।। ਜਬ ਇਹ ਗਹੈ ਬਿਪਰਨ ਕਿ ਰੀਤ।। ਮੈ ਨ ਕਰੋ ਇਨ ਕੀ ਪ੍ਰਤੀਤ।।’’ ਭੁੱਲਣੇ ਨਹੀਂ ਚਾਹੀਦੇ ਪਰ ਅੱਜ ਦਾ ਸਿੱਖ ਨੌਜਵਾਨ ਗੁਰੂਆਂ ਦੇ ਦੱਸੇ ਰਾਹ ਨੂੰ ਭੁੱਲ ਕੇ ਅਧੂਰੇ ਰੋਲ ਮਾਡਲਾਂ ਦੇ ਮਗਰ ਲੱਗ ਕੇ ਜੀਵਨ ਦੇ ਸਹੀ ਨਿਸ਼ਾਨੇ ਤੋਂ ਭਟਕ ਰਿਹਾ ਹੈ।

ਸਿੱਖ ਨੌਜਵਾਨੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਦੁਨੀਆ ’ਚ ਸਭ ਤੋਂ ਵੱਡੇ ਆਦਰਸ਼ ਗੁਰੂਆਂ, ਚਾਰ ਸਾਹਿਬਜ਼ਾਦਿਆਂ ਅਤੇ ਮਹਾਨ ਸ਼ਹੀਦਾਂ ਦੇ ਰੂਪ ’ਚ ਮਿਲੇ ਹੋਏ ਹਨ ਤਾਂ ਫਿਰ ਆਮ ਵਿਅਕਤੀਆਂ ਨੂੰ ਆਦਰਸ਼ ਦੇ ਰੂਪ ’ਚ ਦੇਖਣਾ ਸਿੱਖ ਗੁਰੂਆਂ ਦੀਆਂ ਕੀਤੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਨੂੰ ਛੁਟਿਆਉਣ ਦੇ ਬਰਾਬਰ ਹੋਵੇਗਾ।

ਇਕਬਾਲ ਸਿੰਘ ਚੰਨੀ


author

Rakesh

Content Editor

Related News