ਸਾਡੇ ਬੱਚਿਆਂ ਨੂੰ ਅਜੇ ਹੋਰ ਕਿੰਨੀਆਂ ਪ੍ਰਦੂਸ਼ਿਤ ਸਰਦੀਆਂ ਝੱਲਣੀਆਂ ਪੈਣਗੀਆਂ ?

Monday, Nov 16, 2026 - 01:25 PM (IST)

ਸਾਡੇ ਬੱਚਿਆਂ ਨੂੰ ਅਜੇ ਹੋਰ ਕਿੰਨੀਆਂ ਪ੍ਰਦੂਸ਼ਿਤ ਸਰਦੀਆਂ ਝੱਲਣੀਆਂ ਪੈਣਗੀਆਂ ?

ਇਕ ਰਾਸ਼ਟਰੀ ਰਾਜਧਾਨੀ ਬਾਰੇ ਇਹ ਗੱਲ ਬਹੁਤ ਸ਼ਰਮਨਾਕ ਹੈ, ਜਿੱਥੇ ਸਾਹ ਲੈਣਾ ਵੀ ਸਿਹਤ ਲਈ ਖਤਰਾ ਬਣ ਗਿਆ ਹੈ। ਹਰ ਸਰਦੀ ’ਚ, ਦਿੱਲੀ ਜ਼ਹਿਰੀਲੀ ਹਵਾ ਦੀ ਚਾਦਰ ਦੇ ਹੇਠਾਂ ਗਾਇਬ ਹੋ ਜਾਂਦੀ ਹੈ। ਅੱਖਾਂ ’ਚ ਜਲਨ ਪੈਦਾ ਹੁੰਦੀ ਹੈ, ਗਲੇ ’ਚ ਦਰਦ ਹੁੰਦਾ ਹੈ, ਲੋਕ ਖੰਘਦੇ ਹਨ, ਬਜ਼ੁਰਗ ਸਾਹ ਲੈਣ ਲਈ ਸੰਘਰਸ਼ ਕਰਦੇ ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਹਸਪਤਾਲਾਂ ’ਚ ਸਾਹ ਦੀ ਸ਼ਿਕਾਇਤ ਵਾਲੇ ਮਰੀਜ਼ ਆਉਂਦੇ ਹਨ, ਫਿਰ ਵੀ ਅਜਿਹਾ ਲੱਗਦਾ ਹੈ ਕਿ ਅਸੀਂ ਇਸ ਨੂੰ ਦਿੱਲੀ ’ਚ ਰਹਿਣ ਦੇ ਇਕ ਲਾਜ਼ਮੀ ਹਿੱਸੇ ਵਜੋਂ ਸਵੀਕਾਰ ਕਰ ਲਿਆ ਹੈ।

ਅਸੀਂ ਉਸ ਮੁਕਾਮ ’ਤੇ ਕਿਵੇਂ ਪਹੁੰਚ ਗਏ ਹਾਂ, ਜਿੱਥੇ ਅਸੀਂ ਜ਼ਹਿਰ ’ਚ ਸਾਹ ਲੈਣ ਨੂੰ ਆਮ ਮੰਨ ਲਿਆ ਹੈ? ਅਸੀਂ ਕਿਸੇ ਅਜਿਹੀ ਚੀਜ਼ ਪ੍ਰਤੀ ਇੰਨੇ ਉਦਾਸੀਨ ਕਿਵੇਂ ਹੋ ਗਏ ਹਾਂ, ਜੋ ਸਾਡੇ ਜੀਵਨ ਲਈ ਹੀ ਖਤਰਾ ਹੈ? ਅਸੀਂ ਧੁੰਦ (ਸਮੌਗ) ਬਾਰੇ ਸ਼ਿਕਾਇਤ ਕਰਦੇ ਹਾਂ, ਆਪਣੀਆਂ ਖਿੜਕੀਆਂ ਬੰਦ ਕਰਦੇ ਹਾਂ, ਏਅਰ ਪਿਊਰੀਫਾਇਰ ਚਾਲੂ ਕਰਦੇ ਹਾਂ ਅਤੇ ਆਪਣੇ ਜੀਵਨ ’ਚ ਅੱਗੇ ਵਧ ਜਾਂਦੇ ਹਾਂ ਪਰ ਗੁੱਸਾ ਕਿੱਥੇ ਹੈ? ਇਹ ਸਮੂਹਿਕ ਜਨਤਕ ਮੰਗ ਕਿੱਥੇ ਹੈ ਕਿ ਇਸ ਲਈ ਕਿਸੇ ਨਾ ਕਿਸੇ ਨੂੰ ਜਵਾਬ ਦੇਣਾ ਹੋਵੇਗਾ? ਹੁਣ ਸਾਨੂੰ ਆਪਣੇ ਫੇਫੜਿਆਂ ਨੂੰ ਬਰਬਾਦ ਕਰਨ ਲਈ ਸਿਗਰਟ ਪੀਣ ਦੀ ਵੀ ਲੋੜ ਨਹੀਂ ਹੈ। ਹਵਾ ਸਾਡੇ ਲਈ ਇਹ ਕੰਮ ਕਰ ਰਹੀ ਹੈ। ਇਕ ਪਲ ਲਈ ਇਸ ਬਾਰੇ ਸੋਚੋ। ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ’ਚ ਕਦੇ ਸਿਗਰਟਨੋਸ਼ੀ ਨਹੀਂ ਕੀਤੀ, ਉਹ ਹਰ ਇਕ ਦਿਨ ਜ਼ਹਿਰੀਲੇ ਪ੍ਰਦੂਸ਼ਕਾਂ ਦੇ ਸੰਪਰਕ ’ਚ ਆ ਰਹੇ ਹਨ। ਡਾਕਟਰ ਲੰਬੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਦੇ ਨਤੀਜਿਆਂ ਦੀ ਚਿਤਾਵਨੀ ਦਿੰਦੇ ਹਨ। ਸਾਹ ਦੀ ਬਿਮਾਰੀ, ਫੇਫੜਿਆਂ ਦੀ ਕਾਰਜ ਸਮਰੱਥਾ ’ਚ ਕਮੀ ਅਤੇ ਮੌਜੂਦਾ ਸਿਹਤ ਸਥਿਤੀਆਂ ਦਾ ਵਿਗੜਨਾ ਕਾਲਪਨਿਕ ਡਰ ਨਹੀਂ ਹਨ। ਇਹ ਸਾਡੇ ਠੀਕ ਸਾਹਮਣੇ ਵਾਪਰ ਰਿਹਾ ਇਕ ਜਨਤਕ ਸਿਹਤ ਸੰਕਟ ਹੈ। ਇਹ ਦੇਖਣਾ ਸ਼ਰਮਨਾਕ ਹੈ ਕਿ ਛੋਟੇ ਬੱਚੇ ਸਕੂਲ ’ਚ ਸਾਹ ਲੈਣ ਲਈ ਇਨਹੇਲਰ ਦਾ ਸਹਾਰਾ ਲੈ ਰਹੇ ਹਨ। ਉਹ ਸਿਰਦਰਦ ਅਤੇ ਛਾਤੀ ’ਚ ਜਲਨ ਦੀ ਸ਼ਿਕਾਇਤ ਕਰਦੇ ਹਨ। ਦਮਾ ਫੈਲ ਰਿਹਾ ਹੈ।

ਜਿਨ੍ਹਾਂ ਬੱਚਿਆਂ ਨੂੰ ਪਾਰਕਾਂ ’ਚ ਦੌੜਨਾ ਚਾਹੀਦਾ ਹੈ, ਬਾਹਰ ਖੇਡਣਾ ਚਾਹੀਦਾ ਹੈ, ਸਾਈਕਲ ਚਲਾਉਣੀ ਚਾਹੀਦੀ ਹੈ, ਹੱਸਣਾ ਚਾਹੀਦਾ ਹੈ ਅਤੇ ਆਪਣੇ ਬਚਪਨ ਦਾ ਆਨੰਦ ਲੈਣਾ ਚਾਹੀਦਾ ਹੈ, ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬਾਹਰ ਦੀ ਹਵਾ ਅਸੁਰੱਖਿਅਤ ਹੈ। ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦਾ ਪੂਰਾ ਜੀਵਨ ਪਿਆ ਹੈ, ਫਿਰ ਵੀ ਉਨ੍ਹਾਂ ਨੂੰ ਇਕ ਅਜਿਹੇ ਵਾਤਾਵਰਣ ’ਚ ਸਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਆਉਣ ਵਾਲੇ ਵਰ੍ਹਿਆਂ ਤੱਕ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਸਮਾਜ ਆਪਣੇ ਬੱਚਿਆਂ ਨਾਲ ਇਸ ਤੋਂ ਵੱਡਾ ਅਤੇ ਕੀ ਅਨਿਆਂ ਕਰ ਸਕਦਾ ਹੈ?

ਅਤੇ ਫਿਰ ਦੀਵਾਲੀ ਆਈ। ਜਦੋਂ ਦਿੱਲੀ ਪਹਿਲਾਂ ਹੀ ਖਤਰਨਾਕ ਪ੍ਰਦੂਸ਼ਣ ਪੱਧਰ ਨਾਲ ਜੂਝ ਰਹੀ ਸੀ, ਤਦ ਪਟਾਕਿਆਂ ਲਈ ਕਿਸੇ ਵੀ ਤਰ੍ਹਾਂ ਦੀ ਛੋਟ ਕਿਉਂ ਦਿੱਤੀ ਗਈ? ਕੋਈ ਵੀ ਲੋਕਾਂ ਨੂੰ ਦੀਵਾਲੀ ਛੱਡਣ ਜਾਂ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲਣ ਲਈ ਨਹੀਂ ਕਹਿ ਰਿਹਾ ਪਰ ਨਿਸ਼ਚਿਤ ਤੌਰ ’ਤੇ ਜਸ਼ਨ ਮਨਾਉਣ ਦਾ ਸਾਡਾ ਅਧਿਕਾਰ ਕਿਸੇ ਦੂਸਰੇ ਵਿਅਕਤੀ ਦੇ ਸਾਹ ਲੈਣ ਦੇ ਅਧਿਕਾਰ ’ਤੇ ਭਾਰੀ ਨਹੀਂ ਹੋ ਸਕਦਾ। ਰੋਸ਼ਨੀ ਦਾ ਤਿਉਹਾਰ ਮਨਾਉਣ ਦਾ ਕੀ ਫਾਇਦਾ, ਜੇਕਰ ਅਸੀਂ ਆਪਣੇ ਬੱਚਿਆਂ ਦੇ ਫੇਫੜਿਆਂ ’ਚ ਹਨੇਰਾ ਛੱਡ ਰਹੇ ਹਾਂ?

ਰਾਜਨੀਤਕ ਦੋਸ਼-ਜਵਾਬੀਦੋਸ਼ ਦੀ ਖੇਡ ਸ਼ਾਇਦ ਇਸ ਪੂਰੀ ਤ੍ਰਾਸਦੀ ਦਾ ਸਭ ਤੋਂ ਥਕਾ ਦੇਣ ਵਾਲਾ ਹਿੱਸਾ ਹੈ। ਇਕ ਸਰਕਾਰ ਦੂਸਰੀ ਨੂੰ ਦੋਸ਼ ਦਿੰਦੀ ਹੈ। ਦਿੱਲੀ ਗੁਆਂਢੀ ਰਾਜਾਂ ਵੱਲ ਇਸ਼ਾਰਾ ਕਰਦੀ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੋਸ਼ਾਂ ਦੇ ਇਸ ਜਾਣੇ-ਪਛਾਣੇ ਆਦਾਨ-ਪ੍ਰਦਾਨ ਦਾ ਹਿੱਸਾ ਬਣ ਜਾਂਦੇ ਹਨ। ਪਰਾਲੀ ਸਾੜਨ ਨੂੰ ਦੋਸ਼ ਦਿੱਤਾ ਜਾਂਦਾ ਹੈ, ਫਿਰ ਵਾਹਨਾਂ, ਨਿਰਮਾਣ ਦੀ ਧੂੜ, ਉਦਯੋਗਾਂ ਅਤੇ ਮੌਸਮ ਨੂੰ। ਹਾਂ, ਇਹ ਸਾਰੇ ਯੋਗਦਾਨ ਦੇਣ ਵਾਲੇ ਕਾਰਕ ਹਨ ਪਰ ਕੀ ਅਸੀਂ ਇਹ ਗੱਲ ਵਰ੍ਹਿਆਂ ਤੋਂ ਨਹੀਂ ਜਾਣਦੇ? ਕੀ ਹੁਣ ਵੀ ਇਸ ਗੱਲ ’ਚ ਕੋਈ ਭੇਤ ਬਚਿਆ ਹੈ ਕਿ ਸਾਡੀ ਹਵਾ ਨੂੰ ਕੀ ਪ੍ਰਦੂਸ਼ਿਤ ਕਰ ਰਿਹਾ ਹੈ?

ਬਸ ਬਹੁਤ ਹੋਇਆ! ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੋਵੇਗੀ। ਕਿਸੇ ਨੂੰ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਆਂਢੀ ਖੇਤਰਾਂ ਨੂੰ ਇਕੱਠਾ ਲਿਆਉਣਾ ਹੋਵੇਗਾ ਅਤੇ ਇਸ ਗੰਦਗੀ ਨੂੰ ਸਾਫ਼ ਕਰਨ ਦਾ ਗੰਭੀਰ ਕੰਮ ਸ਼ੁਰੂ ਕਰਨਾ ਹੋਵੇਗਾ। ਸਾਨੂੰ ਰਾਜਨੀਤਕ ਭਾਸ਼ਣਾਂ ਦੀ ਨਹੀਂ, ਸਗੋਂ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ। ਸਾਨੂੰ ਬਹਾਨਿਆਂ ਦੀ ਨਹੀਂ, ਸਮਾਂ ਹੱਦ ਦੀ ਲੋੜ ਹੈ। ਸਾਨੂੰ ਐਲਾਨਾਂ ਦੀ ਨਹੀਂ, ਸਗੋਂ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਸਾਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਆਪਣੇ ਰਾਜਨੀਤਕ ਮਤਭੇਦਾਂ ਦੀ ਪ੍ਰਵਾਹ ਕੀਤੇ ਬਿਨਾਂ ਮਿਲ ਕੇ ਕੰਮ ਕਰਨ।

ਸੱਤਾ ’ਚ ਬੈਠੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਹੋਵੇਗੀ। ਉਹ ਸਿਰਫ ਪਿਛਲੀ ਸਰਕਾਰ, ਗੁਆਂਢੀ ਰਾਜਾਂ ਜਾਂ ਖਰਾਬ ਮੌਸਮ ਨੂੰ ਦੋਸ਼ ਨਹੀਂ ਦੇ ਸਕਦੀ। ਅਤੇ ਸਾਡਾ ਕੀ? ਸਾਨੂੰ, ਭਾਵ ਨਾਗਰਿਕਾਂ ਨੂੰ ਵੀ ਮੂਕਦਰਸ਼ਕ ਬਣਨਾ ਬੰਦ ਕਰਨਾ ਹੋਵੇਗਾ। ਸਾਨੂੰ ਜਨਤਕ ਉਦਾਸੀਨਤਾ ਨੂੰ ਇਕ ਆਮ ਨਿਯਮ ਬਣਨ ਦਿੰਦੇ ਹੋਏ ਸਿਰਫ ਨਿੱਜੀ ਤੌਰ ’ਤੇ ਸ਼ਿਕਾਇਤ ਕਰਦੇ ਨਹੀਂ ਰਹਿਣਾ ਚਾਹੀਦਾ। ਸਾਨੂੰ ਪਾਰਦਰਸ਼ੀ ਪ੍ਰਦੂਸ਼ਣ ਡਾਟਾ, ਨਿਯਮਤ ਜਨਤਕ ਰਿਪੋਰਟਿੰਗ, ਉਲੰਘਣਾਵਾਂ ਲਈ ਜਵਾਬਦੇਹੀ ਅਤੇ ਸਾਲ ਭਰ ਚੱਲਣ ਵਾਲੀ ਕਾਰਜਯੋਜਨਾ ਦੀ ਮੰਗ ਕਰਨੀ ਚਾਹੀਦੀ ਹੈ। ਮੈਂ ਇਕ ਬਹੁਤ ਹੀ ਸੌਖਾ ਸਵਾਲ ਪੁੱਛਣਾ ਚਾਹੁੰਦੀ ਹਾਂ—ਇਸ ਤੋਂ ਪਹਿਲਾਂ ਕਿ ਇਹ ਦੇਸ਼ ਸਵੱਛ ਹਵਾ ਨੂੰ ਇਕ ਐਮਰਜੈਂਸੀ ਦੇ ਰੂਪ ’ਚ ਲਵੇ, ਸਾਡੇ ਬੱਚਿਆਂ ਨੂੰ ਅਜੇ ਹੋਰ ਕਿੰਨੀਆਂ ਪ੍ਰਦੂਸ਼ਿਤ ਸਰਦੀਆਂ ਝੱਲਣੀਆਂ ਪੈਣਗੀਆਂ? ਅਜੇ ਹੋਰ ਕਿੰਨੇ ਲੋਕ ਬਿਮਾਰ ਪੈਣਗੇ?

ਜਾਣਬੁੱਝ ਕੇ ਲੱਖਾਂ ਲੋਕਾਂ ਨੂੰ ਅਜਿਹੇ ਵਾਤਾਵਰਣ ’ਚ ਰਹਿਣ ਦੇਣਾ, ਜੋ ਉਨ੍ਹਾਂ ਦੀ ਸਿਹਤ ਲਈ ਖਤਰਾ ਹੈ, ਨੈਤਿਕ ਤੌਰ ’ਤੇ ਨਾ ਮੁਆਫ ਕਰਨ ਯੋਗ ਹੈ ਅਤੇ ਇਸ ਦੇ ਨਤੀਜੇ ਲਗਭਗ ਅਪਰਾਧਿਕ ਹਨ। ਜਿੱਥੇ ਵੀ ਨਿਯਮ ਤੋੜੇ ਗਏ ਹਨ, ਉੱਥੇ ਕਾਨੂੰਨੀ ਜ਼ਿੰਮੇਵਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਦੋਂ ਉਹੀ ਸੰਕਟ ਸਾਲ-ਦਰ-ਸਾਲ ਪਰਤਦਾ ਹੈ, ਤਾਂ ਲੀਡਰਸ਼ਿਪ ਦੀ ਅਸਫਲਤਾ ਨੂੰ ਪਛਾਣਨ ਲਈ ਕਿਸੇ ਜਾਂਚ ਦੀ ਲੋੜ ਨਹੀਂ ਹੋਣੀ ਚਾਹੀਦੀ।

ਅਸੀਂ ਆਪਣੇ ਬੱਚਿਆਂ ਲਈ ਇਹ ਵਿਰਾਸਤ ਨਹੀਂ ਛੱਡ ਸਕਦੇ। ਉਹ ਸਾਫ਼ ਹਵਾ, ਸੁਰੱਖਿਅਤ ਸਕੂਲਾਂ, ਖੇਡਣ ਦੇ ਖੁੱਲ੍ਹੇ ਮੈਦਾਨਾਂ ਅਤੇ ਆਪਣੀ ਸਿਹਤ ਨੂੰ ਜੋਖਮ ’ਚ ਪਾਏ ਬਿਨਾਂ ਬਾਹਰ ਕਦਮ ਰੱਖਣ ਦੀ ਸੌਖੀ ਆਜ਼ਾਦੀ ਦੇ ਹੱਕਦਾਰ ਹਨ। ਇਕ ਅਜਿਹੇ ਦੇਸ਼ ਤੋਂ, ਜੋ ਆਪਣੇ ਭਵਿੱਖ ਅਤੇ ਆਪਣੀ ਨੌਜਵਾਨ ਆਬਾਦੀ ਬਾਰੇ ਇੰਨੇ ਮਾਣ ਨਾਲ ਗੱਲ ਕਰਦਾ ਹੈ, ਇਹ ਮੰਗਣਾ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ।

-ਦੇਵੀ ਚੇਰੀਅਨ


author

Harpreet SIngh

Content Editor

Related News