ਪਾਕਿਸਤਾਨ ਦੀ ਬੌਖਲਾਹਟ ਅਤੇ ਵਾਦੀ ’ਚ ਇਕ ਅਣਦੇਖੀ ਬੇਚੈਨੀ

08/10/2019 7:13:01 AM

ਹਰੀ ਜੈਸਿੰਘ
ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਨਾ ਨਿਸ਼ਚਿਤ ਤੌਰ ’ਤੇ ਨਰਿੰਦਰ ਮੋਦੀ ਸਰਕਾਰ ਦਾ ਇਕ ਮਾਸਟਰ ਸਟ੍ਰੋਕ ਹੈ। ਜੰਮੂ-ਕਸ਼ਮੀਰ ’ਚ ਇਤਿਹਾਸ ਦੇ 70 ਸਾਲਾਂ ਨੂੰ ਪਣਪਣ ਲਈ ਕਾਫੀ ਹਿੰਮਤ ਅਤੇ ਸਿਆਸੀ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ। ਫਿਰ ਵੀ ਵਾਦੀ ’ਚ ਪੇਚੀਦਗੀਆਂ ਨੂੰ ਦੇਖਦੇ ਹੋਏ ਅਸੀਂ ਯਕੀਨੀ ਨਹੀਂ ਹੋ ਸਕਦੇ ਕਿ ਭਵਿੱਖ ਦੇ ਗਰਭ ’ਚ ਕੀ ਹੈ? ਭਾਰਤ ਦੇ ਕਦਮ ’ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪੱਤਰਕਾਰ ਦੋਸਤਾਂ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਵਾਦੀ ’ਚ ਇਕ ਅਣਦੇਖੀ ਬੇਚੈਨੀ ਹੈ।

ਜਿਵੇਂ ਕਿ ਮੈਂ ਸਮਝਦਾ ਹਾਂ, ਇਤਿਹਾਸ ਘਟਨਾਚੱਕਰਾਂ ਦੇ ਰਿਕਾਰਡ ਤੋਂ ਕਿਤੇ ਵੱਧ ਹੈ। ਇਹ ਇਕ ਅਜਿਹਾ ਮਾਧਿਅਮ ਹੈ, ਜੋ ਘਟਨਾਚੱਕਰਾਂ ’ਤੇ ਨਜ਼ਰ ਰੱਖਦਾ ਹੈ ਅਤੇ ਉਨ੍ਹਾਂ ਦੀ ਸਮੀਖਿਆ ਕਰਦਾ ਹੈ। ਭਵਿੱਖ ਦੀ ਪੀੜ੍ਹੀ ਲਈ ਉਨ੍ਹਾਂ ਦਾ ਵਰਗੀਕਰਨ ਅਤੇ ਵਿਸ਼ਲੇਸ਼ਣ ਕਰਦਾ ਹੈ। ਜੋ ਇਤਿਹਾਸ ਤੋਂ ਸਬਕ ਲੈਂਦੇ ਹਨ, ਉਹ ਇਸ ਨੂੰ ਦੁਹਰਾਉਂਦੇ ਨਹੀਂ, ਜੋ ਨਹੀਂ ਸਿੱਖ ਸਕਦੇ, ਉਨ੍ਹਾਂ ਦੀ ਦੁਹਰਾਉਣ ਲਈ ਆਲੋਚਨਾ ਕੀਤੀ ਜਾਂਦੀ ਹੈ। ਇਸ ਵਿਚ ਨਵੀਂ ਦਿੱਲੀ ਸਥਿਤ ਸੱਤਾ ਅਦਾਰੇ ਦੀ ਤ੍ਰਾਸਦੀ ਨਿਹਿੱਤ ਹੈ। ਜੰਮੂ-ਕਸ਼ਮੀਰ ’ਚ ਪੇਚੀਦਾ ਸਥਿਤੀ ਨੂੰ ਲੈ ਕੇ ਕੇਂਦਰੀ ਨੇਤਾਵਾਂ ਵਲੋਂ ਫੈਸਲਾ ਲੈਣ ਦੀ ਪ੍ਰਕਿਰਿਆ ਦੀ ਗੁਣਵੱਤਾ ਹਮੇਸ਼ਾ ਹੀ ਇਕਤਰਫਾ ਰਹੀ ਹੈ। ਇਸ ਲਈ ਅਸੀਂ ਕਦੇ ਵੀ ਵਰਤਮਾਨ ਦੀ ਰੌਸ਼ਨੀ ’ਚ ਬੀਤ ਚੁੱਕੇ ਕੱਲ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਦੇ ਸਮਰੱਥ ਨਹੀਂ ਹੁੰਦੇ।

ਕਾਂਗਰਸ ਨੇ ਅਤੀਤ ਤੋਂ ਸਬਕ ਨਹੀਂ ਸਿੱਖਿਆ

ਪ੍ਰਤੱਖ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਨੂੰ ਵੱਖਵਾਦੀ ਰਾਜਨੀਤੀ ਲਈ ਧਾਰਮਿਕ ਮਜਬੂਰੀਆਂ ’ਚ ਨਹੀਂ ਬੱਝਣ ਦਿੱਤਾ। ਪ੍ਰਤੱਖ ਤੌਰ ’ਤੇ ਉਹ ਰਾਸ਼ਟਰੀ ਪਰਿਪੇਖ ਤੋਂ ਨਿਰਦੇਸ਼ਿਤ ਸਨ ਅਤੇ ਵੱਖਵਾਦੀਆਂ ਦੇ ਸਿਆਸੀ ਮੰਚ ’ਤੇ ਰੋਕ ਲਾਉਂਦੇ ਹੋਏ ਉਸ ਨੂੰ ਸਰਵਵਿਆਪੀ ਕਾਂਗਰਸ ਤੋਂ ਪਰ੍ਹੇ ਕਰ ਦਿੱਤਾ। ਵੱਖ-ਵੱਖ ਕਾਰਕਾਂ ਵਿਚਾਲੇ, ਜੰਮੂ-ਕਸ਼ਮੀਰ ’ਚ ਵੱਖਵਾਦ ਅਤੇ ਅੱਤਵਾਦ ਵਿਚਾਲੇ ਕਿਸੇ ਵੀ ਤਰੀਕੇ ਨਾਲ ਸੂਬੇ ਨੂੰ ਹੜੱਪਣ ਦੀ ਪਾਕਿਸਤਾਨੀ ਮਾਨਸਿਕਤਾ ਦੇ ਕਾਰਣ ਬੀਜੇ ਗਏ ਸਨ। ਅਫਸੋਸ ਦੀ ਗੱਲ ਹੈ ਕਿ ਕੁਝ ਕਾਂਗਰਸੀ ਨੇਤਾਵਾਂ ਦੀਆਂ ਭਟਕੀਆਂ ਹੋਈਆਂ ਪ੍ਰਤੀਕਿਰਿਆਵਾਂ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਇਤਿਹਾਸਿਕ ਪਾਰਟੀ ਨੇ ਆਪਣੀਆਂ ਅਤੀਤ ਦੀਆਂ ਭੁੱਲਾਂ ਤੋਂ ਸਬਕ ਨਹੀਂ ਸਿੱਖਿਆ ਹੈ।

ਕਸ਼ਮੀਰ ਦੀ ਸਮੱਸਿਆ ਨਾਲ ਨਜਿੱਠਣ ਦੌਰਾਨ ਸਾਡੇ ਨੇਤਾਵਾਂ ਨੇ ਕਈ ਗਲਤੀਆਂ ਕੀਤੀਆਂ ਹਨ। ਇਕ ਸੀ ਕਸ਼ਮੀਰ ਨੂੰ ਭਾਰਤ ਵਿਚ ਮਿਲਾਉਣ ਦੇ ਸਵਾਲ ’ਤੇ ਜਵਾਹਰ ਲਾਲ ਨਹਿਰੂ ਦਾ ਦੇਰ ਨਾਲ ਲਿਆ ਗਿਆ ਫੈਸਲਾ। ਇਸੇ ਦੇਰੀ ਨੇ ਪਾਕਿਸਤਾਨ ਨੂੰ ਹਮਲਾ ਕਰਨ ਦੇ ਸਮਰੱਥ ਬਣਾਇਆ ਹੈ, ਜਿਸ ਦਾ ਨਤੀਜਾ ਬਾਅਦ ’ਚ ਕਸ਼ਮੀਰ ਸਮੱਸਿਆ ਦੇ ਰੂਪ ’ਚ ਨਿਕਲਿਆ।

ਬਿਨਾਂ ਸ਼ੱਕ ਨਹਿਰੂ ਇਕ ਮਹਾਨ ਵਿਅਕਤੀ ਸਨ ਪਰ ਸਾਰੇ ਮਹਾਨ ਵਿਅਕਤੀਆਂ ਵਾਂਗ ਉਨ੍ਹਾਂ ਦੀਆਂ ਵੀ ਆਪਣੀਆਂ ਕਮਜ਼ੋਰੀਆਂ ਸਨ। ਸ਼ੇਖ ਅਬਦੁੱਲਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਨੇ ਮਹਾਰਾਜਾ ਹਰੀ ਸਿੰਘ ਦੇ ਮਨ ਵਿਚ ਇਕ ਤਰ੍ਹਾਂ ਦਾ ਡਰ ਪੈਦਾ ਕਰ ਦਿੱਤਾ, ਜੋ ਸ਼ੇਖ ਵਲੋਂ ਅਪਮਾਨਿਤ ਨਹੀਂ ਹੋਣਾ ਚਾਹੁੰਦੇ ਸਨ। ਖੈਰ, ਮਹਾਰਾਜਾ ਨੇ ਉਦੋਂ ਤਕ ਉਡੀਕ ਕੀਤੀ, ਜਦੋਂ ਤਕ ਪਾਕਿਸਤਾਨ ਵਲੋਂ ਭੇਜੇ ਗਏ ਕਬਾਇਲੀਆਂ ਦੇ ਹਮਲੇ ਉਨ੍ਹਾਂ ਦੇ ਦਰਵਾਜ਼ੇ ਤਕ ਨਹੀਂ ਪਹੁੰਚ ਗਏ। ਇਸ ਤੋਂ ਬਾਅਦ ਰਿਆਸਤ ਨੂੰ ਭਾਰਤ ’ਚ ਸ਼ਾਮਿਲ ਕਰਨ ਸਬੰਧੀ ਸਮਝੌਤੇ ’ਤੇ ਦਸਤਖਤ ਕੀਤੇ ਗਏ ਪਰ ਇਕ ਕੀਮਤ ’ਤੇ ਕਿਉਂਕਿ ਨਹਿਰੂ ਨੂੰ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਨੇ ਗੁੰਮਰਾਹ ਕੀਤਾ।

ਸ਼ਾਇਦ ‘ਕਸ਼ਮੀਰ ਦਾ ਸ਼ੇਰ’ ਸ਼ੇਖ ਅਬਦੁੱਲਾ ਸਹੀ ਅਰਥਾਂ ’ਚ ਧਰਮ ਨਿਰਪੱਖ ਨਹੀਂ ਸੀ। ਉਨ੍ਹਾਂ ਨੇ ਜੰਮੂ ਅਤੇ ਲੱਦਾਖ ਜਾਂ ਹਿੰਦੂ ਅਤੇ ਬੋਧੀਆਂ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ। ਉਨ੍ਹਾਂ ਦੀ ਚਿੰਤਾ ਮੁੱਖ ਤੌਰ ’ਤੇ ਵਾਦੀ ਦੇ ਮੁਸਲਮਾਨਾਂ ਲਈ ਸੀ। ਉਨ੍ਹਾਂ ਨੇ ਭਾਰਤ ਵਿਚ ਸ਼ਾਮਿਲ ਹੋਣ ਦਾ ਬਦਲ ਇਸ ਲਈ ਚੁਣਿਆ ਕਿਉਂਕਿ ਉਨ੍ਹਾਂ ਲਈ ਪਾਕਿਸਤਾਨ ’ਚ ਕੋਈ ਜਗ੍ਹਾ ਨਹੀਂ ਸੀ। ਉਨ੍ਹਾਂ ਨੇ ਜਿੱਨਾਹ ਅਤੇ ਉਸ ਦੇਸ਼ ਦੇ ਹੋਰਨਾਂ ਨੇਤਾਵਾਂ ਨਾਲ ਆਪਣੇ ਸਬੰਧਾਂ ਨੂੰ ਖਤਮ ਕਰ ਦਿੱਤਾ ਸੀ।

ਖ਼ੁਦਮੁਖਤਿਆਰੀ ਦੇ ਨਾਂ ’ਤੇ ਰਿਆਇਤਾਂ

ਜੇਕਰ ਕਸ਼ਮੀਰ ਸਮੱਸਿਆ ਬਣੀ ਤਾਂ ਉਸ ਦਾ ਕਾਰਣ ਇਹ ਸੀ ਕਿ ਭਾਰਤੀ ਨੇਤਾਵਾਂ ਨੇ ਇਕ ਕਾਲਪਨਿਕ ਦੁਨੀਆ ’ਚ ਰਹਿਣਾ ਚੁਣਿਆ। ਸਾਨੂੰ ਨਹੀਂ ਪਤਾ ਸੀ ਕਿ ਕਿਵੇਂ ਇਕ ‘ਮੁਸਲਿਮ ਬਹੁਗਿਣਤੀ’ ਸੂਬੇ ਨਾਲ ਨਜਿੱਠਣਾ ਹੈ? ਅਸੀਂ ਨਿੱਜੀ ਕਾਰਕਾਂ ਨੂੰ ਰਾਸ਼ਟਰੀ ਮੁੱਦਿਆਂ ਦਾ ਨਿਰਧਾਰਨ ਕਰਨ ਦੀ ਇਜਾਜ਼ਤ ਦਿੱਤੀ। ਅਸੀਂ ਸੋਚਿਆ ਕਿ ਖ਼ੁਦਮੁਖਤਿਆਰੀ ਦੇ ਨਾਂ ’ਤੇ ਰਿਆਇਤਾਂ ਹੀ ਰਿਆਇਤਾਂ ਦੇ ਕੇ ਕਸ਼ਮੀਰੀ ਮੁਸਲਮਾਨਾਂ ਦੀ ਵਫ਼ਾਦਾਰੀ ਖਰੀਦੀ ਜਾਵੇ।

ਦੋ ਰਾਸ਼ਟਰਾਂ ਦੇ ਸਿਧਾਂਤ ਕਾਰਣ ਵੰਡ ਤੋਂ ਬਾਅਦ ਵੀ ਅਸੀਂ ਧਾਰਾ-370 ਲਾਗੂ ਕਰ ਕੇ ਜੰਮੂ-ਕਸ਼ਮੀਰ ਦੇ ਵਖਰੇਵੇਂ ਨੂੰ ਸਵੀਕਾਰ ਕੀਤਾ। ਇਹ ਬਹੁਤ ਵੱਡੀ ਗਲਤੀ ਸੀ। ਅਸੀਂ ਬਹੁਤ ਅੱਗੇ ਚਲੇ ਗਏ। ਅਸੀਂ ਗੋਆ, ਨਾਗਾਲੈਂਡ, ਮਿਜ਼ੋਰਮ ਅਤੇ ਕੁਝ ਹੋਰ ਸੂਬਿਆਂ ਨੂੰ ਰਿਆਇਤਾਂ ਦਿੱਤੀਆਂ ਪਰ ਸਿਰਫ ਕਸ਼ਮੀਰ ਘਾਟੀ ਅਤ੍ਰਿਪਤ ਬਣੀ ਰਹੀ। ਇਸ ਦੀ ਖੁਦਮੁਖਤਿਆਰੀ ਦੀ ਮੰਗ ਸਮੇਂ ਦੇ ਨਾਲ ਵਖਰੇਵੇਂ ਲਈ ਮੰਗ ਵਿਚ ਬਦਲ ਗਈ। ਉੱਚ ਨੇਤਾਵਾਂ ਦੀ ਇਹ ਗਲਤੀ ਸੀ ਕਿ ਉਨ੍ਹਾਂ ਨੇ ਗੁੱਸੇ ਨੂੰ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਹਾਵੀ ਹੋਣ ਦਿੱਤਾ। ਆਪਣੀਆਂ ਅਤੀਤ ਦੀਆਂ ਗਲਤੀਆਂ ਲਈ ਅਸੀਂ ਪਹਿਲਾਂ ਹੀ ਬਹੁਤ ਭਾਰੀ ਕੀਮਤ ਚੁਕਾ ਚੁੱਕੇ ਹਾਂ।

ਸ਼ੇਖ ਅਬਦੁੱਲਾ ’ਤੇ ਗੈਰ-ਜ਼ਰੂਰੀ ਨਿਰਭਰਤਾ

ਕਸ਼ਮੀਰ ’ਚ ਸ਼ੇਖ ’ਤੇ ਗੈਰ-ਜ਼ਰੂਰੀ ਨਿਰਭਰਤਾ ਹੀ ਸੀ, ਜਿਸ ਨੇ ਸਾਨੂੰ ਇਸ ਅਪ੍ਰਿਯ ਸਥਿਤੀ ਵਿਚ ਪਹੁੰਚਾ ਦਿੱਤਾ। ਬਿਨਾਂ ਸ਼ੱਕ ਸ਼ੇਖ ਆਪਣੇ ਲੋਕਾਂ ’ਚ ਇਕ ਵੱਡੇ ਨੇਤਾ ਸਨ। ਇਹ ਉਨ੍ਹਾਂ ਨੂੰ ‘ਨਾਇਕ’ ਬਣਾਉਣ ਦਾ ਕੋਈ ਕਾਰਣ ਨਹੀਂ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ‘ਭਾਰਤੀ’ ਬੁਲਾਏ ਜਾਣ ਤੋਂ ਇਨਕਾਰ ਕਰ ਦਿੱਤਾ। ਤ੍ਰਾਸਦੀ ਦੇਖੋ ਕਿ ਅੱਜ ਉਨ੍ਹਾਂ ਦੇ ਮਕਬਰੇ ’ਚ ਉਨ੍ਹਾਂ ਦੀ ਰੱਖਿਆ ਇਕ ਭਾਰਤੀ ਰੈਜੀਮੈਂਟ ਕਰਦੀ ਹੈ।

ਇਕ ਪੂਰੇ ਦ੍ਰਿਸ਼ ’ਚ ਕਸ਼ਮੀਰ ਦੀ ਸਥਿਤੀ ਅਤਿਅੰਤ ਧਮਾਕਾਖੇਜ਼ ਹੈ ਕਿਉਂਕਿ ਪਾਕਿਸਤਾਨ, ਜੋ ਹੁਣ ਹੱਕਾ-ਬੱਕਾ ਰਹਿ ਗਿਆ ਹੈ, ਗੁੱਝੀ ਜੰਗ ਦੀ ਆਪਣੀ ਪੁਰਾਣੀ ਖੇਡ ਖੇਡ ਰਿਹਾ ਹੈ ਅਤੇ ਵਾਦੀ ’ਚ ਸਰਹੱਦ ਪਾਰੋਂ ਟ੍ਰੇਂਡ ਅੱਤਵਾਦੀਆਂ ਨੂੰ ਭੇਜਣ ਲਈ ਜੀਅ-ਤੋੜ ਕੋਸ਼ਿਸ਼ ਕਰ ਰਿਹਾ ਹੈ।

ਭਾਰਤੀ ਸੱਤਾ ਅਦਾਰੇ ਨੂੰ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਇਸ ਨੂੰ ਸ਼ੱਕੀ ਸਿਆਸਤਦਾਨਾਂ ਵਲੋਂ ਨਿਰਦੇਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ। ਨਾ ਹੀ ਅਜਿਹੀਆਂ ਪਾਰਟੀਆਂ ਵਲੋਂ, ਜੋ ਸਿਰਫ ਫਿਰਕੂ ਸੋਚ ’ਤੇ ਆਧਾਰਿਤ ਹਨ, ਸਗੋਂ ਸਾਡੀ ਧਰਮ ਨਿਰਪੱਖ ਵਿਚਾਰਧਾਰਾ ਨਾਲ।

ਦਰਅਸਲ, ਅਜਿਹੇ ਸਿਆਸਤਦਾਨਾਂ, ਜਿਨ੍ਹਾਂ ਨੂੰ ਆਮ ਤੌਰ ’ਤੇ ਜ਼ਿਆਦਾਤਰ ਮਾਮਲਿਆਂ ਦੀ ਜਾਣਕਾਰੀ ਨਹੀਂ ਹੁੰਦੀ, ਨੇ ਨਾ ਤਾਂ ਸਿਰਫ ਲੋਕਾਂ ਨੂੰ ਦੁਚਿੱਤੀ ਵਿਚ ਪਾਇਆ ਹੈ, ਸਗੋਂ ਸਮਝੌਤੇ, ਸਿਆਸੀ ਅਤੇ ਸਮਾਜਿਕ, ਦੀ ਆਮ ਪ੍ਰਕਿਰਿਆ ਨੂੰ ਵੀ ਅਸੰਭਵ ਬਣਾਇਆ ਹੈ। ਉਹ ਹਰੇਕ ਪੇਚੀਦਾ ਸਮੱਸਿਆ ਨੂੰ ਆਮ ਵਾਂਗ ਕਮਜ਼ੋਰ ਬਣਾਉਣ ਲਈ ਜ਼ਿੰਮੇਵਾਰ ਹਨ।

ਸਾਨੂੰ ਅਤੀਤ ਦੇ ਤਜਰਬਿਆਂ ਤੋਂ ਸਿੱਖਣਾ ਪਵੇਗਾ। ਸਾਨੂੰ ਆਪਣੀ ਵਿਰਾਸਤ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ’ਤੇ ਮਾਣ ਕਰਨਾ ਚਾਹੀਦਾ ਹੈ। ਕਸ਼ਮੀਰ ਲਈ ਭਾਰਤ ਦੇ ਸਟੈਂਡ ਦੇ ਕੁਝ ਵੀ ਉਲਟ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਭਾਰਤ ਦੀਆਂ ਉਪਲੱਬਧੀਆਂ, ਇਸ ਦੀ ਸਮਝ ਅਤੇ ਸਹਿਣਸ਼ੀਲਤਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜੋ ‘ਇਸਲਾਮ ਨੂੰ ਵਧਣ-ਫੁੱਲਣ’ ਲਈ ਜਗ੍ਹਾ ਮੁਹੱਈਆ ਕਰਵਾਉਂਦੀਆਂ ਹਨ। ਇਥੋਂ ਤਕ ਕਿ ਇਕ ਪਾਕਿਸਤਾਨੀ ਵਿਦਵਾਨ ਡਾ. ਅਕਬਰ ਅਹਿਮਦ ਨੇ ਕਿਹਾ ਸੀ ਕਿ ‘‘ਇਹ ਭਾਰਤ ’ਚ ਸੀ ਕਿ ਹਿੰਦੂ ਸੱਭਿਅਤਾ ਦੇ ਨਾਲ ਸੰਪਰਕ ਵਿਚ ਰਹਿੰਦੇ ਹੋਏ ਇਸਲਾਮ ਵਧਿਆ-ਫੁੱਲਿਆ।’’

ਅੱਗੇ ਦੇਖਦੇ ਹੋਏ, ਵਾਦੀ ’ਚ ਲੋਕਾਂ ਦੀ ਜਮਹੂਰੀ ਪ੍ਰਕਿਰਿਆ ’ਚ ਕੋਈ ਸ਼ਾਰਟਕੱਟ ਨਹੀਂ ਹੋ ਸਕਦਾ। ਪਾਕਿ ਸਪਾਂਸਰਡ ਅੱਤਵਾਦ ਦੀਆਂ ਬੰਦੂਕਾਂ ਨੂੰ ਚੁੱਪ ਕਰਵਾਉਣ ਲਈ ਸ਼ਾਂਤੀਪੂਰਨ ਪ੍ਰਕਿਰਿਆਵਾਂ ਵਿਕਸਿਤ ਕਰਨੀਆਂ ਪੈਣਗੀਆਂ। ਇਸ ਉਦੇਸ਼ ਲਈ ਇਕ ਕੀਮਤ ਅਤੇ ਵਿਅਕਤੀਆਂ, ਮਾਮਲਿਆਂ ਅਤੇ ਮੁੱਦਿਆਂ ਪ੍ਰਤੀ ਇਕ ਦ੍ਰਿੜ੍ਹ ਨਿਸ਼ਚਾ ਹੋਣਾ ਚਾਹੀਦਾ ਹੈ। ਇਕ ਨਵਾਂ ਕਸ਼ਮੀਰ ਬਣਾਉਣ ਲਈ ਮੋਦੀ ਸਰਕਾਰ ਸਾਹਮਣੇ ਇਕ ਵੱਡੀ ਚੁਣੌਤੀ ਹੈ।
 


Bharat Thapa

Content Editor

Related News