ਜੇਲ੍ਹ ਕੰਪਲੈਕਸਾਂ ’ਚੋਂ ਫਰਾਰ ਹੋ ਰਹੇ ਕੈਦੀ

Monday, Oct 14, 2024 - 03:13 AM (IST)

ਸਜ਼ਾਯਾਫਤਾ ਹਰੇਕ ਅਪਰਾਧੀ ਦੇ ਮਨ ’ਚ ਇਕ ਹੀ ਸਵਾਲ ਉੱਠਦਾ ਹੈ ਕਿ ‘ਭੱਜਾਂਗੇ ਕਿਵੇਂ’ ? ਜਦਕਿ ਕਈ ਅਪਰਾਧੀਆਂ ਨੇ ਜੇਲ੍ਹ ’ਚੋਂ ਭੱਜਣ ਦੀ ਸਾਜ਼ਿਸ਼ ਰਚੀ ਅਤੇ ਆਪਣੀ ਯੋਜਨਾ ਦੇ ਤਹਿਤ ਭੱਜਣ ’ਚ ਸਫਲ ਹੋ ਗਏ ਜੋ ਕਿ ਪਿਛਲੇ ਤਿੰਨ ਮਹੀਨਿਆਂ ’ਚ ਸਾਹਮਣੇ ਆਈਆਂ ਹੇਠਲਿਖਤ ਚੰਦ ਖਬਰਾਂ ਤੋਂ ਸਪੱਸ਼ਟ ਹੈ :

* 11 ਅਕਤੂਬਰ ਸ਼ੁੱਕਰਵਾਰ ਦੀ ਰਾਤ ਨੂੰ 2 ਕੈਦੀ ਜਿਨ੍ਹਾਂ ’ਚੋਂ ਇਕ ਕਤਲ ਦੇ ਦੋਸ਼ ’ਚ ਉਮਰ ਕੈਦ ਕੱਟ ਰਿਹਾ ਸੀ, ਉੱਤਰਾਖੰਡ ਦੀ ਹਰਿਦੁਆਰ ਜ਼ਿਲਾ ਜੇਲ੍ਹ ’ਚੋਂ ਭੱਜਣ ’ਚ ਸਫਲ ਹੋ ਗਏ। ਦੋਵੇਂ ਇਕ ਪੌੜੀ ਦੇ ਸਹਾਰੇ ਉਸ ਸਮੇਂ ਦੌੜੇ ਜਦੋਂ ਜੇਲ੍ਹ ’ਚ ਰਾਮਲੀਲਾ ਦਾ ਮੰਚਨ ਹੋ ਰਿਹਾ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਘਟਨਾ ਦੀ ਸ਼ਾਮ 8 ਵਜੇ ਤੱਕ ਕਿਸੇ ਨੂੰ ਕੰਨੋਂ-ਕੰਨ ਖਬਰ ਨਹੀਂ ਹੋਈ। ਘਟਨਾ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ 6.30 ਵਜੇ ਮਿਲੀ। ਇਹ ਘਟਨਾ ਬੇਹੱਦ ਹੈਰਾਨ ਕਰਨ ਵਾਲੀ ਹੈ ਪਰ ਸਾਡੀ ਜੇਲ੍ਹ ਪ੍ਰਣਾਲੀ ਦੇ ਇਤਿਹਾਸ ’ਚ ਅਜਿਹਾ ਹੋਣਾ ਆਮ ਗੱਲ ਹੈ।

* 11 ਅਕਤੂਬਰ ਨੂੰ ਹੀ ਸਵੇਰੇ ਤੜਕੇ ‘ਮੋਰੀਗਾਂਵ’ (ਆਸਾਮ) ਜ਼ਿਲਾ ਜੇਲ੍ਹ ’ਚ ‘ਬਾਲ ਸੈਕਸ ਅਪਰਾਧ ਸੁਰੱਖਿਆ ਐਕਟ’ (ਪੋਕਸੋ) ਦੇ ਅਧੀਨ 5 ਵਿਚਾਰ ਅਧੀਨ ਕੈਦੀ ਲੋਹੇ ਦੀ ਗਰਿੱਲ ਨੂੰ ਤੋੜਨ ਤੋਂ ਬਾਅਦ ਚਾਦਰ, ਕੰਬਲ ਅਤੇ ਲੂੰਗੀ ਨੂੰ ਰੱਸੀ ਦੇ ਰੂਪ ’ਚ ਇਸਤੇਮਾਲ ਕਰ ਕੇ ਜੇਲ੍ਹ ਦੀ 20 ਫੁੱਟ ਉੱਚੀ ਕੰਧ ਤੋਂ ਹੇਠਾਂ ਉਤਰ ਕੇ ਫਰਾਰ ਹੋ ਗਏ। ਆਸਾਮ ਦੇ ਇਤਿਹਾਸ ’ਚ ਇਸ ਨੂੰ ਸਭ ਤੋਂ ਵੱਡੀ ਜੇਲ੍ਹ ਬ੍ਰੇਕ ਮੰਨਿਆ ਜਾ ਰਿਹਾ ਹੈ।

* 10 ਅਕਤੂਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ਜ਼ਿਲੇ ਦੀ ਸੈਂਟਰਲ ਜੇਲ੍ਹ ਦੇ ਫਾਰਮ ਹਾਊਸ ’ਚ ਕੰਮ ਕਰਨ ਗਿਆ ਉਮਰ ਕੈਦੀ ਹਰਪਾਲ ਟ੍ਰੈਕਟਰ ਨਾਲ ਵਾਹੀ ਦੌਰਾਨ ਆਪਣੇ ਨਾਲ ਗਏ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 1 ਅਕਤੂਬਰ ਨੂੰ ਕਟਿਹਾਰ (ਬਿਹਾਰ) ਜੇਲ੍ਹ ’ਚ ਬੰਦ ਵਿਚਾਰ ਅਧੀਨ ਕੈਦੀ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋ ਗਏ।

* 18 ਅਗਸਤ ਨੂੰ ਨਾਮਸਾਈ (ਅਰੁਣਾਚਲ ਪ੍ਰਦੇਸ਼) ਜੇਲ੍ਹ ਤੋਂ 4 ਕੈਦੀ ਡਿਊਟੀ ’ਤੇ ਤਾਇਨਾਤ ਸਿਪਾਹੀ ’ਤੇ ਹਮਲਾ ਅਤੇ ਵੈਂਟੀਲੇਟਰ ਦੀ ਰਾਡ ਤੋੜ ਕੇ ਫਰਾਰ ਹੋ ਗਏ।

* 23 ਜੁਲਾਈ ਨੂੰ ਨੈਨੀ ਸੈਂਟਰਲ ਜੇਲ੍ਹ (ਉੱਤਰ ਪ੍ਰਦੇਸ਼) ਤੋਂ ਸਮੂਹਿਕ ਜਬਰ-ਜ਼ਨਾਹ ਦਾ ਦੋਸ਼ੀ ਕਾਲੀ ਚਰਨ ਜੇਲ੍ਹ ’ਚੋਂ ਫਰਾਰ ਹੋ ਗਿਆ।

ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਅਜਿਹੀਆਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗਾ। ਹਾਲਾਂਕਿ ਅਜਿਹੀ ਹਰ ਘਟਨਾ ਪਿੱਛੋਂ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਪਹਿਲਾਂ ਤੋਂ ਵੱਧ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਨਾਮਨਿਹਾਦ ਦਾਅਵਿਆਂ ਦਾ ਕੋਈ ਨਤੀਜਾ ਨਜ਼ਰ ਨਹੀਂ ਆਉਂਦਾ।

ਜੇਲ੍ਹਾਂ ’ਚ ਕੈਦੀਆਂ ਤੱਕ ਮੋਬਾਈਲ ਫੋਨ, ਨਸ਼ਾ ਅਤੇ ਨਕਦ ਰੁਪਏ ਤਕ ਪੁੱਜ ਰਹੇ ਹਨ। ਜਿਸ ਨਾਲ ਉਹ ਜੇਲ੍ਹਾਂ ਦੇ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦੇ ਹਨ। ਜੇਲ੍ਹਾਂ ’ਚ ਬੈਠੇ ਚੰਦ ਕੈਦੀ ਜੇਲ੍ਹਾਂ ਤੋਂ ਬਾਹਰ ਆਪਣਾ ਧੰਦਾ ਤੱਕ ਚਲਾ ਰਹੇ ਹਨ ਅਤੇ ਜੇਲ੍ਹ ਦੇ ਬਾਹਰ ਨਸ਼ਿਆਂ ਦੀ ਸਪਲਾਈ ਅਤੇ ਕਤਲ ਤੱਕ ਕਰਵਾ ਰਹੇ ਹਨ। ਇਥੋਂ ਤੱਕ ਕਿ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਦੇ ਇੰਟਰਵਿਊ ਤੱਕ ਹੋ ਜਾਂਦੇ ਹਨ ਜਿਵੇਂ ਕਿ ਲਾਰੈਂਸ ਬਿਸ਼ਨੋਈ ਦਾ। ਜੇਲ੍ਹਾਂ ’ਚੋਂ ਹੀ ਆਗੂਆਂ ਦੇ ਕਤਲਾਂ ਦੇ ਹੁਕਮ ਤੱਕ ਦਿੱਤੇ ਜਾਂਦੇ ਹਨ।

ਅਜਿਹਾ ਨਹੀਂ ਹੈ ਕਿ ਸਾਡੀਆਂ ਜੇਲ੍ਹਾਂ ਦੀਆਂ ਕੰਧਾਂ ਉੱਚੀਆਂ ਨਹੀਂ ਹਨ ਅਤੇ ਉਨ੍ਹਾਂ ’ਚ ਸੁਰੱਖਿਆ ਦੇ ਪ੍ਰਬੰਧਾਂ ਦੀ ਘਾਟ ਹੈ। ਇਥੋਂ ਤੱਕ ਕਿ ਪੁਰਾਣੀਆਂ ਜੇਲ੍ਹਾਂ ’ਚੋਂ ਵੀ ਜ਼ਿਆਦਾਤਰ ਕਾਫੀ ਚੰਗੀ ਸਥਿਤੀ ’ਚ ਹਨ। ਇਸ ਲਈ ਕੈਦੀਆਂ ਦੇ ਫਰਾਰ ਹੋਣ ਦਾ ਕੁਝ ਹੱਦ ਤਕ ਇਹੀ ਕਾਰਨ ਹੈ ਕਿ ਜੇਲ੍ਹਾਂ ਦੇ ਅਧਿਕਾਰੀ ਜਾਂ ਤਾਂ ਆਪਣਾ ਕਰਤੱਵ ਨਿਭਾਉਣ ’ਚ ਲਾਪਰਵਾਹੀ ਵਰਤਦੇ ਹਨ ਅਤੇ ਜਾਂ ਉਨ੍ਹਾਂ ਦੀ ਅਪਰਾਧੀ ਤੱਤਾਂ ਨਾਲ ਮਿਲੀਭੁਗਤ ਹੁੰਦੀ ਹੈ।

ਕੈਦੀਆਂ ਦੇ ਭੱਜ ਜਾਣ ਪਿੱਛੋਂ ਵੀ ਉਨ੍ਹਾਂ ਦੀ ਕੋਈ ਖੋਜ-ਖਬਰ ਨਹੀਂ ਲਈ ਜਾਂਦੀ ਅਤੇ ਉਨ੍ਹਾਂ ਦੀਆਂ ਫੋਟੋਆਂ ਟੀ. ਵੀ. ਜਾਂ ਹੋਰ ਮੀਡੀਆ ’ਤੇ ਪ੍ਰਸਾਰਿਤ ਕਰਨ ਦੀ ਥਾਂ ਮਾਮਲਾ ਦਬਾਉਣ ਦੀ ਕੋਸ਼ਿਸ਼ ਦੇ ਤਹਿਤ ਭੱਜਣ ਵਾਲੇ ’ਤੇ ਲਕੀਰ ਖਿੱਚ ਦਿੱਤੀ ਜਾਂਦੀ ਹੈ।

ਇਸ ਲਈ ਇਕ ਤਾਂ ਪੁਲਸ ਨੂੰ ਜੇਲ੍ਹਾਂ ’ਚ ਕੈਦੀਆਂ ਦੀ ਸੁਰੱਖਿਆ ਪ੍ਰਭਾਵੀ ਢੰਗ ਨਾਲ ਕਰਨ ਲਈ ਦੁਬਾਰਾ ਸਖਤ ਟ੍ਰੇਨਿੰਗ ਦੇਣ ਅਤੇ ਦੂਜਾ ਜੇਲ੍ਹਾਂ ਦੇ ਪ੍ਰਬੰਧਨ ਨੂੰ ਸੁਧਾਰਨ ਅਤੇ ਉਨ੍ਹਾਂ ’ਚ ਮੌਜੂਦ ਸੁਰੱਖਿਆ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਦੀ ਲੋੜ ਹੈ।

ਸਵਾਲ ਇਹ ਹੈ ਕਿ ਜੇਲ੍ਹਾਂ ਅਤੇ ਹਿਰਾਸਤ ’ਚੋਂ ਕੈਦੀਆਂ ਦੀ ਫਰਾਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਤੇ ਫਰਾਰ ਹੋਣ ਵਾਲੇ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ?

ਅਤੀਤ ’ਚ ਜੇਲ੍ਹਾਂ ’ਚੋਂ ਭੱਜਣ ਦੇ ਦੋਸ਼ੀਆਂ ਦੀਆਂ ਤਸਵੀਰਾਂ ਅਤੇ ਇਸ਼ਤਿਹਾਰ ਆਦਿ ਅਖਬਾਰਾਂ ’ਚ ਪ੍ਰਮੁੱਖਤਾ ਨਾਲ ਛਪਵਾਏ ਜਾਂਦੇ ਸਨ। ਅੱਜ ਦੇ ਡਿਜੀਟਲ ਯੁੱਗ ’ਚ ਤਾਂ ਇਹ ਸਭ ਹੋਰ ਵੀ ਸੌਖਾ ਹੈ ਪਰ ਪਤਾ ਨਹੀਂ ਕਿਉਂ ਇਸ ਰਵਾਇਤ ਨੂੰ ਤੱਜ ਦਿੱਤਾ ਗਿਆ ਹੈ। ਮੋਬਾਈਲ ਫੋਨ ’ਤੇ ਹੀ ਫੋਟੋ ਅਪਲੋਡ ਕਰ ਕੇ ਹਰ ਥਾਂ ਪਹੁੰਚਾਈ ਜਾ ਸਕਦੀ ਹੈ।

ਸਪੱਸ਼ਟ ਹੈ ਕਿ ਇਹ ਸਭ ਜੇਲ੍ਹਾਂ ’ਚ ਕੈਦੀਆਂ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਦੀ ਢਿੱਲ ਅਤੇ ਲਾਪਰਵਾਹੀ ਦਾ ਹੀ ਸਬੂਤ ਹੈ ਜੋ ਕਈ ਸਵਾਲ ਖੜ੍ਹੇ ਕਰਦਾ ਹੈ ਜਿਨ੍ਹਾਂ ਦਾ ਜਵਾਬ ਲੱਭ ਕੇ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਲੋੜ ਹੈ।

ਭਾਰਤ ’ਚ ਆਧੁਨਿਕ ਜੇਲ੍ਹਾਂ 1835 ਨੂੰ ਲਾਰਡ ਟੀ. ਬੀ. ਮੈਕਾਲੇ ਦੇ ਸ਼ਾਸਨ ’ਚ ਹੋਂਦ ’ਚ ਆਈਆਂ। ਹਾਲਾਂਕਿ ਸਮੇਂ-ਸਮੇਂ ’ਤੇ ਕੁਝ ਸਰਕਾਰਾਂ ਨੇ ਕਈ ਜੇਲ੍ਹ ਸੁਧਾਰਾਂ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰ ਸਕੀਆਂ। ਬੇਸ਼ੱਕ ਜੇਲ੍ਹ ਪ੍ਰਬੰਧਨ ਇਕ ਸੂਬਾਈ ਵਿਸ਼ਾ ਹੈ ਪਰ ਅਜੇ ਵੀ ਕੁਝ ਸੂਬਿਆਂ ਦੀਆਂ ਜੇਲ੍ਹਾਂ ’ਚ ਜ਼ਿਆਦਾਤਰ ਆਮ ਤੌਰ ’ਤੇ ਅਵਿਵਸਥਾ ਫੈਲੀ ਹੈ।

-ਵਿਜੇ ਕੁਮਾਰ


Harpreet SIngh

Content Editor

Related News