ਘਟੀਆ ਅਤੇ ਨਕਲੀ ਦਵਾਈਆਂ ਦੇ ਧੰਦੇਬਾਜ਼ ਕਰ ਰਹੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ
Friday, Sep 27, 2024 - 03:45 AM (IST)
ਭਾਰਤ ’ਚ ਨਕਲੀ ਦਵਾਈਆਂ ਦਾ ਧੰਦਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਜਿਸ ਨਾਲ ਰੋਗੀਆਂ ਦੀ ਜਾਨ ਖਤਰੇ ’ਚ ਪੈ ਰਹੀ ਹੈ। ਇਥੋਂ ਤਕ ਕਿ ਬਿਨਾਂ ਮਨਜ਼ੂਰੀ ਦੇ ਬਾਜ਼ਾਰ ’ਚ ਕੈਂਸਰ ਅਤੇ ਜਿਗਰ ਵਰਗੇ ਰੋਗਾਂ ਦੀਆਂ ਨਕਲੀਆਂ ਦਵਾਈਆਂ ਵੀ ਲਿਆਈਆਂ ਜਾ ਰਹੀਆਂ ਹਨ।
ਇਕ ਅੰਦਾਜ਼ੇ ਅਨੁਸਾਰ ਸਿਰਫ ਕੈਂਸਰ ਦੀਆਂ ਦਵਾਈਆਂ ਦੀ ਹੀ ‘ਗ੍ਰੇ ਮਾਰਕੀਟ’ (ਨਕਲੀ ਦਵਾਈਆਂ ਦਾ ਬਾਜ਼ਾਰ) ਹਰ ਸਾਲ ਲਗਭਗ 300 ਕਰੋੜ ਰੁਪਏ ਤਕ ਪਹੁੰਚ ਚੁੱਕੀ ਹੈ। ਕੈਂਸਰ ਅਤੇ ਜਿਗਰ ਵਰਗੇ ਰੋਗਾਂ ਦੀਆਂ ਦਵਾਈਆਂ ਹੀ ਨਹੀਂ, ਹੋਰ ਰੋਗਾਂ ਦੀਆਂ ਕਈ ਦਵਾਈਆਂ ਦੀ ਗੁਣਵੱਤਾ ’ਚ ਵੀ ਕਮੀ ਪਾਈ ਜਾ ਰਹੀ ਹੈ।
ਦੇਸ਼ ਦੀ ਸਭ ਤੋਂ ਵੱਡੀ ਡਰੱਗ ਰੈਗੂਲੇਟਰੀ ਬਾਡੀ ‘ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ’ (ਸੀ. ਡੀ. ਐੱਸ. ਸੀ. ਓ.) ਦੇ ਤਾਜ਼ਾ ਮਾਸਿਕ ਡਰੱਗ ਅਲਰਟ ਦੇ ਅਨੁਸਾਰ ਇਸ ਦੀ ਕੇਂਦਰੀ ਪ੍ਰਯੋਗਸ਼ਾਲਾ ’ਚ ਹਿਮਾਚਲ ’ਚ ਬਣੀਆਂ ਦਵਾਈਆਂ ਦੇ ਜਾਂਚੇ ਗਏ 19 ਸੈਂਪਲ ਫੇਲ ਪਾਏ ਗਏ ਹਨ।
ਉਕਤ ਦਵਾਈਆਂ ਸਮੇਤ ਦੇਸ਼ ਭਰ ਤੋਂ ਦਵਾਈਆਂ ਦੇ 50 ਤੋਂ ਵੱਧ ਸੈਂਪਲ ਫੇਲ ਹੋਏ ਹਨ। ਇਨ੍ਹਾਂ ’ਚ ਪੈਰਾਸਿਟਾਮੋਲ ਸਮੇਤ ਕੈਲਸ਼ੀਅਮ ਅਤੇ ਵਿਟਾਮਿਨ ਡੀ 3 ਸਪਲੀਮੈਂਟਸ, ਸ਼ੂਗਰ, ਐਂਟੀਬਾਇਓਟਿਕਸ, ਹਾਰਟ, ਦਰਦ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸ਼ਾਮਲ ਹਨ।
ਪੇਟ ਦੇ ਇਨਫੈਕਸ਼ਨ ਲਈ ਦਿੱਤੀ ਜਾਣ ਵਾਲੀ ਦਵਾਈ ‘ਮੈਟ੍ਰੋਨਿਡਾਜ਼ੋਲ’, ‘ਸ਼ੇਲਕਾਲ ਟੈਬਲੇਟਸ’ ਅਤੇ ਬਲੱਡ ਪ੍ਰੈਸ਼ਰ ਦੀ ਦਵਾਈ ‘ਟੈਲੀਮਸਰਟਨ’ ਵੀ ਪ੍ਰੀਖਣ ’ਚ ਫੇਲ ਰਹੀਆਂ।
ਇਕ ਹੋਰ ਐਂਟੀਬਾਇਓਟਿਕ ‘ਕਲੈਵਮ 625’ ਅਤੇ ਗੈਸ ਦੀ ਦਵਾਈ ‘ਪੈਨ ਡੀ’ ਵੀ ਮਿਲਾਵਟੀ ਮਿਲੀਆਂ ਹਨ। ਬੱਚਿਆਂ ਨੂੰ ਗੰਭੀਰ ਜੀਵਾਣੂ ਇਨਫੈਕਸ਼ਨ ’ਚ ਦਿੱਤੀ ਜਾਣ ਵਾਲੀ ‘ਸੈਪੋਡੇਮ ਐਕਸਪੀ 50 ਡ੍ਰਾਈ ਸਸਪੈਂਸ਼ਨ’ ਵੀ ਘਟੀਆ ਪਾਈ ਗਈ ਹੈ। ਇਸ ਨੂੰ ਦੇਖਦੇ ਹੋਏ ਸੀ. ਡੀ. ਐੱਸ. ਸੀ. ਓ. ਨੇ ‘ਨਾਟ ਆਫ ਸਟੈਂਡਰਡ ਕੁਆਲਿਟੀ’ (ਐੱਨ. ਐੱਸ. ਕਿਊ.) ਦਾ ਅਲਰਟ ਜਾਰੀ ਕੀਤਾ ਹੈ।
ਵਰਨਣਯੋਗ ਹੈ ਕਿ ਕੇਂਦਰ ਸਰਕਾਰ ਨੇ ਇਸੇ ਸਾਲ ਅਗਸਤ ’ਚ ਆਮ ਤੌਰ ’ਤੇ ਬੁਖਾਰ ਅਤੇ ਸਰਦੀ ਤੋਂ ਇਲਾਵਾ ਪੇਨ ਕਿਲਰ, ਮਲਟੀ ਵਿਟਾਮਿਨ ਅਤੇ ਐਂਟੀਬਾਇਓਟਿਕਸ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ 156 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ’ਤੇ ਪਾਬੰਦੀ ਲਾ ਦਿੱਤੀ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਸਿਹਤ ਨੂੰ ਖਤਰਾ ਹੋਣ ਦਾ ਖਦਸ਼ਾ ਹੈ।
ਇਸ ਦਰਮਿਆਨ 24 ਸਤੰਬਰ ਨੂੰ ਨਾਗਪੁਰ ਗ੍ਰਾਮੀਣ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉੱਤਰਾਖੰਡ, ਝਾਰਖੰਡ ਅਤੇ ਹਰਿਆਣਾ ’ਚ ਨਕਲੀ ਦਵਾਈਆਂ ਦੀ ਵੰਡ ’ਚ ਸ਼ਾਮਲ ਇਕ ਅੰਤਰਰਾਜੀ ਗਿਰੋਹ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ।
ਪੁਲਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਨੇ ‘ਲੈਬ ਐਵਰਟਚ’, ‘ਬਾਇਓ ਰੈਮੇਡੀਜ਼’ ਅਤੇ ‘ਜਿਨਕਸ ਫਾਰਮਾਕਾਨ ਐੱਲ. ਐੱਲ. ਪੀ.’ ਵਰਗੀਆਂ ਗੈਰ ਮੌਜੂਦ ਫਰਮਾਂ ਦੇ ਬ੍ਰਾਂਡ ਨਾਵਾਂ ਦੇ ਤਹਿਤ ਨਕਲੀ ‘ਸਿਪ੍ਰੋਫਲੋਕਸਾਸਿਨ’, ‘ਲੇਵੋਫਲੋਕਸਾਸਿਨ’, ‘ਐਮੋਕਿਸਸਿਲਿਨ’, ‘ਸੇਫਿਕਿਸਮ’ ਅਤੇ ‘ਏਜਿਥ੍ਰੋਮਾਈਸਿਨ ਵਰਗੀਆਂ ਵਿਆਪਕ ਤੌਰ ’ਤੇ ਨਿਰਧਾਰਿਤ ਦਵਾਈਆਂ ਬਾਜ਼ਾਰ ’ਚ ਸਪਲਾਈ ਕੀਤੀਆਂ।
ਇਕ ਗ੍ਰਿਫਤਾਰ ਦੋਸ਼ੀ ਵਿਜੇ ਸ਼ੈਲੇਂਦਰ ਚੌਧਰੀ ਦੀ ਕੰਪਨੀ ‘ਕੈਬਿਸ ਜੈਨੇਰਿਕ ਹਾਊਸ’ ਰਾਹੀਂ ਕੰਮ ਕਰਨ ਵਾਲਾ ਇਹ ਗਿਰੋਹ ਫਰਜ਼ੀ ਜਾਂ ਬੰਦ ਕੰਪਨੀਆਂ ਨਾਲ ਸੰਬੰਧਤ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਅਜੇ ਤਕ ਲੋਕਾਂ ਨੂੰ 15 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਨਕਲੀ ਦਵਾਈਆਂ ਦੀ ਸਪਲਾਈ ਕਰ ਚੁੱਕਾ ਹੈ।
ਨਕਲੀ ਦਵਾਈਆਂ ਦੀ ਬੁਰਾਈ ’ਤੇ ਰੋਕ ਲਾਉਣ ਦੇ ਯਤਨਾਂ ਦੇ ਬਾਵਜੂਦ ਇਹ ਬੁਰਾਈ ਵਧਦੀ ਹੀ ਜਾ ਰਹੀ ਹੈ। ਇਸ ਲਈ ਇਸ ਜੁਰਮ ’ਚ ਸ਼ਾਮਲ ਪਾਏ ਜਾਣ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗੇ ਅਤੇ ਦਵਾਈ ਦੇ ਧੋਖੇ ’ਚ ਲੋਕ ਮੌਤ ਦੇ ਮੂੰਹ ’ਚ ਜਾਣ ਤੋਂ ਬਚ ਸਕਣ।
ਹਾਲਾਂਕਿ ਇਸ ਸੰਬੰਧ ’ਚ ਸੰਬੰਧਤ ਕੰਪਨੀਆਂ ਦਾ ਕਹਿਣਾ ਹੈ ਕਿ ਸ਼ੱਕੀ ਪਾਏ ਗਏ ਬੈਚ ਦੇ ਉਤਪਾਦ ਉਨ੍ਹਾਂ ਵਲੋਂ ਤਿਆਰ ਨਹੀਂ ਕੀਤੇ ਗਏ ਹਨ ਅਤੇ ਉਹ ਨਕਲੀ ਦਵਾਈਆਂ ਹਨ। ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਜਾਂਚ ਜਾਰੀ ਹੈ।
ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਡਾਕਟਰ ਦੀ ਸਲਾਹ ਬਿਨਾਂ ਲਈ ਜਾਣ ਵਾਲੀ ਕੋਈ ਵੀ ਦਵਾਈ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਇਸ ਲਈ ਇਸ ਸੰਬੰਧ ’ਚ ਪੂਰਨ ਸਾਵਧਾਨੀ ਵਰਤਦਿਆਂ ਆਪਣੀ ਤਸੱਲੀ ਪਿੱਛੋਂ ਹੀ ਕਿਸੇ ਵੀ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ