ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ

Thursday, May 07, 2026 - 04:56 PM (IST)

ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ

ਕਦੇ-ਕਦੇ ਇਕ ਖ਼ਬਰ ਸਿਰਫ਼ ਸੂਚਨਾ ਨਹੀਂ ਹੁੰਦੀ ਸਗੋਂ ਸਮਾਜ ਦੇ ਅੰਦਰ ਲੁਕੀ ਕਿਸੇ ਡੂੰਘੀ ਤਰੇੜ ਨੂੰ ਉਜਾਗਰ ਕਰ ਦਿੰਦੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਵਾਪਰੀ ਉਹ ਘਟਨਾ ਜਿੱਥੇ ਇਕ ਪਿਤਾ ਨੇ ਆਪਣੀਆਂ ਹੀ ਜੌੜੀਆਂ ਧੀਆਂ ਦੀ ਹੱਤਿਆ ਕਰ ਦਿੱਤੀ, ਅਜਿਹੀ ਹੀ ਇਕ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ।

ਵੱਖ-ਵੱਖ ਰਿਪੋਰਟਾਂ ’ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਹ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ ਪਰ ਸਵਾਲ ਇਹ ਹੈ ਕਿ ਕੀ ਇਹ ਸਿਰਫ ‘ਸ਼ੱਕ’ ਸੀ ਜਾਂ ਫਿਰ ਇਕ ਅਜਿਹੀ ਮਾਨਸਿਕ ਅਵਸਥਾ ਜਿਸ ਨੂੰ ਅਸੀਂ ਸਮਾਂ ਰਹਿੰਦੇ ਪਛਾਣਿਆ ਹੀ ਨਹੀਂ? ਅਸੀਂ ਅੱਜ ਵੀ ਭਾਵਨਾਤਮਕ ਅਸੁਰੱਖਿਆ ਅਤੇ ਮਾਨਸਿਕ ਬੀਮਾਰੀ ਦੇ ਦਰਮਿਆਨੇ ਫਰਕ ਨੂੰ ਸਮਝਣ ’ਚ ਖੁੰਝ ਰਹੇ ਹਾਂ।

ਪੈਰਾਨਾਇਡ ਡਿਸਆਰਡਰ ਸਿਰਫ ਇਕ ਸ਼ਬਦ ਨਹੀਂ ਸਗੋਂ ਇਕ ਅਜਿਹੀ ਸਥਿਤੀ ਹੈ ਜਿੱਥੇ ਵਿਅਕਤੀ ਦਾ ਮਨ ਹੌਲੀ-ਹੌਲੀ ਆਪਣੇ ਹੀ ਬਣਾਏ ਸ਼ੱਕਾਂ ਦੀ ਕੈਦ ’ਚ ਬੰਦ ਹੋ ਜਾਂਦਾ ਹੈ। ਉਸ ਨੂੰ ਹਰ ਚਿਹਰਾ ਸ਼ੱਕੀ ਲੱਗਦਾ ਹੈ, ਹਰ ਵਿਵਹਾਰ ’ਚ ਧੋਖਾ ਦਿਖਾਈ ਦਿੰਦਾ ਹੈ ਅਤੇ ਹਰ ਰਿਸ਼ਤਾ ਅਸੁਰੱਖਿਅਤ ਪ੍ਰਤੀਤ ਹੁੰਦਾ ਹੈ। ਇਹ ਕੇਵਲ ਸੋਚ ਨਹੀਂ ਸਗੋਂ ਇਕ ਵਿਗੜਿਆ ਹੋਇਆ ਯਥਾਰਥ ਹੈ, ਜਿਸ ’ਚ ਵਿਅਕਤੀ ਜਿਊਣ ਲੱਗਦਾ ਹੈ। ਉਹ ਆਪਣੇ ਹੀ ਮਨ ਦੀ ਆਵਾਜ਼ ਨੂੰ ਸੱਚ ਮੰਨ ਲੈਂਦਾ ਹੈ ਅਤੇ ਬਾਹਰੀ ਦੁਨੀਆ ਦੀ ਹਰ ਗੱਲ ਉਸ ਨੂੰ ਝੂਠ ਲੱਗਣ ਲੱਗਦੀ ਹੈ। ਅਜਿਹੇ ’ਚ ਉਸ ਦੇ ਫੈਸਲੇ ਤਰਕ ਨਾਲ ਨਹੀਂ ਬਲਕਿ ਡਰ ਅਤੇ ਭਰਮ ਨਾਲ ਸੰਚਾਲਿਤ ਹੁੰਦੇ ਹਨ ਅਤੇ ਇਹੀ ਸਥਿਤੀ ਕਦੇ-ਕਦੇ ਤ੍ਰਾਸਦੀ ਦਾ ਰੂਪ ਲੈ ਲੈਂਦੀ ਹੈ।

ਪੈਰਾਨਾਇਡ ਡਿਸਆਰਡਰ ਦੀ ਇਕ ਵੱਡੀ ਸਮੱਸਿਆ ਇਹ ਹੈ ਕਿ ਵਿਅਕਤੀ ਖੁਦ ਨੂੰ ਬੀਮਾਰ ਨਹੀਂ ਮੰਨਦਾ। ਉਸ ਨੂੰ ਜਾਪਦਾ ਹੈ ਕਿ ਉਸ ਦੀ ਸੋਚ ਸਹੀ ਹੈ ਅਤੇ ਬਾਕੀ ਲੋਕ ਗਲਤ ਹਨ। ਇਹੀ ਕਾਰਨ ਹੈ ਕਿ ਉਹ ਇਲਾਜ ਤੋਂ ਬਚਦਾ ਹੈ ਅਤੇ ਪਰਿਵਾਰ ਵੀ ਕਈ ਵਾਰ ਇਸ ਨੂੰ ‘ਜ਼ਿੱਦ’ ਜਾਂ ‘ਸੁਭਾਅ’ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦਾ ਹੈ। ਹੌਲੀ-ਹੌਲੀ ਇਹ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਮਰਦਾਂ ’ਚ ਇਹ ਵਿਕਾਰ ਅਕਸਰ ਅਧਿਕਾਰ ਅਤੇ ਕੰਟਰੋਲ ਦੇ ਰੂਪ ’ਚ ਸਾਹਮਣੇ ਆਉਂਦਾ ਹੈ।

ਪਤਨੀ ਦੀ ਸੁਤੰਤਰਤਾ, ਉਸ ਦੀ ਗੱਲਬਾਤ, ਉਸ ਦੇ ਸਬੰਧ—ਹਰ ਚੀਜ਼ ’ਤੇ ਸ਼ੱਕ ਕਰਨਾ ਹੌਲੀ-ਹੌਲੀ ਇਕ ਆਦਤ ਨਹੀਂ ਸਗੋਂ ਮਾਨਸਿਕ ਜਕੜਨ ਬਣ ਜਾਂਦਾ ਹੈ। ਸਮੱਸਿਆ ਉਦੋਂ ਹੋਰ ਡੂੰਘੀ ਹੋ ਜਾਂਦੀ ਹੈ ਜਦੋਂ ਸਮਾਜ ਇਸ ਵਿਵਹਾਰ ਨੂੰ ‘ਸਾਧਾਰਨ’ ਜਾਂ ‘ਮਰਦਾਨਾ ਸੁਭਾਅ’ ਕਹਿ ਕੇ ਮੰਨ ਲੈਂਦਾ ਹੈ। ਇਹੀ ਸਮਾਜਿਕ ਪ੍ਰਵਾਨਗੀ ਇਸ ਵਿਕਾਰ ਨੂੰ ਪਛਾਣਨ ’ਚ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ। ਉੱਤਰ ਪ੍ਰਦੇਸ਼ ਦੀ ਘਟਨਾ ਇਸੇ ਅਣਦੇਖੀ ਦੇ ਸਿਖਰ ਦਾ ਨਤੀਜਾ ਹੈ ਜਿੱਥੇ ਸ਼ੱਕ ਨੇ ਹਮਦਰਦੀ ਨੂੰ ਖਾ ਲਿਆ।

ਔਰਤਾਂ ਦੇ ਸੰਦਰਭ ’ਚ ਵੀ ਇਹ ਸਮੱਸਿਆ ਘੱਟ ਗੰਭੀਰ ਨਹੀਂ ਹੈ। ਕਈ ਵਾਰ ਔਰਤਾਂ ਵੀ ਪੈਰਾਨਾਇਡ ਸੋਚ ਦਾ ਸ਼ਿਕਾਰ ਹੋ ਜਾਂਦੀਆਂ ਹਨ ਜਿੱਥੇ ਉਹ ਆਪਣੇ ਪਤੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਬਿਨਾਂ ਕਾਰਨ ਸ਼ੱਕ ਕਰਨ ਲੱਗਦੀਆਂ ਹਨ। ਉਦਾਹਰਣ ਦੇ ਤੌਰ ’ਤੇ ਕੁਝ ਮਾਮਲਿਆਂ ’ਚ ਔਰਤ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ, ਬੇਸ਼ੱਕ ਉਸ ਕੋਲ ਕੋਈ ਸਬੂਤ ਨਾ ਹੋਵੇ।

ਇਹ ਸ਼ੱਕ ਹੌਲੀ-ਹੌਲੀ ਉਸ ਦੇ ਮਾਨਸਿਕ ਸੰਤੁਲਨ ਨੂੰ ਵਿਗਾੜਦਾ ਹੈ ਅਤੇ ਰਿਸ਼ਤਿਆਂ ’ਚ ਤਣਾਅ ਪੈਦਾ ਕਰਦਾ ਹੈ। ਇਕ ਹੋਰ ਮਹੱਤਵਪੂਰਨ ਉਦਾਹਰਣ ਜਣੇਪੇ ਤੋਂ ਬਾਅਦ ਦੀ ਮਾਨਸਿਕ ਸਥਿਤੀ ਨਾਲ ਜੁੜੀ ਹੈ। ਪੋਸਟਪਾਰਟਮ ਸਾਈਕੋਸਿਸ ਵਰਗੀ ਅਵਸਥਾ ’ਚ ਕੁਝ ਔਰਤਾਂ ’ਚ ਪੈਰਾਨਾਇਡ ਵਿਚਾਰ ਵਿਕਸਿਤ ਹੋ ਸਕਦੇ ਹਨ। ਉਨ੍ਹਾਂ ਨੂੰ ਜਾਪਣ ਲੱਗਦਾ ਹੈ ਕਿ ਕੋਈ ਉਨ੍ਹਾਂ ਦੇ ਬੱਚੇ ਨੂੰ ਨੁਕਸਾਨ ਪਹੁੰਚਾਏਗਾ ਜਾਂ ਪਰਿਵਾਰ ਉਨ੍ਹਾਂ ਦੇ ਵਿਰੁੱਧ ਸਾਜ਼ਿਸ਼ ਕਰ ਰਿਹਾ ਹੈ।

ਹਾਲੀਆ ਰਿਪੋਰਟ ਦੱਸਦੀ ਹੈ ਕਿ ਸ਼ਹਿਰੀ ਭਾਰਤ ’ਚ ਮਰਦਾਂ ਵੱਲੋਂ ਮਾਨਸਿਕ ਹੈਲਪਲਾਈਨ ’ਚ ਕਾਲ ਕਰਨ ਦੀ ਗਿਣਤੀ ’ਚ 126 ਫੀਸਦੀ ਦਾ ਵਾਧਾ ਹੋਇਆ ਹੈ ਪਰ ਫਿਰ ਵੀ ਕੁੱਲ ਮਦਦ ਲੈਣ ਵਾਲਿਆਂ ’ਚ ਉਨ੍ਹਾਂ ਦੀ ਹਿੱਸੇਦਾਰੀ ਘੱਟ ਹੈ। ਭਾਵ ਸਮੱਸਿਆ ਮੌਜੂਦ ਹੈ ਪਰ ਉਸ ਨੂੰ ਮੰਨਣ ’ਚ ਝਿਜਕ ਅਜੇ ਵੀ ਬਣੀ ਹੋਈ ਹੈ। ਔਰਤਾਂ ਦੀ ਸਥਿਤੀ ਵੀ ਵੱਖਰੀ ਨਹੀਂ ਹੈ ਸਗੋਂ ਕਈ ਮਾਮਲਿਆਂ ’ਚ ਹੋਰ ਗੁੰਝਲਦਾਰ ਹੈ। ਅੰਕੜੇ ਦੱਸਦੇ ਹਨ ਕਿ ਮਾਨਸਿਕ ਵਿਕਾਰਾਂ, ਵਿਸ਼ੇਸ਼ ਕਰ ਕੇ ਡਿਪ੍ਰੈਸ਼ਨ ਅਤੇ ਐਂਗਜ਼ਾਇਟੀ ਦੀ ਦਰ ਔਰਤਾਂ ’ਚ ਮਰਦਾਂ ਨਾਲੋਂ ਵਧੇਰੇ ਪਾਈ ਜਾਂਦੀ ਹੈ।

ਇਸ ਸਮੱਸਿਆ ਦਾ ਇਕ ਵੱਡਾ ਕਾਰਨ ਸਾਡੇ ਸਮਾਜ ’ਚ ਮੌਜੂਦ ਮਾਨਸਿਕ ਸਿਹਤ ਨਾਲ ਜੁੜਿਆ ਕਲੰਕ ਵੀ ਹੈ। ਲੋਕ ਅੱਜ ਵੀ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾਣ ਤੋਂ ਡਰਦੇ ਹਨ। ਦਿਹਾਤੀ ਅਤੇ ਅਰਧ-ਸ਼ਹਿਰੀ ਇਲਾਕਿਆਂ ’ਚ ਤਾਂ ਮਾਨਸਿਕ ਬੀਮਾਰੀ ਨੂੰ ਕਈ ਵਾਰ ਅੰਧਵਿਸ਼ਵਾਸ ਜਾਂ ‘ਕਿਸਮਤ’ ਨਾਲ ਜੋੜ ਦਿੱਤਾ ਜਾਂਦਾ ਹੈ। ਇਹੀ ਸੋਚ ਲੋਕਾਂ ਨੂੰ ਸਹੀ ਇਲਾਜ ਤੋਂ ਦੂਰ ਰੱਖਦੀ ਹੈ। ਇਸ ਦੇ ਨਾਲ ਹੀ, ਸਿਹਤ ਸੇਵਾਵਾਂ ਦੀ ਕਮੀ ਵੀ ਇਕ ਚੁਣੌਤੀ ਹੈ। ਭਾਰਤ ’ਚ ਪ੍ਰਤੀ ਇਕ ਲੱਖ ਲੋਕਾਂ ਪਿੱਛੇ ਮਾਨਸਿਕ ਰੋਗਾਂ ਦੇ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਇਸ ਵਧਦੇ ਸੰਕਟ ਦੇ ਮੁਕਾਬਲੇ ਨਾਕਾਫ਼ੀ ਹੈ। ਅਜਿਹੇ ’ਚ ਨਾ ਸਿਰਫ ਜਾਗਰੂਕਤਾ ਬਲਕਿ ਸਿਹਤ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ।

ਇਸ ਸੰਦਰਭ ’ਚ ਉੱਤਰ ਪ੍ਰਦੇਸ਼ ਦੀ ਇਹ ਘਟਨਾ ਇਕ ਚਿਤਾਵਨੀ ਹੈ। ਇਹ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਮਾਨਸਿਕ ਸਮੱਸਿਆਵਾਂ ਨੂੰ ਨਹੀਂ ਸਮਝਾਂਗੇ ਤਾਂ ਇਸ ਦੇ ਨਤੀਜੇ ਬੇਹੱਦ ਖ਼ਤਰਨਾਕ ਹੋ ਸਕਦੇ ਹਨ। ਇਹ ਸਿਰਫ ਇਕ ਵਿਅਕਤੀ ਦੀ ਗਲਤੀ ਨਹੀਂ ਸਗੋਂ ਸਮਾਜ ਦੀ ਵੀ ਅਸਫਲਤਾ ਹੈ ਜੋ ਉਸ ਵਿਅਕਤੀ ਦੇ ਵਿਵਹਾਰ ’ਚ ਆਏ ਬਦਲਾਅ ਨੂੰ ਸਮਾਂ ਰਹਿੰਦੇ ਨਹੀਂ ਪਛਾਣਦਾ। ਹੱਲ ਦੇ ਲਈ ਸਭ ਤੋਂ ਜ਼ਰੂਰੀ ਹੈ ਜਾਗਰੂਕਤਾ, ਗੱਲਬਾਤ ਅਤੇ ਸੰਵੇਦਨਸ਼ੀਲਤਾ।

ਸਾਨੂੰ ਆਪਣੇ ਘਰਾਂ ’ਚ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿੱਥੇ ਹਰ ਵਿਅਕਤੀ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕੇ। ਬੱਚਿਆਂ ਨੂੰ ਬਚਪਨ ਤੋਂ ਇਹ ਸਿਖਾਉਣਾ ਹੋਵੇਗਾ ਕਿ ਤੁਹਾਡੀ ਪਰੇਸ਼ਾਨੀ ਸਾਂਝੀ ਕਰਨਾ ਸਾਧਾਰਨ ਹੈ।

ਸਰਕਾਰ ਅਤੇ ਸਮਾਜ ਨੂੰ ਵੀ ਇਸ ਦਿਸ਼ਾ ’ਚ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਮਾਨਸਿਕ ਸਿਹਤ ਸੇਵਾਵਾਂ ਨੂੰ ਸੌਖਾਲੀਆਂ ਬਣਾਉਣਾ, ਜਾਗਰੂਕਤਾ ਮੁਹਿੰਮਾਂ ਚਲਾਉਣਾ ਅਤੇ ਲੋਕਾਂ ਨੂੰ ਸਹਾਇਤਾ ਲੈਣ ਲਈ ਪ੍ਰੇਰਿਤ ਕਰਨਾ—ਇਹ ਸਾਰੇ ਕਦਮ ਜ਼ਰੂਰੀ ਹਨ।

ਅੰਤ ’ਚ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਮਨ ਬੀਮਾਰ ਹੁੰਦਾ ਹੈ, ਤਾਂ ਉਸ ਦਾ ਅਸਰ ਸਿਰਫ ਵਿਅਕਤੀ ਤੱਕ ਸੀਮਤ ਨਹੀਂ ਰਹਿੰਦਾ, ਉਹ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਉਨ੍ਹਾਂ ਦੇ ਵਿਵਹਾਰ ਪਿੱਛੇ ਲੁਕੇ ਸੰਕੇਤਾਂ ਨੂੰ ਪਛਾਣੀਏ ਅਤੇ ਸਭ ਤੋਂ ਵੱਧ ਇਕ ਅਜਿਹਾ ਸਮਾਜ ਬਣਾਈਏ ਜਿੱਥੇ ਵਿਸ਼ਵਾਸ, ਗੱਲਬਾਤ ਅਤੇ ਮਾਨਸਿਕ ਸਿਹਤ ਨੂੰ ਬਰਾਬਰ ਮਹੱਤਵ ਮਿਲੇ, ਕਿਉਂਕਿ ਜਦੋਂ ਮਨ ਸੰਤੁਲਿਤ ਹੁੰਦਾ ਹੈ, ਤਾਂ ਰਿਸ਼ਤੇ ਸੁਰੱਖਿਅਤ ਰਹਿੰਦੇ ਹਨ ਅਤੇ ਜਦੋਂ ਮਨ ਸ਼ੱਕ ’ਚ ਡੁੱਬ ਜਾਂਦਾ ਹੈ ਤਾਂ ਸਭ ਤੋਂ ਮਜ਼ਬੂਤ ਰਿਸ਼ਤੇ ਵੀ ਟੁੱਟ ਜਾਂਦੇ ਹਨ।

-ਡਾ. ਨੀਲੂ ਤਿਵਾੜੀ


author

Harpreet SIngh

Content Editor

Related News