ਸ਼੍ਰੀਰਾਮ ਮੰਦਰ ਦੇ ਨਿਰਮਾਣ ਦਾ ਅਵਸਰ ਰਾਸ਼ਟਰੀ ਸ਼ਾਨ ਦੇ ਪੁਨਰ-ਜਾਗਰਣ ਦਾ ਪ੍ਰਤੀਕ ਹੈ

Sunday, Jan 21, 2024 - 01:24 PM (IST)

ਸ਼੍ਰੀਰਾਮ ਮੰਦਰ ਦੇ ਨਿਰਮਾਣ ਦਾ ਅਵਸਰ ਰਾਸ਼ਟਰੀ ਸ਼ਾਨ ਦੇ ਪੁਨਰ-ਜਾਗਰਣ ਦਾ ਪ੍ਰਤੀਕ ਹੈ

ਸਾਡੇ ਭਾਰਤ ਦਾ ਇਤਿਹਾਸ ਪਿਛਲੇ ਲਗਭਗ 1500 ਸਾਲਾਂ ਤੋਂ ਹਮਲਾਵਰਾਂ ਨਾਲ ਲਗਾਤਾਰ ਜੱਦੋ-ਜਹਿਦ ਦਾ ਇਤਿਹਾਸ ਹੈ। ਸ਼ੁਰੂਆਤੀ ਹਮਲਿਆਂ ਦਾ ਉਦੇਸ਼ ਲੁੱਟ-ਮਾਰ ਕਰਨਾ ਅਤੇ ਕਦੇ-ਕਦੇ (ਜਿਵੇਂ ਸਿਕੰਦਰ ਦਾ ਹਮਲਾ) ਆਪਣਾ ਰਾਜ ਸਥਾਪਿਤ ਕਰਨ ਹੁੰਦਾ ਸੀ ਪਰ ਇਸਲਾਮ ਦੇ ਨਾਂ ’ਤੇ ਪੱਛਮ ਤੋਂ ਹੋਏ ਹਮਲੇ ਇਸ ਸਮਾਜ ਦੀ ਮੁਕੰਮਲ ਤਬਾਹੀ ਅਤੇ ਵੱਖਵਾਦ ਹੀ ਲੈ ਕੇ ਆਏ। ਦੇਸ਼-ਸਮਾਜ ਨੂੰ ਨਿਰਾਸ਼ ਕਰਨ ਲਈ ਸਮਾਜ ਦੀਆਂ ਧਾਰਮਿਕ ਥਾਵਾਂ ਨੂੰ ਤਬਾਹ ਕਰਨਾ ਜ਼ਰੂਰੀ ਸੀ, ਇਸ ਲਈ ਵਿਦੇਸ਼ੀ ਧਾੜਵੀਆਂ ਨੇ ਭਾਰਤ ਦੇ ਮੰਦਰਾਂ ਨੂੰ ਵੀ ਤਬਾਹ ਕਰ ਦਿੱਤਾ। ਅਜਿਹਾ ਉਨ੍ਹਾਂ ਨੇ ਇਕ ਵਾਰੀ ਨਹੀਂ ਸਗੋਂ ਅਨੇਕਾਂ ਵਾਰ ਕੀਤਾ। ਉਨ੍ਹਾਂ ਦਾ ਮੰਤਵ ਭਾਰਤੀ ਸਮਾਜ ਨੂੰ ਨਿਰਾਸ਼ ਕਰਨਾ ਸੀ ਤਾਂ ਕਿ ਭਾਰਤੀ ਪੱਕੇ ਤੌਰ ’ਤੇ ਕਮਜ਼ੋਰ ਹੋ ਜਾਣ ਅਤੇ ਉਹ ਉਨ੍ਹਾਂ ’ਤੇ ਨਿਰਵਿਘਨ ਰਾਜ ਕਰ ਸਕਣ।

ਅਯੁੱਧਿਆ ਵਿਚ ਸ਼੍ਰੀ ਰਾਮ ਮੰਦਰ ਨੂੰ ਢਾਹੁਣਾ ਵੀ ਉਸੇ ਇਰਾਦੇ ਨਾਲ ਅਤੇ ਉਸੇ ਮਕਸਦ ਨਾਲ ਕੀਤਾ ਗਿਆ ਸੀ। ਹਮਲਾਵਰਾਂ ਦੀ ਇਹ ਨੀਤੀ ਸਿਰਫ਼ ਅਯੁੱਧਿਆ ਜਾਂ ਕਿਸੇ ਇਕ ਮੰਦਰ ਤੱਕ ਸੀਮਤ ਨਹੀਂ ਸੀ, ਸਗੋਂ ਪੂਰੀ ਦੁਨੀਆ ਲਈ ਸੀ।

ਭਾਰਤੀ ਸ਼ਾਸਕਾਂ ਨੇ ਕਦੇ ਕਿਸੇ ’ਤੇ ਵੀ ਹਮਲਾ ਨਹੀਂ ਕੀਤਾ ਪਰ ਸੰਸਾਰ ਦੇ ਹਾਕਮਾਂ ਨੇ ਆਪਣੇ ਰਾਜ ਦੇ ਵਿਸਥਾਰ ਲਈ ਹਮਲਾਵਰ ਹੋ ਕੇ ਅਜਿਹੇ ਕੁਕਰਮ ਕੀਤੇ ਹਨ ਪਰ ਇਨ੍ਹਾਂ ਦਾ ਭਾਰਤ ’ਤੇ ਉਨ੍ਹਾਂ ਦੀ ਉਮੀਦ ਅਨੁਸਾਰ ਅਜਿਹਾ ਨਤੀਜਾ ਨਹੀਂ ਆਇਆ ਜਿਸ ਦੀ ਆਸ ਉਹ ਲਗਾਈ ਬੈਠੇ ਸਨ। ਇਸ ਦੇ ਉਲਟ ਭਾਰਤ ਵਿਚ ਸਮਾਜ ਦਾ ਵਿਸ਼ਵਾਸ, ਵਫਾਦਾਰੀ ਅਤੇ ਮਨੋਬਲ ਕਦੇ ਘੱਟ ਨਹੀਂ ਹੋਇਆ, ਸਮਾਜ ਝੁਕਿਆ ਨਹੀਂ। ਸਮਾਜ ਵੱਲੋਂ ਜਵਾਬੀ ਜੱਦੋ-ਜਹਿਦ ਨਿਰੰਤਰ ਚਲਦੀ ਰਹੀ। ਇਸ ਕਾਰਨ ਸ਼੍ਰੀ ਰਾਮ ਜਨਮ ਸਥਾਨ ’ਤੇ ਮੁੜ-ਮੁੜ ਕਬਜ਼ਾ ਕਰ ਕੇ ਉੱਥੇ ਮੰਦਰ ਬਣਾਉਣ ਦਾ ਲਗਾਤਾਰ ਯਤਨ ਕੀਤਾ ਗਿਆ। ਉਸ ਲਈ ਬਹੁਤ ਸਾਰੀਆਂ ਲੜਾਈਆਂ, ਸੰਘਰਸ਼ ਅਤੇ ਕੁਰਬਾਨੀਆਂ ਹੋਈਆਂ ਅਤੇ ਰਾਮ ਜਨਮ ਭੂਮੀ ਮੰਦਰ ਦਾ ਮੁੱਦਾ ਹਿੰਦੂਆਂ ਦੇ ਮਨਾਂ ਵਿਚ ਲਗਾਤਾਰ ਬਣਿਆ ਰਿਹਾ।

1857 ਵਿਚ ਵਿਦੇਸ਼ੀ ਅਰਥਾਤ ਬਰਤਾਨਵੀ ਹਕੂਮਤ ਵਿਰੁੱਧ ਯੁੱਧ ਦੀਆਂ ਵਿਉਂਤਬੰਦੀਆਂ ਬਣਾਈਆਂ ਜਾਣ ਲੱਗੀਆਂ ਤਾਂ ਇਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਮਿਲ ਕੇ ਉਨ੍ਹਾਂ ਵਿਰੁੱਧ ਲੜਨ ਦੀ ਤਿਆਰੀ ਵਿਖਾਈ ਅਤੇ ਓਦੋਂ ਇਨ੍ਹਾਂ ਦੋਵਾਂ ਵਿਚਾਲੇ ਵਿਚਾਰ-ਵਟਾਂਦਰਾ ਹੋਇਆ। ਉਸ ਸਮੇਂ ਗਊ ਹੱਤਿਆ ਬੰਦੀ ਅਤੇ ਸ਼੍ਰੀ ਰਾਮ ਜਨਮ ਭੂਮੀ ’ਤੇ ਸੁਲਹ ਹੋ ਜਾਵੇਗੀ, ਅਜਿਹੀ ਸਥਿਤੀ ਬਣ ਗਈ। ਬਹਾਦੁਰ ਸ਼ਾਹ ਜ਼ਫ਼ਰ ਨੇ ਆਪਣੇ ਐਲਾਨ ਪੱਤਰ ਵਿਚ ਗਊ ਹੱਤਿਆ ’ਤੇ ਪਾਬੰਦੀ ਨੂੰ ਵੀ ਸ਼ਾਮਲ ਕੀਤਾ। ਇਸ ਲਈ ਸਾਰਾ ਸਮਾਜ ਇਕਮੁੱਠ ਹੋ ਕੇ ਲੜਿਆ। ਉਸ ਯੁੱਧ ਵਿਚ ਭਾਰਤੀਆਂ ਨੇ ਬਹਾਦਰੀ ਦਿਖਾਈ ਪਰ ਬਦਕਿਸਮਤੀ ਨਾਲ ਇਹ ਲੜਾਈ ਅਸਫਲ ਰਹੀ ਅਤੇ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ। ਬਰਤਾਨਵੀ ਰਾਜ ਨਿਰਵਿਘਨ ਚਲਦਾ ਰਿਹਾ ਪਰ ਸ਼੍ਰੀ ਰਾਮ ਮੰਦਰ ਲਈ ਜੱਦੋ-ਜਹਿਦ ਨਹੀਂ ਰੁਕੀ।

ਅੰਗਰੇਜਾਂ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ, ਜੋ ਪਹਿਲਾਂ ਤੋਂ ਚੱਲੀ ਆ ਰਹੀ ਸੀ, ਇਸ ਦੇਸ਼ ਦੇ ਸੁਭਾਅ ਅਨੁਸਾਰ ਹੋਰ ਸਖ਼ਤ ਹੁੰਦੀ ਗਈ। ਏਕੇ ਨੂੰ ਤੋੜਨ ਲਈ ਅੰਗਰੇਜਾਂ ਨੇ ਸੰਘਰਸ਼ ਦੇ ਨਾਇਕਾਂ ਨੂੰ ਅਯੁੱਧਿਆ ਵਿਖੇ ਫਾਂਸੀ ਦੇ ਦਿੱਤੀ ਅਤੇ ਸ਼੍ਰੀ ਰਾਮ ਜਨਮ ਭੂਮੀ ਦੀ ਮੁਕਤੀ ਦਾ ਸਵਾਲ ਉੱਥੇ ਦਾ ਉੱਥੇ ਰਹਿ ਗਿਆ। ਸ਼੍ਰੀ ਰਾਮ ਮੰਦਰ ਲਈ ਜੱਦੋ-ਜਹਿਦ ਜਾਰੀ ਰਹੀ।

1947 ਵਿਚ ਦੇਸ਼ ਆਜ਼ਾਦ ਹੋਣ ਪਿੱਛੋਂ ਜਦੋਂ ਸਰਬਸੰਮਤੀ ਨਾਲ ਸੋਮਨਾਥ ਦੇ ਮੰਦਰ ਦੀ ਮੁੜ ਉਸਾਰੀ ਕੀਤੀ ਗਈ ਤਦ ਅਜਿਹੇ ਮੰਦਰਾਂ ਦੀ ਚਰਚਾ ਸ਼ੁਰੂ ਹੋਈ। ਸ਼੍ਰੀ ਰਾਮ ਜਨਮ ਭੂਮੀ ਦੀ ਮੁਕਤੀ ਦੇ ਸਬੰਧ ਵਿਚ ਅਜਿਹੀ ਸਰਬਸੰਮਤੀ ’ਤੇ ਵਿਚਾਰ ਕੀਤਾ ਜਾ ਸਕਦਾ ਸੀ ਪਰੰਤੂ ਰਾਜਨੀਤੀ ਦੀ ਦਿਸ਼ਾ ਬਦਲ ਗਈ। ਭੇਦਭਾਵ ਅਤੇ ਤੁਸ਼ਟੀਕਰਨ ਜਿਹੇ ਸਵਾਰਥੀ ਰਾਜਨੀਤੀ ਦੇ ਰੂਪ ਪ੍ਰਚੱਲਿਤ ਹੋਣ ਲੱਗੇ, ਇਸ ਕਾਰਨ ਸਵਾਲ ਇੰਝ ਹੀ ਬਣਿਆ ਰਿਹਾ। ਸਰਕਾਰਾਂ ਨੇ ਇਸ ਮੁੱਦੇ ’ਤੇ ਹਿੰਦੂ ਸਮਾਜ ਦੀ ਇੱਛਾ ਅਤੇ ਮਨ ਦੀ ਗੱਲ ਬਾਰੇ ਵਿਚਾਰ ਹੀ ਨਹੀਂ ਕੀਤਾ। ਇਸਦੇ ਉਲਟ ਉਨ੍ਹਾਂ ਨੇ ਸਮਾਜ ਦੁਆਰਾ ਕੀਤੀ ਗਈ ਪਹਿਲ ਨੂੰ ਗੰਧਲਾ ਕਰਨ ਦਾ ਯਤਨ ਕੀਤਾ। ਆਜ਼ਾਦੀ ਤੋਂ ਪਹਿਲਾਂ ਹੀ ਇਸ ਨਾਲ ਸੰਬੰਧਤ ਚੱਲੀ ਆਉਂਦੀ ਕਾਨੂੰਨੀ ਲੜਾਈ ਲਗਾਤਾਰ ਚਲਦੀ ਰਹੀ। ਸ਼੍ਰੀ ਰਾਮ ਜਨਮ ਭੂਮੀ ਦੀ ਮੁਕਤੀ ਦਾ ਜਨ-ਅੰਦੋਲਨ 1980 ਦੇ ਦਹਾਕੇ ਵਿਚ ਸ਼ੁਰੂ ਹੋਇਆ ਅਤੇ ਤੀਹ ਵਰ੍ਹਿਆਂ ਤੱਕ ਜਾਰੀ ਰਿਹਾ।

ਸਾਲ 1949 ਵਿਚ ਸ਼੍ਰੀ ਰਾਮ ਜਨਮ ਭੂਮੀ ’ਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਪ੍ਰਗਟ ਹੋਈ। 1986 ਵਿਚ ਅਦਾਲਤ ਦੇ ਹੁਕਮ ਨਾਲ ਮੰਦਰ ਦਾ ਜਿੰਦਰਾ ਖੋਲ੍ਹ ਦਿੱਤਾ ਗਿਆ। ਆਉਣ ਵਾਲੇ ਸਮੇਂ ਬਹੁਤ ਸਾਰੀਆਂ ਮੁਹਿੰਮਾਂ ਅਤੇ ਕਾਰਸੇਵਾ ਦੇ ਮਾਧਿਅਮ ਨਾਲ ਹਿੰਦੂ ਸਮਾਜ ਦਾ ਸੰਘਰਸ਼ ਨਿਰੰਤਰ ਜਾਰੀ ਰਿਹਾ। 2010 ਵਿਚ ਅਲਾਹਾਬਾਦ ਹਾਈਕੋਰਟ ਦਾ ਫੈਸਲਾ ਸਾਫ ਤੌਰ ’ਤੇ ਸਮਾਜ ਦੇ ਸਾਹਮਣੇ ਆਇਆ। ਜਲਦ ਤੋਂ ਜਲਦ ਅੰਤਿਮ ਫੈਸਲੇ ਦੇ ਮਾਧਿਅਮ ਨਾਲ ਮੁੱਦੇ ਨੂੰ ਹੱਲ ਕਰਨ ਦੀ ਬੇਨਤੀ ਅੱਗੇ ਵੀ ਜਾਰੀ ਰੱਖਣੀ ਪਈ। 9 ਨਵੰਬਰ, 2019 ਨੂੰ 134 ਸਾਲਾਂ ਦੀ ਕਾਨੂੰਨੀ ਜੱਦੋ-ਜਹਿਦ ਤੋਂ ਬਾਅਦ ਸੁਪਰੀਮ ਕੋਰਟ ਨੇ ਸੱਚ ਅਤੇ ਤੱਥ ਨੂੰ ਪਰਖਣ ਤੋਂ ਬਾਅਦ ਸੰਤੁਲਿਤ ਫੈਸਲਾ ਲਿਆ। ਦੋਵਾਂ ਪੱਖਾਂ ਦੀਆਂ ਭਾਵਨਾਵਾਂ ਅਤੇ ਤੱਥਾਂ ’ਤੇ ਵੀ ਵਿਚਾਰ ਇਸ ਫੈਸਲੇ ਵਿਚ ਕੀਤਾ ਗਿਆ ਸੀ। ਸੁਪਰੀਮ ਕੋਰਟ ਵਿਚ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ। ਇਸ ਫੈਸਲੇ ਅਨੁਸਾਰ ਮੰਦਰ ਦੇ ਨਿਰਮਾਣ ਲਈ ਇਕ ਟਰੱਸਟ ਦੀ ਸਥਾਪਨਾ ਕੀਤੀ ਗਈ। ਮੰਦਰ ਦਾ ਭੂਮੀ ਪੂਜਨ 5 ਅਗਸਤ, 2020 ਨੂੰ ਹੋਇਆ ਅਤੇ ਹੁਣ ਪੋਹ ਮਹੀਨੇ ਦੇ ਚਾਨਣ ਪੱਖ ਦੀ ਬਾਰ੍ਹਵੀਂ, ਕਲਜੁਗ ਸੰਮਤ 5125, ਈਸਵੀ ਸਾਲ ਅਨੁਸਾਰ 22 ਜਨਵਰੀ, 2024 ਨੂੰ ਸ਼੍ਰੀ ਰਾਮਲੱਲਾ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਧਾਰਮਿਕ ਦ੍ਰਿਸ਼ਟੀ ਤੋਂ ਸ਼੍ਰੀ ਰਾਮ ਬਹੁਗਿਣਤੀ ਸਮਾਜ ਦੇ ਪੂਜਨੀਕ ਦੇਵ ਹਨ ਅਤੇ ਸ਼੍ਰੀ ਰਾਮ ਚੰਦਰ ਜੀ ਦਾ ਜੀਵਨ ਸਮਾਜ ਦੁਆਰਾ ਸਵੀਕਾਰ ਕੀਤੇ ਗਏ ਚਾਲ-ਚਲਨ ਦੀ ਮਿਸਾਲ ਹੈ। ਇਸ ਲਈ ਹੁਣ ਬੇਵਜ੍ਹਾ ਝਗੜੇ ਨੂੰ ਲੈ ਕੇ ਜੋ ਪੱਖ ਅਤੇ ਵਿਰੋਧੀ ਪੱਖ ਖੜ੍ਹਾ ਹੋਇਆ, ਉਸਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਸਮੇਂ ਵਿਚ ਪੈਦਾ ਹੋਈ ਕੁੜੱਤਣ ਨੂੰ ਵੀ ਖਤਮ ਹੋਣਾ ਚਾਹੀਦਾ ਹੈ। ਸਮਾਜ ਦੇ ਸੂਝਵਾਨ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਵਿਵਾਦ ਸਦਾ ਲਈ ਖਤਮ ਹੋ ਜਾਵੇ। ਅਯੁੱਧਿਆ ਦਾ ਅਰਥ ਹੈ ‘ਜਿੱਥੇ ਯੁੱਧ ਨਾ ਹੋਵੇ’, ‘ਸੰਘਰਸ਼ ਤੋਂ ਮੁਕਤ ਥਾਂ’। ਸੰਪੂਰਨ ਦੇਸ਼ ਵਿਚ ਇਸ ਮੰਤਵ ਲਈ ਮਨ ਵਿਚ ਅਯੁੱਧਿਆ ਦਾ ਮੁੜ-ਨਿਰਮਾਣ ਅੱਜ ਦੀ ਜ਼ਰੂਰਤ ਹੈ ਅਤੇ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਵੀ।

ਅਯੁੱਧਿਆ ਵਿਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਮੌਕਾ ਰਾਸ਼ਟਰੀ ਮਾਣ ਦੇ ਮੁੜ ਜਾਗਰਣ ਦਾ ਪ੍ਰਤੀਕ ਹੈ। ਇਹ ਅਜੋਕੇ ਭਾਰਤੀ ਸਮਾਜ ਦੁਆਰਾ ਭਾਰਤ ਦੇ ਆਚਰਣ ਦੀ ਮਰਿਆਦਾ ਦੀ ਜੀਵਨ ਦ੍ਰਿਸ਼ਟੀ ਦੀ ਇਕ ਹੋਰ ਸਵੀਕ੍ਰਿਤੀ ਹੈ। ਮੰਦਰ ਵਿਚ ਸ਼੍ਰੀ ਰਾਮ ਦੀ ਪੂਜਾ ‘ਪਤਰਮ ਪੁਸ਼ਪਮ ਫਲਮ ਤੋਇੰਮ’ ਦੇ ਢੰਗ-ਤਰੀਕੇ ਦੇ ਨਾਲ-ਨਾਲ ਹੀ ਸ਼੍ਰੀ ਰਾਮ ਦੇ ਦਰਸ਼ਨ ਨੂੰ ਆਪਣੇ ਮਨ ਮੰਦਰ ਵਿਚ ਸਥਾਪਿਤ ਕਰ ਕੇ ਉਸਦੀ ਰੋਸ਼ਨੀ ਵਿਚ ਆਦਰਸ਼ ਵਿਵਹਾਰ ਦੇ ਧਾਰਨੀ ਬਣ ਕੇ ਭਗਵਾਨ ਸ਼੍ਰੀ ਰਾਮ ਦੀ ਪੂਜਾ ਕਰਨੀ ਹੈ ਕਿਉਂਕਿ ‘‘ਸਿਵੋ ਭੂਤਵਾ ਸਿਵਮ ਭਜੇਤ ਰਾਮੋ ਭੂਤਵਾ ਰਾਮਮ ਤਜੇਤ’ ਨੂੰ ਹੀ ਸੱਚੀ ਪੂਜਾ ਕਿਹਾ ਗਿਆ ਹੈ।

ਇਸ ਦ੍ਰਿਸ਼ਟੀ ਨਾਲ ਵਿਚਾਰ ਕਰੀਏ ਤਾਂ ਭਾਰਤੀ ਸੰਸਕ੍ਰਿਤੀ ਦੇ ਸਮਾਜਿਕ ਸਰੂਪ ਦੇ ਅਨੁਸਾਰ “ਮਾਤ੍ਰਿਵਤ ਪਰ ਦਾਰੇਸ਼ੁ, ਪਰਦ੍ਰਵਯੇਸ਼ੁ ਲੋਸ਼ਠਵਤ, ਆਤਮਵਤ ਸਰਵਭੂਤੇਸ਼ੂ, ਯਹ ਪਸ਼ਯਤਿ ਸਹ ਪੰਡਿਤਹ।” ਇਸ ਤਰ੍ਹਾਂ ਸਾਨੂੰ ਵੀ ਸ਼੍ਰੀ ਰਾਮ ਦੇ ਰਸਤੇ ’ਤੇ ਚੱਲਣਾ ਹੋਵੇਗਾ।

ਜੀਵਨ ਵਿਚ ਸੱਚਾਈ, ਸ਼ਕਤੀ ਅਤੇ ਸੂਰਵੀਰਤਾ ਦੇ ਨਾਲ ਖਿਮਾ, ਸਾਰਿਆਂ ਨਾਲ ਵਿਵਹਾਰ ਦੀ ਨਿਮਰਤਾ, ਹਿਰਦੇ ਦੀ ਕੋਮਲਤਾ ਅਤੇ ਕਰਤੱਵ ਪਾਲਣ ਵਿਚ ਆਪਣੇ ਆਪ ਨਾਲ ਸਖਤੀ ਆਦਿ ਸ਼੍ਰੀ ਰਾਮ ਦੇ ਗੁਣਾਂ ਦਾ ਪਾਲਣ ਹਰ ਕਿਸੇ ਨੂੰ ਆਪਣੇ ਜੀਵਨ ਅਤੇ ਆਪਣੇ ਪਰਿਵਾਰ ਵਿਚ ਸਾਰਿਆਂ ਦੇ ਜੀਵਨ ਵਿਚ ਲਿਆਉਣ ਦਾ ਯਤਨ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਕਰਨਾ ਪਵੇਗਾ।

ਨਾਲ ਹੀ ਆਪਣੇ ਰਾਸ਼ਟਰੀ ਜੀਵਨ ਨੂੰ ਦੇਖਦਿਆਂ ਆਪਣੇ ਸਮਾਜਿਕ ਜੀਵਨ ਵਿਚ ਵੀ ਅਨੁਸ਼ਾਸਨ ਬਣਾਉਣਾ ਪਵੇਗਾ। ਅਸੀਂ ਜਾਣਦੇ ਹਾਂ ਕਿ ਸ਼੍ਰੀ ਰਾਮ-ਲਛਮਣ ਨੇ ਉਸੇ ਅਨੁਸ਼ਾਸਨ ਦੀ ਸ਼ਕਤੀ ਨਾਲ ਆਪਣਾ 14 ਸਾਲਾਂ ਦਾ ਬਨਵਾਸ ਅਤੇ ਸ਼ਕਤੀਸ਼ਾਲੀ ਰਾਵਣ ਦੇ ਨਾਲ ਸੰਘਰਸ਼ ਪੂਰਾ ਕੀਤਾ ਸੀ। ਸ਼੍ਰੀ ਰਾਮ ਦੇ ਚਰਿੱਤਰ ਵਿਚ ਝਲਕਦੇ ਨਿਆਂ, ਤਰਸ, ਸਦਭਾਵ, ਨਿਰਪੱਖਤਾ, ਸਮਾਜਿਕ ਗੁਣਾਂ ਦਾ ਇਕ ਵਾਰ ਸਮਾਜ ਵਿਚ ਫੈਲਾਅ ਕਰਨਾ, ਸ਼ੋਸ਼ਣ ਰਹਿਤ, ਸਮਾਨ ਨਿਆਂ ’ਤੇ ਆਧਾਰਿਤ, ਤਾਕਤ ਦੇ ਨਾਲ-ਨਾਲ ਦਇਆ ਨਾਲ ਭਰਪੂਰ ਇਕ ਯਤਨਸ਼ੀਲ ਸਮਾਜ ਦਾ ਨਿਰਮਾਣ ਕਰਨਾ, ਇਹੀ ਸ਼੍ਰੀ ਰਾਮ ਦੀ ਪੂਜਾ ਹੋਵੇਗੀ।

ਹੰਕਾਰ, ਸੁਆਰਥ ਅਤੇ ਭੇਦ-ਭਾਵ ਦੇ ਕਾਰਨ ਇਹ ਸੰਸਾਰ ਤਬਾਹੀ ਦੇ ਪਾਗਲਪਨ ਵਿਚ ਹੈ ਅਤੇ ਆਪਣੇ ਉੱਪਰ ਬੇਅੰਤ ਮੁਸੀਬਤਾਂ ਲਿਆ ਰਿਹਾ ਹੈ। ਸਦਭਾਵ, ਏਕਤਾ, ਤਰੱਕੀ ਅਤੇ ਸ਼ਾਂਤੀ ਦਾ ਰਾਹ ਦਿਖਾਉਣ ਵਾਲੇ ਸੰਸਾਰ ਦੀ ਸ਼ੋਭਾ ਭਾਰਤਵਰਸ਼ ਦੇ ਪੁਨਰ-ਨਿਰਮਾਣ ਦਾ ਸਰਵ ਕਲਿਆਣਕਾਰੀ ਅਤੇ ਸਾਰਿਆਂ ਦੀ ਗੈਰ-ਵਿਰੋਧੀ ਮੁਹਿੰਮ ਦਾ ਆਗਾਜ਼ ਸ਼੍ਰੀ ਰਾਮਲੱਲਾ ਦੇ ਸ਼੍ਰੀ ਰਾਮ ਜਨਮ ਭੂਮੀ ਵਿਚ ਦਾਖਲ ਹੋਣ ਅਤੇ ਉਨ੍ਹਾਂ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਹੋਣ ਵਾਲਾ ਹੈ। ਅਸੀਂ ਇਸ ਮੁਹਿੰਮ ਨੂੰ ਅਮਲ ਵਿਚ ਲਿਆਉਣ ਵਾਲੇ ਵਰਕਰ ਹਾਂ। ਅਸੀਂ ਸਭ ਨੇ 22 ਜਨਵਰੀ ਦੇ ਭਗਤੀ ਪੂਰਨ ਉਤਸਵ ਵਿਚ ਮੰਦਰ ਦੇ ਪੁਨਰ-ਨਿਰਮਾਣ ਦੇ ਨਾਲ-ਨਾਲ ਭਾਰਤ ਅਤੇ ਇਸ ਨਾਲ ਪੂਰੇ ਸੰਸਾਰ ਦੇ ਪੁਨਰ-ਨਿਰਮਾਣ ਨੂੰ ਪੂਰਨਤਾ ਵਿਚ ਲਿਆਉਣ ਦਾ ਪ੍ਰਣ ਕੀਤਾ ਹੈ। ਆਓ, ਇਸ ਭਾਵਨਾ ਨੂੰ ਅੰਤਰ-ਮਨ ਵਿਚ ਸਥਾਪਿਤ ਕਰਦੇ ਹੋਏ ਅੱਗੇ ਵਧੀਏ।

ਡਾ. ਮੋਹਨ ਭਾਗਵਤ (ਸਰਸੰਘਚਾਲਕ, ਰਾਸ਼ਟਰੀ ਸਵੈਮ-ਸੇਵਕ ਸੰਘ)


author

Rakesh

Content Editor

Related News