ਇਮਰਾਨ ਸਰਕਾਰ ਨੂੰ ਕਾਇਮ ਰੱਖਣਾ ਪਾਕਿ ਫੌਜ ਦੀ ਮਜਬੂਰੀ

11/06/2019 1:35:39 AM

ਵਿਸ਼ਨੂੰ ਗੁਪਤ

ਇਮਰਾਨ ਖਾਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕਿਉਂ ਨਹੀਂ ਹੋਣਗੇ? ਇਮਰਾਨ ਸਰਕਾਰ ਦੇ ਭਵਿੱਖ ਨੂੰ ਸੁਰੱਖਿਅਤ ਕਿਉਂ ਮੰਨਿਆ ਜਾ ਰਿਹਾ ਹੈ? ਇਮਰਾਨ ਸਰਕਾਰ ਵਿਰੁੱਧ ਵਿਰੋਧੀ ਧਿਰ ਦੇ ਸਿਆਸੀ ਤੂਫਾਨ ਨੂੰ ਫਜ਼ੂਲ ਜਾਂ ਟੀਚਾ-ਰਹਿਤ ਕਿਉਂ ਮੰਨਿਆ ਜਾ ਰਿਹਾ ਹੈ? ਇਸ ਸਿਆਸੀ ਤੂਫਾਨ ਨੂੰ ਪਾਕਿ ਫੌਜ ਦਾ ਸਾਥ ਕਿਉਂ ਨਹੀਂ ਮਿਲਿਆ? ਕੀ ਪਾਕਿਸਤਾਨ ਦੀ ਸਿਆਸਤ ਵਿਚ ਕੱਟੜਵਾਦੀ ਧਾਰਾ ਦੀ ਜ਼ਮੀਨ ਤਿਆਰ ਹੋ ਰਹੀ ਹੈ? ਕੀ ਮੁੱਖ ਵਿਰੋਧੀ ਪਾਰਟੀ ਪੀ. ਪੀ. ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਅਤੇ ਨਵਾਜ਼ ਸ਼ਰੀਫ ਦੀ ਪਾਰਟੀ ਦੇ ਹੁਣ ਸੱਤਾ ਵਿਚ ਪਰਤਣ ਦੀ ਉਮੀਦ ਖਤਮ ਹੋ ਗਈ ਹੈ?

ਇਮਰਾਨ ਸਰਕਾਰ ਵਿਰੁੱਧ ਕੱਟੜਵਾਦੀ ਅਤੇ ਅੱਤਵਾਦ-ਸਮਰਥਕ ਮਜ਼ਹਬੀ ਨੇਤਾ ਫਜ਼ਲੁਰ ਰਹਿਮਾਨ ਨੂੰ ਇੰਨਾ ਸਮਰਥਨ ਕਿਉਂ ਮਿਲ ਰਿਹਾ ਹੈ? ਨਵਾਜ਼ ਸ਼ਰੀਫ ਅਤੇ ਬਿਲਾਲ ਭੁੱਟੋ ਦੀ ਪਾਰਟੀ ਫਜ਼ਲੁਰ ਰਹਿਮਾਨ ਦੀ ਪਿੱਛਲੱਗੂ ਕਿਉਂ ਬਣ ਗਈ ਹੈ? ਜੇ ਫਜ਼ਲੁਰ ਦੇ ਪੱਖ ਵਿਚ ਕੋਈ ਸਿਆਸੀ ਸਫ਼ਬੰਦੀ ਯਕੀਨੀ ਬਣਦੀ ਹੈ ਤਾਂ ਫਿਰ ਪਾਕਿਸਤਾਨ ਵਿਚ ਕੀ ਅੱਤਵਾਦੀ ਸੰਗਠਨ ਮਜ਼ਬੂਤ ਹੋ ਸਕਦੇ ਹਨ? ਇਮਰਾਨ ਸਰਕਾਰ ਨੂੰ ਕਾਇਮ ਰੱਖਣ ’ਚ ਪਾਕਿ ਫੌਜ ਦੀ ਕੀ ਮਜਬੂਰੀ ਹੈ? ਉਥੇ ਉੱਠੇ ਸਿਆਸੀ ਤੂਫਾਨ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਇਮਰਾਨ ਸਰਕਾਰ ਦੀ ਕਿੰਨੀ ਭਰੋਸੇਯੋਗਤਾ ਬਚੀ ਰਹੇਗੀ? ਕੀ ਫਜ਼ਲੁਰ ਰਹਿਮਾਨ ਦਾ ਇਹ ਸਿਆਸੀ ਤੂਫਾਨ ਇਮਰਾਨ ਸਰਕਾਰ ਦੀ ਕਸ਼ਮੀਰ ਦੇ ਮਾਮਲੇ ਵਿਚ ਅਸਫਲਤਾ ਦਾ ਬੁਰਾ ਨਤੀਜਾ ਮੰਨਿਆ ਜਾਣਾ ਚਾਹੀਦਾ ਹੈ? ਕੀ ਇਸ ਨਾਲ ਪਾਕਿਸਤਾਨ ਦੀ ਅਰਥ ਵਿਵਸਥਾ ਹੋਰ ਪ੍ਰਭਾਵਿਤ ਹੋਵੇਗੀ?

ਜੇ ਅਰਥ ਵਿਵਸਥਾ ਦੀ ਕਸੌਟੀ ਸਰਵਉੱਚ ਸਥਾਨ ’ਤੇ ਰਹਿੰਦੀ, ਤਾਂ ਫਿਰ ਪਾਕਿਸਤਾਨ ਵਿਚ ਅੱਤਵਾਦ, ਮਜ਼ਹਬੀ ਹਿੰਸਾ, ਕੱਟੜਵਾਦ, ਘੱਟਗਿਣਤੀਆਂ ਪ੍ਰਤੀ ਉਦਾਸੀਨਤਾ ਦੇਖਣ ਨੂੰ ਨਾ ਮਿਲਦੀ। ਕੀ ਇਹ ਸਹੀ ਨਹੀਂ ਹੈ ਕਿ ਅੱਤਵਾਦ, ਕੱਟੜਵਾਦ ਅਤੇ ਮਜ਼ਹਬੀ ਹਿੰਸਾ ਵਰਗੀ ਨਾਂਹਪੱਖੀ ਸਿਆਸਤ ਅਰਥ ਵਿਵਸਥਾ ਨੂੰ ਮਜ਼ਬੂਤ ਨਹੀਂ ਹੋਣ ਦਿੰਦੀ? ਫਜ਼ਲੁਰ ਰਹਿਮਾਨ ਦੇ ਵਿਰੋਧ ਕਾਰਣ ਪਾਕਿਸਤਾਨ ਦੀ ਸਾਖ ਇਕ ਵਾਰ ਫਿਰ ਦੁਨੀਆ ਅੰਦਰ ਬੇਭਰੋਸਗੀ ਦਾ ਸ਼ਿਕਾਰ ਹੋਈ ਹੈ ਤੇ ਨਾਲ ਹੀ ਕਮਜ਼ੋਰ ਵੀ। ਯਕੀਨੀ ਤੌਰ ’ਤੇ ਇਸ ਨਾਲ ਪਾਕਿਸਤਾਨ ਦੀ ਮੌਜੂਦਾ ਅਰਥ ਵਿਵਸਥਾ ਹੋਰ ਵੀ ਠੱਪ ਹੋਵੇਗੀ।

ਫਜ਼ਲੁਰ ਰਹਿਮਾਨ ਦਾ ਸਿਆਸੀ ਵਿਰੋਧ ਆਪਣੀ ਕਿੰਨੀ ਤਾਕਤ ਬਣਾ ਸਕਿਆ ਅਤੇ ਇਮਰਾਨ ਸਰਕਾਰ ਨੂੰ ਕਿੰਨਾ ਡਰਾ ਸਕਿਆ? ਕੀ ਭਵਿੱਖ ਵਿਚ ਇਮਰਾਨ ਖਾਨ ਅਸਤੀਫਾ ਦੇਣ ਲਈ ਮਜਬੂਰ ਹੋਣਗੇ? ਅਜਿਹੇ ਸਵਾਲ ਦੁਨੀਆ ਲਈ ਅਹਿਮ ਹੋਣਗੇ ਪਰ ਪਾਕਿਸਤਾਨ ਲਈ ਅਜਿਹੇ ਸਵਾਲ ਕੋਈ ਅਰਥ ਨਹੀਂ ਰੱਖਦੇ। ਪਾਕਿਸਤਾਨ ਦਾ ਇਹੋ ਇਤਿਹਾਸ ਹੈ ਕਿ ਉਥੇ ਹਨੇਰਗਰਦੀ ਪਸੰਦ ਕੀਤੀ ਜਾਂਦੀ ਹੈ, ਅਰਾਜਕਤਾ ਨੂੰ ਹਮਾਇਤ ਮਿਲਦੀ ਹੈ। ਭਾਰਤ ਵਰਗੀ ਜਨ-ਕ੍ਰਾਂਤੀ ਨਾ ਤਾਂ ਪਾਕਿਸਤਾਨ ਵਿਚ ਹੋ ਸਕਦੀ ਹੈ ਅਤੇ ਨਾ ਹੀ ਭਵਿੱਖ ਵਿਚ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਭਾਰਤ ਵਿਚ ਆਜ਼ਾਦੀ ਤੋਂ ਬਾਅਦ ਵੀ ਕਈ ਸਿਆਸੀ ਜਨ-ਕ੍ਰਾਂਤੀਆਂ ਹੋਈਆਂ। ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਵਰਗੀ ਤਾਨਾਸ਼ਾਹ ਸਿਆਸਤਦਾਨ ਦਾ ਪਤਨ ਜਨ-ਕ੍ਰਾਂਤੀ ਨਾਲ ਹੀ ਹੋਇਆ। ਅਰਾਜਕ ਅਤੇ ਭ੍ਰਿਸ਼ਟ ਸਰਕਾਰਾਂ ਵੋਟਾਂ ਦੀ ਜਨ-ਕ੍ਰਾਂਤੀ ਨਾਲ ਡਿੱਗਦੀਆਂ ਰਹੀਆਂ ਹਨ ਪਰ ਪਾਕਿਸਤਾਨ ਵਿਚ ਅਜਿਹੀ ਇਕ ਵੀ ਜਨ-ਕ੍ਰਾਂਤੀ ਨਹੀਂ ਹੋਈ ਅਤੇ ਵੋਟ ਕ੍ਰਾਂਤੀ ’ਤੇ ਵੀ ਪਾਕਿਸਤਾਨ ਦੀ ਫੌਜ ਦਾ ਪਹਿਰਾ ਰਿਹਾ ਹੈ।

ਇਹ ਵੀ ਸਹੀ ਹੈ ਕਿ ਕੋਈ ਵੀ ਅੰਦੋਲਨ ਉਦੋਂ ਹੀ ਸਫਲ ਹੁੰਦਾ ਹੈ, ਜਦੋਂ ਉਸ ਨੂੰ ਵਿਆਪਕ ਸਮਰਥਨ ਮਿਲੇ ਅਤੇ ਅੰਦੋਲਨਕਰਤਾ ਦਾ ਜਨ-ਆਧਾਰ ਵਿਆਪਕ ਹੋਵੇ। ਹੁਣ ਇਥੇ ਇਹ ਵੀ ਦੇਖਣਾ ਪਵੇਗਾ ਕਿ ਇਮਰਾਨ ਖਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਦੇ ਉਦੇਸ਼ ਨਾਲ ਅੰਦੋਲਨ ਕਰ ਰਹੀ ਫਜ਼ਲੁਰ ਰਹਿਮਾਨ ਦੀ ਪਾਰਟੀ ਨੂੰ ਕਿੰਨਾ ਜਨ-ਸਮਰਥਨ ਮਿਲਿਆ ਹੈ? ਇਸ ਪਾਰਟੀ ਦਾ ਜਨ-ਆਧਾਰ 2 ਪ੍ਰਮੁੱਖ ਸੂਬਿਆਂ ਅਤੇ ਪ੍ਰਮੁੱਖ ਸੱਤਾ ਦੇ ਕੇਂਦਰ ਵਿਚ ਖੜ੍ਹੀਆਂ ਜਾਤਾਂ ’ਚ ਹੈ ਜਾਂ ਨਹੀਂ? ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕਈ ਜਾਤਾਂ ਅਤੇ ਕਈ ਖੇਤਰਾਂ ਵੱਲੋਂ ਸਿਆਸਤ ਨੂੰ ਕੰਟਰੋਲ ਕੀਤਾ ਜਾਂਦਾ ਰਿਹਾ ਹੈ। ਇਹ ਜਾਤਾਂ ਹਨ ਪੰਜਾਬੀ ਅਤੇ ਸਿੰਧੀ। ਪੰਜਾਬੀਆਂ ਦੀ ਨੁਮਾਇੰਦਗੀ ਨਵਾਜ਼ ਸ਼ਰੀਫ ਕਰਦੇ ਹਨ, ਜਦਕਿ ਸਿੰਧੀਆਂ ਦੀ ਨੁਮਾਇੰਦਗੀ ਭੁੱਟੋ ਪਰਿਵਾਰ ਕਰਦਾ ਹੈ।

ਫਜ਼ਲੁਰ ਰਹਿਮਾਨ ਨਾ ਤਾਂ ਪੰਜਾਬੀ ਮੂਲ ਦੀ ਨੁਮਾਇੰਦਗੀ ਕਰਦੇ ਹਨ ਅਤੇ ਨਾ ਹੀ ਸਿੰਧੀ ਮੂਲ ਦੀ, ਇਸ ਲਈ ਉਕਤ ਤੱਥਾਂ ਦੀ ਪੜਚੋਲ ਤੋਂ ਸਾਫ ਹੁੰਦਾ ਹੈ ਕਿ ਪੂਰੇ ਪਾਕਿਸਤਾਨ ਵਿਚ ਨਾ ਤਾਂ ਫਜ਼ਲੁਰ ਦਾ ਕੋਈ ਖਾਸ ਵਜੂਦ ਹੈ ਅਤੇ ਨਾ ਹੀ ਪੂਰੇ ਦੇਸ਼ ਤੋਂ ਉਨ੍ਹਾਂ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ। ਜੇ ਅਜਿਹਾ ਹੈ ਤਾਂ ਫਿਰ ਫਜ਼ਲੁਰ ਦਾ ਅੰਦੋਲਨ ਕੋਈ ਟੀਚਾ ਕਿਵੇਂ ਹਾਸਿਲ ਕਰ ਸਕਦਾ ਹੈ?

ਪਾਕਿਸਤਾਨ ’ਚ ਫੌਜ ਦਾ ਬੋਲਬਾਲਾ

ਪਾਕਿਸਤਾਨ ਦੀ ਫੌਜ ਦੀ ਸਰਵਉੱਚਤਾ ਨੂੰ ਹੁਣ ਤਕ ਕਿਸੇ ਨੇ ਚੁਣੌਤੀ ਦੇਣ ਦੀ ਸ਼ਰੇਆਮ ਹਿੰਮਤ ਨਹੀਂ ਕੀਤੀ ਹੈ। ਉੱਡਣ ਲਈ ਜਿਹੜੇ ਸਿਆਸੀ ਖੰਭ ਫੜਫੜਾਏ, ਉਹ ਉਡਾਣ ਭਰਨ ਤੋਂ ਪਹਿਲਾਂ ਹੀ ਕੱਟ ਦਿੱਤੇ ਗਏ। ਪਾਕਿਸਤਾਨ ਦੇ ਸਿਆਸੀ ਸ਼ਾਸਕ ਫਾਂਸੀ ਦੇ ਰੱਸਿਆਂ ’ਤੇ ਟੰਗ ਦਿੱਤੇ ਗਏ ਜਾਂ ਫੌਜ ਦੀਆਂ ਜੇਲਾਂ ਵਿਚ ਬੰਦ ਕਰ ਕੇ ‘ਸਾੜ’ ਦਿੱਤੇ ਗਏ। ਨਵਾਜ਼ ਸ਼ਰੀਫ ਨੇ ਫੌਜ ਵਿਰੁੱਧ ਆਪਣੇ ਖੰਭ ਫੜਫੜਾਉਣ ਦੀ ਕੋਸ਼ਿਸ਼ ਕੀਤੀ ਸੀ। ਨਤੀਜਾ ਕੀ ਨਿਕਲਿਆ, ਸਭ ਦੇ ਸਾਹਮਣੇ ਹੈ।

ਪਾਕਿ ਫੌਜ ਨੇ ਆਪਣੀ ਮਾਰੂ ਪ੍ਰਵਿਰਤੀ ਨੂੰ ਹਥਿਆਰ ਬਣਾ ਕੇ ਨਿਆਂ ਪਾਲਿਕਾ ਨੂੰ ਵੀ ਆਪਣੇ ਚੁੰਗਲ ਵਿਚ ਲੈ ਲਿਆ ਤਾਂ ਨਿਆਂ ਪਾਲਿਕਾ ਨੇ ਨਵਾਜ਼ ਸ਼ਰੀਫ ਸਮੇਤ ਬਹੁਤ ਸਾਰੇ ਸਿਆਸਤਦਾਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਠਹਿਰਾ ਕੇ ਜੇਲਾਂ ਵਿਚ ਬੰਦ ਕਰ ਦਿੱਤਾ। ਜਦੋਂ ਨਵਾਜ਼ ਸ਼ਰੀਫ ਅਤੇ ਆਸਿਫ ਅਲੀ ਜ਼ਰਦਾਰੀ-ਬਿਲਾਲ ਭੁੱਟੋ ਸਮੇਤ ਲੱਗਭਗ ਸਾਰੇ ਨੇਤਾ ਚੋਣਾਂ ਲੜਨ ਦੇ ਅਯੋਗ ਹੋ ਗਏ, ਲੋਕਾਂ ਵਿਚ ਉਨ੍ਹਾਂ ਦਾ ਅਕਸ ਵਿਗਾੜ ਦਿੱਤਾ ਗਿਆ ਤਾਂ ਫਿਰ ਪਾਕਿਸਤਾਨ ਦੇ ਲੋਕਾਂ ਕੋਲ ਬਦਲ ਹੀ ਕੀ ਬਚਿਆ? ਅਜਿਹੀ ਸਥਿਤੀ ਵਿਚ ਪਾਕਿ ਫੌਜ ਦੀ ਕੁੱਖ ’ਚੋਂ ਇਮਰਾਨ ਖਾਨ ਵਰਗੇ ਗੈਰ-ਸਿਆਸੀ ਸ਼ਾਸਕ ਦਾ ਜਨਮ ਹੋਇਆ ਤੇ ਉਹ ਪਾਕਿਸਤਾਨ ਦੀ ਸੱਤਾ ਉੱਤੇ ਬੈਠ ਗਏ।

ਫੌਜ ਦਾ ਮੋਹਰਾ ਹੈ ਇਮਰਾਨ

ਇਮਰਾਨ ਖਾਨ ਯਕੀਨੀ ਤੌਰ ’ਤੇ ਪਾਕਿ ਫੌਜ ਦਾ ਮੋਹਰਾ ਹੈ। ਆਪਣੇ ਇਸ ਮੋਹਰੇ ਨੂੰ ਉਹ ਕਦੇ ਗੁਆਉਣਾ ਨਹੀਂ ਚਾਹੇਗੀ। ਇਮਰਾਨ ਖਾਨ ਵਰਗਾ ਫੌਜ ਦੀ ਹਾਂ ਵਿਚ ਹਾਂ ਮਿਲਾਉਣ ਵਾਲਾ ਸਿਆਸਤਦਾਨ ਹੋਰ ਕਿੱਥੇ ਮਿਲੇਗਾ? ਪਾਕਿ ਫੌਜ ਜਾਣਦੀ ਹੈ ਕਿ ਉਹ ਫੌਜ ਦੀ ਸਰਵਉੱਚਤਾ ਨੂੰ ਬਣਾਈ ਰੱਖ ਸਕਦਾ ਹੈ। ਪਾਕਿ ਫੌਜ ਨੂੰ ਭਰੋਸਾ ਹੈ ਕਿ ਜਦੋਂ ਤਕ ਉਸ ਕੋਲ ਇਮਰਾਨ ਖਾਨ ਵਰਗਾ ਸਿਆਸੀ ਮੋਹਰਾ ਹੈ, ਉਦੋਂ ਤਕ ਪੰਜਾਬੀ ਅਤੇ ਸਿੰਧੀ ਉਸ ਦੇ ਕੰਟਰੋਲ ’ਚ ਹਨ ਅਤੇ ਫਜ਼ਲੁਰ ਰਹਿਮਾਨ ਵਰਗੇ ਨੇਤਾਵਾਂ ਦੇ ਅੰਦੋਲਨ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਜਦਕਿ ਪਾਕਿਸਤਾਨ ਦੀਆਂ ਜਨ-ਭਾਵਨਾਵਾਂ ਇਮਰਾਨ ਸਰਕਾਰ ਦੇ ਵਿਰੁੱਧ ਹਨ।

ਪਾਕਿਸਤਾਨ ਦੇ ਲੋਕਾਂ ਦਾ ਮੰਨਣਾ ਹੈ ਕਿ ਕਸ਼ਮੀਰ ਦੇ ਸਵਾਲ ’ਤੇ ਇਮਰਾਨ ਖਾਨ ਦੀ ਅਸਫਲਤਾ ਘਾਤਕ ਹੈ, ਪਾਕਿਸਤਾਨ ਦੀ ਹੋਂਦ ਲਈ ਆਤਮਘਾਤੀ ਹੈ। ਇਮਰਾਨ ਦੀ ਥਾਂ ਜੇ ਕੋਈ ਹੋਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਕਸ਼ਮੀਰ ਦੇ ਸਵਾਲ ’ਤੇ ਦੁਨੀਆ ਅੰਦਰ ਉਹ ਵਿਆਪਕ ਸਮਰਥਨ ਹਾਸਿਲ ਕਰ ਸਕਦਾ ਸੀ। ਇਮਰਾਨ ਖਾਨ ਦੇ ਲੋਕਾਂ ਵਿਚ ਹਰਮਨਪਿਆਰਾ ਨਾ ਹੋਣ ਦੇ ਹੋਰ ਵੀ ਕਈ ਕਾਰਣ ਹਨ। ਸਭ ਤੋਂ ਵੱਡੀ ਗੱਲ ਤਾਂ ਅੱਤਵਾਦੀਆਂ ਅਤੇ ਮਜ਼ਹਬੀ ਜਮਾਤ ’ਤੇ ਕੰਟਰੋਲ ਹੈ, ਜਿਸ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਫੌਜ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਮਜ਼ਹਬੀ ਜਮਾਤ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੀ। ਇਸੇ ਕਾਰਣ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦੀ ਬਦਨਾਮੀ ਹੋ ਰਹੀ ਹੈ।

ਅਰਥ ਵਿਵਸਥਾ ਅਤੇ ਦੇਸ਼ ਦੇ ਵਿਕਾਸ ਲਈ ਕੌਮਾਂਤਰੀ ਪੱਧਰ ’ਤੇ ਇਮਰਾਨ ਸਰਕਾਰ ਦੀ ਭਰੋਸੇਯੋਗਤਾ, ਦੇਸ਼ ਵਿਚ ਸ਼ਾਂਤੀ ਜ਼ਰੂਰੀ ਹੈ। ਸਿਆਸੀ ਤਕਰਾਰ ਅਤੇ ਰੁਕਾਵਟਾਂ ਨਾਲ ਪਾਕਿਸਤਾਨ ਦੀ ਅਰਥ ਵਿਵਸਥਾ ਮਜ਼ਬੂਤ ਨਹੀਂ ਹੋਵੇਗੀ। ਕੌਮਾਂਤਰੀ ਪੱਧਰ ’ਤੇ ਕਰਜ਼ਾ ਦੇਣ ਵਾਲੇ ਦੇਸ਼ ਅਤੇ ਕੌਮਾਂਤਰੀ ਅਦਾਰੇ ਵੀ ਇਥੇ ਨਿਵੇਸ਼ ਕਰਨ ਜਾਂ ਕਰਜ਼ਾ ਦੇਣ ਤੋਂ ਝਿਜਕਣਗੇ। ਅੱਤਵਾਦੀ ਸੰਗਠਨਾਂ ਦੇ ਵੀ ਮਜ਼ਬੂਤ ਹੋਣ ਦਾ ਡਰ ਹੈ। ਉਹ ਇਸ ਲਈ ਕਿ ਫਜ਼ਲੁਰ ਦੇ ਅੰਦੋਲਨ ’ਚ ਅੱਤਵਾਦੀ ਸੰਗਠਨ ਤੇ ਮਜ਼ਹਬੀ ਕੱਟੜਪੰਥੀ ਲੋਕ ਸ਼ਾਮਿਲ ਹਨ। ਜੇ ਅਜਿਹੇ ਲੋਕ ਸਿਆਸੀ ਸਮਰਥਨ ਹਾਸਿਲ ਕਰਦੇ ਹਨ ਤਾਂ ਅੱਤਵਾਦ ਅਤੇ ਹਿੰਸਾ ਦੀ ਕਸੌਟੀ ’ਤੇ ਪਾਕਿਸਤਾਨ ਦੀ ਸਥਿਤੀ ਹੋਰ ਵੀ ਵਿਸਫੋਟਕ ਹੋਵੇਗੀ।

(guptvishnu@gmail.com)


Bharat Thapa

Content Editor

Related News