ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਆਉਣ-ਜਾਣ ਦਾ ਦੌਰ

01/21/2021 2:48:06 AM

ਜਸਵੰਤ ਸਿੰਘ ‘ਅਜੀਤ’
ਕੁਝ ਦਿਨ ਹੀ ਪਹਿਲਾਂ ਖਬਰ ਆਈ ਸੀ ਕਿ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਅਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਇਕ ਵਿਸ਼ੇਸ਼ ਸਮਾਗਮ ’ਚ ਉਸ ਦਾ ਸਵਾਗਤ ਕੀਤਾ। ਇਸੇ ਮੌਕੇ ’ਤੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ, ਜੋ ਅਕਾਲੀ ਦਲ ’ਚ ਆਉਣ ਲਈ ਕਾਹਲੇ ਹਨ।

ਉਸੇ ਦਿਨ ਇਹ ਖਬਰ ਵੀ ਆ ਗਈ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਕਾਰਨ, ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮੁੱਢਲੀ ਮੈਂਬਰੀ ਤੋਂ ਮੁਅੱਤਲ ਕਰ ਦਿੱਤਾ ਹੈ। ਅਜੇ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਖਬਰ ਆ ਗਈ ਕਿ ਕੁਲਵੰਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਦਲ ਦੇ ਚਾਰ ਵਿੰਗਾਂ ਦੇ ਪ੍ਰਧਾਨਾਂ ਸਮੇਤ ਲਗਭਗ 2 ਦੋ ਦਰਜਨ ਅਕਾਲੀ ਮੁਖੀਆਂ ਨੇ ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜਣ ਦਾ ਐਲਾਨ ਕਰ ਦਿੱਤਾ। ਜਿਸ ਤਰ੍ਹਾਂ ਬਾਦਲ ਅਕਾਲੀ ਦਲ ’ਚ ਦਲ ਬਦਲੀ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਸ ਨੂੰ ਦੇਖਦੇ ਹੋਏ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਦਲ-ਬਦਲੂਆਂ ਦੇ ਸਬੰਧ ’ਚ ਪ੍ਰਗਟ ਕੀਤੇ ਗਏ ਵਿਚਾਰਾਂ ਦੀ ਯਾਦ ਆ ਗਈ।

ਉਨ੍ਹਾਂ ਨੇ ਇਕ ਵਾਰ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਦਲ-ਬਦਲੂਆਂ ਦਾ ਨਾ ਤਾਂ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਸਿਧਾਂਤ, ਨਾ ਹੀ ਉਹ ਕਿਸੇ ਦੇ ਵਫਾਦਾਰ ਹੁੰਦੇ ਹਨ। ਉਨ੍ਹਾਂ ਦੀ ਵਫਾਦਾਰੀ ਸਿਰਫ ਆਪਣੇ ਸਵਾਰਥ ਦੀ ਪੂਰਤੀ ਤਕ ਹੀ ਸੀਮਤ ਹੁੰਦੀ ਹੈ। ਇਸ ਕਾਰਨ ਇਨ੍ਹਾਂ ’ਤੇ ਵਿਸ਼ਵਾਸ ਕਰਨਾ ਖੁਦ ਨੂੰ ਧੋਖਾ ਦੇਣ ਦੇ ਬਰਾਬਰ ਹੈ।

ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਦੇ ਸਬੰਧ ’ਚ ਜਦੋਂ ਪੰਜਾਬ ਦੀ ਅਕਾਲੀ ਸਿਆਸਤ ਦੇ ਮਾਹਿਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ’ਤੇ ਹੈਰਾਨੀ ਹੋਈ ਹੈ ਕਿ ਇਕ ਪਾਸੇ ਤਾਂ ਪ੍ਰਕਾਸ਼ ਸਿੰਘ ਬਾਦਲ ਦਲ-ਬਦਲੂਆਂ ਦੀ ਵਫਾਦਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਕੇ ਉਨ੍ਹਾਂ ’ਤੇ ਯਕੀਨ ਨਾ ਕੀਤੇ ਜਾਣ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਉਹ ਖੁਦ ਆਪਣੇ ਦਲ ’ਚ ਦਲ-ਬਦਲੂਆਂ ਦਾ ਸਵਾਗਤ ਕਰ ਰਹੇ ਹਨ।

‘ਜਾਗੋ’ ਇਕੱਲੀ ਗੁਰਦੁਆਰਾ ਚੋਣਾਂ ਲੜੇਗੀ : ਜਿਵੇਂ ਕਿ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ, ਮਨਜੀਤ ਸਿੰਘ ਜੀ. ਕੇ. ਨੇ ਦਾਅਵਾ ਕਰ ਹੀ ਦਿੱਤਾ ਕਿ ਉਨ੍ਹਾਂ ਦੀ ਪਾਰਟੀ ‘ਜਾਗੋ’ - ‘ਜਗ ਆਸਰਾ ਗੁਰੂ ਓਟ’, ਦਿੱਲੀ ਗੁਰਦੁਆਰਾ ਚੋਣਾਂ ਇਕੱਲੀਆਂ ਹੀ ਆਪਣੇ ਦਮ ’ਤੇ ਲੜੇਗੀ। ਇਹ ਦਾਅਵਾ ਕੀਤੇ ਜਾਣ ਦੇ ਪਿੱਛੇ ਸ਼ਾਇਦ ਉਨ੍ਹਾਂ ਦਾ ਇਹ ਯਕੀਨ ਕੰਮ ਕਰ ਰਿਹਾ ਹੈ ਕਿ ਉਹ ਆਪਣੇ ਅਤੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਵਲੋਂ ਕੀਤੇ ਗਏ ਕੰਮਾਂ ਦੇ ਸਹਾਰੇ 2017 ਦੀ ਜਿੱਤ ਦੇ ਇਤਿਹਾਸ ਨੂੰ ਦੁਹਰਾਉਣ ’ਚ ਸਫਲ ਹੋ ਜਾਣਗੇ। ਆਪਣੇ ਇਸ ਮਕਸਦ ’ਚ ਉਹ ਕਿੰਨੇ ਸਫਲ ਹੋ ਜਾਂਦੇ ਹਨ? ਇਸ ਦਾ ਜਵਾਬ ਤਾਂ ਸਮਾਂ ਹੀ ਦੇ ਸਕੇਗਾ ਪਰ ਸਿੱਖ ਸਿਆਸਤ ਨਾਲ ਜੁੜੇ ਚਲੇ ਆ ਰਹੇ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇਸ ਦਾਅਵੇ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਕਿ ਉਹ ਕੁਝ ਜ਼ਿਆਦਾ ਹੀ ਆਤਮਵਿਸ਼ਵਾਸ ਲੈ ਕੇ ਚਲ ਰਹੇ ਹਨ।

ਜਿਸ ਦੇ ਕਾਰਨ ਉਹ ਚਾਹੁੰਦੇ ਸਨ ਕਿ ਉਹ ਜਿਸ ਕਿਸੇ ਪਾਰਟੀ ਨਾਲ ਗਠਜੋੜ ਕਰਨਗੇ, ਆਪਣੀਆਂ ਸ਼ਰਤਾਂ ’ਤੇ ਹੀ ਕਰਨਗੇ। ਸ਼ਾਇਦ ਇਸ ਸ਼ਰਤ ਦੇ ਕਾਰਨ ਉਨ੍ਹਾਂ ਨੇ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰ ਦਿੱਤਾ। ਇਨ੍ਹਾਂ ਹੀ ਮਾਹਿਰਾਂ ਅਨੁਸਾਰ ਜੇਕਰ ਰਾਜਧਾਨੀ ਦੀ ਸਿੱਖ ਸਿਆਸਤ ਨਾਲ ਸਬੰਧਤ ਹਾਲਤਾਂ ਨੂੰ ਦੇਖਿਆ ਜਾਵੇ ਤਾਂ ਇਹ ਮੰਨਣਾ ਹੀ ਹੋਵੇਗਾ ਕਿ ਇਨ੍ਹਾਂ ਹਾਲਤਾਂ ਦੇ ਕਾਰਨ ਉਨ੍ਹਾਂ ਦਾ ਇਹ ਸਫਰ ਇੰਨਾ ਸੌਖਾ ਨਹੀਂ ਹੋਵੇਗਾ ਜਿੰਨਾ ਕਿ ਉਹ ਮੰਨ ਕੇ ਚੱਲ ਰਹੇ ਹਨ। ਇਸ ਦਾ ਕਾਰਨ ਉਹ ਇਹ ਮੰਨਦੇ ਹਨ ਕਿ ਉਹ ਇਨ੍ਹਾਂ ਗੁਰਦੁਆਰਾ ਚੋਣਾਂ ’ਚ ਬਾਦਲ ਅਕਾਲੀ ਦਲ ਦੇ ਵਿਰੋਧੀ ਵੋਟਰ ਕਈ ਧੜਿਆਂ  ’ਚ ਵੰਡੇ ਜਾਣਗੇ ਕਿਉਂਕਿ ਇਸ ਵਾਰ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਇਲਾਵਾ ਕਈ ਹੋਰ ਛੋਟੀਆਂ ਪਾਰਟੀਆਂ ਵੀ ਇਨ੍ਹਾਂ ਚੋਣਾਂ ’ਚ ਆਪਣੀ ਤਕਦੀਰ ਅਜ਼ਮਾਉਣ ਲਈ ਮੈਦਾਨ ’ਚ ਉਤਰਨ ਦੀ ਤਿਆਰੀ ਕਰ ਰਹੀਆਂ ਹਨ। ਇਹ ਸਾਰੀਆਂ ਬਾਦਲ ਅਕਾਲੀ ਦਲ ਦੇ ਵਿਰੋਧੀ ਵੋਟਾਂ ਨੂੰ ਹੀ ਆਪਸ ’ਚ ਵੰਡਣਗੀਆਂ।

ਸਰਨਾ ਭਰਾਵਾਂ ਦਾ ਸੰਕਲਪ : ਦੱਸਿਆ ਗਿਆ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਨਾ ਭਰਾਵਾਂ ਨੇ ਸੰਕਲਪ ਕੀਤਾ ਹੈ ਕਿ ਜੇਕਰ ਦਿੱਲੀ ਦੀ ਸੰਗਤ ਉਨ੍ਹਾਂ ਨੂੰ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਨ੍ਹਾਂ ਦੀ ਪਹਿਲ ਬਾਲਾ ਸਾਹਿਬ ਹਸਪਤਾਲ ਨੂੰ ਮਲਟੀਸਪੈਸ਼ਲਿਟੀ ਹਸਪਤਾਲ ਦੇ ਰੂਪ ’ਚ ਸਥਾਪਿਤ ਕਰ ਕੇ ਲੋਕਾਂ ਨੂੰ ਸਮਰਪਿਤ ਕਰਨ ਦੀ ਹੋਵੇਗੀ। ਪਿਛਲੀ ਵਾਰ ਵੀ ਉਨ੍ਹਾਂ ਨੇ ਇਸ ਵੱਲ ਕਦਮ ਵਧਾਇਆ ਸੀ ਪਰ ਵਿਰੋਧੀਆਂ ਨੇ ਅਦਾਲਤਾਂ ਦਾ ਸਹਾਰਾ ਲੈ ਕੇ ਉਨ੍ਹਾਂ ਦੇ ਰਾਹ ’ਚ ਰੁਕਾਵਟ ਖੜ੍ਹੀ ਕਰ ਦਿੱਤੀ ਸੀ। ਇਸ ਵਾਰ ਇਸ ਸੰਕਲਪ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਗੁਰਦੁਆਰਾ ਬਾਲਾ ਸਾਹਿਬ ’ਚ ਅਰਦਾਸ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੇ ਇਲਾਵਾ ਉਨ੍ਹਾਂ ਨੇ ਰਾਜਧਾਨੀ ਦੇ ਆਰਥਿਕ ਤੌਰ ’ਤੇ ਕਮਜ਼ੋਰ ਸਿੱਖ ਪਰਿਵਾਰਾਂ ਦਾ ਸਮੂਹਿਕ ਬੀਮਾ ਕਰਵਾਏ ਜਾਣ ਦਾ ਵੀ ਸੰਕਲਪ ਕੀਤਾ ਹੈ। ਯਾਦ ਰਹੇ ਕਿ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਅਜਿਹੀ ਬੀਮਾ ਯੋਜਨਾ ’ਤੇ ਅਮਲ ਸ਼ੁਰੂ ਕੀਤਾ ਸੀ ਪਰ ਗੁਰਦੁਆਰਿਆਂ ਦੇ ਪ੍ਰਬੰਧਾਂ ’ਚ ਤਬਦੀਲੀ ਹੋ ਜਾਣ ਦੇ ਕਾਰਨ ਉਨ੍ਹਾਂ ਦੀ ਇਹ ਯੋਜਨਾ ਠੱਪ ਹੋ ਕੇ ਰਹਿ ਗਈ ਸੀ।

ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ)- ਦਿੱਲੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀ ਸੱਤਾ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੂਬਾ ਇਕਾਈ, ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀ ਇਕ ਪਾਸੇ ਗੁਰਦੁਆਰਾ ਚੋਣਾਂ ਦਾ ਸਾਹਮਣਾ ਕਰਨ ਲਈ ਆਪਣੀ ਮਨੁੱਖੀ ਸ਼ਕਤੀ ’ਚ ਵਾਧਾ ਕਰਨ ਲਈ ਆਪਣੇ ਨਾਲ ਜੋੜਣ ’ਚ ਜੁਟੇ ਹੋਏ ਹਨ ਅਤੇ ਦੂਸਰੇ ਪਾਸੇ ਸ਼ਾਇਦ ਗੁਰਦੁਆਰਾ ਚੋਣਾਂ ’ਚ ਆਪਣੀ ਜਿੱਤ ਦੇ ਪ੍ਰਤੀ ਸ਼ੰਕਾ ਹੋਣ ਜਾਂ ਦਲ ਦੇ ਪ੍ਰਧਾਨ ਦੀ ਇੱਛਾ ਅਨੁਸਾਰ ਗੁਰਦੁਆਰਾ ਚੋਣਾਂ ਨੂੰ ਟਲਵਾਉਣ ਲਈ ਅਦਾਲਤਾਂ ਦਾ ਸਹਾਰਾ ਲੈ ਰਹੇ ਹਨ। ਦੱਸਿਆ ਗਿਆ ਹੈ ਕਿ ਗੁਰਦੁਆਰਾ ਚੋਣਾਂ ਲਈ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਣ ਲਈ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਨੇ ਜੋ ਪ੍ਰਕਿਰਿਆ ਅਪਣਾਈ ਹੈ, ਉਸ ਨੂੰ ਉਨ੍ਹਾਂ ਨੇ ਅਦਾਲਤ ’ਚ ਚੁਣੌਤੀ ਦਿੱਤੀ ਹੋਈ ਹੈ, ਜਿਸ ’ਤੇ ਤਰੀਕ ’ਤੇ ਤਰੀਕ ਪੈਂਦੀ ਚਲੀ ਜਾ ਰਹੀ ਹੈ।

ਸਿੱਖ ਦੀ ਪਰਿਭਾਸ਼ਾ : ਪਿਛਲੇ ਦਿਨੀਂ ਇਕ ਗੁਰਸਿੱਖ ਸੱਜਣ ਨਾਲ ਮੁਲਾਕਾਤ ਹੋਈ ਤਾਂ ਗੱਲਾਂ-ਗੱਲਾਂ ’ਚ ਉਨ੍ਹਾਂ ਨੇ ਸਿੱਖ ਦੀ ਜੋ ਪਰਿਭਾਸ਼ਾ ਬਿਆਨ ਕੀਤੀ ਉਹ ਦਿਲ ਦੀਆਂ ਗਹਿਰਾਈਆਂ ਤਕ ਛੂਹ ਗਈ ਅਤੇ ਮਨ ’ਚ ਵਾਰ-ਵਾਰ ਇਹ ਸਵਾਲ ਉੱਠਣ ਲੱਗਾ ਕਿ ਕੀ ਅੱਜ ਅਜਿਹਾ ਕੋਈ ਸਿੱਖ ਮਿਲ ਸਕਦਾ ਹੈ, ਜਿਸ ਦੀ ਜ਼ਿੰਦਗੀ ’ਤੇ ਇਹ ਪਰਿਭਾਸ਼ਾ ਸਟੀਕ ਬੈਠਦੀ ਹੋਵੇ। ਉਨ੍ਹਾਂ ਦੇ ਸ਼ਬਦਾਂ ’ਚ ‘ਸਿੱਖ ਕਦੇ ਵੀ ਕਿਸੇ ਨਿਹੱਥੇ, ਬੇਗੁਨਾਹ, ਮਾਸੂਮ, ਇਸਤਰੀ, ਬੱਚੇ ਅਤੇ ਬਿਰਧ ’ਤੇ ਵਾਰ ਨਹੀਂ ਕਰ ਸਕਦਾ; ਦੂਸਰਿਆਂ ਨੂੰ ਨਿਆਂ ਦਿਵਾਉਣ ਲਈ ਉਹ ਆਪਣੀ ਜਾਨ ਵੀ ਦੇ ਸਕਦਾ ਹੈ; ਉਹ ਦੂਸਰਿਆਂ ਦੀ ਜਾਨਮਾਲ ਅਤੇ ਸਨਮਾਨ ਦਾ ਰਾਖਾ ਹੁੰਦਾ ਹੈ ਅਤੇ ਦੂਸਰਿਆਂ ’ਤੇ ਜ਼ੁਲਮ ਦਾ ਹੋਣਾ ਉਹ ਸਹਿਣ ਨਹੀਂ ਕਰ ਸਕਦਾ।’’


Bharat Thapa

Content Editor

Related News