ਸ਼੍ਰੋਮਣੀ ਅਕਾਲੀ ਦਲ : ਕੱਲ ਦਾ ਹੀਰੋ ਅੱਜ ਦਾ ਜ਼ੀਰੋ

07/02/2020 3:39:48 AM

ਜਸਵੰਤ ਸਿੰਘ ‘ਅਜੀਤ’

ਇਹ ਸਮਾਂ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਇਕ ਆਵਾਜ਼ ’ਤੇ ਸਮੁੱਚਾ ਸਿੱਖ ਪੰਥ ਘਰ-ਬਾਰ ਛੱਡ ਕੇ ਕੁਰਬਾਨੀ ਦੇਣ ਲਈ ਮੈਦਾਨ ’ਤੇ ਉਤਰ ਆਉਂਦਾ ਸੀ। ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਦੇ ਮੋਰਚੇ ਤੋਂ ਲੈ ਕੇ ਐਮਰਜੈਂਸੀ ਤਕ ਲੱਗੇ ਮੋਰਚਿਅਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਅਜਿਹੀ ਹਾਲਤ ’ਚ ਸਵਾਲ ਉੱਠਦਾ ਹੈ ਕਿ ਆਖਿਰ ਅੱਜ ਅਜਿਹਾ ਕੀ ਹੋ ਗਿਆ ਕਿ ਅਕਾਲੀ ਨੇਤਾਵਾਂ ਲਈ ਕਿਸੇ ਗੱਲ ’ਤੇ ਮੋਰਚਾ ਲਗਾਉਣ ਦੀ ਗੱਲ ਕਰਨੀ ਤਾਂ ਦੂਰ ਰਹੀ, ਕੋਈ ਜਲਸਾ-ਜਲੂਸ ਤਕ ਕਰ ਸਕਣ ਦੀ ਗੱਲ ਸੋਚਣੀ ਵੀ ਔਖੀ ਹੋ ਗਈ ਹੈ? ਇਸ ਸਵਾਲ ਦਾ ਜਵਾਬ ਲੱਭਣ ਲਈ ਜਦੋਂ ਅਕਾਲੀ ਸਿਆਸਤ ਨਾਲ ਜੁੜੇ ਆ ਰਹੇ ਸਿਆਸੀ ਆਗੂਅਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਥੇ. ਗੁਰਚਰਨ ਸਿੰਘ ਟੌਹੜਾ ਦੀ ਜੋੜੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲੀ, ਤਾਂ ਉਨ੍ਹਾਂ ਨੇ ਅਕਾਲੀ ਦਲ ’ਤੇ ਆਪਣੀ ਪਕੜ ਬਣਾਈ ਰੱਖਣ ਲਈ, ਦਲ ’ਚ ਆਰੰਭ ਤੋਂ ਹੀ ਚਲੀ ਆ ਰਹੀ ਉਸ ਲੋਕਤੰਤਰਿਕ ਪ੍ਰੰਪਰਾ ਨੂੰ ਖਤਮ ਕਰ ਦਿੱਤਾ, ਜਿਸ ਕਾਰਣ ਆਮ ਸਿੱਖਾਂ ਦੀਅਾਂ ਭਾਵਨਾਵਾਂ ਉਸ ਦੇ ਨਾਲ ਜੁੜੀਅਾਂ ਚਲੀਅਾਂ ਆ ਰਹੀਅਾਂ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਸਮੁੱਚਾ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇ. ਗੁਰਚਰਨ ਸਿੰਘ ਟੌਹੜਾ ਤਕ ਹੀ ਸਿਮਟ ਕੇ ਰਹਿ ਗਿਆ। ਉਨ੍ਹਾਂ ’ਚੋਂ ਇਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲੀ ਤੇ ਦੂਸਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਸੰਭਾਲ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਲ ’ਚ ਵੀ ਦੋ ਕੇਂਦਰ ਸਥਾਪਿਤ ਕਰ ਕੇ ਆਪਸ ’ਚ ਵੰਡ ਲਏ। ਇਹ ਸਥਿਤੀ ਲੰਬੇ ਸਮੇਂ ਤਕ ਬਣੀ ਰਹੀ। ਉਸ ਸਮੇਂ ਜੋੜੀ ’ਚ ਬੇ-ਭਰੋਸਗੀ ਪੈਦਾ ਹੋ ਗਈ, ਜਦੋਂ 1999 ’ਚ ਜਥੇ. ਟੌਹੜਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਰੂਪ ’ਚ ਆਪਣੀਅਾਂ ਜ਼ਿੰਮੇਵਾਰੀਅਾਂ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ, ਆਪਣੇ ਕਿਸੇ ਭਰੋਸੇਮੰਦ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ, ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਉਨ੍ਹਾਂ ਨੂੰ ਸੌਂਪ ਦੇਣ, ਬਸ ਫਿਰ ਕੀ ਸੀ? ਪ੍ਰਕਾਸ਼ ਸਿੰਘ ਬਾਦਲ ਨੇ ਇਹ ਮੰਨ ਲਿਆ ਕਿ ਜਥੇ. ਟੌਹੜਾ ਉਨ੍ਹਾਂ ਕੋਲੋਂ ਦਲ ਦੀ ਕਮਾਨ ਖੋਹ ਲੈਣੀ ਚਾਹੁੰਦੇ ਹਨ, ਉਨ੍ਹਾਂ ਨੇ ਜਥੇ. ਟੌਹੜਾ ਨੂੰ ਨਾ ਸਿਰਫ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹੀ ਹਟਾਇਆ ਸਗੋਂ ਉਨ੍ਹਾਂ ਨੂੰ ਦਲ ’ਚੋਂ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ। ਉਸ ਦੇ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਦਲ ਦੇ ਦੋਵਾਂ ਕੇਂਦਰਾਂ ਦੀ ਜ਼ਿੰਮੇਵਾਰੀ ਸੰਭਾਲਣੀ ਪਈ। ਜਦੋਂ ਤਕ ਦਲ ’ਤੇ ਉਨ੍ਹਾਂ ਦੀ ਪਕੜ ਬਣੀ ਰਹੀ, ਉਦੋਂ ਤਕ ਉਹ ਆਪਣੀ ਸਿਆਸੀ ਤਿਕੜਮਬਾਜ਼ੀ ਦੇ ਸਹਾਰੇ ਇਸ ਸਥਿਤੀ ਨੂੰ ਸੰਭਾਲਦੇ ਰਹੇ।

ਸੁਖਬੀਰ ਪ੍ਰਧਾਨ ਬਣੇ : ਜਦ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੇ ਰੂਪ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲੀ ਤਾਂ ਉਨ੍ਹਾਂ ਨੇ ਹੌਲੀ-ਹੌਲੀ ਦਲ ’ਤੇ ਪ੍ਰਕਾਸ਼ ਸਿੰਘ ਬਾਦਲ ਦੀ ਪਕੜ ਨੂੰ ਕਮਜ਼ੋਰ ਕਰਨਾ ਅਤੇ ਆਪਣੀ ਪਕੜ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਤੀ ਵਫਾਦਾਰ ਚਲੇ ਆ ਰਹੇ ਸਾਰੇ ਸੀਨੀਅਰ ਅਤੇ ਟਕਸਾਲੀ ਅਕਾਲੀ ਮੁਖੀਅਾਂ ਨੂੰ ਉਨ੍ਹਾਂ ਨੇ ਕਿਨਾਰੇ ਕਰ ਦਿੱਤਾ। ਜਦੋਂ ਤਕ ਚੱਲੀ ਉਦੋਂ ਤਕ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਸੰਭਾਲੀ ਰੱਖਿਆ ਪਰ ਜ਼ਿਆਦਾ ਸਮੇਂ ਤਕ ਇਹ ਸਥਿਤੀ ਬਣੀ ਨਾ ਰਹਿ ਸਕੀ ਅਤੇ ਉਨ੍ਹਾਂ ਸੀਨੀਅਰ ਅਕਾਲੀ ਮੁਖੀਅਾਂ ਨੇ ਆਪਣੇ ਆਪ ਨੂੰ ਪਾਰਟੀ ’ਚ ਅਪਮਾਨਿਤ ਮਹਿਸੂਸ ਕਰਦੇ ਹੋਏ, ਇਕ-ਇਕ ਕਰ ਕੇ ਉਸ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਸਰਪ੍ਰਸਤ ਤਾਂ ਹਨ ਪਰ ਸਿਰਫ ਇਕ ‘ਡੰਮੀ ਸਰਪ੍ਰਸਤ’। ਸੁਖਬੀਰ ਸਿੰਘ ਬਾਦਲ ਨੇ ਇਕ ਪਾਸੇ ‘ਰਾਸ਼ਟਰੀ ਨੇਤਾ’ ਬਣਨ ਦੀ ਲਾਲਸਾ ਨੂੰ ਪੂਰਾ ਕਰਨ ਲਈ ਅਕਾਲੀ ਦਲ ਨੂੰ ਸਿਰਫ ਸਿੱਖਾਂ ਦਾ ਪ੍ਰਤੀਨਿਧੀ ਹੋਣ ਦੇ ‘ਬੰਧਨ’ ਤੋਂ ਮੁਕਤ ਕੀਤਾ ਤਾਂ ਦੂਜੇ ਪਾਸੇ ਪਾਰਟੀ ਦੇ ਮਹੱਤਵਪੂਰਨ ਅਹੁਦੇ ਗੈਰ-ਸਿੱਖਾਂ ਨੂੰ ਸੌਂਪ ਦਿੱਤੇ। ਜਿਸ ਦੇ ਸਿੱਟੇ ਵਜੋਂ ਆਮ ਸਿੱਖ ਤਾਂ ਉਸ ਤੋਂ ਦੂਰ ਹੋ ਗਏ ਪਰ ਜ਼ਿਆਦਾਤਰ ਗੈਰ-ਸਿੱਖ ਉਸ ਨੂੰ ਸਿੱਖ ਜਥੇਬੰਦੀ ਹੀ ਮੰਨਦੇ ਹੋਏ ਉਸ ਨਾਲ ਜੁੜਨ ਤੋਂ ਕਤਰਾਉਂਦੇ ਰਹੇ।

ਸੁਖਬੀਰ ਸਿੱਖ ਭਾਵਨਾਵਾਂ ਦਾ ਸਨਮਾਨ ਨਾ ਕਰ ਸਕੇ : ਸੁਖਬੀਰ ਆਪਣੀ ਰਾਸ਼ਟਰੀ ਨੇਤਾ ਬਣਨ ਦੀ ਲਾਲਸਾ ਦੇ ਅਹਿਮ ’ਚ ਭੁੱਲ ਗਏ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਉਨ੍ਹਾਂ ਨੂੰ ਬਹੁਤ ਹੀ ਮਹਿੰਗਾ ਪੈ ਸਕਦਾ ਹੈ। ਉਨ੍ਹਾਂ ਨੇ ਸਿੱਖ ਧਰਮ ਦੀਅਾਂ ਮਾਨਤਾਵਾਂ ਦੇ ਵਿਰੋਧੀਅਾਂ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਉਪ-ਮੁੱਖ ਮੰਤਰੀ ਕਾਲ ਦੇ ਦੌਰਾਨ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਅਾਂ ਘਟਨਾਵਾਂ ਹੋਈਅਾਂ, ਜਿਨ੍ਹਾਂ ਦੇ ਲਈ ਦੋਸ਼ੀ ਪੁਲਸ ਦੀ ਪਕੜ ’ਚੋਂ ਬਾਹਰ ਰਹੇ। ਸਥਿਤੀ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਨਾਮ ਸਿਮਰਨ ਕਰ ਕੇ ਸ਼ਾਂਤੀਪੂਰਨ ਧਰਨਾ ਦੇ ਰਹੇ ਸਿੱਖਾਂ ’ਤੇ ਪੁਲਸ ਨੇ ਗੋਲੀਆਂ ਚਲਾਈਆਂ, ਜਿਸ ’ਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ। ਇਸ ਨਾਲ ਆਮ ਸਿੱਖਾਂ ’ਚ ਬਾਦਲ ਅਕਾਲੀ ਦਲ ਦੇ ਵਿਰੁੱਧ ਰੋਸ ਵਧ ਗਿਆ, ਜਿਸ ਦੇ ਕਾਰਨ ਹੀ ਦਲ ਨੂੰ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਅਾਂ ਚੋਣਾਂ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਨਤੀਜੇ ਵਜੋਂ ਉਹ ਸ਼੍ਰੋਮਣੀ ਅਕਾਲੀ ਦਲ, ਜੋ ਕਦੇ ਸਿੱਖਾਂ ਲਈ ਹੀਰੋ (ਨਾਇਕ) ਮੰਨਿਆ ਜਾਂਦਾ ਸੀ, ‘ਜ਼ੀਰੋ’ ਹੋ ਕੇ ਰਹਿ ਗਿਆ।

ਸਰਨਾ ਨੂੰ ਨੋਟਿਸ : ਬੀਤੇ ਦਿਨੀਂ ਇਕ ਮੁਲਾਕਾਤ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਕੋਲ ਵਿਦੇਸ਼ੀ ਚੰਦਾ ਪ੍ਰਵਾਨ ਕਰਨ ਦਾ ਕੋਈ ਅਧਿਕਾਰ ਪੱਤਰ ਨਹੀਂ? ਉਸ ਦੇ ਇਸ ਕਥਨ ਦਾ ਨੋਟਿਸ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਮੇਟੀ ਦੇ ਮੁਖੀਆਂ ਕੋਲੋਂ ਪੁੱਛਿਆ ਕਿ ਜੇਕਰ ਉਨ੍ਹਾਂ ਕੋਲ ਵਿਦੇਸ਼ੀ ਚੰਦਾ ਪ੍ਰਵਾਨ ਕਰਨ ਦਾ ਕੋਈ ਅਧਿਕਾਰ ਨਹੀਂ, ਤਾਂ ਇਤਿਹਾਸ ਗੁਰਦੁਆਰਿਅਾਂ ਦੇ ਮੰਚ ’ਤੇ ਜੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਮੇਟੀ ਦੀ ਅਪੀਲ ’ਤੇ ਦੇਸ਼-ਵਿਦੇਸ਼ ਤੋਂ ਕਰੋੜਾਂ ਰੁਪਏ ਆ ਰਹੇ ਹਨ, ਉਸ ਦਾਅਵੇ ਦੇ ਅਨੁਸਾਰ ਵਿਦੇਸ਼ਾਂ ਤੋਂ ਆਉਣ ਵਾਲੇ ਪੈਸਿਅਾਂ ਨੂੰ ਕਿਹੜੇ ਖਾਤਿਅਾਂ ’ਚ ਪ੍ਰਵਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸ਼ੱਕ ਵੀ ਪ੍ਰਗਟ ਕੀਤਾ ਕਿ ਜਾਪਦਾ ਹੈ ਕਿ ਵਿਦੇਸ਼ਾਂ ’ਚੋਂ ਆ ਰਿਹਾ ਪੈਸਾ ਕਮੇਟੀ ਦੇ ਕੁਝ ਮੁਲਾਜ਼ਮਾਂ ਦੇ ਖਾਤਿਅਾਂ ’ਚ ਵਸੂਲ ਕੀਤਾ ਜਾ ਰਿਹਾ ਹੈ। ਇਹ ਖਦਸ਼ਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਇਹ ਮੰਗ ਕੀਤੀ ਕਿ ਵਿਦੇਸ਼ ਤੋਂ ਆ ਰਹੇ ਪੈਸੇ ਦਾ ਹਿਸਾਬ-ਕਿਤਾਬ ਜਨਤਕ ਕੀਤਾ ਜਾਵੇ। ਦੱਸਿਆ ਗਿਆ ਹੈ ਕਿ ਸ. ਸਰਨਾ ਵਲੋਂ ਪ੍ਰਗਟ ਕੀਤੇ ਗਏ ਖਦਸ਼ੇ ਦਾ ਨਿਵਾਰਨ ਕਰਨ ਦੀ ਥਾਂ ’ਤੇ ਕਮੇਟੀ ਵਲੋਂ ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ ਦੇ ਦਿੱਤਾ ਗਿਆ ਹੈ। ਇਧਰ ਇਹ ਵੀ ਪਤਾ ਲੱਗਾ ਹੈ ਕਿ ਕਮੇਟੀ ਨੂੰ ਇਕ ਨੋਟਿਸ ਮਿਲਿਆ ਹੈ, ਜਿਸ ’ਚ ਲੰਗਰ ਦੇ ਨਾਂ ’ਤੇ ਦੇਸ਼-ਵਿਦੇਸ਼ ’ਚੋਂ ਇਕੱਠੇ ਕੀਤੇ ਗਏ ਪੈਸਿਅਾਂ ਦਾ ਹਿਸਾਬ-ਕਿਤਾਬ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ।

... ਅਤੇ ਅਖੀਰ ’ਚ : ਹੈਵੇਲਸ ਇੰਡੀਆ ਵਲੋਂ ਆਪਣੇ ਪ੍ਰੋਡਕਟ ‘ਟ੍ਰਿਮਰ’ ਦੇ ਇਸ਼ਤਿਹਾਰ ’ਚ ਦੋ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਮਾਡਲ ਦੇ ਰੂਪ ’ਚ ਪੇਸ਼ ਕੀਤੇ ਜਾਣ ਦੇ ਵਿਰੁੱਧ ਆਪਣਾ ਇਤਰਾਜ਼ ਦਰਜ ਕਰਵਾਉਂਦੇ ਹੋਏ ‘ਜਾਗੋ’ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਐਡਵੋਕੇਟ ਰਾਹੀਂ ਹੈਵੇਲਸ ਇੰਡੀਆ ਨੂੰ ਨੋਟਿਸ ਦਿੱਤਾ ਹੈ, ਜਿਸ ’ਚ ਨਾ ਸਿਰਫ ਇਸ਼ਤਿਹਾਰ ਵਾਪਸ ਲੈਣ ਦੀ ਹੀ ਮੰਗ ਕੀਤੀ ਗਈ ਸਗੋਂ ਸਿੱਖਾਂ ਦੀਅਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਇਸ਼ਤਿਹਾਰ ਜਾਰੀ ਕਰਨ ਲਈ ਮਾਫੀ ਮੰਗਣ ਲਈ ਵੀ ਕਿਹਾ ਗਿਆ ਹੈ। ਓਧਰ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਨੌਜਵਾਨਾਂ ਨੂੰ ਇਸ ਇਸ਼ਤਿਹਾਰ ’ਚ ਮਾਡਲ ਦੇ ਰੂਪ ’ਚ ਪੇਸ਼ ਕੀਤਾ ਗਿਆ, ਉਨ੍ਹਾਂ ਨੇ ਸਬੰਧਤ ਇਸ਼ਤਿਹਾਰ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਆਪਣੇ ਇਸ ਕੰਮ ਲਈ ਮਾਫੀ ਵੀ ਮੰਗੀ ਹੈ। ਉਨ੍ਹਾਂ ਨੇ ਸਿੱਖ ਜਗਤ ਨੂੰ ਭਰੋਸਾ ਦਿਵਾਇਆ ਹੈ ਕਿ ਭਵਿੱਖ ’ਚ ਉਹ ਕਦੀ ਕੋਈ ਅਜਿਹਾ ਇਸ਼ਤਿਹਾਰ ਨਹੀਂ ਕਰਨਗੇ ਜੋ ਸਿੱਖ ਧਰਮ ਦੀਅਾਂ ਮਾਨਤਾਵਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ।


Bharat Thapa

Content Editor

Related News