ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਤੋਂ ਉਮੀਦ ਜਾਗੀ

Friday, Nov 29, 2024 - 05:41 PM (IST)

ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਤੋਂ ਉਮੀਦ ਜਾਗੀ

ਅਕਾਲੀ ਦਲ ਦੇ ਪਿਛਲੇ 100 ਸਾਲ ਤੋਂ ਵੱਧ ਦੇ ਇਤਿਹਾਸ ਦੌਰਾਨ ਸਿੱਖ ਪੰਥ ਅਤੇ ਅਕਾਲੀ ਦਲ ਨੂੰ ਕਈ ਵਾਰ ਬਹੁਤ ਹੀ ਔਖੇ ਤੇ ਮਾੜੇ ਸਮੇਂ ਵਿਚੋਂ ਗੁਜ਼ਰਨਾ ਪਿਆ ਖਾਸ ਕਰ ਕੇ ਅੰਗਰੇਜ਼ ਹਕੂਮਤ ਦੇ ਚਹੇਤੇ ਮਹੰਤਾਂ ਤੋਂ, ਗੁਰਦੁਆਰਿਆਂ ਦਾ ਪ੍ਰਬੰਧ ਲੈਣ ਸਮੇਂ ਅੰਗਰੇਜ਼ ਹਕੂਮਤ ਦੀਆਂ ਜ਼ਿਆਦਤੀਆਂ ਝੱਲਣਾ, 1947 ਵੇਲੇ ਦੇਸ਼ ਦੀ ਵੰਡ ਦੌਰਾਨ ਲੱਖਾਂ ਸਿੱਖਾਂ ਦਾ ਕਤਲ ਹੋਣਾ, ਪੰਜਾਬੀ ਸੂਬੇ ਦੀ ਮੰਗ ਲਈ ਭਾਰਤੀ ਹਕੂਮਤ ਦਾ ਵਿਰੋਧ ਝੱਲਣਾ, ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਸੰਘਰਸ਼ ਕਰਨਾ, 1984 ’ਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀ ਕਾਰਵਾਈ, ਦਿੱਲੀ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਜਾਣਾ ਸ਼ਾਮਲ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦਾ 1928 ਵਿਚ ਤਿੰਨ ਧੜਿਆਂ ਵਿਚ ਵੰਡਿਆ ਜਾਣਾ, 1939 ਵਿਚ ਗਿਆਨੀ ਖੜਕ ਸਿੰਘ ਅਤੇ ਊਧਮ ਸਿੰਘ ਨਾਗੋਕੇ ਵੱਲੋਂ ਅਲੱਗ-ਅਲੱਗ ਧੜੇ ਬਣਾ ਲੈਣੇ,1967 ਵਿਚ ਅਕਾਲੀ ਦਲ ਦਾ ਸੰਤ ਫ਼ਤਹਿ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੇ ਧੜਿਆਂ ਵਿਚ ਵੰਡਿਆ ਜਾਣਾ ਸਿੱਖ ਪੰਥ ਦੇ ਔਖੇ ਸਮੇਂ ਵਜੋਂ ਜਾਣੇ ਜਾਂਦੇ ਹਨ। ਪ੍ਰੰਤੂ ਇਨ੍ਹਾਂ ਸਾਰੀਆਂ ਘਟਨਾਵਾਂ ਸਮੇਂ ਸਿੱਖ ਲੀਡਰਸ਼ਿਪ ਸਿੱਖ ਹਿੱਤਾਂ ਲਈ ਡਟ ਕੇ ਖੜ੍ਹੀ ਰਹੀ ਅਤੇ ਸਿੱਖ ਕੌਮ ਦੀ ਵਿਸ਼ਵਾਸ ਪਾਤਰ ਬਣੀ ਰਹੀ। ਪ੍ਰੰਤੂ ਪਿਛਲੇ ਕੁਝ ਦਹਾਕਿਆਂ ਦੌਰਾਨ ਸਿੱਖਾਂ ਨਾਲ ਸਬੰਧਤ ਕਈ ਮਸਲਿਆਂ ਸਮੇਂ ਸਿੱਖ ਲੀਡਰਸ਼ਿਪ ਸਿੱਖ ਹਿੱਤਾਂ ਦੇ ਵਿਰੁੱਧ ਖੜ੍ਹੀ ਦਿਖਾਈ ਦਿੱਤੀ ਜਿਸ ਕਾਰਨ ਸਿੱਖ ਕੌਮ, ਸਿੱਖ ਲੀਡਰਸ਼ਿਪ ਨੂੰ ਕਸੂਰਵਾਰ ਮੰਨ ਰਹੀ ਹੈ ।

ਇਸੇ ਕਾਰਨ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿਆਸੀ ਸੰਕਟ ਵਿਚ ਘਿਰ ਗਈ ਹੈ ਅਤੇ ਪਿਛਲੀਆਂ ਚੋਣਾਂ ਦਰਮਿਆਨ ਕਰਾਰੀਆਂ ਹਾਰਾਂ ਤੋਂ ਬਾਅਦ ਅਕਾਲੀ ਦਲ ਕੋਲ ਸੱਤਾ ਨਾ ਰਹਿਣ ਕਾਰਨ ਪਾਰਟੀ ਪ੍ਰਧਾਨ ਦੀ ਪਹਿਲਾਂ ਵਾਲੀ ਪਕੜ ਢਿੱਲੀ ਪੈ ਗਈ , ਜਿਸ ਕਾਰਨ ਕਈ ਲੀਡਰਾਂ ਨੇ ਬਾਗੀ ਹੋ ਕੇ ਅਕਾਲੀ ਦਲ ਸੁਧਾਰ ਲਹਿਰ ਨਾ ਦਾ ਗਰੁੱਪ ਬਣਾ ਕੇ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕਰ ਦਿੱਤੀ। ਸੁਧਾਰ ਲਹਿਰ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਲਿਖਤੀ ਸ਼ਿਕਾਇਤ ਵੀ ਕਰ ਦਿੱਤੀ। ਇਸ ਸ਼ਿਕਾਇਤ ਨੇ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਧਾਰਮਿਕ ਅਤੇ ਸਿਆਸੀ ਸੰਕਟ ਵਿਚ ਉਲਝਾ ਦਿੱਤਾ। ਹਾਲਾਂਕਿ ਸ਼ਿਕਾਇਤ ਕਰਨ ਵਾਲੇ ਲੀਡਰ ਖੁੱਦ ਵੀ ਇਸ ਚੱਕਰਵਿਊ ਵਿਚ ਉਲਝ ਚੁੱਕੇ ਹਨ।

ਅਕਾਲੀ ਆਗੂਆਂ ਲਈ ਇਹ ਸੰਕਟ ਕੋਈ ਅਚਨਚੇਤ ਹੀ ਪੈਦਾ ਨਹੀਂ ਸੀ ਹੋਇਆ। ਇਸ ਸੰਕਟ ਦੇ ਪਿੱਛੇ ਅਕਾਲੀ ਆਗੂਆਂ ਦੇ ਸਿੱਖ ਅਸੂਲਾਂ ਦੇ ਖਿਲਾਫ ਚਲ ਕੇ ਕੀਤੇ ਗਏ ਕਈ ਅਜਿਹੇ ਕੰਮ ਸਨ ਜਿਨ੍ਹਾਂ ਨੂੰ ਸਿੱਖ ਪੰਥ ਬਰਦਾਸ਼ਤ ਨਹੀਂ ਕਰ ਰਿਹਾ। ਖਾਸ ਕਰ ਕੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਤਖਤਾਂ ਦੇ ਜਥੇਦਾਰਾਂ ਨੂੰ ਕਥਿਤ ਤੌਰ ’ਤੇ ਚੰਡੀਗੜ੍ਹ ਬੁਲਾਉਣਾ ਤੇ ਡੇਰਾ ਮੁਖੀ ਨੂੰ ਮੁਆਫ਼ ਕਰਨਾ, ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਗੋਲੀਕਾਂਡ, ਡੇਰਾ ਮੁਖੀ ਦੀ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਐੱਸ. ਜੀ. ਪੀ. ਸੀ. ਵੱਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣਾ, ਇਜ਼ਹਾਰ ਆਲਮ ਨੂੰ ਪਾਰਟੀ ਵਿਚ ਵੱਡੇ ਅਹੁਦੇ ਦੇਣਾ ਅਤੇ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਦਾ ਡੀ. ਜੀ. ਪੀ. ਲਾਉਣ ਵਰਗੇ ਫੈਸਲਿਆਂ ਨੇ ਸਿੱਖ ਸੰਗਤ ਨੂੰ ਅਕਾਲੀ ਦਲ ਤੋਂ ਦੂਰ ਕਰ ਦਿੱਤਾ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਅਜੋਕੀ ਸਥਿਤੀ ’ਚ ਪਹੁੰਚ ਗਈ।

ਇਥੇ ਹੀ ਬਸ ਨਹੀਂ ਅਕਾਲ ਤਖਤ ’ਤੇ ਸ਼ਿਕਾਇਤ ਪਹੁੰਚਣ ਤੋਂ ਬਾਅਦ ਵੀ ਦੋਵੇਂ ਧੜੇ ਮੂੰਹ ਜ਼ੁਬਾਨੀ ਤਾਂ ਖੁਦ ਨੂੰ ਅਕਾਲ ਤਖ਼ਤ ਨੂੰ ਸਮਰਪਿਤ ਦਸਦੇ ਰਹੇ ਪ੍ਰੰਤੂ ਅਸਲ ਵਿਚ ਜ਼ੋਰ ਅਜ਼ਮਾਈ ਕਰਨ ’ਚ ਲੱਗੇ ਰਹੇ। ਸ੍ਰੀ ਅਕਾਲ ਤਖ਼ਤ ’ਤੇ ਸ਼ਿਕਾਇਤ ਕਰਨ ਤੋਂ ਬਾਅਦ ਸੁਧਾਰ ਲਹਿਰ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਵਿਰੁੱਧ ਇਕ ਮੁਹਿੰਮ ਛੇੜ ਦਿੱਤੀ। ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਆਪਣੇ ਆਪ ਨੂੰ ਸੁਪਰੀਮ ਦੱਸਣ ਲਈ ਕੋਰ ਕਮੇਟੀ, ਡੈਲੀਗੇਟਸ, ਜ਼ਿਲਾ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਤਾਕਤ ਦਾ ਮੁਜ਼ਾਹਰਾ ਕੀਤਾ ਅਤੇ ਸੁਧਾਰ ਲਹਿਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਕਿਉਂਕਿ ਅਕਾਲੀ ਦਲ ਬਾਦਲ ਦੇ ਆਗੂ ਇਹ ਸਮਝੀ ਬੈਠੇ ਸਨ ਕਿ ਉਨ੍ਹਾਂ ਕੋਲ ਹਰ ਪਾਸੇ ਬਹੁਮਤ ਹੈ। ਭਾਵੇਂ ਕਾਨੂੰਨੀ ਤੌਰ ’ਤੇ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਇਹ ਸੋਚਣਾ ਬਿਲਕੁਲ ਠੀਕ ਸੀ ਪ੍ਰੰਤੂ ਇਹ ਆਗੂ ਇਹ ਭੁੱਲ ਗਏ ਕਿ ਸਿੱਖ ਸੰਗਤ ਸਿੱਖ ਰਹਿਤ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਦਾਚਿੱਤ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਕਾਰਨ ਅਕਾਲ ਤਖਤ ਦੇ ਜਥੇਦਾਰ ਨੇ ਸਿੱਖ ਸੰਗਤ ਦੇ ਵਿਰੋਧ ਨੂੰ ਭਾਂਪਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਪੱਸ਼ਟੀਕਰਨ ਨੂੰ ਵਿਚਾਰ ਕੇ ਉਸ ਨੂੰ ਤਨਖਾਹੀਆ ਐਲਾਨ ਦਿੱਤਾ।

ਇਸ ਸਾਰੇ ਘਟਨਾਕ੍ਰਮ ਨੇ ਸਿੱਖ ਪੰਥ ਨੂੰ ਇਕ ਵਾਰ ਮਾਯੂਸੀ ਦੇ ਆਲਮ ਵਿਚ ਪਹੁੰਚਾ ਦਿੱਤਾ ਸੀ । ਕਿਉਂਕਿ ਇਕ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਕੀਤੇ ਨੂੰ ਇਕ ਲੰਮਾ ਅਰਸਾ ਹੋ ਗਿਆ ਸੀ ਅਤੇ ਦੂਜਾ ਕਈ ਆਗੂ ਤਾਂ ਤਖਤਾਂ ਦੇ ਜਥੇਦਾਰਾਂ ’ਤੇ ਵੀ ਇਲਜ਼ਾਮ ਤਰਾਸ਼ੀ ਕਰਨ ਲੱਗੇ ਸਨ। ਇਥੋਂ ਤੱਕ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਵੀ ਦੇ ਦਿੱਤਾ ਸੀ ਭਾਵੇਂ ਅਕਾਲ ਤਖਤ ਦੇ ਜਥੇਦਾਰ ਦੇ ਦਖਲ ਕਾਰਨ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਸੀ ਕੀਤਾ ਗਿਆ। ਬਹੁਤ ਸਾਰੇ ਅਕਾਲੀ ਲੀਡਰ ਤੇ ਸਿੱਖ ਸ਼ਖਸੀਅਤਾਂ ਅਕਾਲ ਤਖਤ ਨੂੰ ਸਲਾਹਾਂ ਦੇਣ ਲੱਗ ਗਈਆਂ ਸਨ ਕਿ ਅਕਾਲੀ ਲੀਡਰਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ। ਇਸ ਵਰਤਾਰੇ ਤੋਂ ਸਿੱਖ ਸੰਗਤਾਂ ’ਚ ਇਹ ਪ੍ਰਭਾਵ ਜਾਣ ਲੱਗਾ ਕਿ ਸ਼ਾਇਦ ਜਥੇਦਾਰ ਪਹਿਲਾਂ ਦੀ ਤਰ੍ਹਾਂ ਅਜੇ ਵੀ ਅਕਾਲੀ ਲੀਡਰਾਂ ਦੇ ਪ੍ਰਭਾਵ ਅਧੀਨ ਹਨ ਤੇ ਅਾਜ਼ਾਦਾਨਾ ਫੈਸਲਾ ਲੈਣ ਦੇ ਸਮਰੱਥ ਨਹੀਂ ਹਨ। ਇਹ ਸ਼ੱਕ ਉਦੋਂ ਹੋਰ ਵੀ ਗਹਿਰਾ ਹੋ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਨੂੰ ਜਲਦੀ ਫੈਸਲਾ ਲੈਣ ਦੀ ਅਪੀਲ ਤੋਂ ਬਾਅਦ ਜਥੇਦਾਰ ਸਾਹਿਬ ਨੇ ਜਲਦੀ ਫੈਸਲਾ ਕਰਨ ਦਾ ਐਲਾਨ ਕਰ ਦਿੱਤਾ।

ਪ੍ਰੰਤੂ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਅਕਾਲੀ ਦਲ ਦੀ ਦਸ ਸਾਲ ਦੀ ਸਰਕਾਰ ਸਮੇਂ ਰਹੇ ਸਾਰੇ ਮੰਤਰੀਆਂ, ਕੋਰ ਕਮੇਟੀ ਮੈਂਬਰਾਂ ਅਤੇ ਐੱਸ.ਜੀ. ਪੀ. ਸੀ. ਦੀ ਉਸ ਸਮੇਂ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਜਾਣ ਤੋਂ ਇਲਾਵਾ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੂੰ ਵੀ ਪੰਜ ਦਿਨਾਂ ’ਚ ਸਪੱਸ਼ਟੀਕਰਨ ਦੇਣ ਦੇ ਆਦੇਸ਼ ਨੂੰ ਸਿੱਖ ਸੰਗਤ ਸਕਾਰਾਤਮਕ ਸੰਕੇਤ ਮੰਨ ਰਹੀ ਹੈ।

ਜਾਣਕਾਰੀ ਮੁਤਾਬਿਕ ਤਿੰਨੇ ਸਾਬਕਾ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿੱਥੇ ਸਮੇਂ ਤਕ ਆਪਣਾ ਸਪੱਸ਼ਟੀਕਰਨ ਦੇਣ ਦੀ ਜਾਣਕਾਰੀ ਦੇ ਦਿੱਤੀ ਹੈ। ਜੇਕਰ ਤਿੰਨੇ ਸਾਬਕਾ ਜਥੇਦਾਰ ਆਪਣੇ ਸਪੱਸ਼ਟੀਕਰਨ ਮਿੱਥੇ ਸਮੇਂ ’ਤੇ ਪੇਸ਼ ਕਰ ਦਿੰਦੇ ਹਨ ਤਾਂ 2 ਦਸੰਬਰ ਨੂੰ ਸਿੰਘ ਸਾਹਿਬਾਨ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਗੇ।

ਇਸ ਲਈਂ 2 ਦਸੰਬਰ ਨੂੰ ਸਿੰਘ ਸਾਹਿਬਾਨ ਭਾਵੇਂ ਕੋਈ ਫੈਸਲਾ ਕਰਨ ਜਾਂ ਨਾ ਕਰਨ ਪਰ ਸ੍ਰੀ ਅਕਾਲ ਤਖ਼ਤ ਦੀ ਇਸ ਕਾਰਵਾਈ ਨਾਲ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਾ ਮੁਖੀ ਨੂੰ ਮੁਆਫ਼ੀ ਅਤੇ ਗੋਲੀਬਾਰੀ ਕਰ ਕੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਜ਼ਿੰਮੇਵਾਰ ਲੀਡਰਾਂ ਨੂੰ ਪੰਥਕ ਭਾਵਨਾਵਾਂ ਅਤੇ ਸਿੱਖ ਮਰਿਆਦਾਵਾਂ ਅਨੁਸਾਰ ਜਲਦੀ ਹੀ ਤਨਖਾਹ ਲੱਗਣ ਦੀ ਉਮੀਦ ਜ਼ਰੂਰ ਜਾਗੀ ਹੈ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


author

Rakesh

Content Editor

Related News