ਸ਼ਰਧਾਵਾਨਾਂ ਅਤੇ ਦਲਬਦਲੂਆਂ ’ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ’ਚ ਸ਼ਿਵਰਾਜ

06/16/2020 3:44:52 AM

ਸੰਦੀਪ ਕੁਮਾਰ
ਮਾਰਚ ’ਚ ਸ਼ਿਵਰਾਜ ਸਿੰਘ ਚੌਹਾਨ ਨੇ ਰਿਕਾਰਡ ਚੌਥੀ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ’ਚ ਅਹੁਦਾ ਸੰਭਾਲਿਆ। ਉਨ੍ਹਾਂ ਨੇ 15 ਮਹੀਨੇ ਦੇ ਅੰਦਰ ਕਾਂਗਰਸ ਦੇ ਕਮਲਨਾਥ ਕੋਲੋਂ ਸੱਤਾ ਖੋਹ ਲਈ। ਜਦਕਿ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਮਲਨਾਥ ਕੋਲੋਂ ਰਾਜਗੱਦੀ ਖੋਹਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰ ਚੌਹਾਨ ਮੱਧ ਪ੍ਰਦੇਸ਼ ’ਚ ਭਾਜਪਾ ਦੇ ਲਈ ਸਪੱਸ਼ਟ ਮੁੱਖ ਮੰਤਰੀ ਬਣ ਗਏ। ਕੁਝ ਸਿਆਸੀ ਮਜਬੂਰੀਆਂ ਵੀ ਉਨ੍ਹਾਂ ਦੇ ਪੱਖ ’ਚ ਸਨ। ਬਾਗੀ ਕਾਂਗਰਸ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈਆਂ ਸੀਟਾਂ ’ਤੇ ਉਪ ਚੋਣ ਜਿੱਤਣ ਲਈ ਸ਼ਿਵਰਾਜ ਸਿੰਘ ਚੌਹਾਨ ਹੋਰ ਉਮੀਦਵਾਰਾਂ ਦੀ ਤੁਲਨਾ ’ਚ ਬਿਹਤਰ ਸਨ। ਭਾਜਪਾ ਨੂੰ ਖਾਲੀ ਪਈਆਂ 24 ਸੀਟਾਂ ’ਚੋਂ ਘੱਟ ਤੋਂ ਘੱਟ 15 ਨੂੰ ਜਿੱਤਣਾ ਹੈ। ਜੇਕਰ ਇਹ ਸੂਬੇ ’ਚ ਇਕ ਸਥਾਈ ਸਰਰਕਾਰ ਚਾਹੁੰਦੀ ਹੈ । ਅਜੇ ਇਸ ਦੇ ਕੋਲ ਥੋੜ੍ਹੀ ਬਹੁਮਤ ਹੈ। ਸਹੁੰ ਚੁੱਕਣ ਦੇ ਢਾਈ ਮਹੀਨਿਆਂ ਦੇ ਬਾਅਦ ਚੌਹਾਨ ਦੇ ਸਾਹਮਣੇ ਕਈ ਚੁਣੌਤੀਆਂ ਹਨ।

ਸਾਰਿਆਂ ਨੂੰ ਨਾਲ ਲੈ ਕੇ ਚੱਲਣਾ

ਪਹਿਲੀ ਚੁਣੌਤੀ ਕੋਵਿਡ-19 ਮਹਾਮਾਰੀ ਤੋਂ ਨਜਿੱਠਣ ਦੀ ਹੈ। ਜਿਸ ਨੇ ਸੂਬੇ ’ਚ 10 ਹਜ਼ਾਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸਿਆਸੀ ਚੁਣੌਤੀਆਂ ਵੀ ਜ਼ਿਆਦਾ ਔਖੀਆਂ ਹਨ। ਭਾਜਪਾ ਨੇ ਸੂਬੇ ’ਚ 22 ਕਾਂਗਰਸੀ ਬਾਗੀਆਂ ਦੀ ਮਦਦ ਨਾਲ ਸਰਕਾਰ ਦਾ ਗਠਨ ਕੀਤਾ ਸੀ ਜਿਨ੍ਹਾਂ ’ਚ ਵਧੇਰੇ ਕਾਂਗਰਸ ਸਰਕਾਰ ਦੇ ਮੰਤਰੀ ਸਨ। ਹੁਣ ਚੌਹਾਨ ਨੂੰ ਆਪਣੀ ਸਰਕਾਰ ’ਚ ਸਾਰਿਆਂ ਨੂੰ ਸ਼ਾਮਲ ਕਰਨਾ ਹੋਵੇਗਾ। ਇਸ ਦੇ ਕਾਰਨ ਕੈਬਨਿਟ ਵਾਧੇ ’ਚ ਦੇਰੀ ਹੋ ਰਹੀ ਹੈ। ਅਜਿਹੀ ਆਸ ਕੀਤੀ ਜਾ ਰਹੀ ਸੀ ਕਿ ਇਹ ਵਾਧਾ ਮਈ ਤੱਕ ਹੋ ਜਾਵੇਗਾ ਪਰ ਹੁਣ 19 ਜੂਨ ਨੂੰ ਰਾਜਸਭਾ ਚੋਣ ਦੇ ਆਯੋਜਨ ਦੇ ਬਾਅਦ ਹੀ ਵਾਧਾ ਸੰਭਵ ਹੋ ਸਕੇਗਾ। ਸਿਆਸੀ ਅਬਜ਼ਰਵਰ ਅਤੇ ਸੀਨੀਅਰ ਪੱਤਰਕਾਰ ਸੰਦੀਪ ਪੌਰਾਣਿਕ ਦਾ ਕਹਿਣਾ ਹੈ ਕਿ ਸਿਰਫ 29 ਮੰਤਰੀ ਅਹੁੱਦੇ ਲਈ ਮੁਹੱਈਆ ਹਨ ਅਤੇ ਉਮੀਦਵਾਰਾਂ ਦੀ ਲੰਮੀ ਸੂਚੀ ਹੈ। ਇਨ੍ਹਾਂ ’ਚੋਂ 22 ਦਲਬਦਲ ਕਰਵਾ ਕੇ ਆਉਣ ਵਾਲੇ ਨੇਤਾ ਵੀ ਹਨ। ਯਕੀਨਨ ਉਨ੍ਹਾਂ ਨੂੰ ਪਾਰਟੀ ਛੱਡ ਭਾਜਪਾ ’ਚ ਆਉਣ ਦਾ ਪੁਰਸਕਾਰ ਚਾਹੀਦਾ ਹੈ। ਚੌਹਾਨ ਇਸ ਸਮੇਂ ਅਜਿਹੀ ਸਥਿਤੀ ’ਚ ਸੰਤੁਲਨ ਬਣਾਉਣ ਲਈ ਕਸ਼ਮਕਸ਼ ਕਰ ਰਹੇ ਹਨ। ਕਾਂਗਰਸ ਤੋਂ ਆਉਣ ਵਾਲੇ ਲੋਕਾਂ ਤੋਂ ਇਲਾਵਾ ਭਾਜਪਾ ’ਚ ਵੀ ਕਈ ਉੱਚ ਦਰਜੇ ਦੇ ਨੇਤਾ ਹਨ, ਜੋ ਮੰਤਰੀ ਅਹੁਦੇ ਦੀ ਆਸ ਲਗਾਈ ਬੈਠੇ ਹਨ। ਇਹੀ ਕਾਰਣ ਹੈ ਕਿ ਚੌਹਾਨ ਨੇ ਮੰਤਰੀ ਮੰਡਲ ਵਾਧੇ ਨੂੰ ਦੋ ਵਾਰ ਟਾਲ ਦਿੱਤਾ।

ਇਕ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਮਹੱਤਪੂਰਨ ਨੇਤਾਵਾਂ ਨਾਲ ਵੀ ਦਬਾਅ ਵਧ ਰਿਹਾ ਹੈ। ਜੋਤਿਰਾਦਿਤਿਆ ਸਿੰਧੀਆ ਅਤੇ ਉਨ੍ਹਾਂ ਦੇ ਸ਼ਰਧਾਵਾਨ ਲੋਕਾਂ ਨਾਲ ਡੀਲ ਦੇ ਮੁਤਾਬਿਕ ਚੌਹਾਨ ਨੂੰ ਘੱਟ ਤੋਂ ਘੱਟ 10 ਦਲਬਦਲ ਕਰ ਕੇ ਆਉਣ ਵਾਲੇ ਨੇਤਾਵਾਂ ਨੂੰ ਸਮਾਯੋਜਿਤ ਕਰਨਾ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਕੁਝ ਪੁਰਾਣੇ ਦੋਸਤਾਂ ਨੂੰ ਮਨਾਉਣਾ ਹੋਵੇਗਾ। ਚੌਹਾਨ ਨੇ ਸਪੀਕਰ ਦੇ ਅਹੁਦੇ ਲਈ ਗੋਪਾਲ ਭਾਰਗਵ ਨੂੰ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ।

ਇਕ ਸਾਬਕਾ ਭਾਜਪਾ ਨੇਤਾ ਦੇ ਅਨੁਸਾਰ ਪਾਰਟੀ ’ਚ ਉਸ ਸਮੇਂ ਤਣਾਅ ਵਧ ਗਿਆ ਜਦ ਰੇਵਾ ਦੇ ਵਿਧਾਇਕ ਰਾਜਿੰਦਰ ਸ਼ੁਕਲਾ ਨੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੂੰ ਮੁੰਬਈ ’ਚ ਫਸੇ ਕੁਝ ਸਥਾਨਕ ਲੋਕਾਂ ਨੂੰ ਵਾਪਸ ਲਿਆਉਣ ਲਈ ਅਪੀਲ ਕੀਤੀ। ਇਹ ਉਸ ਸਮੇਂ ਹੋਇਆ ਜਦ ਚੌਹਾਨ ਇਹ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਹਰੇਕ ਪ੍ਰਵਾਸੀ ਕਿਰਤੀ ਦੀ ਘਰ ਵਾਪਸੀ ਕਰਵਾਏਗੀ। ਸੂਤਰਾਂ ਦੇ ਅਨੁਸਾਰ ਚੌਹਾਨ ਦੇ ਕਰੀਬੀ ਸ਼ੁਕਲਾ ਨੂੰ ਸੰਭਾਵਨਾਵਾਂ ਦੀ ਸੂਚੀ ’ਚੋਂ ਕੱਢ ਦਿੱਤਾ ਗਿਆ ਹੈ।

ਦਲਬਦਲੂ ਕੈਂਪਸ ਤੋਂ ਸਾਬਕਾ ਮੰਤਰੀ ਇਮਰਤੀ ਦੇਵੀ, ਮਹਿੰਦਰ ਸਿੰਘ ਸਿਸੋਦੀਆ, ਪ੍ਰਭੂ ਰਾਮ ਚੌਧਰੀ ਅਤੇ ਪ੍ਰਦੂਮਨ ਸਿੰਘ ਤੋਮਰ ਕੁਝ ਪ੍ਰਮੁੱਖ ਦਾਅਵੇਦਾਰ ਹਨ। ਸ਼ੁਕਲ ਅਤੇ ਭਾਰਗਵ ਦੇ ਇਲਾਵਾ ਭਾਜਪਾ ਦੇ ਮਹੱਤਵਪੂਰਨਾਂ ’ਚੋਂ ਸਿੰਧੀਆ ਦੀ ਭੂਆ ਯਸ਼ੋਧਰਾ ਰਾਜੇ, ਵਿਸ਼ਵਾਸ ਸਾਰੰਗ, ਭੁਪਿੰਦਰ ਸਿੰਘ, ਅਜੇ ਬਿਸ਼ਨੋਈ ਅਤੇ ਸਤਿੰਦਰ ਪਾਠਕ ਸ਼ਾਮਲ ਹਨ।

ਉਪਚੋਣ

ਉਪਚੋਣ ਦੀ ਮਿਤੀ ਅਜੇ ਐਲਾਨੀ ਨਹੀਂ ਹੈ ਪਰ ਪਾਰਟੀ ਨੇ ਹੁਣ ਤੋਂ ਚੋਣ ਪ੍ਰਬੰਧਕ ਕਮੇਟੀ ਅਤੇ ਇਕ ਚੋਣ ਸ੍ਰੋਤ ਕਮੇਟੀ ਦਾ ਗਠਨ ਕਰ ਲਿਆ ਹੈ। ਪ੍ਰਬੰਧਨ ਕਮੇਟੀ ’ਚ ਚਾਰ ਕੇਂਦਰੀ ਮੰਤਰੀ ਹਨ, ਜਿਨ੍ਹਾਂ ਦਾ ਸਬੰਧ ਮੱਧ ਪ੍ਰਦੇਸ਼ ਨਾਲ ਹੈ। ਇਨ੍ਹਾਂ ’ਚੋਂ ਨਰਿੰਦਰ ਸਿੰਘ ਤੋਮਰ, ਪ੍ਰਹਲਾਦ ਸਿੰਘ ਪਟੇਲ, ਥਾਵਰ ਚੰਦ ਗਹਿਲੋਤ ਅਤੇ ਫੱਗਣ ਸਿੰਘ ਕੁਲਸਕੇ ਸ਼ਾਮਲ ਹਨ। ਚੌਹਾਨ, ਸਿੰਧੀਆ ਅਤੇ ਸੂਬੇ ਦੇ ਭਾਜਪਾ ਪ੍ਰਧਾਨ ਵੀ.ਡੀ. ਸ਼ਰਮਾ ਵੀ ਇਸ ਕਮੇਟੀ ਦਾ ਹਿੱਸਾ ਹਨ।

24 ਉਪਚੋਣਾਂ ’ਚੋਂ 16 ਗਵਾਲੀਅਰ-ਚੰਬਲ ਇਲਾਕੇ ’ਚ ਆਯੋਜਿਤ ਹੋਣੀਆਂ ਹਨ ਜੋ ਕਿ ਸਿੰਧੀਆ ਦਾ ਗੜ੍ਹ ਮੰਨਿਆ ਜਾਂਦਾ ਹੈ। ਕਾਂਗਰਸ ਵੀ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ। ਭਾਜਪਾ ਨੇਤਾ ਬੁਲੇਂਦੂ ਸ਼ੁਕਲਾ ਹੁਣ ਕਾਂਗਰਸ ਦੇ ਵੱਲ ਰੁਖ ਕਰ ਚੁੱਕੇ ਹਨ। ਕਿਸੇ ਸਮੇਂ ਉਹ ਸਵਰਗੀ ਮਾਧਵ ਰਾਵ ਸਿੰਧੀਆ (ਜੋਤਿਰਾਦਿਤਿਆ ਸਿੰਧੀਆ ਦੇ ਪਿਤਾ ) ਦੇ ਨੇੜਲੇ ਸਹਿਯੋਗੀ ਸਨ। ਸ਼ੁਕਲਾ ਵੀ ਜੋਤਿਰਾਦਿਤਿਆ ਸਿੰਧੀਆ ਦੇ ਭਗਵਾ ਪਾਰਟੀ ’ਚ ਸ਼ਾਮਲ ਹੋਣ ਤੋਂ ਨਾਰਾਜ਼ ਹਨ। ਪਿਛਲੇ ਕੁਝ ਦਿਨ ਪਹਿਲੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਚੰਦ (ਗੁੱਡੂ) ਨੇ ਵੀ ਮੁੜ ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪੱਲਾ ਫੜ ਲਿਆ। ਕਾਂਗਰਸ ਦੀਆਂ ਵੱਡੀਆਂ ਤੋਪਾਂ ਨੂੰ ਮੈਦਾਨ ’ਚ ਉਤਾਰਣ ਦੀ ਯੋਜਨਾ ਹੈ ਜਿਨ੍ਹਾਂ ’ਚ ਅਜੇ ਸਿੰਘ ਰਾਹੁਲ (ਸਾਬਕਾ ਸੀ.ਐੱਮ. ਅਰਜੁਨ ਸਿੰਘ ਦੇ ਬੇਟੇ ) ਮਿਨਾਕਸ਼ੀ ਨਟਰਾਜਨ ਅਤੇ ਗੁੱਡੂ ਸ਼ਾਮਲ ਹਨ। ਸੂਤਰਾਂ ਦੇ ਅਨੁਸਾਰ ਮੱਧ ਪ੍ਰਦੇਸ਼ ਇਕਾਈ ਮੁਖੀ ਕਮਲਨਾਥ ਭਾਜਪਾ ਨਾਲ ਨਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਪਚੋਣਾਂ ਦੇ ਬਾਅਦ ਹੈਰਾਨ ਹੋਣ ਲਈ ਤਿਆਰ ਰਹਿਣ।

ਉਧਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਦੀਪਕ ਜੋਸ਼ੀ (ਕੈਲਾਸ਼ ਜੋਸ਼ੀ ਦੇ ਪੁੱਤਰ ਜੋਕਿ ਮੱਧ ਪ੍ਰਦੇਸ਼ ਦੇ ਪਹਿਲੇ ਭਾਜਪਾ ਸੀ.ਐੱਮ. ਰਹੇ) ਨੇ ਹਾਲ ਹੀ ’ਚ ਕਿਹਾ ਕਿ ਉਨਾਂ ਦੇ ਬਦਲ ਖੁੱਲ੍ਹੇ ਹਨ। ਪ੍ਰਭਾਤ ਝਾ ਅਤੇ ਜੈਭਾਨ ਸਿੰਘ ਵਰਗੇ ਨੇਤਾ ਵੀ ਸਿੰਧੀਆ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਖਫਾ ਹਨ। ਜੈਭਾਨ ਨੇ ਤਾਂ ਚੌਹਾਨ ਨੂੰ ਇਥੋਂ ਤਕ ਕਹਿ ਦਿੱਤਾ ਕਿ ਉਹ ਕਾਂਗਰਸੀ ਦਲਬਦਲੂਆਂ ਦੇ ਲਈ ਕੋਈ ਕੰਮਪੇਨ ਨਹੀਂ ਕਰਨਗੇ। ਹਾਲਾਂਕਿ ਇਨ੍ਹਾਂ ਦੋਵਾਂ ਨੂੰ ਭਾਜਪਾ ਨੇ ਚੋਣ ਸਬੰਧਤ ਟੀਮਾਂ ’ਚ ਸ਼ਾਮਲ ਕੀਤਾ ਹੈ।

ਉਧਰ ਭਾਜਪਾ ਨੇਤਾ ਪੰਕਜ ਚਤੁਰਵੇਦੀ ਨੇ ਅਜਿਹੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਿਨ ’ਚ ਸੁਪਨੇ ਦੇਖ ਰਹੀ ਹੈ। ਉਸ ਦੇ ਕੋਲ ਤਾਂ ਉਪ ਚੋਣ ਲੜਨ ਲਈ ਕੋਈ ਠੋਸ ਨੇਤਾ ਹੀ ਨਹੀਂ।


Bharat Thapa

Content Editor

Related News