ਸ਼ਰਧਾ ਅਤੇ ਸਮਝ ਨਾਲ ਹੋਵੇ ਧਾਰਮਿਕ ਸਥਾਨਾਂ ਦੀ ਰੈਨੋਵੇਸ਼ਨ

06/02/2023 5:21:34 PM

12 ਜਯੋਤਿਰਲਿੰਗਾਂ ਵਿਚੋਂ ਇਕ ਉੱਜੈਨ ਦੇ ਮਹਾਕਾਲੇਸ਼ਵਰ ਦੇ ਮੰਦਰ ਵਿਚ ਸਪਤਰਿਸ਼ੀਆਂ ਦੀਆਂ ਮੂਰਤੀਆਂ ਪਹਿਲੀ ਹੀ ਹਨੇਰੀ ਵਿਚ ਢਹਿ-ਢੇਰੀ ਹੋ ਕੇ ਡਿੱਗ ਗਈਆਂ। 856 ਕਰੋੜ ਦੇ ਇਸ ਪ੍ਰਾਜੈਕਟ ਦੀ ਘੁੰਡ-ਚੁਕਾਈ 7 ਮਹੀਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਸੀ। ਕੀ ਇਸ ਸ਼ਾਨਦਾਰ ਕੋਰੀਡੋਰ ਦੀ ਉਸਾਰੀ ਅਤੇ ਇਸ ਤੀਰਥ ਸਥਾਨ ਦੀ ਰੈਨੋਵੇਸ਼ਨ ਸਹੀ ਸਮਝ, ਅਨੁਭਵ, ਸ਼ਰਧਾ ਅਤੇ ਕਲਾਤਮਕ ਦਿਲਚਸਪੀ ਨਾਲ ਕੀਤੀ ਗਈ ਸੀ? ਕੀ ਇਹ ਰੈਨੋਵੇਸ਼ਨ ਕਰਨ ਵਾਲੇ ਠੇਕੇਦਾਰ ਨੇ ਪਹਿਲਾਂ ਵੀ ਕਦੇ ਕਿਸੇ ਪੌਰਾਣਿਕ ਤੀਰਥ ਸਥਾਨ ਦੀ ਰੈਨੋਵੇਸ਼ਨ ਕੀਤੀ ਸੀ?

ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਸ ਤਰ੍ਹਾਂ ਦੇਸ਼ ਭਰ ਵਿਚ ਨਵੀਆਂ ਇਮਾਰਤਾਂ ਅਤੇ ਸੜਕਾਂ ਆਦਿ ਦੀ ਉਸਾਰੀ ਕਰਵਾ ਰਹੇ ਹਨ, ਉਹ ਹਰ ਵੋਟਰ ਲਈ ਮਾਣ ਵਾਲੀ ਗੱਲ ਹੈ। ਜਦੋਂ ਵੀ ਦੇਸ਼ ਵਿਚ ਵਿਕਾਸ ਹੁੰਦਾ ਹੈ ਤਾਂ ਉਸ ਦਾ ਸਿਹਰਾ ਤਤਕਾਲੀਨ ਸਰਕਾਰ ਨੂੰ ਹੀ ਮਿਲਦਾ ਹੈ। ਦੇਸ਼ ਭਰ ਵਿਚ ਹੋਣ ਵਾਲੇ ਵਿਕਾਸ ਕੰਮਾਂ ਨਾਲ ਜਿਥੇ ਦੇਸ਼ ਭਰ ਵਿਚ ਤਰੱਕੀ ਦੀ ਲਹਿਰ ਦੌੜਦੀ ਹੈ, ਉਥੇ ਹੀ ਰੋਜ਼ਗਾਰ ਦੇ ਮੌਕੇ ਵੀ ਵਧਦੇ ਹਨ।

ਪਰ ਜਿਥੇ ਸਰਕਾਰ ਨੂੰ ਵਿਕਾਸ ਦਾ ਸਿਹਰਾ ਮਿਲਦਾ ਹੈ, ਉਥੇ ਹੀ ਜੇਕਰ ਕਦੇ ਇਨ੍ਹਾਂ ਵਿਕਸਿਤ ਥਾਵਾਂ ’ਤੇ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਦਾ ਦੋਸ਼ੀ ਵੀ ਸਰਕਾਰ ਨੂੰ ਹੀ ਮੰਨਿਆ ਜਾਂਦਾ ਹੈ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ? ਜੇਕਰ ਉਹ ਸਿਹਰੇ ਦੀ ਹੱਕਦਾਰ ਹੈ ਤਾਂ ਗੁਣਵੱਤਾ ਦੀ ਕਮੀ ਕਾਰਨ ਹੋਣ ਵਾਲੇ ਨੁਕਸਾਨ ਦੀ ਵੀ ਓਨੀ ਹੀ ਜ਼ਿੰਮੇਵਾਰ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਅਕਤੂਬਰ, 2022 ਨੂੰ ਉੱਜੈਨ ’ਚ ਮਹਾਕਾਲੇਸ਼ਵਰ ਮੰਦਰ ਦੇ ਨਵੇਂ ਕੰਪਲੈਕਸ ‘ਮਹਾਕਾਲ ਲੋਕ’ ਦੀ ਘੁੰਡ-ਚੁਕਾਈ ਕੀਤੀ ਸੀ। ਨਵੰਬਰ, 2022 ’ਚ ਮੈਨੂੰ ਵੀ ਇਸ ਨਵੇਂ ਬਣੇ ਕੰਪਲੈਕਸ ਨੂੰ ਦੇਖਣ ਦਾ ਮੌਕਾ ਮਿਲਿਆ। ਉੱਥੇ ਮੌਜੂਦ ਦਰਸ਼ਨ ਕਰਨ ਵਾਲਿਆਂ ਦੀ ਭੀੜ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਸੀ ਕਿ ਇਹ ਸਥਾਨ ਬਹੁਤ ਲੋਕਪ੍ਰਿਯ ਹੋ ਗਿਆ ਹੈ।

ਮਹਾਕਾਲ ਦੇ ਸੇਵਾਦਾਰ ਗੋਸਾਈਆਂ ਨਾਲ ਗੱਲ ਕਰ ਕੇ ਪਤਾ ਲੱਗਾ ਕਿ ਇੰਨੇ ਖੁੱਲ੍ਹੇ ਕੰਪਲੈਕਸ ਦੇ ਬਣ ਜਾਣ ਨਾਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਹੈ। ਪੂਰੇ ਕੰਪਲੈਕਸ ਦਾ ਦੌਰਾ ਕਰਨ ਤੋਂ ਬਾਅਦ ਇਕ ਚੰਗਾ ਅਹਿਸਾਸ ਜ਼ਰੂਰ ਹੋਇਆ ਪਰ ਜਦੋਂ ਉੱਥੇ ਫਾਈਬਰ ਦੀਆਂ ਇੰਨੀਆਂ ਵਿਸ਼ਾਲ ਮੂਰਤੀਆਂ ਨੂੰ ਦੇਖਿਆ ਗਿਆ ਤਾਂ ਵਿਚਾਰ ਆਇਆ ਕਿ ਭਗਵਾਨ ਕਰੇ ਕਿ ਇਹ ਮੂਰਤੀਆਂ ਸਾਲਾਂ ਤੱਕ ਟਿਕੀਆਂ ਰਹਿਣ। ਬੀਤੇ ਐਤਵਾਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੈਨੂੰ ਉਸ ਦਿਨ ਦੀ ਗੱਲ ਯਾਦ ਆਈ।

30 ਕਿਲੋਮੀਟਰ ਦੀ ਰਫਤਾਰ ਨਾਲ ਚੱਲਣ ਵਾਲੀ ਇਕ ਹੀ ਹਨੇਰੀ ’ਚ 7 ’ਚੋਂ 6 ਮੂਰਤੀਆਂ ਦਾ ਢਹਿ ਜਾਣਾ ਅਸਲ ’ਚ ਚਿੰਤਾਜਨਕ ਹੈ। ਇਸ ਹਾਦਸੇ ਨਾਲ ਸਿੱਧੇ ਤੌਰ ’ਤੇ ਇਹੀ ਸਵਾਲ ਉੱਠਦਾ ਹੈ ਕਿ ਕੀ ਇਸ ਕੋਰੀਡੋਰ ਦੀ ਉਸਾਰੀ ਕਰਨ ਵਾਲੀ ਗੁਜਰਾਤ ਦੀ ਕੰਪਨੀ ਕੋਲ ਅਸਲ ਵਿਚ ਇਸ ਤਰ੍ਹਾਂ ਦੇ ਕੰਮ ਕਰਨ ਦਾ ਕੋਈ ਤਜਰਬਾ ਸੀ? ਕੀ ਇਹ ਠੇਕੇਦਾਰ ਵੀ ਹੋਰ ਸਰਕਾਰੀ ਕੰਮ ਕਰਨ ਵਾਲੇ ਠੇਕੇਦਾਰਾਂ ਵਾਂਗ ਸਿਰਫ ਦਿਖਾਵਟੀ ਕੰਮ ਕਰਨ ’ਚ ਮਾਹਰ ਸਨ, ਠੋਸ ਕੰਮ ਕਰਨ ’ਚ ਨਹੀਂ?

ਜੇਕਰ ਅਜਿਹਾ ਹੁੰਦਾ ਤਾਂ ਥੋੜ੍ਹੀ ਜਿਹੀ ਹਨੇਰੀ ’ਚ ਇਹ ਮੂਰਤੀਆਂ ਨਾ ਡਿੱਗਦੀਆਂ। 856 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰਾਜੈਕਟ ਦੀ ਗੁਣਵੱਤਾ ’ਤੇ ਸਵਾਲ ਉੱਠਣ ਲੱਗੇ ਹਨ। ਸਥਾਨਕ ਲੋਕਾਂ ਅਨੁਸਾਰ ਇਸ ਪ੍ਰਾਜੈਕਟ ’ਤੇ ਲਗਭਗ 200 ਤੋਂ 250 ਕਰੋੜ ਹੀ ਖਰਚ ਹੋਏ ਹਨ। ਬਾਕੀ ਰਕਮ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਗਈ ਹੈ। ਇਸ ਗੱਲ ’ਚ ਕਿੰਨੀ ਸੱਚਾਈ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਹਾਦਸੇ ਤੋਂ ਬਾਅਦ ਅਜਿਹੇ ਸਾਰੇ ਪ੍ਰਾਜੈਕਟਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।

ਦਰਅਸਲ ਜਦੋਂ ਵੀ ਕਦੇ ਕਿਸੇ ਤੀਰਥ ਸਥਾਨ ਦੀ ਰੈਨੋਵੇਸ਼ਨ ਹੁੰਦੀ ਹੈ ਤਾਂ ਉਹ ਕੰਮ ਕੁਝ ਸਾਲਾਂ ਲਈ ਨਹੀਂ ਸਗੋਂ ਸਦੀਆਂ ਲਈ ਹੋਣਾ ਚਾਹੀਦਾ ਹੈ। ਸਰਕਾਰਾਂ ਆਉਣਗੀਆਂ ਅਤੇ ਜਾਣਗੀਆਂ ਪਰ ਤੀਰਥ ਸਥਾਨ ਤਾਂ ਸਦੀਆਂ ਲਈ ਹੀ ਬਣਾਏ ਜਾਂਦੇ ਹਨ। ਮਿਸਾਲ ਵਜੋਂ ਤੇਲੰਗਾਨਾ ਦੇ ਯਦਾਦ੍ਰੀਗਿਰੀਗੁੱਟਾ ਖੇਤਰ ’ਚ ਬਣੇ ਭਗਵਾਨ ਲਕਸ਼ਮੀ-ਨਰਸਿੰਘ ਦੇਵ ਦੇ ਇਕ ਅਤਿਅੰਤ ਸ਼ਾਨਦਾਰ ਮੰਦਰ ਨੂੰ ਹੀ ਲੈ ਲਓ। ਮੰਦਰ ਦੀ ਉਸਾਰੀ ’ਚ ਕਿਤੇ ਵੀ ਇੱਟ, ਸੀਮੈਂਟ ਜਾਂ ਕੰਕਰੀਟ ਦੀ ਵਰਤੋਂ ਨਹੀਂ ਹੋਈ ਹੈ।

ਸਾਰਾ ਮੰਦਰ ਗ੍ਰੇਨਾਈਟ ਦੀਆਂ ਭਾਰੀਆਂ-ਭਾਰੀਆਂ ‘ਸ਼੍ਰੀ ਕ੍ਰਿਸ਼ਨ ਸ਼ਿਲਾਵਾਂ’ ਨਾਲ ਬਣਿਆ ਹੈ, ਜਿਨ੍ਹਾਂ ਨੂੰ ਪ੍ਰਾਚੀਨ ਤਰੀਕੇ ਦੇ ਚੂਨੇ ਦੇ ਮਸਾਲੇ ਨਾਲ ਜੋੜਿਆ ਗਿਆ ਹੈ। ਮੰਦਰ ਦੀ ਉਸਾਰੀ ’ਚ 80 ਹਜ਼ਾਰ ਟਨ ਪੱਥਰ ਲੱਗਾ ਹੈ, ਜੋ ਇਹ ਯਕੀਨੀ ਬਣਾਏਗਾ ਕਿ ਇਹ ਮੰਦਰ ਸਦੀਆਂ ਤੱਕ ਰਹੇ। ਮੰਦਰ ਦੀ ਸਾਰੀ ਉਸਾਰੀ ਦਾ ਕੰਮ ਆਗਮ, ਵਾਸਤੂ ਅਤੇ ਪੰਚਰਥ ਸ਼ਾਸਤਰਾਂ ਦੇ ਸਿਧਾਂਤਾਂ ’ਤੇ ਕੀਤਾ ਗਿਆ ਹੈ, ਜਿਨ੍ਹਾਂ ਦੀ ਦੱਖਣ ਭਾਰਤ ’ਚ ਕਾਫੀ ਮਾਨਤਾ ਹੈ।

2016 ’ਚ ਤੇਲੰਗਾਨਾ ਸਰਕਾਰ ਨੇ 1800 ਕਰੋੜ ਰੁਪਏ ਦੀ ਲਾਗਤ ਨਾਲ ਤਿਰੂਪਤੀ ਦੀ ਤਰਜ਼ ’ਤੇ ਇਸਦੀ ਸ਼ਾਨਦਾਰ ਉਸਾਰੀ ਸ਼ੁਰੂ ਕਰਵਾਈ। ਰਵਾਇਤੀ ਨੱਕਾਸ਼ੀ ਨਾਲ ਸਜਿਆ ਇਹ ਮੰਦਰ ਸਿਰਫ ਸਾਢੇ 4 ਸਾਲ ’ਚ ਬਣ ਕੇ ਤਿਆਰ ਹੋਇਆ ਹੈ, ਜੋ ਆਪਣੇ-ਆਪ ’ਚ ਇਕ ਹੈਰਾਨੀ ਵਾਲੀ ਗੱਲ ਹੈ। ਮੰਦਰ ਦਾ 7 ਮੰਜ਼ਿਲਾ ਗ੍ਰੇਨਾਈਟ ਦਾ ਬਣਿਆ ਮੁੱਖ ਦਵਾਰ, ਜਿਸ ਨੂੰ ਰਾਜਗੋਪੁਰਮ ਕਿਹਾ ਜਾਂਦਾ ਹੈ, ਲਗਭਗ 84 ਫੁੱਟ ਉੱਚਾ ਹੈ। ਇਸ ਤੋਂ ਇਲਾਵਾ ਮੰਦਰ ਦੇ 6 ਹੋਰ ਗੋਪੁਰਮ ਹਨ। ਰਾਜਗੋਪੁਰਮ ਦੇ ਆਰਕੀਟੈਕਚਰ ’ਚ 5 ਸੱਭਿਅਤਾਵਾਂ ਦ੍ਰਵਿੜ, ਪੱਲਵ, ਚੋਲ, ਚਾਲੁਕਯ ਅਤੇ ਕਾਕਾਤੀਯ ਦੀ ਝਲਕ ਵੀ ਮਿਲਦੀ ਹੈ। ਅੱਜ ਇੱਥੇ ਲੱਖਾਂ ਦਰਸ਼ਨ ਕਰਨ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਹੈ।

ਧਰਮਨਗਰੀਆਂ ਤੇ ਇਤਿਹਾਸਕ ਭਵਨਾਂ ਦੀ ਰੈਨੋਵੇਸ਼ਨ ਅਤੇ ਸੁੰਦਰੀਕਰਨ ਇਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ। ਗੁੰਝਲਦਾਰ ਇਸ ਲਈ ਕਿ ਚੁਣੌਤੀਆਂ ਅਣਗਿਣਤ ਹਨ। ਪੁਰੋਹਿਤ ਸਮਾਜ ਦੇ ਜੱਦੀ ਅਧਿਕਾਰ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ, ਉੱਥੇ ਆਉਣ ਵਾਲੇ ਲੱਖਾਂ ਆਮ ਲੋਕਾਂ ਤੋਂ ਲੈ ਕੇ ਦਰਮਿਆਨੇ ਵਰਗ ਅਤੇ ਬਹੁਤ ਅਮੀਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਸੀਮਤ ਸਥਾਨ ਅਤੇ ਸੋਮਿਆਂ ਦਰਮਿਆਨ ਵਿਆਪਕ ਵਿਵਸਥਾਵਾਂ ਕਰਨਾ, ਇਨ੍ਹਾਂ ਸ਼ਹਿਰਾਂ ਦੀ ਸਫਾਈ, ਟ੍ਰੈਫਿਕ, ਕਾਨੂੰਨ ਵਿਵਸਥਾ ਅਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੱਡੀਆਂ ਚੁਣੌਤੀਆਂ ਹਨ।

ਰਜਨੀਸ਼ ਕਪੂਰ


Rakesh

Content Editor

Related News