ਭਗਵਾਨ ਦੇ ਨਾਂ ’ਤੇ ਚੱਲ ਰਹੀ ਜਿਣਸੀ ਗੁਲਾਮੀ

07/17/2019 7:08:27 AM

ਕਟਿੰਗ

ਅੰਜਲੀ ਜਦ ਕਦੇ ਦੱਖਣੀ ਭਾਰਤ ਦੇ ਇਕ ਸ਼ਹਿਰ ਦੀਆਂ ਗਲੀਆਂ ’ਚ ਘੁੰਮਦੀ ਹੈ ਤਾਂ ਉਹ ਅਜਿਹਾ ਕੋਈ ਜਵਾਬ ਲੱਭਣ ਜਾਂ ਬਦਲਾ ਲੈਣ ਲਈ ਨਹੀਂ ਕਰਦੀ ਹੈ। ਕਿਸੇ ਸਮੇਂ ਉਸ ਨੂੰ ਇਥੇ ਵੇਸਵਾਪੁਣੇ ’ਚ ਧੱਕਿਆ ਗਿਆ ਸੀ। ਇਸ ਬੁਰਾਈ ਤੋਂ ਬਚ ਕੇ ਨਿਕਲੀ 39 ਸਾਲਾ ਇਹ ਔਰਤ ਰਾਏਚੂਰ ’ਚ ਗੈਰ-ਕਾਨੂੰਨੀ ਦੇਵਦਾਸੀ ਪ੍ਰਥਾ (ਜਿਸ ਵਿਚ ਲੜਕੀਆਂ ਮੰਦਰਾਂ ਦੇ ਪ੍ਰਤੀ ਸਮਰਪਿਤ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਸੈਕਸ ਸਲੇਵ ਬਣਾ ਕੇ ਰੱਖਿਆ ਜਾਂਦਾ ਹੈ) ਦੀਆਂ ਹੋਰ ਪੀੜਤਾਂ ਦੀ ਭਾਲ ਵਿਚ ਰਹਿੰਦੀ ਹੈ ਤਾਂ ਕਿ ਉਨ੍ਹਾਂ ਨੂੰ ਸਰਕਾਰ ਦੀਆਂ ਮੁੜ-ਵਸੇਬਾ ਯੋਜਨਾਵਾਂ ਤੋਂ ਫਾਇਦਾ ਪਹੁੰਚਾਇਆ ਜਾ ਸਕੇ। ਅੰਜਲੀ ਕਰਨਾਟਕ ਸਰਕਾਰ ਦੀ ਉਸ ਪਹਿਲ ਦਾ ਹਿੱਸਾ ਹੈ, ਜਿਸ ਵਿਚ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਔਰਤਾਂ ਲਈ ਕੰਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਅੰਜਲੀ ਦਾ ਕਹਿਣਾ ਹੈ ਕਿ ਦੇਵਦਾਸੀ ਪ੍ਰਥਾ ਗੈਰ-ਕਾਨੂੰਨੀ ਹੈ। ਇਸ ਦੇ ਬਾਵਜੂਦ ਇਹ ਚੋਰੀ-ਛੁਪੇ ਜਾਰੀ ਹੈ। ਅੰਜਲੀ ਨੇ ਆਪਣਾ ਅਸਲੀ ਨਾਂ ਨਹੀਂ ਦੱਸਿਆ ਕਿਉਂਕਿ ਉਸ ਦੇ ਬੱਚਿਆਂ ਨੂੰ ਇਹ ਪਤਾ ਨਹੀਂ ਹੈ ਕਿ ਇਕ ਬੱਚੀ ਦੇ ਤੌਰ ’ਤੇ ਉਸ ਦੀ ਸਮੱਗਲਿੰਗ ਕੀਤੀ ਗਈ ਸੀ। ਇਕ ਕਮਿਊਨਿਟੀ ਲੀਡਰ ਅਤੇ ਤ੍ਰਾਸ (ਔਰਤਾਂ ਦਾ ਸੰਗਠਨ, ਜੋ 12 ਸੂਬਿਆਂ ’ਚ ਕੰਮ ਕਰਦਾ ਹੈ) ਦੇ ਸੰਗਠਨ ਨੇ ਦੱਸਿਆ ਕਿ ਇਸ ਪ੍ਰਥਾ ਦੇ ਗੈਰ-ਕਾਨੂੰਨੀ ਹੋਣ ਦੇ ਕਾਰਣ ਇਸ ਦੀਆਂ ਸ਼ਿਕਾਰ ਔਰਤਾਂ ਸਾਹਮਣੇ ਆਉਣ ਤੋਂ ਡਰਦੀਆਂ ਹਨ। ਉਨ੍ਹਾਂ ਨੂੰ ਇਹ ਡਰ ਹੁੰਦਾ ਹੈ ਕਿ ਉਨ੍ਹਾਂ ਨੂੰ ਪੁਲਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਪੂਰੇ ਦੇਸ਼ ’ਚ ਕਈ ਸੂਬਾ ਸਰਕਾਰਾਂ ਸਰਵਾਈਵਰ ਨੈੱਟਵਰਕ ਅਤੇ ਕਮਿਊਨਿਟੀ ਗਰੁੱਪਾਂ ਦੀ ਮਦਦ ਨਾਲ ਅਜਿਹੀਆਂ ਔਰਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਕੰਮ ਕਰ ਰਹੀਆਂ ਹਨ। ਇਸ ਤਰ੍ਹਾਂ ਦੇ ਮਾਮਲਿਆਂ ’ਚ ਬਚ ਨਿਕਲੀਆਂ ਔਰਤਾਂ ਨੂੰ ਨਾ ਸਿਰਫ ਇਹ ਪਤਾ ਹੁੰਦਾ ਹੈ ਕਿ ਪੀੜਤ ਔਰਤਾਂ ਕਿੱਥੇ ਮਿਲ ਸਕਦੀਆਂ ਹਨ, ਸਗੋਂ ਉਹ ਇਸ ਸਮੱਸਿਆ ਅਤੇ ਸ਼ਰਮ ’ਚੋਂ ਬਾਹਰ ਆਉਣ ’ਚ ਅਧਿਕਾਰੀਆਂ ਦੀ ਕਾਫੀ ਮਦਦ ਕਰ ਸਕਦੀਆਂ ਹਨ। ਇਸ ਪ੍ਰਥਾ ਤੋਂ ਪੀੜਤ ਔਰਤਾਂ ਅਤੇ ਸੂਬਾ ਸਰਕਾਰਾਂ ਵਿਚਾਲੇ ਭਰੋਸਾ ਬਣਾਉਣ ਲਈ ਕਮਿਊਨਿਟੀ ਆਧਾਰਿਤ ਬਚਾਅ ਕੋਸ਼ਿਸ਼ਾਂ ਅਤੇ ਮੋਬਾਇਲ ਐਪਸ ਦਾ ਸਹਾਰਾ ਲਿਆ ਜਾ ਰਿਹਾ ਹੈ।

2016 ’ਚ ਮਨੁੱਖੀ ਸਮੱਗਲਿੰਗ ਨਾਲ ਪੂਰੇ ਦੇਸ਼ ’ਚ 23100 ਲੋਕਾਂ, ਜਿਨ੍ਹਾਂ ’ਚ 60 ਫੀਸਦੀ ਬੱਚੇ ਹਨ, ਨੂੰ ਬਚਾਇਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ ਕਾਫੀ ਜ਼ਿਆਦਾ ਹੈ। ਮਨੁੱਖੀ ਸਮੱਗਲਿੰਗ ਦੇ ਮਾਮਲਿਆਂ ਨੂੰ ਦੇਖਣ ਵਾਲੀਆਂ ਚੈਰਿਟੀ ਸੰਸਥਾਵਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਕਾਫੀ ਜ਼ਿਆਦਾ ਹੋ ਸਕਦੀ ਹੈ ਅਤੇ ਸੂਬਾ ਸਰਕਾਰਾਂ ਹੋਰ ਜ਼ਿਆਦਾ ਪੀੜਤਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਭਾਰਤ ਸਰਕਾਰ ਵਲੋਂ ਮਨੁੱਖੀ ਸਮੱਗਲਿੰਗ ਤੋਂ ਬਚਾਏ ਗਏ ਲੋਕਾਂ ਲਈ ਕਈ ਤਰ੍ਹਾਂ ਦੀਆਂ ਮੁੜ-ਵਸੇਬਾ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦੇ ਤਹਿਤ ਉਨ੍ਹਾਂ ਦੀ ਕਾਊਂਸਲਿੰਗ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ ਦੇਣ, ਟੋਕਰੀਆਂ ਬਣਾਉਣ, ਸਿਲਾਈ-ਕਢਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਘੱਟ ਹੀ ਲੋਕਾਂ ਨੂੰ ਇਸ ਦਾ ਲਾਭ ਮਿਲਦਾ ਹੈ। ਜ਼ਿਆਦਾਤਰ ਸਰਵਾਈਵਰਜ਼ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਹੈ ਅਤੇ ਉਹ ਕਿਸੇ ਚੈਰਿਟੀ ਤੋਂ ਬਿਨਾਂ ਸਹਾਇਤਾ ਦਾ ਲਾਭ ਨਹੀਂ ਲੈ ਪਾਉਂਦੇ ਹਨ। ਸੂਬਾ ਸਰਕਾਰਾਂ ਵਲੋਂ ਸਮੇਂ-ਸਮੇਂ ’ਤੇ ਸਰਵਾਈਵਰਜ਼ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੀ ਗਿਣਤੀ ਕਾਗਜ਼ਾਂ ਵਿਚ ਦਰਜ ਕੀਤੀ ਜਾਂਦੀ ਹੈ ਪਰ ਕਈ ਵਾਰ ਜਦ ਉਹ ਵਾਪਿਸ ਆਪਣੇ ਪਿੰਡ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਪਤਾ ਲਾਉਣਾ ਮੁਸ਼ਕਿਲ ਹੁੰਦਾ ਹੈ। ਕਰਨਾਟਕ ਵਰਗੇ ਸੂਬਿਆਂ ’ਚ ਅੰਜਲੀ ਵਰਗੇ ਲੋਕ ਪੀੜਤਾਂ ਦੇ ਮੁੜ-ਵਸੇਬੇ ਦੀ ਦੇਖ-ਰੇਖ ਕਰਨ ’ਚ ਸਰਕਾਰ ਦੀ ਸਹਾਇਤਾ ਕਰ ਰਹੇ ਹਨ। ਕਰਨਾਟਕ ਰਾਜ ਮਹਿਲਾ ਵਿਕਾਸ ਨਿਗਮ ਦੀ ਮੈਨੇਜਿੰਗ ਡਾਇਰੈਕਟਰ ਵਸੁੰਧਰਾ ਦੇਵੀ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਚਾਅ ਦਾ ਇਹ ਸਿਸਟਮ ਕਾਫੀ ਵਧੀਆ ਹੈ।

ਇਸੇ ਤਰ੍ਹਾਂ ਗੁਆਂਢੀ ਸੂਬੇ ਤੇਲੰਗਾਨਾ ’ਚ ਰਾਜ ਏਡਜ਼ ਕੰਟਰੋਲ ਸੋਸਾਇਟੀ ਮਨੁੱਖੀ ਸਮੱਗਲਿੰਗ ਤੋਂ ਬਚਾਈਆਂ ਗਈਆਂ ਔਰਤਾਂ ਦੀ ਸਿਹਤ ’ਤੇ ਨਜ਼ਰ ਰੱਖਦੀ ਹੈ। ਜਨ ਸੇਵਕ ਅੰਨਾਪ੍ਰਸੰਨਾ ਕੁਮਾਰੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਪੀੜਤ ਔਰਤਾਂ ਸਰਕਾਰ ਨੂੰ ਕੁਝ ਜਾਣਕਾਰੀ ਦੇਣ ਤੋਂ ਕਤਰਾਉਂਦੀਆਂ ਹਨ ਪਰ ਆਪਣੀਆਂ ਪੁਰਾਣੀਆਂ ਸਾਥਣਾਂ ਨੂੰ ਜਾਣਕਾਰੀ ਦੇ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਦੱਖਣੀ ਤੇਲੰਗਾਨਾ ਦੇ 5 ਜ਼ਿਲਿਆਂ ’ਚ ਟਰਾਇਲ ਦੇ ਆਧਾਰ ’ਤੇ ਇਕ ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ, ਜਿਸ ਦੀ ਸਹਾਇਤਾ ਨਾਲ ਦੇਵਦਾਸੀਆਂ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਬੰਗਾਲ ’ਚ ਉੱਥਾਨ ਨਾਂ ਦੀ ਮੋਬਾਇਲ ਐਪ ਰਾਹੀਂ ਮਨੁੱਖੀ ਸਮੱਗਲਿੰਗ ਦੀਆਂ ਸ਼ਿਕਾਰ ਔਰਤਾਂ ਦਾ ਮੁੜ-ਵਸੇਬਾ ਕੀਤਾ ਜਾ ਰਿਹਾ ਹੈ। ਇਸਲ ਐਪ ਰਾਹੀਂ ਇਹ ਦੇਖਿਆ ਜਾਂਦਾ ਹੈ ਕਿ ਸਰਕਾਰੀ ਅਧਿਕਾਰੀ ਇਨ੍ਹਾਂ ਮਾਮਲਿਆਂ ’ਚ ਕਿੰਨੇ ਸੰਵੇਦਨਸ਼ੀਲ ਅਤੇ ਕੁਸ਼ਲ ਹਨ।

2018 ’ਚ ਸ਼ੁਰੂ ਹੋਈ ਇਸ ਯੋਜਨਾ ਦੇ ਤਹਿਤ ਮਿਲਣ ਵਾਲੀ ਫੀਡਬੈਕ ਨੂੰ ਸੀਨੀਅਰ ਅਧਿਕਾਰੀਆਂ ਕੋਲ ਭੇਜਿਆ ਜਾਂਦਾ ਹੈ। ਇਸ ਐਪ ਦੀ ਵਰਤੋਂ ਕਰਨ ਵਾਲੀਆਂ ਸਰਵਾਈਵਰਜ਼ ਦਾ ਕਹਿਣਾ ਹੈ ਕਿ ਇਸ ਰਾਹੀਂ ਤੇਜ਼ੀ ਨਾਲ ਮਦਦ ਮੁਹੱਈਆ ਹੋਈ ਹੈ। ਮਨੁੱਖੀ ਸਮੱਗਲਿੰਗ ਵਿਰੋਧੀ ਚੈਰਿਟੀ ਸੰਯੋਗ ਦੀ ਮਨੋਵਿਗਿਆਨਿਕ ਪੰਪੀ ਬੈਨਰਜੀ ਦਾ ਕਹਿਣਾ ਹੈ ਕਿ ਇਸ ਐਪ ਦੀ ਸਹਾਇਤਾ ਨਾਲ ਨੀਤੀ ਨਿਰਮਾਤਾਵਾਂ, ਸਰਵਾਈਵਰ ਅਤੇ ਅਧਿਕਾਰੀਆਂ ਵਿਚਾਲੇ ਗੱਲਬਾਤ ਬਣਾਉਣ ’ਚ ਸਹਾਇਤਾ ਮਿਲਦੀ ਹੈ। ਇਸ ਦੇ ਅਨੁਸਾਰ ਸਰਵਾਈਵਰ ਨੈੱਟਵਰਕ ਵੱਖ-ਵੱਖ ਸੂਬਿਆਂ ’ਚ ਫੈਲਿਆ ਹੋਇਆ ਹੈ। ਰਿਲੀਜ਼ਡ ਬਾਊਂਡਿਡ ਲੇਬਰਰਜ਼ ਐਸੋਸੀਏਸ਼ਨ ਹੋਰ ਲੋਕਾਂ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ, ਬੰਧੂਆ ਮਜ਼ਦੂਰੀ ’ਚ ਫਸੇ ਪੀੜਤਾਂ ਦੀ ਪਛਾਣ ਕਰਨ, ਪੁਲਸ ਨੂੰ ਇਸ ਬਾਰੇ ’ਚ ਦੱਸਣ ਅਤੇ ਬਚਾਅ ਮੁਹਿੰਮ ’ਚ ਹਿੱਸਾ ਲੈਣ ਦਾ ਕੰਮ ਕਰਦੀ ਹੈ। ਸਰਕਾਰੀ ਅਧਿਕਾਰੀਆਂ ਨੇ ਹੁਣ ਇਸ ਤਰ੍ਹਾਂ ਦੇ ਨੈੱਟਵਰਕਸ ਦੇ ਮਹੱਤਵ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਅੰਜਲੀ ਲਈ ਦੇਵਦਾਸੀ ਪ੍ਰਥਾ ’ਚ ਝੋਕੀਆਂ ਗਈਆਂ ਔਰਤਾਂ ਦਾ ਪਤਾ ਲਾਉਣਾ ਆਸਾਨ ਹੈ, ਹਾਲਾਂਕਿ ਮਨੁੱਖੀ ਸਮੱਗਲਰ ਆਪਣੇ ਢੰਗ-ਤਰੀਕੇ ਬਦਲਦੇ ਰਹਿੰਦੇ ਹਨ। ਉਨ੍ਹਾਂ ਦੱਸਿਆ, ‘‘ਲੋਕ ਲੜਕੀਆਂ ਨੂੰ ਲੁਕਾ ਕੇ ਰੱਖਦੇ ਹਨ ਅਤੇ ਉਨ੍ਹਾਂ ਦੇ ਗਲੇ ’ਚ ਮਾਲਾ ਨਹੀਂ ਪਾਉਂਦੇ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਸਮਰਪਿਤ ਹਨ। ਰਵਾਇਤੀ ਤੌਰ ’ਤੇ ਅਜਿਹੀਆਂ ਪੀੜਤ ਔਰਤਾਂ ਨੂੰ ਨੈੱਕਲੈੱਸ ਪਹਿਨਾਇਆ ਜਾਂਦਾ ਹੈ ਪਰ ਮੈਂ ਜਾਣਦੀ ਹਾਂ ਕਿਉਂਕਿ ਮੈਂ ਕੁਝ ਅਜਿਹੇ ਸੰਕੇਤਾਂ ਨੂੰ ਪਛਾਣ ਸਕਦੀ ਹਾਂ, ਜਿਨ੍ਹਾਂ ਨੂੰ ਸਰਕਾਰੀ ਅਧਿਕਾਰੀ ਨਹੀਂ ਪਛਾਣ ਸਕਦੇ। ਮੈਂ ਚੁੱਪ ਕਰ ਕੇ ਉਨ੍ਹਾਂ ਦਾ ਬੂਹਾ ਖੜਕਾਉਂਦੀ ਹਾਂ ਅਤੇ ਸੱਚਾਈ ਹੌਲੀ-ਹੌਲੀ ਬਾਹਰ ਆ ਜਾਂਦੀ ਹੈ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਉਨ੍ਹਾਂ ਨੂੰ ਕਿਵੇਂ ਅਤੇ ਕਿੱਥੋਂ ਸਹਾਇਤਾ ਮਿਲ ਸਕਦੀ ਹੈ। (ਰਾਇਟਰਜ਼)
 


Bharat Thapa

Content Editor

Related News