ਯੂ. ਪੀ. ’ਚ ਮਹਿਲਾਵਾਂ ਨੂੰ ਰੁਝਾਉਣ ’ਚ ਜੁਟੇ ਸਿਆਸੀ ਦਲ
Saturday, Aug 29, 2026 - 06:05 PM (IST)
2027 ’ਚ ਪ੍ਰਸਤਾਵਿਤ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਪਾ, ਭਾਜਪਾ ਅਤੇ ਕਾਂਗਰਸ ਮਹਿਲਾ ਵੋਟਰਾਂ ਤੱਕ ਪਹੁੰਚਣ ਲਈ ਗੰਭੀਰ ਯਤਨ ਕਰ ਰਹੀਆਂ ਹਨ। ਬੁੱਧਵਾਰ ਨੂੰ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਪਾ ਨੇ ਸੱਤਾ ’ਚ ਆਉਣ ’ਤੇ ‘ਇਸਤਰੀ ਸਨਮਾਨ ਸਮ੍ਰਿਧੀ ਯੋਜਨਾ’ ਤਹਿਤ ਸਾਲਾਨਾ 40,000 ਰੁਪਏ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਲੜਕੀਆਂ ਲਈ ਲੈਪਟਾਪ ਅਤੇ ਔਰਤਾਂ ਲਈ ਇਕ ਵੱਖਰੀ ਐਂਬੂਲੈਂਸ ਸੇਵਾ ਦਾ ਵੀ ਵਾਅਦਾ ਕੀਤਾ।
ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ‘ਲੋਕਮਾਤਾ ਅਹਿੱਲਿਆਬਾਈ ਮਾਤ੍ਰਸ਼ਕਤੀ ਯਾਤਰਾ’ ਤਹਿਤ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਹੋਣਹਾਰ ਗ੍ਰੈਜੂਏਟ ਲੜਕੀਆਂ ਲਈ ‘ਰਾਣੀ ਲਕਸ਼ਮੀ ਬਾਈ ਸਕੂਟੀ ਯੋਜਨਾ’ ਦੇ ਅਮਲ ਨੂੰ ਦੁਹਰਾਇਆ। ਭਾਜਪਾ ਇਕ ਵੱਖਰਾ ਨਜ਼ਰੀਆ ਅਪਣਾ ਰਹੀ ਹੈ। ਉਸ ਦਾ ਯਤਨ ਸਰਕਾਰ ਵੱਲੋਂ ਪਹਿਲਾਂ ਤੋਂ ਦਿੱਤੀਆਂ ਗਈਆਂ ਭਲਾਈ ਯੋਜਨਾਵਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਬਣੇ ਭਰੋਸੇ ’ਤੇ ਆਧਾਰਿਤ ਹੈ।
ਪਾਰਟੀ ਦਾਅ ਲਗਾ ਰਹੀ ਹੈ ਕਿ ਜਿਨ੍ਹਾਂ ਔਰਤਾਂ ਨੂੰ ਪਹਿਲਾਂ ਹੀ ਲਾਭ ਮਿਲ ਚੁੱਕਾ ਹੈ, ਉਹ ਫਿਰ ਤੋਂ ਉਸਦਾ ਸਮਰਥਨ ਕਰਨ ਦੀ ਵੱਧ ਸੰਭਾਵਨਾ ਰੱਖਣਗੀਆਂ। ਯੋਗੀ ਦਾ ਸਭ ਤੋਂ ਵੱਡਾ ਸੇਲਿੰਗ ਪੁਆਇੰਟ ਸੜਕਾਂ ’ਤੇ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਾਨੂੰਨ ਅਤੇ ਵਿਵਸਥਾ ਨੂੰ ਸੰਭਾਲਣਾ ਹੈ। ਸਮ੍ਰਿਤੀ ਇਰਾਨੀ ਦੀ ਰਾਸ਼ਟਰੀ ਜਨਰਲ ਸਕੱਤਰ ਵਜੋਂ ਵਾਪਸੀ ਨੂੰ ਵੀ ਉੱਤਰ ਪ੍ਰਦੇਸ਼ ’ਚ ਮਹਿਲਾ ਵੋਟਰਾਂ ਨਾਲ ਭਾਜਪਾ ਦੇ ਭਾਸ਼ਣ ਕੌਸ਼ਲ ਅਤੇ ਜ਼ਮੀਨੀ ਜੁੜਾਅ ਨੂੰ ਮਜ਼ਬੂਤ ਕਰਨ ਦੇ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ, ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵੱਧ ਤੋਂ ਵੱਧ ਔਰਤ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੀ ਕੋਸ਼ਿਸ਼ ਕਰੇਗੀ। ਇਸ ਵਿਚਾਲੇ, ਭਾਜਪਾ ਲਈ 2022 ’ਚ ਔਰਤਾਂ ਦੇ ਵਿਚਾਲੇ ਬਣਾਈ ਗਈ ਬੜ੍ਹਤ ਨੂੰ ਬਣਾਈ ਰੱਖਣਾ ਯੋਗੀ ਦੇ ਰਿਕਾਰਡ ਦਾ ਬਚਾਅ ਕਰਨ ਲਈ ਮਹੱਤਵਪੂਰਨ ਹੈ। ਸਪਾ ਲਈ, ਇਕ ਦਹਾਕੇ ਤੱਕ ਵਿਰੋਧ ਪੱਖ ’ਚ ਰਹਿਣ ਤੋਂ ਬਾਅਦ ਸੱਤਾ ’ਚ ਪਰਤਣ ਦੇ ਆਪਣੇ ਯਤਨ ਲਈ ਇਨ੍ਹਾਂ ਵੋਟਰਾਂ ਦੇ ਵਿਚਾਲੇ ਸੰਨ੍ਹ ਲਗਾਉਣਾ ਜ਼ਰੂਰੀ ਹੈ।
ਖੜਗੇ ਨੇ ਕੀਤੀ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਰਕਾਰ ਦੇ ਪ੍ਰਸਤਾਵਿਤ ਹੱਦਬੰਦੀ ਅਭਿਆਸ ’ਤੇ ਚਰਚਾ ਲਈ ਇਕ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਅਤੇ ਲੋਕ ਸਭਾ ਦੀ ਮੌਜੂਦਾ 543 ਸੀਟਾਂ ਦੀ ਗਿਣਤੀ ਨੂੰ ਅਗਲੇ 25 ਸਾਲਾਂ ਤੱਕ ਬਣਾਈ ਰੱਖਣ ਦੀ ਮੰਗ ਕੀਤੀ। ਪਾਰਟੀ 2029 ਦੀਆਂ ਲੋਕ ਸਭਾ ਚੋਣਾਂ ’ਚ 33 ਫੀਸਦੀ ਮਹਿਲਾ ਰਾਖਵਾਂਕਰਨ ਲਾਗੂ ਕੀਤੇ ਜਾਣ ਦੀ ਵੀ ਉਮੀਦ ਕਰ ਰਹੀ ਹੈ। ਇਸ ਮੁੱਦੇ ’ਤੇ 45 ਦਿਨਾਂ ਤੋਂ ਘੱਟ ਸਮੇਂ ’ਚ ਖੜਗੇ ਦਾ ਇਹ ਦੂਜਾ ਪੱਤਰ ਉਦੋਂ ਆਇਆ ਜਦੋਂ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਇਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ ਹੈ, ਜਿਸ ਨਾਲ ਕਾਂਗਰਸ ਪ੍ਰਧਾਨ ਨੂੰ ਹੈਰਾਨੀ ਹੋਈ ਕਿ ਕੀ ਇਹ ਮਾਨਸੂਨ ਸੈਸ਼ਨ ਦੀ ਸਮਾਪਤੀ ’ਚ ਹੋ ਰਹੀ ਲਗਾਤਾਰ ਦੇਰੀ ਦਾ ਕਾਰਨ ਸੀ। ਮਾਰਚ-ਅਪ੍ਰੈਲ ’ਚ ਪੱਤਰਾਂ ਦੀ ਇਕ ਲੜੀ ਤੋਂ ਬਾਅਦ, ਖੜਗੇ ਨੇ 16 ਜੁਲਾਈ ਨੂੰ ਮੋਦੀ ਦੇ ਸਾਹਮਣੇ ਇਸ ਮੰਗ ਨੂੰ ਦੁਹਰਾਇਆ ਸੀ।
ਉਮਰ ’ਤੇ ਮੰਤਰੀ ਮੰਡਲ ਦੇ ਵਿਸਥਾਰ ਦਾ ਦਬਾਅ : ਸੱਤਾਧਾਰੀ ਨੈਸ਼ਨਲ ਕਾਨਫਰੰਸ (ਐੱਨ. ਸੀ.) ਮੰਤਰੀ ਮੰਡਲ ਦੇ ਪ੍ਰਸਤਾਵਿਤ ਵਿਸਥਾਰ ਤੋਂ ਪਹਿਲਾਂ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਜੰਮੂ-ਕਸ਼ਮੀਰ ਸਰਕਾਰ ’ਚ ਸ਼ਾਮਲ ਹੋਣ ਲਈ ਕਾਂਗਰਸ ਕੋਲ ਇਕ ਨਵੇਂ ਪ੍ਰਸਤਾਵ ਨਾਲ ਪਹੁੰਚੀ ਹੈ ਪਰ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇ. ਕੇ. ਪੀ. ਸੀ. ਸੀ.) ਦੇ ਪ੍ਰਧਾਨ ਤਾਰਿਕ ਹਮੀਦ ਕਰਰਾ ਨੇ ਰਾਜ ਦਾ ਦਰਜਾ ਬਹਾਲ ਹੋਣ ਤੱਕ ਉਮਰ ਅਬਦੁੱਲਾ ਦੇ ਮੰਤਰੀ ਪ੍ਰੀਸ਼ਦ ’ਚ ਸ਼ਾਮਲ ਹੋਣ ਤੋਂ ਸਪੱਸ਼ਟ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਕਾਂਗਰਸ ਐੱਨ. ਸੀ. ਸਰਕਾਰ ਦਾ ਸਮਰਥਨ ਕਰਦੀ ਹੈ ਪਰ ਮੰਤਰੀ ਮੰਡਲ ਦਾ ਹਿੱਸਾ ਨਹੀਂ ਹੈ।
ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦੇ ਨਾਤੇ, ਜੰਮੂ ਅਤੇ ਕਸ਼ਮੀਰ ’ਚ ਆਪਣੇ ਮੰਤਰੀ ਮੰਡਲ ਦੇ ਆਕਾਰ ’ਤੇ ਇਕ ਵਿਧਾਨਕ ਸੀਮਾ ਹੈ। ਹਾਲਾਂਕਿ, ਮੰਤਰੀ ਪ੍ਰੀਸ਼ਦ ’ਚ ਮੁੱਖ ਮੰਤਰੀ ਸਮੇਤ 9 ਦੀ ਸਵੀਕ੍ਰਿਤ ਸਮਰੱਥਾ ਦੇ ਮੁਕਾਬਲੇ ਹੁਣ 6 ਮੰਤਰੀ ਸ਼ਾਮਲ ਹਨ। ਉਮਰ ਨੂੰ ਆਪਣੇ ਮੰਤਰੀ ਪ੍ਰੀਸ਼ਦ ਦੀ ਗਿਣਤੀ ਵਧਾਉਣ ਲਈ ਆਪਣੀ ਹੀ ਪਾਰਟੀ ਦੇ ਅੰਦਰੋਂ ਬਹੁਤ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖੜਗੇ ਦੇ ਰੈਲੀ ਸਥਾਨ ਦੇ ਸ਼ੁੱਧੀਕਰਨ ਦਾ ਮਾਮਲਾ : ਕੇਂਦਰੀ ਮੰਤਰੀ ਅਤੇ ਸਾਬਕਾ ਭਾਜਪਾ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਉੱਤਰਾਖੰਡ ਦੇ ਹਲਦਵਾਨੀ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਦੇ ਸਥਾਨ ਦੇ ਸ਼ੁੱਧੀਕਰਨ ਦੀ ਨਿੰਦਾ ਕਰਨ ਤੋਂ ਬਾਅਦ, ਉੱਤਰਾਖੰਡ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮਹਿੰਦਰ ਭੱਟ ਨੇ ਹਲਦਵਾਨੀ ਦੇ ਰਾਮਲੀਲਾ ਮੈਦਾਨ ਦੇ ਸ਼ੁੱਧੀਕਰਨ ਨੂੰ ਸਹੀ ਠਹਿਰਾਇਆ ਅਤੇ ਕਿਹਾ ਕਿ ਇਹ ਸਥਾਨ ਨਾਅਰਿਆਂ ਨਾਲ ਦੂਸ਼ਿਤ ਹੋ ਗਿਆ ਸੀ, ਜਦੋਂ ਕਿ ਕਾਂਗਰਸ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਪ੍ਰਧਾਨ ਪਵਨ ਖੇੜਾ ਨੇ ਕਿਹਾ ਕਿ ਨੱਡਾ ਨੇ ਭਾਵੇਂ ਹੀ ਇਸ ਘਟਨਾ ਨੂੰ ਬਦਕਿਸਮਤੀ ਦੱਸਿਆ ਹੋਵੇ ਪਰ ਸੱਚਾਈ ਇਹ ਹੈ ਕਿ ਆਰ. ਐੱਸ. ਐੱਸ.-ਭਾਜਪਾ ਦੀਆਂ ਰਗਾਂ ’ਚ ਭੇਦਭਾਵ ਖ਼ੂਨ ਵਾਂਗ ਵਹਿੰਦਾ ਹੈ। ਖੇੜਾ ਨੇ ਕਿਹਾ, ‘‘ਹੁਣ ਜਦੋਂ ਇਸ ਦੇ ਆਪਣੇ ਪ੍ਰਦੇਸ਼ ਪ੍ਰਧਾਨ ਨੇ ਖੁੱਲ੍ਹੇ ਤੌਰ ’ਤੇ ਛੂਤ-ਛਾਤ ਦਾ ਬਚਾਅ ਕੀਤਾ ਹੈ, ਤਾਂ ਕੀ ਪਾਰਟੀ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰੇਗੀ? ਕੀ ਮੋਦੀ ਉਨ੍ਹਾਂ ਨੂੰ ਹਟਾਉਣਗੇ? ਜੇ ਨਹੀਂ, ਤਾਂ ਮੋਦੀ ਦੀ ਏਕਤਾ ਅਤੇ ਦਲਿਤਾਂ ਦੇ ਸਨਮਾਨ ਦੀਆਂ ਅਪੀਲਾਂ ਇਕ ਸਿਆਸੀ ਨਾਟਕ ਤੋਂ ਇਲਾਵਾ ਕੁਝ ਨਹੀਂ ਹਨ।’’ ਹਾਲਾਂਕਿ, ਖੜਗੇ ਨੇ ਰਾਜ ਸਭਾ ’ਚ ਇਸ ਮਾਮਲੇ ਨੂੰ ਉਠਾਇਆ ਸੀ ਅਤੇ ਮੰਗ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਰੈਲੀ ਦੇ ਬਾਅਦ ਹਲਦਵਾਨੀ ਦੇ ਰਾਮਲੀਲਾ ਮੈਦਾਨ ਦਾ ‘ਸ਼ੁੱਧੀਕਰਨ’ ਕੀਤਾ ਸੀ, ਉਨ੍ਹਾਂ ਉੱਤੇ ਛੂਤ-ਛਾਤ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਵਿਚਾਲੇ, ਰਾਜ ਸਭਾ ’ਚ ਸਦਨ ਦੇ ਨੇਤਾ ਨੱਡਾ ਨੇ ਭਾਜਪਾ ਨੂੰ ਇਸ ਸਮਾਰੋਹ ਤੋਂ ਵੱਖ ਕਰ ਲਿਆ ਸੀ ਅਤੇ ਕਿਹਾ ਸੀ ਕਿ ਪਾਰਟੀ ਅਜਿਹੀਆਂ ਸਰਗਰਮੀਆਂ ਦਾ ਸਮਰਥਨ ਨਹੀਂ ਕਰਦੀ।
-ਰਾਹਿਲ ਨੋਰਾ ਚੋਪੜਾ
