ਪਾਕਿਸਤਾਨ ਨੂੰ ਰਤਾ ਵੀ ਖੁਦਾ ਦਾ ਖੌਫ ਨਹੀਂ

04/10/2020 2:13:55 AM


ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਜਿਸ ਤੇਜ਼ ਰਫਤਾਰ ਤੇ ਆਸ ਦੇ ਉਲਟ ਢੰਗ ਨਾਲ ਕੋਰੋਨਾ ਵਾਇਰਸ ਦੇਸ਼-ਦੇਸ਼ੰਤਰ ਵਾਲੀਆਂ ਸਾਰੀਆਂ ਸਰਹੱਦਾਂ ਪਾਰ ਕਰਦਿਆਂ ਵਿਸ਼ਵ ਭਰ ’ਚ ਆਪਣੀ ਦਸਤਕ ਦੇ ਰਿਹਾ ਹੈ, ਉਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਮੁਲਕ ਅਮਰੀਕਾ ਵੀ ਬੇਵੱਸ ਨਜ਼ਰ ਆ ਰਿਹਾ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕਾਇਮ ਕਰ ਕੇ ਅਮਰੀਕਾ ’ਚ ਬੜੀ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਭੇਜਨ ਦੀ ਅਪੀਲ ਕੀਤੀ ਹੈ। ਦੂਸਰੇ ਪਾਸੇ ਡੋਨਾਲਡ ਟਰੰਪ ਦਾ ਚਹੇਤਾ ਇਮਰਾਨ ਖਾਨ ਤਾਂ ਕਾਦਰ ਕਰੀਮ ਦੇ ਇਸ ਭਾਣੇ ਨੂੰ ਸਮਝਣ ’ਚ ਅਸਮਰੱਥ ਰਹਿੰਦਿਆਂ ਹੋਇਆਂ ਸਰਹੱਦੀ ਜੰਗ ਜਾਰੀ ਰੱਖ ਰਿਹਾ ਹੈ। ਇੰਝ ਜਾਪਦਾ ਹੈ ਜਿਵੇਂ ਕਿ ਪਾਕਿਸਤਾਨ ਆਪਣਾ ਸੰਤੁਲਨ ਗੁਆ ਚੁੱਕਾ ਹੋਵੇ। 06 ਅਪ੍ਰੈਲ ਨੂੰ ਕੌਮੀ ਪੱਧਰ ਵਾਲੀਆਂ ਢੇਰ ਸਾਰੀਆਂ ਅਖਬਾਰਾਂ ਦੇ ਮੂਹਰਲੇ ਸਫੇ ’ਤੇ ਪਾਕਿਸਤਾਨ ਵਲੋਂ ਅੱਤਵਾਦੀ ਗਤੀਵਿਧੀਆਂ ਜਾਰੀ ਰੱਖਣ ਤੇ ਗੁਆਂਢੀ ਮੁਲਕ ਦੀ ਅੰਦਰੂਨੀ ਸਥਿਤੀ ਬਾਰੇ ਖਬਰਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਬਾਰੇ ਵਿਚਾਰ ਚਰਚਾ ਕਰਨੀ ਜ਼ਰੂਰੀ ਹੋ ਜਾਂਦੀ ਹੈ।

ਪਾਕਿਸਤਾਨ ਸੰਕਟ

ਇਸਲਾਮਾਬਾਦ ਤੋਂ ਪ੍ਰਾਪਤ ਖਬਰਾਂ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਮੰਨਿਆ ਕਿ ਕੋਰੋਨਾ ਕਹਿਰ ਨੇ ਖਸਤਾ ਅਰਥ ਵਿਵਸਥਾ ਵਾਲੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਿਕਹਾ ਕਿ ਦੇਸ਼ ਸਾਹਮਣੇ ਇਕ ਪਾਸੇ ਖੂਹ ਅਤੇ ਦੂਜੇ ਪਾਸੇ ਖੱਡ ਵਾਲੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਕੁਲ ਅਬਾਦੀ ਦਾ 25 ਫੀਸਦੀ ਹਿੱਸਾ ਗਰੀਬੀ ਰੇਖਾ ਤੋਂ ਵੀ ਹੇਠਾਂ ਹੈ। ਇਸ ਵਾਸਤੇ ਇਕ ਪਾਸੇ ਤਾਲਾਬੰਦੀ ਤੇ ਦੂਜੇ ਪਾਸੇ ਭੁਖਮਰੀ ਵਾਲੀ ਚੁਣੌਤੀ ਨੂੰ ਮੁੱਖ ਰੱਖਦਿਆਂ ਇਮਰਾਨ ਖਾਨ ਨੇ ਨਿਰਮਾਣ ਖੇਤਰ ’ਚ ਸਰਗਰਮੀਆਂ ਤੇਜ਼ ਕਰਨ ’ਤੇ ਜ਼ੋਰ ਦਿੱਤਾ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਕ ਪਾਸੇ ਤਾਂ ਵਿੱਤੀ ਸੰਕਟ ’ਚ ਜਕੜੀ ਪਾਕਿਸਤਾਨ ਦੀ ਸਰਕਾਰ ਬਾਕੀ ਮੁਲਕਾਂ ਦੀ ਤਰ੍ਹਾਂ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਪਰ ਦੂਸਰੇ ਪਾਸੇ ਉਸ ਦੀ ਫੌਜ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ’ਚ ਘੁਸਪੈਠ ਦੇ ਯਤਨ ਤੇ ਉਸਦੇ ਪਾਲਤੂ ਅੱਤਵਾਦੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੋਈ ਦਿਨ ਵੀ ਐਸਾ ਨਹੀਂ ਜਦੋਂ ਕਿ ਪਾਕਿਸਤਾਨ ਵਲੋਂ ਲਾਈਨ ਆਫ ਕੰਟਰੋਲ ਤੇ ਨਾਲ ਲਗਦੇ ਅੰਤਰਰਾਸ਼ਟਰੀ ਇਲਾਕੇ ’ਤੇ ਗੋਲਾਬਾਰੀ ਨਾ ਹੁੰਦੀ ਹੋਵੇ, ਜਿਸ ਦੇ ਕਾਰਣ ਸਰਹੱਦੀ ਲੋਕ ਵੀ ਅਨੇਕਾਂ ਤਸੀਹੇ ਝੱਲਦੇ ਰਹਿੰਦੇ ਹਨ। ਭਾਰਤੀ ਫੌਜ ਵਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਮਕਬੂਜ਼ਾ ਕਸ਼ਮੀਰ ’ਚ ਕੰਟਰੋਲ ਰੇਖਾ ਦੇ ਨਾਲ ਲਗਦੇ ਅੱਤਵਾਦੀ ਲਾਂਚ ਪੈਡ ਉੱਪਰ ਤੇ ਫੌਜੀ ਟਿਕਾਣਿਆਂ ਉਪਰ ਵੀ ਮੋਰਟਾਰ ਤੇ ਲੋੜ ਪੈਣ ’ਤੇ ਹਲਕੀਆਂ ਤੋਪਾਂ ਨਾਲ ਪਾਕਿ ਦੀ ਗੋਲਾਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ ਪਰ ਪਾਕਿਸਤਾਨ ਆਪਣੀਆਂ ਘਿਣਾਉਣੀਆਂ ਚਾਲਾਂ ਤੋਂ ਬਾਜ਼ ਨਹੀਂ ਆ ਿਰਹਾ।

ਅਪ੍ਰੇਸ਼ਨ ਰਣਦੋਰੀ ਬਹਿਕ

ਬੀਤੇ ਲੰਮੇ ਸਮੇਂ ਤੋਂ ਜੰਮੂ-ਕਸ਼ਮੀਰ ’ਚ ਲੁਕਵੀਂ ਜੰਗ ਜਾਰੀ ਹੈ ਪਰ ਹੁਣ ਤਾਂ ਜ਼ੋਰ ਫੜਦੀ ਜਾ ਰਹੀ ਹੈ। ਸੁਰੱਖਿਆ ਫੋਰਸਾਂ ਵਲੋਂ ਨਾਕਾਬੰਦੀ , ਘੇਰਾਬੰਦੀ , ਛਾਪੇਮਾਰੀ ਜਾਰੀ ਹੈ ਤੇ ਸਥਾਨਕ ਮੁਕਾਬਲੇ ਵੀ ਅਕਸਰ ਹੁੰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਜਦੋਂ ਅੱਤਵਾਦੀਆਂ ਵਲੋਂ ਕੁਲਗਾਮ ਇਲਾਕੇ ’ਚ ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਤਾਂ ਸੁਰੱਖਿਆ ਬਲਾਂ ਨੇ ਤਕਰੀਬਨ 2 ਹਫਤਿਆਂ ਤਕ ਅੱਤਵਾਦੀਆਂ ਦਾ ਪਿੱਛਾ ਕਰਨ ਉਪਰੰਤ 3 ਅਪ੍ਰੈਲ ਨੂੰ ਜਦੋਂ ਫੌਜ ਦੀ 34 ਆਰ.ਆਰ. ਬਟਾਲੀਅਨ ਨੂੰ ਪੱਕੇ ਤੌਰ ’ਤੇ ਅੱਤਵਾਦੀਆਂ ਦੀ ਖੂਰ ਬਟਪੋਰਾ ਪਿੰਡ ਦੇ ਇਕ ਬਾਗ ’ਚ ਲੁਕੇ ਹੋਣ ਦੀ ਖਬਰ ਮਿਲੀ ਤਾਂ ਘੇਰਾਬੰਦੀ ਕਰਕੇ ਹਿਜ਼ਬੁਲ ਦੇ 4 ਸਥਾਨਕ ਅੱਤਵਾਦੀ ਮੁਕਾਬਲੇ ਦੌਰਾਨ ਮਾਰੇ ਗਏ ਤੇ ਆਪਣੇ ਦੋ ਜਵਾਨ ਜ਼ਖਮੀ ਹੋ ਗਏ। ਵਰਣਨਯੋਗ ਹੈ ਕਿ ਸੁਰੱਖਿਆ ਬਲਾਂ ਵਲੋਂ ਕੰਟਰੋਲ ਰੇਖਾ ’ਤੇ ਸਖਤ ਨਿਗਰਾਨੀ ਤੇ ਫੌਜਾਂ ਵਲੋਂ ਤੀਬਰ ਪੈਟਰੋਲਿੰਗ ਕਰਨ ਦੇ ਬਾਵਜੂਦ ਬੀਤੇ ਦਿਨੀਂ ਇਕ ਅੱਤਵਾਦੀ ਗਰੁੱਪ ਉੱਤਰੀ ਕਸ਼ਮੀਰ ਦੇ ਜ਼ਿਲਾ ਕੁਪਵਾੜਾ ਦੀ ਕੰਟਰੋਲ ਰੇਖਾ ਨਾਲ ਲੱਗਦੇ ਕੋਰਨ ਸੈਕਟਰ ’ਚ ਘੁਸਪੈਠ ਕਰਨ ’ਚ ਸਫਲ ਹੋ ਗਿਆ। ਸ਼੍ਰੀਨਗਰ ਕੋਰ ਦੇ ਫੌਜੀ ਬੁਲਾਰੇ ਅਨੁਸਾਰ ਫੌਜ ਵਲੋਂ ਇਨ੍ਹਾਂ ਨੂੰ ਦੇਖਣ ਉਪਰੰਤ ਪਹਿਲਾ ਮੁਕਾਬਲਾ 01 ਅਪ੍ਰੈਲ ਨੂੰ ਹੋਇਆ ਪਰ ਇਹ ਉਥੋਂ ਭੱਜ ਨਿਕਲੇ ਤੇ ਬਰਫ ਨਾਲ ਢੱਕੀਆਂ ਪਹਾੜੀਆਂ ਤੇ ਕਦੇ ਜੰਗਲਾਂ ’ਚ ਲੁਕਦੇ ਰਹੇ। ਫੌਜ ਨੇ ਆਖਰ ਅਾਪ੍ਰੇਸ਼ਨ ਰਣਦੋਰੀ ਬਹਿਕ ਦੇ ਤਹਿਤ 4 ਪੈਰਾਂ ਸਪੈਸ਼ਲ ਫੋਰਸ, 8 ਜਾਟ ਬਟਾਲੀਅਨ , 41 ਤੇ 47 ਆਰ.ਆਰ. ਬਟਾਲੀਅਨ ਦੀਆਂ ਟੁਕੜੀਆਂ ਤੋਂ ਇਲਾਵਾ ਐੱਸ.ਓ.ਜੀ. ਤੇ 160 ਟੀ ਏ ਬਟਾਲੀਅਨ ਨੇ ਸਾਂਝੇ ਤੌਰ ’ਤੇ ਛਾਣਬੀਣ ਸ਼ੁਰੂ ਕਰ ਦਿੱਤੀ ਪਰ ਅੱਤਵਾਦੀ ਬਚ ਨਿਕਲਦੇ ਗਏ। ਫਿਰ ਸੂਹੀਆ ਡਰੋਨ ਨੇ ਵੀ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ । ਹੈਲੀਕਾਪਟਰਾਂ ਦੇ ਜ਼ਰੀਏ ਸਭ ਤੋਂ ਵੱਧ ਖੂੰਖਾਰ ਸਪੈਸ਼ਲ ਕਮਾਂਡੋ ਫੋਰਸ (4 ਪੈਰਾ) ਜਿਸ ਨੇ ਕਿ ਸੰਨ 2016 ਦੀ ਸਰਜੀਕਲ ਸਟ੍ਰਾਈਕ ’ਚ ਵੀ ਹਿੱਸਾ ਲਿਆ ਸੀ, ਉਸ ਨੂੰ ਅਾਪ੍ਰੇਸ਼ਨ ਦੇ ਆਖਰੀ ਪੜਾਅ ਦੀ ਜ਼ਿੰਮੇਵਾਰੀ ਸੌਂਪੀ ਗਈ । ਤਕਰੀਬਨ 10 ਹਜ਼ਾਰ ਫੁੱਟ ਦੀ ਉਚਾਈ ਵਾਲੇ ਉੱਚ ਪਰਬਤੀ ਿਕੰਗਰੇ ਵਰਗੀ ਬਰਫੀਲੀ ਚੱਟਾਨ ਪਾਰ ਕਰਦਿਆਂ ਫਿਰ ਗਾਇਬ ਹੋ ਗਏ। ਬਰਫ ਦੇ ਤੋਦਿਆਂ ਤੋਂ ਨਿਕਲਦੇ -ਨਿਕਲਦੇ ਕਮਾਂਡੋ ਸੂਬੇਦਾਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਆਪ ਮੁਹਾਰੇ ਉਸ ਨਾਲੇ ਜਾ ਡਿਗੇ ਜਿਥੇ ਕਿ ਅੱਤਵਾਦੀ ਤਾਕ ਲਾਈ ਬੈਠੇ ਸਨ। ਸਖਤ ਮੁਕਾਬਲੇ ਦੌਰਾਨ ਹੱਥੋ-ਪਾਈ ਤਕ ਨੌਬਤ ਪਹੁੰਚ ਗਈ ਤੇ ਪੰਜਾਂ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉੱਚ ਕੋਟੀ ਦੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਸੂਬੇਦਾਰ ਸੰਜੀਵ ਕੁਮਾਰ ਸਮੇਤ 5 ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਤਿੰਨ ਹੋਰ ਜਵਾਨ ਮਿਲਟਰੀ ਹਸਪਤਾਲ ਸ਼੍ਰੀਨਗਰ ’ਚ ਦਮ ਤੋੜ ਗਏ। ਕੀ ਅਹਿਸਾਨਮੰਦ ਰਾਸ਼ਟਰ ਅਜਿਹੀ ਸ਼ਹਾਦਤ ਦੀ ਕੀਮਤ ਅਦਾ ਕਰ ਸਕਦਾ ਹੈ। ਮੈਨੂੰ ਸ਼ੱਕ ਹੈ?

ਅਫਗਾਨੀ ਸਿੱਖਾਂ ’ਤੇ ਹਮਲੇ ’ਚ ਪਾਕਿਸਤਾਨ ਸ਼ਾਮਲ

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ 25 ਮਾਰਚ ਨੂੰ ਗੁਰਦੁਆਰਾ ਹਰਿਰਾਏ ਸਾਹਿਬ ਅੰਦਰ ਸਮੁੱਚੀ ਮਾਨਵਤਾ ਨੂੰ ਕੋਰੋਨਾ ਕਹਿਰ ਤੋਂ ਬਚਾਉਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਜੁੜ ਬੈਠੀ ਨਾਨਕ ਨਾਮ ਲੇਵਾ ਸੰਗਤ ਉਪਰ ਭਿਅੰਕਰ ਅੱਤਵਾਦੀ ਹਮਲਾ ਕੀਤਾ ਗਿਆ, ਜਿਸ ਵਿਚ ਨਿਹੱਥੇ 27 ਸ਼ਰਧਾਲੂ ਮਾਰੇ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸਿਆਸੀ ਨੇਤਾਵਾਂ, ਧਾਰਮਿਕ ਆਗੂਆਂ ਤੇ ਿਸੱਖਾਂ ਦੀਆਂ ਜਥੇਬੰਦੀਆਂ ਨੇ ਪੁਰਜ਼ੋਰ ਨਿਖੇਧੀ ਕੀਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਹਮਲੇ ਦੇ ਸਾਜ਼ਿਸ਼ਕਾਰ ਦੀ ਭਾਲ ਕਰਨ ’ਤੇ ਜ਼ੋਰ ਦਿੱਤਾ। ਪਾਕਿਸਤਾਨ ਵਾਸਤੇ ਇਸ ਤੋਂ ਵੱਧ ਨਮੋਸ਼ੀ ਹੋਰ ਕੀ ਹੋ ਸਕਦੀ ਹੈ ਜਦੋਂ ਪਾਕਿਸਤਾਨ ਦਾ ਬਸ਼ਿੰਦਾ ਮੌਲਵੀ ਅਬਦੁੱਲਾ ਉਰਫ ਅਸਲਮ ਫਾਰੁਕੀ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਵਲੋਂ ਵਿਸ਼ੇਸ਼ ਮੁਹਿੰਮ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਇਕ ਵੱਖਰਾ ਵਿਸ਼ਾ ਵੀ ਹੈ।

ਬਾਜ ਵਾਲੀ ਨਜ਼ਰ

ਕੋਰੋਨਾ ਵਿਸ਼ਵ ਸੰਕਟ ਸਮੇਂ ਭਾਰਤੀ ਫੌਜ ਨੂੰ ਬਹੁਪੱਖੀ ਮੁਹਾਜ਼ਾਂ ’ਤੇ ਜੰਗ ਲੜਨੀ ਪੈ ਰਹੀ ਹੈ, ਜਿਸ ਵਿਚ ਲੁਕਵੀਂ ਜੰਗ ਤੇ ਕੋਰੋਨਾ -19 ਕਹਿਰ ਵਾਲੀ ਲੜਾਈ ਵੀ ਸ਼ਾਮਲ ਹੈ। ਜਿਥੋਂ ਤਕ ਤਕਰੀਬਨ 750 ਕਿ.ਮੀ. ਵਾਲੀ ਕੰਟਰੋਲ ਰੇਖਾ ’ਤੇ 198 ਕਿ.ਮੀ. ਅੰਤਰਰਾਸ਼ਟਰੀ ਸੀਮਾਵਰਤੀ ਜੰਮੂ-ਕਸ਼ਮੀਰ ਦੇ ਇਲਾਕੇ ਦਾ ਸਬੰਧ ਹੈ, ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਤੇ ਘੁਸਪੈਠ ਦੀਅਾਂ ਕੋਸ਼ਿਸ਼ਾਂ ਜਾਰੀ ਰੱਖ ਰਿਹਾ ਹੈ ਅਤੇ ਉਸ ਦੇ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ’ਚ ਪੈਰ ਜਮਾਈ ਬੈਠੇ ਹਨ। ਸੰਨ 2019 ’ਚ ਸੂਤਰਾਂ ਅਨੁਸਾਰ 3479 ਵਾਰੀ ਪਾਕਿਸਤਾਨੀ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਚਾਲੂ ਸਾਲ ਜਨਵਰੀ ’ਚ 367 ਵਾਰ, ਫਰਵਰੀ ’ਚ 382 ਵਾਰ ਤੇ ਮਾਰਚ ’ਚ 411 ਵਾਰ ਜੰਗਬੰਦੀ ਦੀ ਉਲੰਘਣਾ ਹੋਈ। ਅਗਰ ਬੀਤੇ ਸਾਲ ਦੇ ਇਨ੍ਹਾਂ ਤਿੰਨ ਮਹੀਨਿਆਂ ਦੇ ਵੇਰਵਿਆਂ ’ਤੇ ਝਾਤ ਮਾਰੀ ਜਾਵੇ ਤਾਂ ਕੁਲ ਅੰਕੜੇ 685 ਬਣਦੇ ਹਨ ਜਦੋਂ ਕਿ ਹੁਣ ਤਕ 1160 ਵਾਰ ਜੰਗਬੰਦੀ ਦੀ ਉਲੰਘਣਾ ਹੋ ਚੁੱਕੀ ਹੈ। ਅਾਪ੍ਰੇਸ਼ਨ ਰਣਦੋਰੀ ਬਹਿਕ ਇਹ ਿਸੱਧ ਕਰਦਾ ਹੈ ਕਿ ਘੁਸਪੈਠੀਆਂ ਨੂੰ ਸਖਤ ਸਿਖਲਾਈ, ਜੰਗੀ ਚਾਲਾਂ ਆਦਿ ’ਚ ਪਾਕਿਸਤਾਨੀ ਫੌਜ ਦੀ ਅਹਿਮ ਭੂਮਿਕਾ ਹੋਵੇਗੀ। ਅਫਗਾਨੀ ਸਿੱਖਾਂ ’ਤੇ ਹਮਲੇ ਨੂੰ ਵੀ ਨਾਲ ਜੋੜਦਿਆਂ ਇਹ ਿਸੱਧ ਹੋ ਜਾਂਦਾ ਹੈ ਕਿ ਪਾਕਿਸਤਾਨ ਨੂੰ ਰਤਾ ਵੀ ਖੁਦਾ ਦਾ ਖੌਫ ਨਹੀਂ। ਸਾਡੀ ਸਰਕਾਰ ਨੂੰ ਹਰ ਪੱਖੋਂ ਚੁਸਤ ਦਰੁਸਤ ਰਹਿਣ ਦੀ ਲੋੜ ਹੋਵੇਗੀ।


Bharat Thapa

Content Editor

Related News