ਪੰਜਾਬੀਓ, ਨੇਤਾਵਾਂ ਕੋਲੋਂ ਪਹਿਲਾਂ ਪਿਛਲੇ 5 ਸਾਲਾਂ ਦਾ ਹਿਸਾਬ ਮੰਗੋ

11/29/2021 3:54:35 AM

ਡਾ. ਧਰਮਪਾਲ ਸਾਹਿਲ
ਪੰਜਾਬ ਜਿਸ ਨੂੰ ਸਾਰੇ ਮੁਲਕ ਦਾ ਅੰਨਦਾਤਾ ਕਿਹਾ ਜਾਂਦਾ ਹੈ ਜਿਸ ਨੇ ਹਾਲ ਵਿਚ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ’ਚ ਮੋਹਰੀ ਭੂਮਿਕਾ ਅਦਾ ਕੀਤੀ ਹੈ। ਉਹ ਸੂਬਾ ਹੁਣ ਵਿਧਾਨ ਸਭਾ ਚੋਣਾਂ ਦੀਆਂ ਬਰੂਹਾਂ ’ਤੇ ਖੜ੍ਹੋਤਾ ਹੈ। ਤਮਾਮ ਸਿਆਸੀ ਪਾਰਟੀਆਂ ਇਸ ਚੋਣ ਸੰਗਰਾਮ ’ਚ ਪੂਰੇ ਜ਼ੋਰ-ਸ਼ੋਰ ਨਾਲ ਕੁੱਦ ਪਈਆਂ ਹਨ। ਹਰ ਪਾਸਿਓਂ ਮੁਫਤ, ਮੁਫਤ ਤੇ ਮੁਫਤ ਦਾ ਸ਼ੋਰ ਸੁਣਾਈ ਦੇ ਰਿਹਾ ਹੈ। ਸਾਰੇ ਮੁਲਕ ਦਾ ਢਿੱਡ ਭਰਨ ਦੀ ਸਮਰੱਥਾ ਰੱਖਣ ਵਾਲੇ ਪੰਜਾਬ ਦੀ ਜਨਤਾ ਕੀ ਇੰਨੀ ਭੁੱਖੀ, ਨੰਗੀ ਤੇ ਨਕਾਰੀ ਹੋ ਗਈ ਹੈ ਕਿ ਕਿਸੇ ਪਾਰਟੀ ਦਾ ਨੇਤਾ ਕਹਿ ਰਿਹਾ ਹੈ, ਅਸੀਂ ਚੋਣ ਜਿੱਤ ਕੇ ਆਟਾ-ਦਾਲ-ਚੌਲ ਮੁਫਤ ਦੇਵਾਂਂਗੇ, ਕੋਈ ਕਹਿ ਰਿਹਾ ਅਸੀਂ ਬਿਜਲੀ ਮੁਫਤ ਦੇਵਾਂਗੇ, ਕੋਈ ਬੱਸਾਂ ’ਚ ਸਫਰ ਮੁਫਤ ਕਰਾਉਣ ਦਾ ਵਾਅਦਾ ਕਰ ਰਿਹਾ ਹੈ।

ਕੋਈ ਬਿਜਲੀ ਦੇ ਬਕਾਏ ਮੁਆਫ ਕਰਨ ਤੇ ਕੋਈ ਡਿਫਾਲਟਰਾਂ ਦੇ ਕਰਜ਼ੇ ਮੁਆਫ ਕਰਨ ਦਾ ਯਕੀਨ ਦਿਵਾ ਰਿਹਾ ਹੈ। ਕੋਈ ਮੁਫਤ ਤੀਰਥ ਯਾਤਰਾ ਕਰਾਉਣ ਦਾ ਲਾਰਾ ਲਾ ਰਿਹਾ ਹੈ ਤੇ ਕੋਈ ਔਰਤਾਂ ਨੂੰ ਘਰ ਬੈਠੇ-ਬਿਠਾਏ ਪੈਸੇ ਵੰਡਣ ਦੀ ਗੱਲ ਕਹਿ ਰਿਹਾ ਹੈ। ਕੋਈ ਕੁੜੀਆਂ ਦੇ ਵਿਆਹ ’ਤੇ ਮੁਫਤ ਸ਼ਗਨ ਦੇਣ ਲਈ ਕਹਿ ਰਿਹਾ ਹੈ ਤੇ ਕੋਈ ਮੁਫਤ ਮੋਬਾਇਲ, ਲੈਪਟਾਪ, ਸਕੂਟੀ, ਸਾਈਕਲ ਆਦਿ ਵੰਡਣ ਦਾ ਹੋਕਾ ਲਾ ਰਿਹਾ ਹੈ।

ਪੰਜਾਬੀ ਜਿਹੜੇ ਸਾਰੇ ਮੁਲਕ ਦਾ ਢਿੱਡ ਭਰਨ ਦੀ ਸਮਰੱਥਾ ਰੱਖਦੇ ਹਨ, ਉਨ੍ਹਾਂ ਨੂੰ ਮੰਗਤੇ ਹੋਣ ਦਾ ਅਹਿਸਾਸ ਕਿਉਂ ਕਰਾਇਆ ਜਾ ਰਿਹਾ ਹੈ? ਜਾਗਦੀ ਜ਼ਮੀਰ ਵਾਲੇ ਅਤੇ ਇਨਕਲਾਬੀ ਇਤਿਹਾਸ ਦੇ ਸਿਰਜਕ ਪੰਜਾਬੀਆਂ ’ਤੇ ਭੁੱਖੇ-ਨੰਗੇ ਤੇ ਮੰਗਖਾਣੀ ਕੌਮ ਦਾ ਲੇਬਲ ਕਿਉਂ ਲਾਇਆ ਜਾ ਰਿਹਾ ਹੈ? ਅਸੀਂ ਹੈਰਾਨ ਹਾਂ ਕਿ ਇਨ੍ਹਾਂ ਸਿਆਸੀ ਪਾਰਟੀਆਂ ਦਾਂ ਕੋਈ ਵੀ ਲੀਡਰ ਇਹ ਨਹੀਂ ਆਖਦਾ ਕਿ ਮੈਂ ਪੰਜਾਬ ਨੂੰ ਡਰੱਗ ਮਾਫੀਆ, ਰੇਤ ਮਾਫੀਆ, ਜੰਗਲ ਮਾਫੀਆ, ਟ੍ਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਗੈਂਗਸਟਰ ਮਾਫੀਆ, ਜ਼ਮੀਨ ਮਾਫੀਆ ਤੋਂ ਨਿਜਾਤ ਦਿਵਾਵਾਂਗਾ। ਮੈਂ ਪੰਜਾਬ ’ਚ ਆਹ-ਆਹ ਉਦਯੋਗ ਲੈ ਕੇ ਆਵਾਂਗਾ ਤੇ ਇੰਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗਾ। ਕੋਈ ਨਹੀਂ ਕਹਿ ਰਿਹਾ ਕਿ ਸਕੂਲਾਂ-ਕਾਲਜਾਂ ’ਚ ਅਧਿਆਪਕਾਂ-ਲੈਕਚਰਾਰਾਂ ਦੀਆਂ ਅਣਮੁੱਕ ਖਾਲੀ ਪਈਆਂ ਆਸਾਮੀਆਂ ਭਰ ਕੇ ਬੀਤੇ ਪੰਜ ਸਾਲਾਂ ਤੋਂ ਸੜਕਾਂ ’ਤੇ ਧੱਕੇ ਖਾਂਦੇ, ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਦੇ, ਪੁਲਸੀਆਂ ਦੀਆਂ ਡਾਂਗਾਂ ਖਾਂਦੇ, ਪਾਣੀ ਦੀਆਂ ਤੇਜ਼ ਵਾਛੜਾਂ ਸਹਿੰਦੇ ਟੈੱਟ ਤੇ ਯੂ. ਜੀ. ਸੀ. ਪਾਸ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗਾ। ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰ ਕੇ ਉੱਥੇ ਕਾਬਲ ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਦਵਾਈਆਂ ਤੇ ਹੋਰ ਜੀਵਨ ਰੱਖਿਅਕ ਸਹੂਲਤਾਂ ਮੁਹੱਈਆ ਕਰਵਾਵਾਂਗਾ।

ਕੋਈ ਨਹੀਂ ਕਹਿ ਰਿਹਾ ਕਿ ਨਸ਼ਿਆਂ ’ਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਜੋ ਡਰੱਗ ਮਾਫੀਏ ਅਤੇ ਗੈਂਗਸਟਰਾਂ ਦੇ ਹੱਥਾਂ ’ਚ ਖੇਡ ਰਹੀ ਹੈ, ਅਪਰਾਧਾਂ ਵੱਲ ਵਧ ਰਹੀ ਹੈ, ਉਸ ਨੂੰ ਰੋਕਣ ਲਈ, ਉਨ੍ਹਾਂ ਦੇ ਹੱਥਾਂ ਵਿਚ ਨਸ਼ੇ ਤੇ ਹਥਿਆਰਾਂ ਦੀ ਥਾਂ ਕੰਮ ਦੇ ਔਜ਼ਾਰ ਫੜਾਵਾਂਗਾ। ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ’ਚ ਆਪਣੇ ਹਨੇਰੇ ਭਵਿੱਖ ਨੂੰ ਵੇਖਦਿਆਂ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਪ੍ਰਤਿਭਾ ਨੂੰ ਪੰਜਾਬ ’ਚ ਰੋਕਣ ਦਾ ਉਪਰਾਲਾ ਕਰਾਂਗਾ। ਖੁੰਬਾਂ ਵਾਂਗੂ ਉੱਗ ਆਏ ਲੱਖਾਂ ਆਈਲੈਟਸ ਸੈਂਟਰਾਂ ਰਾਹੀਂ ਵਿਦੇਸ਼ੀ ਕੰਪਨੀ ਨੂੰ ਜਾ ਰਿਹਾ ਪੰਜਾਬ ਦਾ ਅਣਮੁੱਕ ਪੈਸਾ ਰੋਕ ਕੇ ਉਸ ਨੂੰ ਪੰਜਾਬ ਦੀ ਤਰੱਕੀ ਲਈ ਖਰਚ ਕਰਾਂਗਾ। ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਦੀ ਉਜੜਦੀ ਜਾਂਦੀ ਇੰਡਸਟਰੀ ਨੂੰ ਮੁੜ ਪੈਰਾਂ ’ਤੇ ਖੜ੍ਹੇ ਹੋਣ ਅਤੇ ਪੰਜਾਬ ’ਚ ਵਪਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਵਾਂਗਾ। ਕੋਈ ਨਹੀਂ ਕਹਿ ਰਿਹਾ ਕਿ ਆਮ ਨਾਗਰਿਕ ਨੂੰ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਮੁੱਢਲੇ ਸੰਵਿਧਾਨਕ ਅਧਿਕਾਰ ਯਕੀਨੀ ਬਣਾਵਾਂਗਾ। ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਗਰਕ ਹੁੰਦੇ ਜਾ ਰਹੇ ਵਿਰਾਸਤੀ ਕਲਚਰ ਨੂੰ ਸਾਂਭਣ ਦਾ ਕੋਈ ਹੀਲਾ ਕਰਾਂਗਾ।

ਇੱਥੇ ਤਾਂ ਸਾਰੇ ਲੀਡਰ ਬਰਸਾਤੀ ਡੱਡੂਆਂ ਵਾਂਗ ਮੁਫਤ, ਮੁਫਤ ਤੇ ਮੁਫਤ ਦਾ ਰਾਗ਼ ਅਲਾਪ ਰਹੇ ਹਨ। ਇਨ੍ਹਾਂ ਨੂੰ ਕੋਈ ਭਲਾ ਪੁੱਛੇ, ਪੰਜਾਬ ਤਾਂ ਪਹਿਲਾਂ ਹੀ ਲੱਗਭਗ ਤਿੰਨ ਲੱਖ ਦਾ ਕਰਜ਼ਾਈ ਹੋਇਆ ਪਿਆ ਹੈ। ਵਿੱਤ ਮੰਤਰੀ ਨਿੱਤ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੇ ਰਹਿੰਦੇ ਹਨ। ਤੁਹਾਡੇ ਪਾਸ ਕਿਹੜਾ ਅਲਾਦੀਨ ਦਾ ਚਿਰਾਗ਼ ਹੈ ਜਿਸ ਨਾਲ ਰਾਤੋ-ਰਾਤ ਸਰਕਾਰੀ ਖਜ਼ਾਨੇ ਨੱਕੋ-ਨੱਕ ਭਰ ਜਾਣਗੇ ਤੇ ਸਭ ਕੁਝ ਮੁਫਤੋ-ਮੁਫਤ ਲੁਟਾ ਦਿਓਗੇ। ਪੱਲੇ ਨ੍ਹੀਂ ਧੇਲਾ, ਕਰਦੀ ਮੇਲਾ-ਮੇਲਾ ਵਾਲਾ ਹਿਸਾਬ ਹੋਇਆ ਪਿਆ ਇਨ੍ਹਾਂ ਦਾ। ਚੰਗੀ-ਭਲੀ ਮਿਹਨਤਕਸ਼ ਸਿਰੜੀ ਤੇ ਅਣਖੀ ਪੰਜਾਬੀ ਕੌਮ ਨੂੰ ਬਦੋਬਦੀ ਹੱਥ ਅੱਡਣ ਲਈ ਮਜਬੂਰ ਕਿਉਂ ਕਰ ਰਹੇੇ ਹੋ। ਇਨ੍ਹਾਂ ਦੇ ਹੱਥਾਂ ’ਚ ਮੁਫਤ ਦਾ ਲਾਲੀਪਾਪ ਫੜਾਉਣ ਦੀ ਬਜਾਏ ਇਨ੍ਹਾਂ ਦੇ ਹੱਥਾਂ ਨੂੰ ਆਪ ਮਿਹਨਤ ਕਰਕੇ ਕਮਾਉਣ ਤੇ ਖਾਣ ਦੇ ਯੋਗ ਬਣਾਓ, ਤਾਂ ਜੋ ਬਾਬੇ ਨਾਨਕ ਦਾ ਵਿਸ਼ਵਵਿਆਪੀ ਫਲਸਫਾ ‘‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ” ਪ੍ਰੈਕਟੀਕਲ ਰੂਪ ’ਚ ਪ੍ਰਫੁੱਲਤ ਹੋ ਸਕੇ।

ਇਸ ਸਭ ਤੋਂ ਵੀ ਵੱਧ ਲੋੜ ਹੈ ਪੰਜਾਬੀਆਂ ਨੂੰ ਇਨ੍ਹਾਂ ਮਦਾਰੀਆਂ ਦੇ ਹੱਥਾਂ ਦਾ ਜਮੂਰਾ ਨਾ ਬਣ ਕੇ ਇਨ੍ਹਾਂ ਨੂੰ ਸਵਾਲ ਕਰਨ ਦੀ।

ਜਿਵੇਂ ‘ਗੁਰੂ’ ਆਪਣੀ ਹੀ ਸਰਕਾਰ ਤੋਂ ਬਾਂਹਾਂ ਉਲਾਰ-ਉਲਾਰ ਕੇ ਪੁੱਛ ਰਿਹਾ ਹੈ ਤੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ’ਚ ਖੜ੍ਹਾ ਕਰ ਰਿਹਾ ਹੈ। ਨਹੀਂ ਤਾਂ ਭੇਡਾਂ ਨੂੰ ਮੁਫਤ ਕੰਬਲ ਵੰਡ ਕੇ, ਮਗਰੋਂ ਉਨ੍ਹਾਂ ਦੀ ਹੀ ਉੱਨ ਮੁੰਨਣ ਵਾਂਗ ਨੰਗ-ਧੜੰਗੇ ਹੋ ਕੇ ਰਹਿ ਜਾਵੋਗੇ। ਇਨ੍ਹਾਂ ਨੂੰ ਸਵਾਲ ਕਰਨਾ ਆਮ ਜਨਤਾ ਦਾ ਸੰਵਿਧਾਨਕ ਹੱਕ ਹੈ। ਨਹੀਂ ਤਾਂ ਮੁਫਤ ਦੇ ਲਾਰੇ ਲਾ ਕੇ ਇਹ ਪੰਜਾ ਸਾਡਾ ਗਲਾ ਘੁੱਟ ਦੇਵੇਗਾ। ਤੱਕੜੀ ਡੰਡੀਮਾਰ ਕੇ ਸਾਡਾ ਹਿੱਸਾ ਖੋਂਹਦੀ ਰਹੇਗੀ, ਹਾਥੀ ਸਾਡੇ ਅਰਮਾਨਾਂ ਨੂੰ ਆਪਣੇ ਪੈਰਾਂ ਹੇਠ ਕੁਚਲ ਕੇ ਨਿਕਲ ਜਾਵੇਗਾ, ਝਾੜੂ ਅੰਦਰ-ਬਾਹਰ ਸਭ ਦਾ ਸਭ ਕੁਝ ਹੂੰਝ ਛੱਡੇਗਾ ਤੇ ਚਿੱਕੜ ’ਚ ਉੱਗਿਆ ਕਮਲ ਸਾਨੂੰ ਵੀ ਦਲਦਲ ’ਚ ਧੱਕ ਦੇਵੇਗਾ।

ਇਨ੍ਹਾਂ ਸਿਆਸੀ ਭਲਵਾਨਾਂ ਦੇ ਸਿਰਾਂ ’ਤੇ ਕਲਗੀਆਂ ਵੱਖੋ-ਵੱਖਰੇ ਰੰਗ ਦੀਆਂ ਹੋ ਸਕਦੀਆਂ ਹਨ ਪਰ ਇਨ੍ਹਾਂ ਦੇ ਚਰਿੱਤਰ ਤੇ ਚਲਿੱਤਰ ਇਕੋ ਹਨ। ਜਨਤਾ ਨੂੰ ਲੁੱਟਣ, ਕੁੱਟਣ ਅਤੇ ਵੰਡਣ ਦੇ ਢੰਗ-ਤਰੀਕੇ ਇਕੋ ਹਨ। ਇਨ੍ਹਾਂ ਦਾ ਟੀਚਾ ਇਕੋ ਹੈ। ਮੋਢੇ ਸਾਡੇ ਹਨ ਤੇ ਨਿਸ਼ਾਨਾ ਵੀ ਇਕੋ ਹੈ। ਪੰਜਾਬੀਓ, ਇਨ੍ਹਾਂ ਤੋਂ ਪਹਿਲਾਂ ਪਿਛਲੇ ਪੰਜਾਂ ਸਾਲਾਂ ਦਾ ਹਿਸਾਬ ਮੰਗਣਾ ਚਾਹੀਦਾ ਹੈ।

ਇਨ੍ਹਾਂ ਨੂੰ ਚੇਤਾ ਦੁਆਓ ਕਿ ਪਿਛਲੇ ਚੋਣ ਐਲਾਨ ਪੱਤਰ ਦੇ ਕਿੰਨੇ ਵਾਅਦੇ ਪੁਗਾਏ ਹਨ। ਪੁੱਛੋ ਕੀ ਤੁਸੀਂ ਇਹ ਮੁਫਤ ਦੇ ਲੰਗਰ ਪਿਛਲੇ ਪੰਜਾਂ ਸਾਲਾਂ ’ਚ ਦੋਵਾਂ ਹੱਥਾਂ ਨਾਲ ਕੀਤੀ ਲੁੱਟ ਤੋਂ ਲਾਓਗੇ? ਇਨ੍ਹਾਂ ਨੂੰ ਕਹੋ ਕਿ ਸਾਡੀ ਮਿਹਨਤ ਦਾ ਸਹੀ ਮੁੱਲ ਪਾਓ, ਸਾਡੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਓ। ਉਨ੍ਹਾਂ ਨੂੰ ਬਣਦਾ ਰੋਜ਼ਗਾਰ ਦਿਓ। ਸਾਨੂੰ ਚੰਗੀ ਸਿਹਤ ਅਤੇ ਨਰੋਆ ਵਾਤਾਵਰਣ ਦਿਓ। ਭ੍ਰਿਸ਼ਟਾਚਾਰ, ਵਿਭਚਾਰ, ਗੈਂਗਵਾਰ, ਜਬਰ-ਜ਼ਨਾਹ, ਚੋਰ ਬਾਜ਼ਾਰੀ, ਲੁੱਟਾਂ-ਖੋਹਾਂ, ਦੰਗਿਆਂ-ਫਸਾਦਾਂ, ਧਰਨਿਆਂ-ਹੜਤਾਲਾਂ, ਨਿੱਤ ਦੇ ਬੰਦਾਂ ਤੋਂ ਛੁਟਕਾਰਾ ਦਿਵਾਓ।

ਅਸੀਂ ਪੰਜਾਬੀ ਹਾਂ, ਅਸੀਂ ਪਹਿਲੋਂ ਵੀ ਆਪਣੀ ਕੌਮ ਦੀ ਅਣਖ ਖਾਤਿਰ ਬਹੁਤ ਮੁੱਲ ਉਤਾਰਿਆ ਹੈ ਤੇ ਹੁਣ ਵੀ ਉਤਾਰਨ ਲਈ ਤਿਆਰ ਹਾਂ। ਸਾਨੂੰ ਤੁਹਾਡਾ ਕੁਝ ਵੀ ਮੁਫਤ ’ਚ ਮਨਜ਼ੂਰ ਨਹੀਂ ਹੈ। ਪੰਜਾਬੀਓ, ਹਿੰਦੀ ਕਵੀ ਦੁਸ਼ਿਅੰਤ ਦਾ ਇਹ ਸ਼ੇਅਰ ਹਮੇਸ਼ਾ ਚੇਤੇ ਰੱਖਿਓ:

“ਰਾਹਨੁਮਾਉਂ ਕੀ ਅਦਾਓਂ ਪੇ ਫਿਦਾ ਹੈ ਦੁਨੀਆ, ਇਸ ਬਹਕਤੀ ਦੁਨੀਆ ਕੋ ਸੰਭਾਲੋ ਯਾਰੋ, ਕੌਨ ਕਹਿਤਾ ਹੈ ਆਕਾਸ਼ ਮੇਂ ਸੁਰਾਖ ਨਹੀਂ ਹੋ ਸਕਤਾ, ਬਸ ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ।’’


Bharat Thapa

Content Editor

Related News