‘ਢੋਂਗੀ ਬਾਬਿਆਂ’ ਵਲੋਂ ‘ਔਰਤਾਂ ਦਾ ਸੈਕਸ ਸ਼ੋਸ਼ਣ’ ਜਾਰੀ

05/26/2024 3:41:16 AM

ਸੰਤ-ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ, ਪਰ ਕੁਝ ਆਪੇ ਬਣੇ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਵਤੀਰਾ ਕਰ ਕੇ ਅਸਲੀ ਸੰਤ-ਮਹਾਤਮਾ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।

ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ, ਲਿੰਗਾਇਤ ਸਾਧੂ ‘ਸ਼ਿਵਮੂਰਤੀ ਮੁਰੂਘਾ ਸ਼ਰਨਾਰੂ’ ਅਤੇ ਜਲੇਬੀ ਬਾਬਾ ਆਦਿ ਨੂੰ ਔਰਤਾਂ ਅਤੇ ਬੱਚੀਆਂ ਦੇ ਸੈਕਸ ਸ਼ੋਸ਼ਣ ਆਦਿ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦ ਕਿ ਅਜਿਹੇ ਬਾਬਿਆਂ ਵਿਰੁੱਧ ਸ਼ਿਕਾਇਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਨ੍ਹਾਂ ’ਚੋਂ ਇਸੇ ਸਾਲ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 12 ਮਾਰਚ, 2024 ਨੂੰ ਪੁਲਸ ਨੇ ਬੈਂਗਲੁਰੂ ’ਚ ਇਕ 50 ਸਾਲਾ ਔਰਤ ਨੂੰ ਵਿਆਹ ਅਤੇ ਆਰਥਿਕ ਲਾਭ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਗਿਰਜਾਘਰ ਦੇ ਪਾਦਰੀ ਰਾਜਸ਼ੇਖਰ (58) ਵਿਰੁੱਧ ਕੇਸ ਦਰਜ ਕੀਤਾ।

ਔਰਤ ਦਾ ਦੋਸ਼ ਹੈ ਕਿ ਚਰਚ ’ਚ ਆਉਣ ਦੇ ਪਹਿਲੇ ਦਿਨ ਤੋਂ ਹੀ ਇਹ ਪਾਦਰੀ ਉਸ ਦਾ ਸ਼ੋਸ਼ਣ ਕਰਦਾ ਆ ਰਿਹਾ ਸੀ ਅਤੇ ਉਸ ਨੂੰ ਆਰਥਿਕ ਲਾਭ ਦਿਵਾਉਣ ਦਾ ਝਾਂਸਾ ਦੇ ਕੇ ਰਾਜਸ਼ੇਖਰ ਨੇ ਉਸ ਕੋਲੋਂ ਲਗਭਗ 35 ਲੱਖ ਰੁਪਏ ਵੀ ਠੱਗ ਲਏ। ਔਰਤ ਵਲੋਂ ਆਪਣੀ ਰਕਮ ਵਾਪਸ ਮੰਗਣ ’ਤੇ ਇਹ ਪਾਦਰੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਫਿਲਹਾਲ ਪਾਦਰੀ ਫਰਾਰ ਹੈ।

* 5 ਮਈ ਨੂੰ ਰਾਜਸਥਾਨ ਦੇ ਪਾਲੀ ਜ਼ਿਲ੍ਹੇ ’ਚ ਇਕ ਮੌਲਵੀ ਅਬਦੁਲ ਗਨੀ ਵਲੋਂ ਮਸਜਿਦ ਅੰਦਰ ਇਕ 19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦੇ ਸਬੰਧ ’ਚ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਪੁਲਸ ਕੋਲ ਸ਼ਿਕਾਇਤ ਲਿਖਵਾਈ।

ਲੜਕੀ ਨੇ ਦੋਸ਼ ਲਾਇਆ ਕਿ ਅਬਦੁਲ ਗਨੀ ਨੇ ਮੂੰਹ ਖੋਲ੍ਹਣ ’ਤੇ ਉਸ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਸੀ। ਮੌਲਵੀ ਵਿਰੁੱਧ ਪੁਲਸ ਕੋਲ ਰਿਪੋਰਟ ਦਰਜ ਹੋਣ ਪਿੱਛੋਂ ਉਹ ਫਰਾਰ ਹੈ।

* 11 ਮਈ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ’ਚ ਇਕ ਮੌਲਵੀ ਵਲੋਂ ਮਸਜਿਦ ’ਚ ਪੜ੍ਹਨ ਵਾਲੀ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦਾ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਮਸੂਰੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।

* 13 ਮਈ ਨੂੰ ਚੇਨਈ ’ਚ ਧੋਖੇ ਨਾਲ ਇਕ ਔਰਤ ਨੂੰ ਕੋਲਡ ਡ੍ਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਧਰਮ ਸਥਾਨ ਦੇ ਪੁਜਾਰੀ ‘ਕਾਰਤਿਕ ਮਨੁਸਾਮੀ’ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ।

ਉਕਤ ਪੁਜਾਰੀ ਨੇ ਔਰਤ ਦੇ ਗਲ਼ ’ਚ ਮਾਲਾ ਪਾ ਕੇ ਉਸ ਨਾਲ ਰਿਸ਼ਤਾ ਕਾਇਮ ਕਰ ਕੇ ਜ਼ਿੰਦਗੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਗਰਭਵਤੀ ਕਰਨ ਪਿੱਛੋਂ ਪਹਿਲਾਂ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ ਅਤੇ ਫਿਰ ਉਸ ਨੂੰ ਆਪਣੇ ਦੋਸਤ ਨਾਲ ਵੀ ਸੈਕਸ ਕਰਨ ਲਈ ਮਜਬੂਰ ਕੀਤਾ।

* 23 ਮਈ ਨੂੰ ਮੁਰਾਦਨਗਰ ਗੰਗਨਹਿਰ ’ਚ ਮੁਕੇਸ਼ ਗਿਰੀ ਨਾਂ ਦੇ ਇਕ ਮਹੰਤ ਦੀ ਕਰਤੂਤ ਸਾਹਮਣੇ ਆਈ ਜਿਸ ਨੇ ਸ਼ਨੀ ਮੰਦਰ ਘਾਟ ’ਤੇ ਬਣੇ ਔਰਤਾਂ ਦੇ ਚੇਂਜਿੰਗ ਰੂਮ ’ਚ ਸੀ.ਸੀ.ਟੀ.ਵੀ. ਕੈਮਰਾ ਲਗਵਾ ਕੇ ਉਸ ਨੂੰ ਆਪਣੇ ਮੋਬਾਈਲ ਨਾਲ ਜੋੜਿਆ ਹੋਇਆ ਸੀ ਅਤੇ ਮੋਬਾਈਲ ’ਤੇ ਔਰਤਾਂ ਨੂੰ ਕੱਪੜੇ ਬਦਲਦੇ ਸਮੇਂ ਨੰਗਾ ਦੇਖਿਆ ਕਰਦਾ ਸੀ।

ਗੰਗਨਹਿਰ ’ਚ ਆਪਣੀ ਬੇਟੀ ਨਾਲ ਨਹਾਉਣ ਆਈ ਇਕ ਔਰਤ ਨੇ ਕੱਪੜੇ ਬਦਲਣ ਸਮੇਂ ਚੇਂਜਿੰਗ ਰੂਮ ’ਚ ਗੁਪਤ ਕੈਮਰਾ ਲੱਗਾ ਦੇਖ ਕੇ ਇਸ ਦਾ ਵਿਰੋਧ ਕੀਤਾ ਤਾਂ ਮਹੰਤ ਨੇ ਪੀੜਤਾ ਨਾਲ ਗਾਲੀ-ਗਲੋਚ ਅਤੇ ਬਦਤਮੀਜ਼ੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਜਿਸ ’ਤੇ ਔਰਤ ਨੇ ਪੁਲਸ ਕੋਲ ਉਸ ਵਿਰੁੱਧ ਰਿਪੋਰਟ ਦਰਜ ਕਰਵਾ ਦਿੱਤੀ। ਫਿਲਹਾਲ ਦੋਸ਼ੀ ਮਹੰਤ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ’ਚ ਜੁਟੀ ਹੋਈ ਹੈ।

* 24 ਮਈ ਨੂੰ ਗਾਜ਼ੀਆਬਾਦ ਦੇ ਮਧੂਬਨ ਬਾਪੂਧਾਮ ਥਾਣਾ ਖੇਤਰ ’ਚ ਰਹਿਣ ਵਾਲੀ ਇਕ ਔਰਤ ਨੇ ਆਪਣੇ ਭਰਾ ਦੇ ਸਹੁਰੇ ਅਤੇ ਸਾਲੀ ਦੇ ਤਸ਼ੱਦਦ ਤੋਂ ਤੰਗ ਆ ਕੇ ਦੋਵਾਂ ਵਿਰੁੱਧ ਥਾਣੇ ’ਚ ਰਿਪੋਰਟ ਦਰਜ ਕਰਵਾਈ ਹੈ। ਪੀੜਤਾ ਦਾ ਦੋਸ਼ ਹੈ ਕਿ ਜਦ ਉਹ ਨਹਾ ਰਹੀ ਸੀ, ਤਦ ਉਸ ਦੇ ਭਰਾ ਦੇ ਸਹੁਰੇ ਨੇ ਲੁਕ ਕੇ ਉਸ ਦੀ ਵੀਡੀਓ ਬਣਾ ਲਈ। ਬਾਅਦ ’ਚ ਉਸ ਦੇ ਆਧਾਰ ’ਤੇ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਕੀਤੀ ਅਤੇ ਜ਼ਬਰਦਸਤੀ ਕਰਨ ਦੀਆਂ ਵੀ ਫੋਟੋਆਂ ਖਿੱਚ ਲਈਆਂ।

ਪੀੜਤਾ ਨੇ ਦੋਸ਼ ਲਾਇਆ ਹੈ ਕਿ ਹੁਣ ਇਨ੍ਹਾਂ ਵੀਡੀਓ ਅਤੇ ਫੋਟੋਆਂ ਦੇ ਆਧਾਰ ’ਤੇ ਪਿਤਾ-ਪੁੱਤਰੀ ਦੋਵੇਂ ਹੀ ਉਸ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ ਰਕਮਾਂ ਭੋਟਣ ਲੱਗੇ ਹਨ।

ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਲਈ ਕਿਸੇ ਹੱਦ ਤੱਕ ਔਰਤਾਂ ਵੀ ਦੋਸ਼ੀ ਹਨ, ਜੋ ਇਨ੍ਹਾਂ ਢੋਂਗੀ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਝਾਂਸੇ ’ਚ ਆ ਜਾਂਦੀਆਂ ਹਨ ਅਤੇ ਸੰਤਾਨ ਪ੍ਰਾਪਤੀ, ਘਰੇਲੂ ਸਮੱਸਿਆ ਨਿਵਾਰਨ ਆਦਿ ਦੇ ਲੋਭ ’ਚ ਸਭ ਕੁਝ ਲੁਟਾ ਬੈਠਦੀਆਂ ਹਨ।

ਲਿਹਾਜ਼ਾ ਇਸ ਮਾਮਲੇ ’ਚ ਔਰਤਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਘਰ ਦੇ ਵੱਡੇ ਬਜ਼ੁਰਗਾਂ ਨੂੰ ਵੀ ਪਰਿਵਾਰ ਦੀਆਂ ਔਰਤਾਂ ਅਤੇ ਬੱਚੀਆਂ ਨੂੰ ਵਿਸ਼ੇਸ਼ ਤੌਰ ’ਤੇ ਬਿਨਾਂ ਜਾਂਚੇ-ਪਰਖੇ ਇਸ ਤਰ੍ਹਾਂ ਦੇ ਬਾਬਿਆਂ ਦੇ ਜਾਲ ’ਚ ਫਸਣ ਤੋਂ ਸੁਚੇਤ ਅਤੇ ਜਾਗਰੂਕ ਕਰਨਾ ਚਾਹੀਦਾ ਹੈ।

-ਵਿਜੇ ਕੁਮਾਰ


Harpreet SIngh

Content Editor

Related News