ਪੰਜਾਬ, ਪੰਜਾਬੀ ਭਾਸ਼ਾ, ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਵਿਦਿਆ ਭਾਰਤੀ
Thursday, Nov 09, 2023 - 02:08 PM (IST)
ਪੰਜਾਬ ਦੇ ਰਾਮਪੁਰਾ ਫੂਲ ਦੇ ਸਰਵਹਿੱਤਕਾਰੀ ਵਿਦਿਆ ਮੰਦਰ ਵਿਚ ਸੋਮਵਾਰ ਨੂੰ ਵਾਪਰੀ ਘਟਨਾ ਦੌਰਾਨ ਜਿਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਸਕੂਲ ਪ੍ਰਬੰਧਕਾਂ ’ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਬੇਤੁਕੇ ਦੋਸ਼ ਲਾਏ, ਉਸ ਤੋਂ ਬਾਅਦ ਕੁਝ ਧਿਰਾਂ ਅਜਿਹਾ ਨੈਰੇਟਿਵ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਿਵੇਂ ਆਰ. ਐੱਸ. ਐੱਸ. ਮਾਂ ਬੋਲੀ ਪੰਜਾਬੀ ਦੇ ਖਿਲਾਫ ਹੈ। ਖੈਰ, ਇਹ ਸਾਰੀ ਘਟਨਾ ਸਕੂਲ ਦੇ ਪ੍ਰਬੰਧਕੀ ਵਿਸ਼ੇ ਨਾਲ ਸਬੰਧਤ ਸੀ ਜਿਸ ਨੂੰ ਬਾਅਦ ਵਿਚ ਪੰਜਾਬੀ ਭਾਸ਼ਾ ਨਾਲ ਜੋੜ ਦਿੱਤਾ ਗਿਆ।
ਸੂਬੇ ਵਿਚ ਗਲਤ ਨੈਰੇਟਿਵ ਸਿਰਜਣ ਵਾਲੇ ਅਤੀਤ ’ਚ ਹੋਏ ਹਿੰਦੀ-ਪੰਜਾਬੀ ਵਿਵਾਦ ਨੂੰ ਵੀ ਸੰਘ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸੱਚਾਈ ਤੋਂ ਕੋਹਾਂ ਦੂਰ ਹੈ। ਪੰਜਾਬੀ ਸੂਬੇ ਦੇ ਗਠਨ ਸਮੇਂ ਜਦੋਂ ਰਾਜ ਵਿਚ ਹਿੰਦੀ-ਪੰਜਾਬੀ ਭਾਸ਼ਾ ਦਾ ਵਿਵਾਦ ਸੀ ਤਦ ਰਾਜ ਦੇ ਇਕ ਭਾਈਚਾਰੇ ਦੇ ਇਕ ਵਰਗ ਨੇ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਦੱਸਿਆ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ਪਰ ਉਸ ਸਮੇਂ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਤਤਕਾਲੀ ਸਰਸੰਘਚਾਲਕ ਸ਼੍ਰੀ ਮਾਧਵ ਸਦਾਸ਼ਿਵ ਗੋਲਵਲਕਰ ਜੀ ਨੇ ਅੱਗੇ ਆ ਕੇ ਸਪੱਸ਼ਟ ਕਿਹਾ ਕਿ ਪੰਜਾਬ ਦੇ ਹਿੰਦੂਆਂ ਦੀ ਮਾਂ ਬੋਲੀ ਪੰਜਾਬੀ ਹੈ। ਉਨ੍ਹਾਂ ਪੰਜਾਬ ਦੇ ਹਿੰਦੂਆਂ ਨੂੰ ਵੀ ਮਰਦਮਸ਼ੁਮਾਰੀ ਦੌਰਾਨ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਦਾ ਸੱਦਾ ਦਿੱਤਾ।
ਰਾਸ਼ਟਰੀ ਸਵੈਮ-ਸੇਵਕ ਸੰਘ ਹਰ ਸਾਲ ਮਾਰਚ ਦੇ ਮਹੀਨੇ ਇਕ ਪ੍ਰਤੀਨਿਧੀ ਸਭਾ ਦਾ ਆਯੋਜਨ ਕਰਦਾ ਹੈ ਜਿਸ ਵਿਚ ਪੂਰੇ ਸਾਲ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਮੁੱਦਿਆਂ ’ਤੇ ਸੰਘ ਦਾ ਨਜ਼ਰੀਆ ਸਪੱਸ਼ਟ ਕੀਤਾ ਜਾਂਦਾ ਹੈ। 2015 ਵਿਚ ਹੋਈ ਪ੍ਰਤੀਨਿਧੀ ਸਭਾ ਦੀ ਮੀਟਿੰਗ ਵਿਚ ‘ਮਾਤ ਭਾਸ਼ਾ ਵਿਚ ਪ੍ਰਾਇਮਰੀ ਸਿੱਖਿਆ’ ਦਾ ਮਤਾ ਪਾਸ ਕੀਤਾ ਗਿਆ ਸੀ। ਇਸੇ ਤਰ੍ਹਾਂ 2016 ਦੀ ਮੀਟਿੰਗ ਵਿਚ ਮਿਆਰੀ ਅਤੇ ਸਸਤੀ ਸਿੱਖਿਆ ਪ੍ਰਦਾਨ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਸਾਲ 2018 ਵਿਚ ਹੋਈ ਆਲ ਇੰਡੀਆ ਪ੍ਰਤੀਨਿਧੀ ਸਭਾ ਦੀ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਸਾਨੂੰ ਭਾਰਤੀ ਭਾਸ਼ਾਵਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ।
ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਵਿਚਾਰਾਂ ਤੋਂ ਪ੍ਰੇਰਿਤ ਵਿਦਿਆ ਭਾਰਤੀ ਦੇਸ਼ ਭਰ ਵਿਚ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਦੇਸ਼ ਦੇ ਖੁਸ਼ਹਾਲ ਸ਼ਹਿਰੀ ਖੇਤਰਾਂ ਤੋਂ ਲੈ ਕੇ ਪੇਂਡੂ ਅਤੇ ਸਰਹੱਦੀ ਖੇਤਰਾਂ ਤੱਕ ਇਸ ਸੰਸਥਾ ਦੇ ਹਜ਼ਾਰਾਂ ਸਕੂਲ ਸਿੱਖਿਆ ਦੇ ਖੇਤਰ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ। ਦੇਸ਼ ਦੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਸੱਭਿਅਤਾ, ਸੱਭਿਆਚਾਰ ਅਤੇ ਕੌਮੀ ਵਿਚਾਰਾਂ ਨਾਲ ਜੋੜਨ ਦਾ ਕੰਮ ਇਨ੍ਹਾਂ ਸਕੂਲਾਂ ਵੱਲੋਂ ਕੀਤਾ ਜਾਂਦਾ ਹੈ। ਸਰਹੱਦੀ ਸੂਬੇ ਪੰਜਾਬ ਵਿਚ ਵੀ ਵਿਦਿਆ ਭਾਰਤੀ ਦੇ ਸੈਂਕੜੇ ਸਕੂਲ ਲੱਖਾਂ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇੰਨਾ ਹੀ ਨਹੀਂ ਇਨ੍ਹਾਂ ਸਕੂਲਾਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਅਧਿਆਪਕ ਵਜੋਂ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਕੂਲ ਪੂਰੀ ਤਰ੍ਹਾਂ ਖੁਦਮੁਖਤਿਆਰ ਢੰਗ ਨਾਲ ਚਲਾਏ ਜਾਂਦੇ ਹਨ ਅਤੇ ਇਨ੍ਹਾਂ ਦੇ ਪ੍ਰਬੰਧਕ ਸਥਾਨਕ ਉਮੀਦਾਂ ਅਨੁਸਾਰ ਇਨ੍ਹਾਂ ਦਾ ਪ੍ਰਬੰਧ ਕਰਦੇ ਹਨ। ਵਿਦਿਆ ਭਾਰਤੀ ਦਾ ਉਦੇਸ਼ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਅਤੇ ਸਸਤੀ ਸਿੱਖਿਆ ਪ੍ਰਦਾਨ ਕਰਨਾ ਹੈ। ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪਾਠਕ੍ਰਮ ਅਨੁਸਾਰ ਸਿੱਖਿਆ ਦੇ ਨਾਲ-ਨਾਲ ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ, ਸਮਾਜਿਕ ਆਚਰਣ, ਹੁਨਰ ਵਿਕਾਸ ਅਤੇ ਰੋਜ਼ਗਾਰਮੁਖੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਵਿਸ਼ਿਆਂ ਨੂੰ ਪਾਠਕ੍ਰਮ ਵਿਚ ਵੀ ਸ਼ਾਮਲ ਕੀਤਾ ਜਾਂਦਾ ਹੈ।
ਵਿਦਿਆ ਭਾਰਤੀ ਦੇ ਸਕੂਲ ਹਰ ਰਾਜ ਦੇ ਸਿੱਖਿਆ ਬੋਰਡਾਂ ਤੋਂ ਵੀ ਮਾਨਤਾ ਪ੍ਰਾਪਤ ਹਨ ਅਤੇ ਕਈ ਸਕੂਲ ਕੇਂਦਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਤੋਂ ਵੀ ਮਾਨਤਾ ਪ੍ਰਾਪਤ ਹਨ। ਭਾਸ਼ਾ, ਪਾਠਕ੍ਰਮ ਅਤੇ ਵਿਸ਼ਿਆਂ ਸਬੰਧੀ ਹਰੇਕ ਸਿੱਖਿਆ ਬੋਰਡ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਹਰ ਵਿਦਿਆਰਥੀ ਨੂੰ ਸਿੱਖਿਆ ਦਾ ਮਾਧਿਅਮ ਚੁਣਨ ਦੀ ਆਜ਼ਾਦੀ ਹੈ, ਜਿਵੇਂ ਕਿ ਹੋਰ ਸਾਰੇ ਸਕੂਲਾਂ ਵਿਚ ਹੈ।
ਰਾਸ਼ਟਰੀ ਸਵੈਮ-ਸੇਵਕ ਸੰਘ ਹਰ ਧਰਮ, ਸੰਪਰਦਾ ਅਤੇ ਪੂਜਾ ਵਿਧੀ ਦਾ ਸਨਮਾਨ ਕਰਦਾ ਹੈ। ਸੰਘ ਦੀਆਂ ਸ਼ਾਖਾਵਾਂ ਵਿਚ, ਹਰ ਮਹਾਨ ਵਿਅਕਤੀ, ਭਾਵੇਂ ਉਸ ਦੇ ਖੇਤਰ ਜਾਂ ਧਰਮ ਦਾ ਕੋਈ ਵੀ ਹੋਵੇ, ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਜੈਅੰਤੀ ਅਤੇ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਦੇਸ਼ ਦੀ ਵੰਡ ਤੋਂ ਲੈ ਕੇ 1977 ’ਚ ਲਾਈ ਐਮਰਜੈਂਸੀ ਅਤੇ ਸੂਬੇ ’ਚ ਅੱਤਵਾਦ ਦੇ ਦੌਰ ’ਚ ਸੰਘ ਨੇ ਪੰਜਾਬ ’ਚ ਸ਼ਲਾਘਾਯੋਗ ਕੰਮ ਕੀਤਾ, ਜਿਸ ਦੀ ਕਈ ਮੰਚਾਂ ’ਤੇ ਸ਼ਲਾਘਾ ਹੋਈ। ਦੇਸ਼ ਦੀ ਵੰਡ ਸਮੇਂ ਸੰਘ ਦੇ ਸਵੈਮ-ਸੇਵਕਾਂ ਨੇ ਪਾਕਿਸਤਾਨ ਵਿਚ ਫਸੇ ਲੱਖਾਂ ਹਿੰਦੂ-ਸਿੱਖ ਪਰਿਵਾਰਾਂ ਨੂੰ ਨਾ ਸਿਰਫ਼ ਬਚਾ ਕੇ ਭਾਰਤ ਲਿਆਂਦਾ ਸਗੋਂ ਉਨ੍ਹਾਂ ਦੇ ਮੁੜ-ਵਸੇਬੇ ਦਾ ਵੀ ਪ੍ਰਬੰਧ ਕੀਤਾ। ਐਮਰਜੈਂਸੀ ਦੌਰਾਨ ਰਾਸ਼ਟਰੀ ਸਵੈਮ-ਸੇਵਕ ਸੰਘ ਨੇ ਪੰਜਾਬ ਵਿਚ ਲੋਕਤੰਤਰ ਨੂੰ ਬਚਾਉਣ ਲਈ ਅੰਦੋਲਨ ਦੀ ਅਗਵਾਈ ਕੀਤੀ ਅਤੇ ਬਹੁਤ ਕੁਰਬਾਨੀਆਂ ਦਿੱਤੀਆਂ। ਅੱਤਵਾਦ ਦੌਰਾਨ ਸੰਘ ਨੇ ਬਿਨਾਂ ਕਿਸੇ ਭੇਦਭਾਵ ਦੇ ਪੀੜਤ ਸਮਾਜ ਦਾ ਸਾਥ ਦਿੱਤਾ।
ਸੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਵਫ਼ਾਦਾਰ ਰਿਹਾ ਹੈ ਅਤੇ ਅਜਿਹੇ ਵਿਚ ਵੀ ਜੇਕਰ ਕੋਈ ਸੰਘ ਪ੍ਰਤੀ ਜ਼ਿੱਦ ਰੱਖਦਾ ਹੈ ਤਾਂ ਉਸ ਨੂੰ ਇਕ ਵਾਰ ਸੰਘ ਦੀ ਸ਼ਾਖਾ ਵਿਚ ਜ਼ਰੂਰ ਆਉਣਾ ਚਾਹੀਦਾ ਹੈ।