ਵੱਧ ਬੱਚੇ ਪੈਦਾ ਕਰਨ ਦਾ ਸੁਝਾਅ ਲੋਕ ਸ਼ਾਇਦ ਹੀ ਪ੍ਰਵਾਨ ਕਰਨ

05/13/2022 2:47:56 AM

-ਵਿਜੇ ਕੁਮਾਰ

ਸਮੇਂ-ਸਮੇਂ ’ਤੇ ਸਾਰੇ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਸਾਡੇ ਕੁਝ ਕੁ ਨੇਤਾ ਆਪਣੇ-ਆਪਣੇ ਭਾਈਚਾਰੇ ਦੇ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਦਿੰਦੇ ਰਹਿੰਦੇ ਹਨ। ਇਸੇ ਲੜੀ ’ਚ :-
* 15 ਦਸੰਬਰ, 2021 ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਨੇਤਾ ਗੁਫਰਾਨ ਨੂਰ ਨੇ ਕਿਹਾ, ‘‘ਮੁਸਲਮਾਨਾਂ ਨੂੰ ਪਰਿਵਾਰ ਨਿਯੋਜਨ ਨਹੀਂ ਅਪਣਾਉਣਾ ਚਾਹੀਦਾ। ਜਦੋਂ ਤੱਕ ਸਾਡੇ ਵੱਧ ਬੱਚੇ ਨਹੀਂ ਹੋਣਗੇ ਅਸੀਂ ਸ਼ਾਸਨ ਕਿਵੇਂ ਕਰਾਂਗੇ? ਓਵੈਸੀ ਸਾਹਿਬ ਪ੍ਰਧਾਨ ਮੰਤਰੀ ਕਿਵੇਂ ਬਣਨਗੇ?’’
* 18 ਅਪ੍ਰੈਲ, 2022 ਨੂੰ ਕਾਨਪੁਰ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਆਯੋਜਿਤ ‘ਰਾਮੋਤਸਵ’ ’ਚ ਬੋਲਦੇ ਹੋਏ ਸਾਧਵੀ ਰਿਤੰਭਰਾ ਬੋਲੀ, ‘‘ਹੁਣ ਹਰ ਹਿੰਦੂ ਨੂੰ 4 ਬੱਚੇ ਪੈਦਾ ਕਰ ਕੇ ਇਨ੍ਹਾਂ ’ਚੋਂ 2 ਰਾਸ਼ਟਰੀ ਸਵੈਮਸੇਵਕ ਸੰਘ ਨੂੰ ਸੌਂਪ ਦੇਣੇ ਚਾਹੀਦੇ ਹਨ ਤਾਂ ਕਿ ਉਹ ਰਾਸ਼ਟਰ ਯੱਗ ’ਚ ਯੋਗਦਾਨ ਦੇ ਸਕਣ।’’ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਇਸ ਬਿਆਨ ਨਾਲ ਤਾਂ ਨਵਾਂ ਬਵਾਲ ਖੜ੍ਹਾ ਹੋ ਜਾਵੇਗਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਅਸੀਂ ਹਿੰਦੂਆਂ ਨੂੰ ਚਿਤਾਇਆ ਹੈ, ਬਵਾਲ ਹੁੰਦਾ ਹੈ ਤਾਂ ਹੋ ਜਾਣ ਦਿਓ।’’
* 10 ਮਈ, 2022 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੇ, ‘‘ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਵੱਲੋਂ ਇਕ ਜਾਂ ਦੋ ਬੱਚੇ ਪੈਦਾ ਕਰਨ ਦੀ ਰਵਾਇਤ ਅਪਣਾਉਣ ਨਾਲ ਸਿੱਖਾਂ ਦੀ ਗਿਣਤੀ ਦਾ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸੇ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰ ਸਿੱਖ ਨੂੰ 4 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ ਜਿਸ ਮੰਨਣ ’ਚ ਹਾਨੀ ਨਹੀਂ।’’ ਵਰਨਣਯੋਗ ਹੈ ਕਿ 2015 ’ਚ ਗਿਆਨੀ ਗੁਰਬਚਨ ਸਿੰਘ ਨੇ ਪਟਿਆਲਾ ’ਚ ਕਿਹਾ ਸੀ ਕਿ ‘‘ਸਿੱਖਾਂ ਨੂੰ ਘੱਟ ਤੋਂ ਘੱਟ 3 ਜਾਂ 4 ਬੱਚੇ ਪੈਦਾ ਕਰਨੇ ਚਾਹੀਦੇ ਹਨ ਜੋ ਇਨ੍ਹਾਂ ਦੀ ਘੱਟ ਹੁੰਦੀ ਗਿਣਤੀ ’ਚ ਸੰਤੁਲਨ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ।’’
‘‘ਇਕ ਪਾਸੇ ਤੁਹਾਡੇ ਪਰਿਵਾਰ ’ਚ 2 ਲੋਕ ਹਨ ਤਾਂ ਦੂਜੇ ਪਾਸੇ 10 ਲੋਕਾਂ ਦਾ ਪਰਿਵਾਰ ਹੈ। ਹੁਣ ਤੁਸੀਂ ਸਮਝ ਸਕਦੇ ਹੋ ਕਿ ਕਿਸ ਦੇ ਕੋਲ ਵੱਧ ਵੋਟਾਂ ਹਨ। ਇਸ ਲਈ ਮੈਂ ਸਿੱਖਾਂ ਨੂੰ ਕਹਿੰਦਾ ਹਾਂ ਕਿ ਉਹ ਵੱਧ ਬੱਚੇ ਪੈਦਾ ਕਰਨ।’’ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਕਿਉਂਕਿ ਲੋਕਾਂ ’ਚ ਘੱਟ ਔਲਾਦ ਦੀ ਚਾਹਤ ਵਧ ਰਹੀ ਹੈ ਇਸ ਲਈ ਉਕਤ ਨੇਤਾਵਾਂ ਨੇ ਇਹ ਗੱਲ ਕਹੀ ਹੈ ਪਰ ਸਾਡੇ ਵਿਚਾਰ ’ਚ ਇਸ ਨੂੰ ਅਮਲ ’ਚ ਲਿਆਉਣਾ ਔਖਾ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਮੌਜੂਦਾ ਹਾਲਾਤ ’ਚ ਇਨ੍ਹਾਂ ਸੁਝਾਵਾਂ ਨੂੰ ਪ੍ਰਵਾਨ ਕਰ ਸਕਣਾ ਔਖਾ ਹੀ ਹੈ। ਅੱਜ ਜਦਕਿ ਲਗਭਗ ਸਮੁੱਚਾ ਵਿਸ਼ਵ ਭਿਆਨਕ ਆਬਾਦੀ ਧਮਾਕੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਭਾਰਤ ਵੀ ਇਸ ਤੋਂ ਮੁਕਤ ਨਹੀਂ ਹੈ। 1951 ਦੀ ਮਰਦਮਸ਼ੁਮਾਰੀ ਦੇ ਸਮੇਂ ਅਸੀਂ ਲਗਭਗ 36 ਕਰੋੜ ਸੀ ਪਰ ਹੁਣ 138 ਕਰੋੜ ਹੋ ਗਏ ਹਾਂ।
ਦੇਸ਼ ’ਚ ਵਧ ਰਹੀ ਬੇਰੋਜ਼ਗਾਰੀ ਦੀ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ ਅਤੇ ਕੋਰੋਨਾ ਦੀ ਮਹਾਮਾਰੀ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਜਿਸ ਧਰਮ ਨੂੰ ਕੇਂਦਰਿਤ ਕਰ ਕੇ ਇਹ ਗੱਲ ਕਹੀ ਜਾ ਰਹੀ ਹੈ ਉਸ ’ਚ ਵੀ ਵਧ ਰਹੀ ਜਾਗਰੂਕਤਾ ਦੇ ਕਾਰਨ ਘੱਟ ਔਲਾਦ ਪੈਦਾ ਕਰਨ ਦਾ ਹੀ ਰੁਝਾਨ ਪੈਦਾ ਹੋ ਰਿਹਾ ਹੈ। ਇਸੇ ਕਾਰਨ ਅੱਜ ਪੜ੍ਹਿਆ-ਲਿਖਿਆ ਮੁਸਲਿਮ ਭਾਈਚਾਰਾ ਵੀ ਘੱਟ ਬੱਚੇ ਪੈਦਾ ਕਰ ਰਿਹਾ ਹੈ ਕਿਉਂਕਿ ਪੜ੍ਹ-ਲਿਖ ਕੇ ਹੀ ਲੋਕ ਤਰੱਕੀ ਕਰਦੇ ਹਨ।
ਆਬਾਦੀ ਧਮਾਕੇ ਦੇ ਕਾਰਨ ਹੀ ਸਾਰੀ ਦੁਨੀਆ ’ਚ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ ਅਤੇ ਹਰ ਸਰਕਾਰ ਵੀ ਇਹੀ ਚਾਹੁੰਦੀ ਹੈ। ਇਸ ਮਕਸਦ ਲਈ ਪਰਿਵਾਰ ਨਿਯੋਜਨ ਦੇ ਕਈ ਉਪਾਅ ਵੀ ਪ੍ਰਚੱਲਿਤ ਹਨ। ਕਈ ਦੇਸ਼ਾਂ ’ਚ ਬੇਲੋੜੀ ਔਲਾਦ ਤੋਂ ਬਚਣ ਲਈ ਸਵੈਇੱਛੁਕ ਗਰਭਪਾਤ ਦੀ ਵੀ ਇਜਾਜ਼ਤ ਹੈ। ਹੁਣ ਜ਼ਮਾਨਾ ਬਦਲ ਚੁੱਕਾ ਹੈ। ਹਰ ਪੜ੍ਹਿਆ-ਲਿਖਿਆ ਵਿਅਕਤੀ, ਭਾਵੇਂ ਉਹ ਕਿਸੇ ਵੀ ਧਰਮ ਨਾਲ ਕਿਉਂ ਨਾ ਸਬੰਧ ਰੱਖਦਾ ਹੋਵੇ, ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਹੋਰ ਜੀਵਨ ਉਪਯੋਗੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਇੱਛਾ ਦੇ ਕਾਰਨ 2 ਤੋਂ ਵੱਧ ਬੱਚੇ ਨਹੀਂ ਚਾਹੁੰਦਾ, ਸਗੋਂ ਕਿਤੇ-ਕਿਤੇ ਤਾਂ ਇਕ ਹੀ ਬੱਚੇ ਦਾ ਰਿਵਾਜ ਸ਼ੁਰੂ ਹੋ ਰਿਹਾ ਹੈ ਅਤੇ ਆਪਣਾ ਕਰੀਅਰ ਬਿਹਤਰ ਬਣਾਉਣ ਦੀ ਚਾਹਤ ’ਚ ਨੌਜਵਾਨ ਦੇਰ ਨਾਲ ਵਿਆਹ ਕਰਨ ਲੱਗੇ ਹਨ।
ਇਸੇ ਕਾਰਨ ਇਨ੍ਹੀਂ ਦਿਨੀਂ ਜਿੱਥੇ ਅਰੇਂਜ ਵਿਆਹ ਅਸਫਲ ਹੋ ਰਹੇ ਹਨ ਉਥੇ ਹੀ ਪ੍ਰੇਮ ਵਿਆਹ ਵੱਧ ਸਫਲ ਹੋ ਰਹੇ ਹਨ, ਜਿਸ ਦਾ ਕਾਰਨ ਉਨ੍ਹਾਂ ’ਚ ਆਈ ਜਾਗਰੂਕਤਾ ਹੀ ਹੈ।
ਵੱਧ ਬੱਚਿਆਂ ਵਾਲੇ ਪਰਿਵਾਰਾਂ ’ਚ ਲੋੜੀਂਦੀ ਸਿੱਖਿਆ ਤੇ ਹੋਰ ਸਹੂਲਤਾਂ ਨਾ ਮਿਲਣ ਕਾਰਨ ਬੱਚੇ ਜ਼ਿੰਦਗੀ ’ਚ ਉਹ ਸਫਲਤਾ ਹਾਸਲ ਨਹੀਂ ਕਰ ਸਕਦੇ ਜੋ ਚੰਗੀ ਸਿੱਖਿਆ ਮਿਲਣ ’ਤੇ ਪ੍ਰਾਪਤ ਕਰ ਸਕਦੇ ਸਨ। ਅਜਿਹੇ ਪਰਿਵਾਰਾਂ ਦੇ ਮੈਂਬਰਾਂ ਦਾ ਜੀਵਨ ਪੱਧਰ ਅਤੇ ਸਿਹਤ ਵੀ ਘੱਟ ਬੱਚਿਆਂ ਵਾਲੇ ਪਰਿਵਾਰਾਂ ਦੀ ਤੁਲਨਾ ’ਚ ਘੱਟ ਰਹਿ ਜਾਂਦਾ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਜਿੱਥੇ ਸਿੱਖਿਆ ਦਾ ਪ੍ਰਸਾਰ ਘੱਟ ਅਤੇ ਗਰੀਬੀ ਵੱਧ ਹੈ, ਉਥੇ ਸਾਰੇ ਧਰਮਾਂ ਦੇ ਲੋਕ ਵੱਧ ਬੱਚੇ ਪੈਦਾ ਕਰ ਰਹੇ ਹਨ ਤਾਂ ਕਿ ਉਹ ਰੋਜ਼ੀ-ਰੋਟੀ ਕਮਾਉਣ ’ਚ ਉਨ੍ਹਾਂ ਦਾ ਸਹਾਰਾ ਬਣ ਸਕਣ। ਅਜਿਹੇ ਖੇਤਰਾਂ ’ਚ ਹਿੰਦੂਆਂ ਦੀ ਆਬਾਦੀ ਦੀ ਵਾਧਾ ਦਰ ਤਾਂ ਸਭ ਤੋਂ ਵੱਧ ਹੈ। ਇਹੀ ਕਾਰਨ ਹੈ ਕਿ ਹੁਣ ਆਪਣੀ ਸਿਹਤ ਦੇ ਇਲਾਵਾ ਬੱਚਿਆਂ ਨੂੰ ਹਰੇਕ ਖੇਤਰ ’ਚ ਬਿਹਤਰ ਬਣਾਉਣ ਲਈ ਔਰਤਾਂ 2 ਤੋਂ ਵੱਧ ਬੱਚੇ ਨਹੀਂ ਚਾਹੁੰਦੀਆਂ। ਅੱਜ ਉਹ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਉਨ੍ਹਾਂ ਦੀ ਸਿਹਤ, ਉਨ੍ਹਾਂ ਦੀ ਸਿੱਖਿਆ ਤੇ ਵਿਕਾਸ ’ਤੇ ਇੰਨਾ ਧਿਆਨ ਦੇ ਰਹੀਆਂ ਹਨ, ਜਿੰਨਾ ਪੁਰਾਣੇ ਜ਼ਮਾਨੇ ’ਚ 10 ਬੱਚਿਆਂ ’ਤੇ ਵੀ ਨਹੀਂ ਦਿੱਤਾ ਜਾਂਦਾ ਸੀ ਅਤੇ ਅਜਿਹਾ ਘੱਟ ਬੱਚਿਆਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।


Gurdeep Singh

Content Editor

Related News