ਵਿਨਿਵੇਸ਼ ਦੇ ਏਜੰਡੇ ਨੂੰ ਮਿਲਿਆ ਹੁੰਗਾਰਾ
Sunday, Oct 24, 2021 - 03:47 AM (IST)
ਦਿਲੀਪ ਚੇਰੀਅਨ
ਏਅਰ ਇੰਡੀਆ ਦੀ ਵਿਕਰੀ ਹੋ ਗਈ ਹੈ ਅਤੇ ਸੰਜੋਗ ਨਾਲ ਟਾਟਾ ਮੁੜ ਤੋਂ ਕਾਕਪਿਟ ’ਚ ਵਾਪਸ ਪਹੁੰਚ ਗਏ ਹਨ ਪਰ ਵਿਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧ ਵਿਭਾਗ (ਜੀ. ਆਈ. ਪੀ. ਏ. ਐੱਨ.) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੂੰ ਆਰਾਮ ਕਿੱਥੇ। ਪਹਿਲਾਂ ਹੀ ਉਹ ਅਤੇ ਉਨ੍ਹਾਂ ਦੇ ਵਿਭਾਗ ਦੇ ਸਹਿਯੋਗੀ ਆਪਣੇ ਆਉਣ ਵਾਲੇ ਵਿਨਿਵੇਸ਼ ਟੀਚਿਆਂ ’ਤੇ ਨਜ਼ਰਾਂ ਗੱਡੀ ਬੈਠੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣਾ ਧਿਆਨ ਹੁਣ ਮੌਜੂਦਾ ਵਿੱਤੀ ਸਾਲ ’ਚ ਬੀ. ਪੀ. ਸੀ. ਐੱਲ. (ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ) ਵੱਲ ਕਰ ਲਿਆ ਹੈ। ਮੌਜੂਦਾ ਸਾਲ ਦੀ ਆਖਰੀ ਤਿਮਾਹੀ ਤੱਕ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਆਈ. ਪੀ. ਓ. ਲਿਆਉਣ ਦੀ ਯੋਜਨਾ ’ਤੇ ਵੀ ਕੰਮ ਹੋ ਰਿਹਾ ਹੈ। ਇਸ ਦੇ ਭਾਰਤੀ ਸ਼ੇਅਰ ਬਾਜ਼ਾਰ ’ਚ ਸਭ ਤੋਂ ਵੱਡਾ ਆਈ. ਪੀ. ਓ. ਹੋਣ ਦੀ ਸੰਭਾਵਨਾ ਹੈ।
ਆਖਿਰਕਾਰ ਏਅਰ ਇੰਡੀਆ ਦੀ ਸਫਲ ਵਿਕਰੀ ਪ੍ਰਕਿਰਿਆ ਨੇ ਸਰਕਾਰ ਦੇ ਵਿਨਿਵੇਸ਼ ਯਤਨਾਂ ਨੂੰ ਉਤਸ਼ਾਹ ਦੇਣ ਦੇ ਸੰਕਲਪ ਨੂੰ ਰਿਚਾਰਜ ਕਰ ਦਿੱਤਾ ਹੈ। ਇਸ ਨੇ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਕੇਂਦਰ ਕੋਲ ਰੁਕੀ ਹੋਈ ਸੁਧਾਰਵਾਦੀ ਪ੍ਰਕਿਰਿਆ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਸਿਆਸੀ ਇੱਛਾ-ਸ਼ਕਤੀ ਹੈ।
ਪਾਂਡੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਵੱਖ-ਵੱਖ ਸਬੰਧਤ ਮੰਤਰਾਲਿਆਂ ’ਚ 2021-22 ਦੇ ਵਿੱਤੀ ਵਰ੍ਹੇ ਲਈ 1.75 ਲੱਖ ਕਰੋੜ ਰੁਪਏ ਪ੍ਰਾਪਤ ਕਰਨ ਦਾ ਗੈਰ-ਯਕੀਨੀ ਟੀਚਾ ਨਿਰਧਾਰਤ ਕੀਤਾ ਹੈ ਪਰ ਏਅਰ ਇੰਡੀਆ ਦੀ ਵਿਕਰੀ ਨੇ ਸਰਕਾਰ ਨੂੰ ਇਕ ਨਵਾਂ ਉਤਸ਼ਾਹ ਅਤੇ ਬਾਬੂਆਂ ਨੂੰ ਉਨ੍ਹਾਂ ਦੇ ਯਤਨ ਜਾਰੀ ਰੱਖਣ ਲਈ ਇਕ ਨਵੀਂ ਊਰਜਾ ਮੁਹੱਈਆ ਕੀਤੀ ਹੈ।
ਸਿੱਖਿਆ ਸੱਦ ਰਹੀ ਹੈ
ਜਨਵਰੀ ’ਚ ਆਰਥਿਕ ਸਰਵੇਖਣ ਅਤੇ ਕੇਂਦਰੀ ਬਜਟ ਤੋਂ ਮਹਿਜ਼ ਕੁਝ ਹਫਤੇ ਪਹਿਲਾਂ ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਦਸੰਬਰ ’ਚ ਆਪਣੇ 3 ਸਾਲਾ ਕਾਰਜਕਾਲ ਦੇ ਖਤਮ ਹੋਣ ਦੇ ਬਾਵਜੂਦ ਅਧਿਆਪਕ ਭਾਈਚਾਰੇ ਕੋਲ ਵਾਪਸ ਪਰਤਣਗੇ। ਉਨ੍ਹਾਂ ਤੋਂ ਪਹਿਲਾਂ ਵਾਲੇ ਅਰਵਿੰਦ ਸੁਬਰਾਮਣੀਅਮ ਨੇ ਵੀ ਦਸੰਬਰ 2018 ’ਚ ਆਪਣਾ ਕਾਰਜਕਾਰ ਪੂਰਾ ਹੋਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਸੀ, ਜਿਸ ਦਾ ਕਾਰਨ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਪ੍ਰੇਸ਼ਾਨੀਆਂ ਨੂੰ ਦੱਸਿਆ ਸੀ ਅਤੇ ਆਪਣੇ ਸਿੱਖਿਆ ਜਗਤ ’ਚ ਪਰਤ ਗਏ ਸਨ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਨੀਤੀਆਂ ਨੂੰ ਲੈ ਕੇ ਕੇਂਦਰ ਦੇ ਨਾਲ ਆਪਣੇ ਬਹੁ-ਪ੍ਰਚਾਰਕ ਮਤਭੇਦਾਂ ਦੇ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਸੀ ਅਤੇ ਅਧਿਆਪਨ ਵੱਲ ਪਰਤ ਗਏ ਸਨ।
ਸਪੱਸ਼ਟ ਤੌਰ ’ਤੇ ਸਿੱਖਿਆ ਅਜੇ ਵੀ ਨੀਤੀ-ਨਿਰਮਾਣ ’ਤੇ ਸਿਆਸਤ ਦੀ ਭੱਜ-ਨੱਠ ਤੋਂ ਕਾਫੀ ਸ਼ਰਨ ਮੁਹੱਈਆ ਕਰਦੀ ਹੈ। ਸਰਕਾਰ ’ਚ ਸ਼ਾਮਲ ਹੋਣ ਤੋਂ ਪਹਿਲਾਂ ਸੁਬਰਾਮਣੀਅਮ ਹੈਦਰਾਬਾਦ ਸਥਿਤ ਇੰਡੀਅਨ ਸਕੂਲ ਆਫ ਬਿਜ਼ਨੈੱਸ ’ਚ ਸੈਂਟਰ ਫਾਰ ਐਨਾਲਿਟਿਕਲ ਫਾਇਨਾਂਸ ’ਚ ਪੜ੍ਹਾਉਂਦੇ ਸਨ ਅਤੇ ਬੈਂਕਿੰਗ ਤੇ ਆਰਥਿਕ ਨੀਤੀ ’ਚ ਮੁਹਾਰਤ ਲਈ ਜਾਣੇ ਜਾਂਦੇ ਸਨ ਪਰ ਵਿੱਤ ਮੰਤਰਾਲਾ ਵਲੋਂ ਨੀਤੀ-ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ਦੇ ਇਲਾਵਾ ਉਨ੍ਹਾਂ ਦੀ ਪ੍ਰਧਾਨਗੀ ’ਚ ਪੇਸ਼ ਆਖਰੀ ਆਰਥਿਕ ਸਰਵੇਖਣ ’ਚ ‘ਥਾਲੀਨਾਮਿਕਸ’ ਸ਼ਬਦ ਉਛਾਲਣ ਲਈ ਯਾਦ ਕੀਤਾ ਜਾਵੇਗਾ ਜੋ ਬਿਗ ਮੈਕ ਇੰਡੈਕਸ ਦੇ ਬਰਾਬਰ ਹੈ ਜਿਸ ਦਾ ਅਰਥ ਭਾਰਤ ’ਚ ਇਕਨਾਮਿਕਸ ਦਾ ਅਰਥ ਭੋਜਨ ਦੀ ਥਾਲੀ ਹੈ। ਇਹ ਵੀ ਪਤਾ ਲੱਗਾ ਹੈ ਕਿ ਫਿਲਹਾਲ ਆਪਣੇ ਤੋਂ ਪਹਿਲਿਆਂ ਦੇ ਵਾਂਗ ਵਿੱਤ ਮੰਤਰਾਲਾ ’ਚ ਆਪਣੇ ਕਾਰਜਕਾਲ ਬਾਰੇ ਇਕ ਕਿਤਾਬ ਲਿਖਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।
ਕੇਂਦਰ ਨੇ ਸੁਬਰਾਮਣੀਅਮ ਦੇ ਉੱਤਰਾਧਿਕਾਰੀ ਦੀ ਭਾਲ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਚਰਚਾ ਇਹ ਹੈ ਕਿ ਉਨ੍ਹਾਂ ਦੇ ਡਿਪਟੀ, ਪ੍ਰਿੰਸੀਪਲ ਇਕਨਾਮਿਕ ਐਡਵਾਈਜ਼ਰ ਸੰਜੀਵ ਸਾਨਯਾਲ ਹੁਣ 2021-22 ਦੇ ਆਰਥਿਕ ਸਰਵੇਖਣ ਦੇ ਖਰੜੇ ਦੀ ਨਿਗਰਾਨੀ ਕਰਨ ਅਤੇ ਅਗਲੇ ਸੀ. ਈ. ਓ. ਦੇ ਅਹੁਦੇ ਲਈ ਦੌੜ ’ਚ ਉਨ੍ਹਾਂ ਦੇ ਸਭ ਤੋਂ ਅੱਗੇ ਹੋਣ ਦੀ ਸੰਭਾਵਨਾ ਹੈ।
ਇਕ ਬੜੇ ਚਿਰ ਦੀ ਉਡੀਕ ‘ਘਰ ਵਾਪਸੀ’
ਇਸੇ ਕਾਲਮ ’ਚ ਪਹਿਲਾਂ ਦੱਸਿਆ ਗਿਆ ਸੀ ਕਿ ਜੰਮੂ-ਕਸ਼ਮੀਰ ਤੋਂ ਆਈ. ਏ. ਐੱਸ. ਅਧਿਕਾਰੀ ਸ਼ਾਹ ਫੈਸਲ, ਜਿਨ੍ਹਾਂ ਨੇ ਖੇਤਰ ਦੇ ਪ੍ਰਤੀ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ ’ਚ ਰੋਸ ਵਜੋਂ 2019 ’ਚ ਅਸਤੀਫਾ ਦੇ ਦਿੱਤਾ ਸੀ, ਫਿਰ ਤੋਂ ਸਿਵਲ ਸੇਵਾ ਜੁਆਇਨ ਕਰਨੀ ਚਾਹੁੰਦੇ ਹਨ। ਹੁਣ ਬਾਬੂਆਂ ਦੇ ਗਲਿਆਰੇ ’ਚ ਚਰਚਾ ਇਹ ਹੈ ਕਿ ਫੈਸਲ ਨੂੰ ਸ਼ਾਇਦ ਬਸ਼ੀਰ ਖਾਨ ਦੀ ਥਾਂ ’ਤੇ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਦੇ ਸਲਾਹਕਾਰ ਦੇ ਤੌਰ ’ਤੇ ਸ਼ਾਮਲ ਕਰ ਲਿਆ ਜਾਵੇ ਜਿਨ੍ਹਾਂ ਨੂੰ ਹਾਲ ਹੀ ’ਚ ਉਨ੍ਹਾਂ ਦੇ ਚਾਰਜ ਤੋਂ ਅਹੁਦਾ ਮੁਕਤ ਕੀਤਾ ਗਿਆ ਸੀ।
ਸੇਵਾ ਤੋਂ ਫੈਸਲ ਦਾ ਅਸਤੀਫਾ ਇਕ ਰਹੱਸ ਬਣਿਆ ਰਿਹਾ ਅਤੇ ਸਰਕਾਰ ਨੇ ਵੀ ਇਸ ਨੂੰ ਲੈ ਕੇ ਆਪਣੇ ਬੁੱਲ੍ਹ ਸੀਤੀ ਰੱਖੇ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਅਜੇ ਵੀ ਫੈਸਲ ਦੇ ਅਸਤੀਫੇ ’ਤੇ ਕੋਈ ਫੈਸਲਾ ਨਹੀਂ ਲਿਆ ਅਤੇ ਨਿਯਮ ਕਹਿੰਦੇ ਹਨ ਕਿ ਇਕ ਅਜਿਹੇ ਦ੍ਰਿਸ਼ ’ਚ ਅਸਤੀਫੇ ਨੂੰ ਆਪਣੇ ਆਪ ਵਾਪਸ ਲੈ ਲਿਆ ਗਿਆ ਮੰਨ ਲਿਆ ਜਾਂਦਾ ਹੈ। ਅਮਲਾ ਅਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਦੇ ਅਨੁਸਾਰ ਅਧਿਕਾਰਤ ਵਤੀਰਾ ਇਹ ਹੈ ਕਿ ਅਸਤੀਫਾ ‘ਅਜੇ ਵੀ ਵਿਚਾਰ ਅਧੀਨ ਹੈ।’
ਉਨ੍ਹਾਂ ਨੇ ਨਿੱਜੀ ਕਾਰਨ ਦੱਸਦੇ ਹੋਏ ਅਸਤੀਫਾ ਦਿੱਤਾ ਸੀ ਜਿਸ ਨਾਲ ਇਕ ਹਲਚਲ ਪੈਦਾ ਹੋ ਗਈ। ਇਸ ਦੇ ਬਾਅਦ ਫੈਸਲ ਨੇ ਥੋੜ੍ਹੇ ਸਮੇਂ ਤੱਕ ਰਹੇ ਜੰਮੂ ਐਂਡ ਕਸ਼ਮੀਰ ਪੀਪੁਲਸ ਮੂਵਮੈਂਟ ਦਾ ਗਠਨ ਕੀਤਾ ਅਤੇ ਉਨ੍ਹਾਂ ਨੂੰ ਸੰਸਦ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਇਕ ਦਿਨ ਪਹਿਲਾਂ ਦਿੱਲੀ ਹਵਾਈ ਅੱਡੇ ’ਤੇ ਹਿਰਾਸਤ ’ਚ ਲੈ ਲਿਆ ਗਿਆ। ਸਪੱਸ਼ਟ ਤੌਰ ’ਤੇ ਫੈਸਲ ਦੀ ਸਿਨ੍ਹਾ ਦੇ ਸਲਾਹਕਾਰ ਦੇ ਤੌਰ ’ਤੇ ਸੰਭਾਵਿਤ ਨਿਯੁਕਤੀ ਦੀਆਂ ਚਰਚਾਵਾਂ ਨੂੰ ਇਸ ਗੱਲ ਤੋਂ ਵੀ ਹਵਾ ਮਿਲਦੀ ਹੈ ਕਿ ਹਾਲ ਹੀ ’ਚ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੜੀ ਵਾਰ ਸ਼ਲਾਘਾ ਕੀਤੀ। ਸਿਰਫ ਇਸ ਨਾਲ ਮਦਦ ਮਿਲੇਗੀ ਜਾਂ ਨਹੀਂ? ਤੁਹਾਡਾ ਅੰਦਾਜ਼ਾ ਵੀ ਓਨਾ ਹੀ ਚੰਗਾ ਹੈ ਜਿੰਨਾ ਕਿ ਮੇਰਾ।