ਜਬਰ-ਜ਼ਿਨਾਹ ਤੋਂ ਇਲਾਵਾ ਪਾਦਰੀ ਬਜਿੰਦਰ ਸਿੰਘ ਨਾਲ ਜੁੜੇ ਨੇ ਹੋਰ ਵੀ ਵਿਵਾਦ, ਪੜ੍ਹੋ ਪੂਰਾ ਵੇਰਵਾ
Tuesday, Apr 01, 2025 - 02:21 PM (IST)

ਜਲੰਧਰ : ਜਬਰ-ਜ਼ਿਨਾਹ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਮੂਲ ਰੂਪ 'ਚ ਹਰਿਆਣਾ ਦਾ ਰਹਿਣ ਵਾਲਾ ਹੈ। ਖ਼ੁਦ ਨੂੰ ਪਾਸਟਰ ਦੱਸਣ ਵਾਲਾ ਬਜਿੰਦਰ ਸਿੰਘ ਲੋਕਾਂ ਨੂੰ ਐੱਚ. ਆਈ. ਵੀ., ਗੂੰਗਾਪਨ ਅਤੇ ਬਹੁਤ ਬੀਮਾਰੀਆਂ ਤੋਂ ਠੀਕ ਕਰਨ ਦਾ ਦਾਅਵਾ ਕਰਦਾ ਸੀ। ਉਸ ਨੂੰ ਯਸ਼ੂ-ਯਸ਼ੂ ਤੋਂ ਲੋਕਪ੍ਰਿਯਤਾ ਮਿਲੀ ਸੀ। ਅੱਜ ਮੋਹਾਲੀ ਦੀ ਅਦਾਲਤ ਵਲੋਂ ਉਸ ਨੂੰ ਜ਼ੀਰਕਪੁਰ ਦੀ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।
ਜਾਣੋ ਪਾਦਰੀ ਨਾਲ ਜੁੜੇ ਪੁਰਾਣੇ ਵਿਵਾਦ
ਕਤਲ ਦੇ ਦੋਸ਼ 'ਚ ਹੋਈ ਜੇਲ੍ਹ
ਸਾਲ 2000 ਦੀ ਸ਼ੁਰੂਆਤ 'ਚ ਬਜਿੰਦਰ ਸਿੰਘ 'ਤੇ ਕਤਲ ਦਾ ਦੋਸ਼ ਲੱਗਾ ਸੀ, ਜਿਸ ਕਾਰਨ ਉਸ ਨੂੰ ਜੇਲ੍ਹ ਭੇਜਿਆ ਗਿਆ। ਉਸ ਦੇ ਸਿਆਸੀ ਲੋਕਾਂ ਅਤੇ ਅਧਿਕਾਰੀਆਂ ਨਾਲ ਸਬੰਧ ਬਣੇ ਅਤੇ ਉਸ ਨੇ ਜੇਲ੍ਹ 'ਚ ਹੀ ਈਸਾਈ ਧਰਮ ਅਪਣਾ ਲਿਆ। ਇਸ ਤੋਂ ਬਾਅਦ ਸਾਲ 2012 'ਚ ਰਿਹਾਅ ਹੋਣ ਤੋਂ ਬਾਅਦ ਉਸ ਨੇ ਪ੍ਰਾਰਥਨਾ ਸਭਾਵਾਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਹੁਣ ਇਸ Time 'ਤੇ ਲੱਗਣਗੇ ਸਕੂਲ
ਸਾਲ 2018 'ਚ ਲੱਗੇ ਜਬਰ-ਜ਼ਿਨਾਹ ਦੇ ਦੋਸ਼
ਪਾਦਰੀ ਬਜਿੰਦਰ ਸਿੰਘ 'ਤੇ ਸਾਲ 2018 'ਚ ਜ਼ੀਰਕਪੁਰ ਦੀ 35 ਸਾਲਾ ਔਰਤ ਨੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਪੀੜਤਾ ਦਾ ਦਾਅਵਾ ਸੀ ਕਿ ਪਾਸਟਰ ਨੇ ਮੋਹਾਲੀ ਸਥਿਤ ਆਪਣੇ ਘਰ ਜਾ ਕੇ ਉਸ ਦਾ ਸਰੀਰਕ ਸ਼ੋਸਣ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ। ਔਰਤ ਦੀ ਸ਼ਿਕਾਇਤ ਮਗਰੋਂ ਪੁਲਸ ਨੇ ਦਿੱਲੀ ਹਵਾਈ ਅੱਡੇ ਤੋਂ ਪਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸੇ ਮਾਮਲੇ 'ਚ ਹੁਣ ਬਜਿੰਦਰ ਸਿੰਘ ਨੂੰ ਅਦਾਲਤ ਨੇ ਦੋਸ਼ੀ ਪਾਇਆ ਅਤੇ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਦਿੱਲੀ ਦੇ ਪਰਿਵਾਰ ਨੇ ਵੀ ਲਾਏ ਦੋਸ਼
ਸਾਲ 2022 'ਚ ਦਿੱਲੀ ਦੇ ਇਕ ਪਰਿਵਾਰ ਨੇ ਦੋਸ਼ ਲਾਏ ਸਨ ਕਿ ਬਜਿੰਦਰ ਸਿੰਘ ਨੇ ਉਨ੍ਹਾਂ ਦੀ ਕੈਂਸਰ ਪੀੜਤ ਧੀ ਦੇ ਇਲਾਜ ਲਈ ਪ੍ਰਾਰਥਨਾਵਾਂ ਕਰਨ ਲਈ ਪੈਸੇ ਮੰਗੇ, ਪਰ ਉਹ ਬਚ ਨਹੀਂ ਸਕੀ।
ਆਮਦਨ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ
ਸਾਲ 2023 'ਚ ਆਮਦਨ ਟੈਕਸ ਵਿਭਾਗ ਨੇ ਜਲੰਧਰ 'ਚ ਬਜਿੰਦਰ ਸਿੰਘ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਬਰ-ਜ਼ਿਨਾਹ ਦੇ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ (ਵੀਡੀਓ)
ਨੌਜਵਾਨ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ
ਪਾਸਟਰ ਬਜਿੰਦਰ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਦਫ਼ਤਰ 'ਚ ਆਪਣੀ ਕੁਰਸੀ 'ਤੇ ਬੈਠਾ ਹੈ ਅਤੇ ਉਸ ਦੇ ਸਾਹਮਣੇ ਕੁਰਸੀਆਂ 'ਤੇ ਵੀ ਨੌਜਵਾਨ ਬੈਠੇ ਹਨ। ਇਸ ਦੌਰਾਨ ਪਾਦਰੀ ਨੇ ਇਕ ਨੌਜਵਾਨ 'ਤੇ ਫੋਨ ਸੁੱਟ ਦਿੱਤਾ ਅਤੇ ਕੋਲ ਰੱਖੇ ਪਰਸ ਵਰਗੇ ਸਮਾਨ ਨੂੰ ਨੌਜਵਾਨ ਦੇ ਸਿਰ 'ਤੇ ਮਾਰਿਆ। ਬਜਿੰਦਰ ਸਿੰਘ ਨੇ ਨੌਜਵਾਨ ਨੂੰ 10-12 ਥੱਪੜ ਮਾਰੇ। ਫਿਰ ਉਸ ਦੀ ਨਾਲ ਬੈਠੀ ਇਕ ਔਰਤ ਨਾਲ ਵੀ ਬਹਿਸ ਹੋ ਗਈ ਅਤੇ ਕੁੱਝ ਲੋਕਾਂ ਨੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ।
ਇਕ ਹੋਰ ਕੁੜੀ ਨੇ ਵੀ ਲਾਏ ਪਾਸਟਰ 'ਤੇ ਇਲਜ਼ਾਮ
ਕੁੱਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ 'ਤੇ ਜਲੰਧਰ ਦੀ ਇਕ ਹੋਰ 22 ਸਾਲਾ ਔਰਤ ਨੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਦਾ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ 'ਚ ਹੈ। ਹਾਲ ਹੀ 'ਚ ਵਾਇਰਲ ਹੋਈ ਵੀਡੀਓ 'ਚ ਬਜਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਔਰਤ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8