ਨਨਕਾਣਾ ਸਾਹਿਬ ਤਕ ਦੇ ਨਗਰ ਕੀਰਤਨ ’ਤੇ ਸਿਆਸੀ ਪਰਛਾਵਾਂ?

07/11/2019 6:36:51 AM

ਜਸਵੰਤ ਸਿੰਘ 
ਸਫਲਤਾ-ਅਸਫਲਤਾ ’ਤੇ ਚਰਚਾ : ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਪ੍ਰਤੀ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਦੀ ਸਫਲਤਾ ਅਤੇ ਅਸਫਲਤਾ ਨੂੰ ਲੈ ਕੇ ਸ਼ੁਰੂ ਹੋਈ ਚਰਚਾ ’ਚ ਜਿਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਮਰਥਕ ਇਸ ਨਗਰ ਕੀਰਤਨ ਦੇ ਸਫਲ ਹੋਣ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਦਿਖਾਈ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਉਸ ਦੇ ਵਿਰੋਧੀ ਕੈਂਪ ਵੱਲੋਂ ਉਸ ਦੀ ਸਫਲਤਾ ’ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਾਏ ਜਾ ਰਹੇ ਹਨ। ਇਸ ਦਾ ਕਾਰਣ ਉਹ ਇਹ ਮੰਨਦੇ ਹਨ ਕਿ ਪਿਛਲੀ ਵਾਰ (ਸੰਨ 2005) ਵਿਚ ਸਰਨਾ ਭਰਾਵਾਂ ਵੱਲੋਂ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਤਾਂ ਉਸ ਸਮੇਂ ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ, ਜਿਸ ਕਾਰਣ ਨਗਰ ਕੀਰਤਨ ਦੀ ਸਫਲਤਾ ਲਈ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੇ ਸਾਰੇ ਸਾਧਨ ਮੁਹੱਈਆ ਸਨ। ਅੱਜ ਸਥਿਤੀ ਬਿਲਕੁਲ ਬਦਲੀ ਹੋਈ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਉਨ੍ਹਾਂ ਦੇ ਵਿਰੋਧੀ, ਉਸ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ, ਜਿਸ ਨੇ ਪਿਛਲੀ ਵਾਰ ਹੋਏ ਨਗਰ ਕੀਰਤਨ ਦਾ ਬਾਈਕਾਟ ਕਰਨ ਦੀ ਆਮ ਲੋਕਾਂ ਨੂੰ ਅਪੀਲ ਨਾ ਸਿਰਫ ਆਪ ਹੀ ਕੀਤੀ ਸੀ ਸਗੋਂ ਆਪਣੀ ਸੱਤਾਧਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਸ ਦਾ ਬਾਈਕਾਟ ਵੀ ਕਰਵਾਇਆ ਸੀ ਤੇ ਉਸ ਵੱਲੋਂ ਵੀ ਨਗਰ ਕੀਰਤਨ ਦਾ ਬਾਈਕਾਟ ਕਰਨ ਦੀ ਅਪੀਲ ਸੰਗਤਾਂ ਦੇ ਨਾਂ ਜਾਰੀ ਕਰਵਾਈ ਸੀ। ਅਜਿਹੀ ਸਥਿਤੀ ਕਾਰਣ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਮੁਖੀਆਂ ਵੱਲੋਂ ਨਗਰ ਕੀਰਤਨ ਦੀ ਸਫਲਤਾ ਦੇ ਰਸਤੇ ’ਚ ਆਨੇ-ਬਹਾਨੇ ਰੁਕਾਵਟਾਂ ਖੜ੍ਹੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿਣਗੀਆ। ਦੂਜੇ ਪਾਸੇ ਸਰਨਾ ਭਰਾਵਾਂ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਜਿਸ ਸਮੇਂ ਸਰਨਾ ਭਰਾਵਾਂ ਵੱਲੋਂ ਇਸ ਨਗਰ ਕੀਰਤਨ ਦੇ ਆਯੋਜਨ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਉਹ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਸਨ ਅਤੇ ਸਾਰੀ ਸਥਿਤੀ ਤੋਂ ਉਹ ਜਾਣੂ ਵੀ ਸਨ, ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਕਾਰਜਾਂ ਦੀ ਸਫਲਤਾ ਅਤੇ ਅਸਫਲਤਾ ਸਿਰਫ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਜਾਂ ਵਿਰੋਧ ’ਤੇ ਹੀ ਨਿਰਭਰ ਨਹੀਂ ਕਰਦੀ, ਸਗੋਂ ਆਮ ਲੋਕਾਂ ਦੇ ਪਿਆਰ, ਸ਼ਰਧਾ ਤੇ ਸਮਰਥਨ ’ਤੇ ਵੀ ਨਿਰਭਰ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਅਕਾਲੀ ਦਲ ਬਾਦਲ ਵੱਲੋਂ ਆਮ ਸਿੱਖਾਂ ਨੂੰ ਨਗਰ ਕੀਰਤਨ ਦਾ ਬਾਈਕਾਟ ਕੀਤੇ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਸੰਗਤਾਂ ਨੇ ਜਿਸ ਉਤਸ਼ਾਹ ਤੇ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ, ਉਹ ਸ਼ਾਨਦਾਰ ਸੀ। ਇਸ ਤਰ੍ਹਾਂ ਸੰਗਤਾਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਸਿਆਸਤ ਹਾਵੀ ਨਹੀਂ ਹੋ ਸਕਦੀ। ਅਜੇ ਵੀ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਵਿਰੋਧ ਦੇ ਬਾਵਜੂਦ ਸੰਗਤਾਂ ਵੱਲੋਂ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਤੇ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਸ਼ਾਇਦ ਇਸੇ ਵਿਸ਼ਵਾਸ ਕਾਰਣ ਸਰਨਾ ਭਰਾ ਸਹਿਯੋਗ ਲਈ ਦਿੱਲੀ, ਹਰਿਆਣਾ ਅਤੇ ਪੰਜਾਬ ਦੀਆਂ ਸਿੱਖ ਸੰਸਥਾਵਾਂ ਅਤੇ ਸੂਬਾਈ ਸਰਕਾਰਾਂ, ਸੰਗਤਾਂ ਆਦਿ ਨਾਲ ਸਿੱਧਾ ਸੰਪਰਕ ਬਣਾ ਰਹੇ ਹਨ।

ਗੰਦੀ ਰਾਜਨੀਤੀ

ਇਸੇ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਨਾਂ ਜਾਰੀ ਇਕ ਪੱਤਰ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਪ੍ਰਤੀ ਸਮਰਪਿਤ ਨਗਰ ਕੀਰਤਨ 19 ਅਕਤੂਬਰ ਤੋਂ 4 ਨਵੰਬਰ ਤਕ ਦਿੱਲੀ ਤੋਂ ਚੱਲ ਕੇ ਨਨਕਾਣਾ ਸਾਹਿਬ ਪਹੁੰਚ ਰਿਹਾ ਹੈ। ਅਜੇ ਇਸ ਗੱਲ ਦੀ ਚਰਚਾ ਸ਼ੁਰੂ ਵੀ ਨਹੀਂ ਹੋਈ ਕਿ ਸੋਸ਼ਲ ਮੀਡੀਆ ’ਤੇ ਸ. ਸਿਰਸਾ ਦਾ ਵਾਇਰਲ ਹੋਇਆ ਇਕ ਨਵਾਂ ਬਿਆਨ ਸਾਹਮਣੇ ਆ ਗਿਆ, ਜਿਸ ’ਚ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ 29 ਦੀ ਥਾਂ ’ਤੇ 28 ਅਕਤੂਬਰ ਨੂੰ ਨਗਰ ਕੀਰਤਨ ਸਜਾਏ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਕਮੇਟੀ ਵੱਲੋਂ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਆਯੋਜਿਤ ਕੀਤੇ ਜਾਣ ਦੀ ਮਨਜ਼ੂਰੀ ਲੈਣ ਲਈ ਜੋ ਚਿੱਠੀ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਦਿੱਤੀ ਗਈ ਹੈ, ਉਸ ’ਚ ਨਗਰ ਕੀਰਤਨ ਦੀ ਕਿਸੇ ਨੀਤੀ ਦਾ ਜ਼ਿਕਰ ਨਹੀਂ ਕੀਤਾ ਹੋਇਆ। ਅਜਿਹੀ ਹਾਲਤ ’ਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਸੱਚ ਕੀ ਹੈ?

ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 28 ਅਕਤੂਬਰ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਉਸ ਨਗਰ ਕੀਰਤਨ ਦੀ ਸਫਲਤਾ ’ਚ ਯੋਗਦਾਨ ਪਾਉਣ ਦੀ ਥਾਂ ’ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਵੱਲੋਂ ਹੀ ਦਿੱਲੀ ਤੋਂ ਨਨਕਾਣਾ ਸਾਹਿਬ ਨਗਰ ਕੀਰਤਨ ਦਾ ਆਯੋਜਨ ਕੀਤੇ ਜਾਣ ਦਾ ਐਲਾਨ ਕਰਨਾ ਹੈਰਾਨੀ ਪੈਦਾ ਕਰਨ ਦੇ ਨਾਲ ਹੀ ਇਹ ਸਵਾਲ ਵੀ ਉਠਾਉਂਦਾ ਹੈ ਕਿ ਕੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਸਿਆਸੀ ਵਿਰੋਧ ਦੀ ਭਾਵਨਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੀਤੇ ਜਾ ਰਹੇ ਨਗਰ ਕੀਰਤਨ ਦੀ ਸੰਭਾਵਿਤ ਸਫਲਤਾ ਤੋਂ ਪ੍ਰੇਸ਼ਾਨ ਹਨ, ਜਿਸ ਕਾਰਣ ਉਨ੍ਹਾਂ ਨੇ ਉਸ ਦੇ ਰਸਤੇ ’ਚ ਰੁਕਾਵਟਾਂ ਖੜ੍ਹੀਆਂ ਕਰ ਕੇ ਸਮੁੱਚੇ ਤੌਰ ’ਤੇ ਸਿੱਖਾਂ ਦੀ ਸਥਿਤੀ ਨੂੰ ਹਾਸੋਹੀਣਾ ਬਣਾਉਣ ਦਾ ਬੀੜਾ ਚੁੱਕ ਲਿਆ? ਜੇਕਰ ਅਜਿਹਾ ਹੈ ਤਾਂ ਕੁਝ ਵੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਮਝ ਲੈਣਾ ਪਵੇਗਾ ਕਿ ਨਗਰ ਕੀਰਤਨ ਦੇ ਆਯੋਜਨ ਦਾ ਮੁੱਦਾ ਸਿੱਖਾਂ ਅਤੇ ਹੋਰ ਗੁਰੂ ਨਾਨਕ ਨਾਮਲੇਵਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ’ਤੇ ਗੰਦੀ ਰਾਜਨੀਤੀ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਇਸ ਸਬੰਧ ’ਚ ਜਦੋਂ ਅਕਾਲੀ ਦਲ ਬਾਦਲ ਦੇ ਹੀ ਇਕ ਮੁਖੀ ਨਾਲ ਗੱਲ ਹੋਈ ਤਾਂ ਉਸ ਨੇ ਦੱਬੀ ਜ਼ੁਬਾਨ ’ਚ ਕਿਹਾ ਕਿ ਲੱਗਦਾ ਹੈ ਕਿ ਹੁਣ ਅਕਾਲੀ ਦਲ ਬਾਦਲ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ ਰਹਿ ਗਈ। ਉਸ ਦੀਆਂ ਜੜ੍ਹਾਂ ’ਚ ਤੇਲ ਦੇਣ ਦੀ ਜ਼ਿੰਮੇਵਾਰੀ ਉਸ ਦੇ ਆਪਣਿਆਂ ਨੇ ਹੀ ਸੰਭਾਲ ਲਈ ਹੈ।

ਨੇਕ ਸਲਾਹ

ਸਿੱਖ ਚਿੰਤਕ ਅਨੁਰਾਗ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਪ੍ਰਤੀ ਸਮਰਪਿਤ, ਜੋ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਇਤਿਹਾਸਿਕਤਾ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਕ ਨਗਰ ਕੀਰਤਨ ਦਿੱਲੀ ਤੋਂ ਹਰਿਦੁਆਰ ਗੁਰਦੁਆਰਾ ਗਿਆਨ ਗੋਦੜੀ ਲਈ ਅਤੇ ਦੂਸਰਾ ਦਿੱਲੀ ਤੋਂ ਸਿੱਕਮ ਦੇ ਗੁਰਦੁਆਰਾ ਡਾਂਗਮਾਰ ਅਤੇ ਗੁਰੂ ਨਾਨਕ ਲਾਮਾ ਚੁੰਗਬਾਂਗ ਲਈ ਆਯੋਜਿਤ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਹੈ। ਉਨ੍ਹਾਂ ਦੇ ਅਨੁਸਾਰ ਇਨ੍ਹਾਂ ਸਥਾਨਾਂ ਤਕ ਨਗਰ ਕੀਰਤਨਾਂ ਦਾ ਆਯੋਜਨ ਕਰਨ ਨਾਲ ਆਮ ਸਿੱਖਾਂ ਦੇ ਨਾਲ ਗੈਰ-ਸਿੱਖਾਂ ਨੂੰ ਵੀ ਇਨ੍ਹਾਂ ਥਾਵਾਂ ਨਾਲ ਸਬੰਧਤ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਹੋਵੇਗੀ।

...ਅਤੇ ਅਾਖਿਰ ’ਚ

ਇਕ ਸਿੱਖ ਇਤਿਹਾਸਕਾਰ ਨੇ ਸੱਤਾ ’ਚ ਆਉਣ ’ਤੇ ਮਨੁੱਖ ਦੀ ਦਸ਼ਾ ਕੀ ਹੁੰਦੀ ਹੈ, ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਕੋਈ ਵਿਅਕਤੀ ਸਮਾਜ ’ਚ ਵਿਸ਼ੇਸ਼ ਸਥਾਨ ਦਾ ਅਹੁਦਾ ਹਾਸਲ ਕਰ ਜਾਂਦਾ ਹੈ ਅਤੇ ਉਸ ਕਾਰਣ ਉਹ ਵਿਸ਼ੇਸ਼ ਅਧਿਕਾਰਾਂ ਅਤੇ ਸੁੱਖ- ਸਹੂਲਤਾਂ ਦਾ ਅਨੰਦ ਉਠਾਉਣ ਲੱਗਦਾ ਹੈ ਤਾਂ ਉਸ ਅੰਦਰ ਹੌਲੀ-ਹੌਲੀ ਕੌਮੀ ਭਾਈਚਾਰੇ ਦੀ ਭਾਵਨਾ ਦਮ ਤੋੜਨ ਲੱਗਦੀ ਹੈ। ਸੱਤਾ ਦੀ ਲਾਲਸਾ ਨੇ ਸਿੱਖਾਂ ਨੂੰ ਕਿੱਥੇ ਪਹੁੰਚਾ ਦਿੱਤਾ? ਇਸ ਸਬੰਧ ’ਚ ਉਨ੍ਹਾਂ ਦਾ ਕਹਿਣਾ ਹੈ ਕਿ ‘‘ਖਾਲਸੇ ਅੰਦਰਲੀ ਆਪਸੀ ਪਿਆਰ ਅਤੇ ਸਹਿਯੋਗ ਕਰਨ ਦੀ ਭਾਵਨਾ ਕਮਜ਼ੋਰ ਪੈ ਗਈ ਹੈ ਅਤੇ ਇਸ ਦੀ ਥਾਂ ਆਪਸੀ ਵਿਰੋਧਾਂ, ਸ਼ੰਕਿਆਂ ਅਤੇ ਸਾੜੇ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿੱਜਵਾਦ ਅਤੇ ਹੰਕਾਰ ਨੇ ਨਿਗਲ ਲਈ।’’ ਸ਼ਾਇਦ ਇਹੀ ਕਾਰਣ ਹੈ ਕਿ ਬੀਤੇ ਲੰਬੇ ਸੰਮੇਂ ਤੋਂ ਸਿੱਖ ਜਗਤ ’ਚ ਇਹ ਗੱਲ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇਕਰ ਸਿੱਖ ਧਰਮ ਦੀ ਆਜ਼ਾਦ ਹੋਂਦ ਅਤੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਬਚਾਈ ਰੱਖਣਾ ਹੈ ਤਾਂ ਧਰਮ ਅਤੇ ਰਾਜਨੀਤੀ ਨੂੰ ਇਕ-ਦੂਜੇ ਨਾਲੋਂ ਜੁਦਾ ਕਰਨਾ ਹੀ ਪਵੇਗਾ।


Bharat Thapa

Content Editor

Related News