‘ਆਪ੍ਰੇਸ਼ਨ ਸਿੰਧੂਰ’ ਅਤੇ ਕੌਮਾਂਤਰੀ ਭਾਈਚਾਰਾ!
Monday, May 19, 2025 - 08:08 PM (IST)

ਭਾਰਤ ਤੇ ਪਾਕਿਸਤਾਨ ਵਿਚ ਤਣਾਅ ਦਾ ਇਤਿਹਾਸ ਲੰਬਾ ਅਤੇ ਗੁੰਝਲਦਾਰ ਰਿਹਾ ਹੈ। ਦੋਹਾਂ ਦੇਸ਼ਾਂ ਵਿਚ ਕਸ਼ਮੀਰ ਨੂੰ ਲੈ ਕੇ ਦਹਾਕਿਆਂ ਤੋਂ ਚੱਲਿਆ ਆ ਰਿਹਾ ਵਿਵਾਦ ਸਮੇਂ-ਸਮੇਂ ’ਤੇ ਹਿੰਸਕ ਸੰਘਰਸ਼ਾਂ ਦਾ ਕਾਰਨ ਬਣਦਾ ਰਿਹਾ ਹੈ। ਹੁਣੇ ਜਿਹੇ ਅਪ੍ਰੈਲ 2025 ’ਚ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਤਣਾਅ ਇਕ ਵਾਰ ਫਿਰ ਸਿਖਰਾਂ ’ਤੇ ਪਹੁੰਚ ਗਿਆ।
ਇਸ ਘਟਨਾਚੱਕਰ ਨੇ ਦੱਖਣੀ ਏਸ਼ੀਆ ’ਚ ਤਣਾਅ ਨੂੰ ਹੋਰ ਵਧਾ ਦਿੱਤਾ। ਇਸ ਸੰਦਰਭ ’ਚ, ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ਦੀ ਜੰਗ ਦੇ ਮਾਮਲਿਆਂ ਦੀ ਮਾਹਿਰ ਪ੍ਰੋਫੈਸਰ ਕ੍ਰਿਸਟੀਨ ਫੇਅਰ ਨੇ ਇਕ ਟੀ. ਵੀ. ਇੰਟਰਵਿਊ ’ਚ ਇਸ ਸੰਘਰਸ਼ ਦੇ ਕਾਰਨਾਂ, ਨਤੀਜਿਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਪ੍ਰੋਫੈਸਰ ਫੇਅਰ ਨੇ ਆਪਣੀ ਇੰਟਰਵਿਊ ’ਚ ਦੱਸਿਆ ਕਿ ਪਾਕਿਸਤਾਨ ਦੀ ਫੌਜ ਅਤੇ ਉਸ ਦਾ ਖੁਫੀਆ ਤੰਤਰ ਲੰਬੇ ਸਮੇਂ ਤੋਂ ਅੱਤਵਾਦੀ ਸੰਗਠਨਾਂ ਜਿਵੇਂ ਲਸ਼ਕਰ-ਏ-ਤੋਇਬਾ ਆਦਿ ਨੂੰ ਸਮਰਥਨ ਦਿੰਦਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਸੰਗਠਨ ਨਾ ਸਿਰਫ ਕਸ਼ਮੀਰ ’ਚ ਸਰਗਰਮ ਹੈ, ਸਗੋਂ ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਦ੍ਰਿਸ਼ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਸ ਅਨੁਸਾਰ, ਪਾਕਿਸਤਾਨੀ ਫੌਜ ਇਨ੍ਹਾਂ ਸੰਗਠਨਾਂ ਨੂੰ ਰਣਨੀਤਿਕ ਜਾਇਦਾਦ ਦੇ ਰੂਪ ’ਚ ਦੇਖਦੀ ਹੈ, ਜੋ ਭਾਰਤ ਖਿਲਾਫ ਗੁੱਝੀ ਜੰਗ ਛੇੜਨ ’ਚ ਉਪਯੋਗੀ ਹੈ।
ਪ੍ਰੋਫੈਸਰ ਫੇਅਰ ਨੇ ਇਸ ਆਪ੍ਰ੍ਰੇਸ਼ਨ ਨੂੰ ਭਾਰਤ ਦੀ ਬਦਲਦੀ ਰਣਨੀਤੀ ਦਾ ਹਿੱਸਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਪਹਿਲਾਂ ਵਾਂਗ ਸਿਰਫ ਕੂਟਨੀਤਿਕ ਜਵਾਬ ਤਕ ਸੀਮਤ ਨਹੀਂ ਰਿਹਾ, ਸਗੋਂ ਉਹ ਫੌਜੀ ਕਾਰਵਾਈ ਰਾਹੀਂ ਅੱਤਵਾਦ ਖਿਲਾਫ ਸਖਤ ਸੰਦੇਸ਼ ਵੀ ਦੇਣਾ ਜਾਣਦਾ ਹੈ।
ਹਾਲਾਂਕਿ, ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ‘ਆਪ੍ਰੇਸ਼ਨ ਸਿੰਧੂਰ’ ਵਰਗੇ ਕਦਮ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੇ, ਕਿਉਂਕਿ ਪਾਕਿਸਤਾਨ ਦੀ ਫੌਜ ਲਈ ਭਾਰਤ ਖਿਲਾਫ ਸੰਘਰਸ਼ ‘ਹੋਂਦ’ ਦਾ ਹੈ। ਇਹ ਉਨ੍ਹਾਂ ਦੇ ਵਜੂਦ ਦਾ ਸਵਾਲ ਹੈ। ਭਾਰਤ ਦਾ ਡਰ ਦਿਖਾ-ਦਿਖਾ ਕੇ ਹੀ ਪਾਕਿਸਤਾਨ ਕਈ ਦੇਸ਼ਾਂ ਤੋਂ ਆਰਥਿਕ ਮਦਦ ਮੰਗਦਾ ਰਿਹਾ ਹੈ।
ਪ੍ਰੋਫੈਸਰ ਫੇਅਰ ਨੇ ਪਾਕਿਸਤਾਨੀ ਫੌਜ ਦੀ ਭਾਰਤ ਪ੍ਰਤੀ ਕਾਰਜਸ਼ੈਲੀ ’ਤੇ ਇਕ ਕਿਤਾਬ ਵੀ ਲਿਖੀ ਹੈ। ਇਕ ਇੰਟਰਵਿਊ ’ਚ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਦੀ ਫੌਜ ਆਪਣੇ ਦੇਸ਼ ਦੀ ਨੀਤੀ-ਨਿਰਮਾਣ ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਭਾਰਤ ਨੂੰ ਆਪਣੀ ਹੋਂਦ ਲਈ ਸਭ ਤੋਂ ਵੱਡਾ ਖਤਰਾ ਮੰਨਦੀ ਹੈ ਅਤੇ ਇਸ ਧਾਰਨਾ ਨੂੰ ਬਣਾਈ ਰੱਖਣ ਲਈ ਉਹ ਅੱਤਵਾਦੀ ਸੰਗਠਨਾਂ ਦੀ ਵਰਤੋਂ ਕਰਦੀ ਹੈ। ਫੇਅਰ ਅਨੁਸਾਰ, ਉਨ੍ਹਾਂ ਦੀ ਇਹ ਨੀਤੀ ਨਾ ਸਿਰਫ ਭਾਰਤ ਲਈ ਖਤਰਾ ਹੈ ਸਗੋਂ ਪਾਕਿਸਤਾਨ ਦੀ ਅੰਦਰੂਨੀ ਸਥਿਰਤਾ ਨੂੰ ਵੀ ਕਮਜ਼ੋਰ ਕਰਦੀ ਹੈ।
ਇੰਟਰਵਿਊ ’ਚ ਪ੍ਰੋਫੈਸਰ ਫੇਅਰ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਰਣਨੀਤੀ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਡੋਭਾਲ ਨੂੰ ਇਕ ਅਜਿਹੇ ਰਣਨੀਤੀਕਾਰ ਦੇ ਰੂਪ ’ਚ ਵਰਣਨ ਕੀਤਾ ਜੋ ਭਾਰਤ ਦੀ ਸੁਰੱਖਿਆ ਨੀਤੀ ਨੂੰ ਹਮਲਾਵਰ ਅਤੇ ਸਰਗਰਮ ਦਿਸ਼ਾ ’ਚ ਲਿਜਾ ਰਹੇ ਹਨ।
ਫੇਅਰ ਨੇ ਕਿਹਾ ਕਿ ਡੋਭਾਲ ਦੀ ‘ਸਰਗਰਮ ਰੱਖਿਆ’ ਨੀਤੀ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ ਵੱਧ ਪ੍ਰਭਾਵੀ ਬਣਾਇਆ ਹੈ। ‘ਆਪ੍ਰੇਸ਼ਨ ਸਿੰਧੂਰ’ ਇਸ ਨੀਤੀ ਦੀ ਇਕ ਮਿਸਾਲ ਹੈ, ਜਿਸ ’ਚ ਭਾਰਤ ਨੇ ਨਾ ਸਿਰਫ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਪਾਕਿਸਤਾਨ ਨੂੰ ਕੂਟਨੀਤਿਕ ਅਤੇ ਫੌਜ ਰੂਪ ਨਾਲ ਵੀ ਜਵਾਬ ਦਿੱਤਾ।
ਹਾਲਾਂਕਿ, ਫੇਅਰ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਹਮਲਾਵਰ ਨੀਤੀ ਦੇ ਆਪਣੇ ਜੋਖਮ ਵੀ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ, ਦੋਵੇਂ ਹੀ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਹਨ ਅਤੇ ਕਿਸੇ ਵੀ ਫੌਜੀ ਟਕਰਾਅ ਦਾ ਵਧਣਾ ਦੱਖਣੀ ਏਸ਼ੀਆ ’ਚ ਵਿਆਪਕ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਉਸ ਅਨੁਸਾਰ, ਭਾਰਤ ਨੂੰ ਆਪਣੀ ਰਣਨੀਤੀ ’ਚ ਸੰਤੁਲਨ ਬਣਾਈ ਰੱਖਣਾ ਹੋਵੇਗਾ ਤਾਂ ਕਿ ਉਹ ਅੱਤਵਾਦ ਖਿਲਾਫ ਸਖਤ ਰੁਖ ਅਪਣਾਏ ਪਰ ਨਾਲ ਹੀ ਸਥਿਤੀ ਨੂੰ ਪੂਰੀ ਜੰਗ ਵੱਲ ਵਧਣ ਤੋਂ ਰੋਕੇ।
10 ਮਈ 2025 ਨੂੰ ਭਾਰਤ ਤੇ ਪਾਕਿਸਤਾਨ ਨੇ ਇਕ ਜੰਗਬੰਦੀ ਦਾ ਐਲਾਨ ਕੀਤਾ ਜਿਸ ਨੂੰ ਅਮਰੀਕਾ ਦੀ ਵਿਚੋਲਗੀ ਨਾਲ ਸੰਭਵ ਮੰਨਿਆ ਗਿਆ। ਹਾਲਾਂਕਿ, ਭਾਰਤ ਨੇ ਇਸ ਨੂੰ ਦੋ-ਪੱਖੀ ਸਮਝੌਤਾ ਦੱਸਿਆ ਅਤੇ ਅਮਰੀਕੀ ਦਖਲ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੋਫੈਸਰ ਫੇਅਰ ਨੇ ਇਸ ਜੰਗਬੰਦੀ ਨੂੰ ਅਸਥਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਕਿਸਤਾਨੀ ਫੌਜ ਆਪਣੀਆਂ ਨੀਤੀਆਂ ’ਚ ਬਦਲਾਅ ਨਹੀਂ ਕਰਦੀ, ਉਦੋਂ ਤੱਕ ਇਸ ਤਰ੍ਹਾਂ ਦੇ ਤਣਾਅ ਵਾਰ-ਵਾਰ ਸਾਹਮਣੇ ਆਉਣਗੇ। ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਪਾਕਿਸਤਾਨ ਭਵਿੱਖ ’ਚ ਫਿਰ ਤੋਂ ਭਾਰਤ ਖਿਲਾਫ ਅੱਤਵਾਦੀ ਹਮਲੇ ਕਰ ਸਕਦਾ ਹੈ ਕਿਉਂਕਿ ਇਹ ਉਸ ਦੀ ਰਣਨੀਤੀ ਦਾ ਹਿੱਸਾ ਹੈ।
ਪ੍ਰੋਫੈਸਰ ਕ੍ਰਿਸਟੀਨ ਫੇਅਰ ਦੀ ਟੀ. ਵੀ. ਇੰਟਰਵਿਊ ਭਾਰਤ-ਪਾਕਿਸਤਾਨ ਸੰਘਰਸ਼ ਦੀਆਂ ਗੁੰਝਲਾਂ ਨੂੰ ਸਮਝਣ ਲਈ ਇਕ ਅਹਿਮ ਦਸਤਾਵੇਜ਼ ਹੈ। ਉਨ੍ਹਾਂ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸੰਘਰਸ਼ ਸਿਰਫ ਦੋ ਦੇਸ਼ਾਂ ਵਿਚਲਾ ਵਿਵਾਦ ਨਹੀਂ ਹੈ ਸਗੋਂ ਇਸ ’ਚ ਡੂੰਘੇ ਇਤਿਹਾਸਕ, ਵਿਚਾਰਕ ਅਤੇ ਰਣਨੀਤਿਕ ਪਹਿਲੂ ਹਨ। ਪਾਕਿਸਤਾਨੀ ਫੌਜ ਦੀਆਂ ਅੱਤਵਾਦ ਸਮਰਥਕ ਨੀਤੀਆਂ ਅਤੇ ਭਾਰਤ ਦੀ ਹਮਲਾਵਰ ਜਵਾਬੀ ਰਣਨੀਤੀ ਇਸ ਖੇਤਰ ’ਚ ਸਥਾਈ ਸ਼ਾਂਤੀ ਦੀ ਰਾਹ ’ਚ ਵੱਡੇ ਅੜਿੱਕੇ ਹਨ।
ਹਾਲਾਂਕਿ, ਫੇਅਰ ਦਾ ਇਹ ਵੀ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਵਿਚ ਸੰਵਾਦ ਅਤੇ ਕੂਟਨੀਤੀ ਦੇ ਰਸਤ ਅਜੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹਨ। ਜੇਕਰ ਪਾਕਿਸਤਾਨ ਆਪਣੀਆਂ ਨੀਤੀਆਂ ’ਚ ਬਦਲਾਅ ਲਿਆਉਂਦਾ ਹੈ ਤੇ ਭਾਰਤ ਸੰਤੁਲਿਤ ਰੁਖ ਅਪਣਾਉਂਦਾ ਹੈ ਤਾਂ ਭਵਿੱਖ ’ਚ ਤਣਾਅ ਨੂੰ ਘੱਟ ਕਰਨ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ ਪਰ ਇਸ ਲਈ ਦੋਹਾਂ ਧਿਰਾਂ ਨੂੰ ਨਾ ਸਿਰਫ ਆਪਣੀਆਂ ਰਣਨੀਤੀਆਂ ’ਤੇ ਦੁਬਾਰਾ ਵਿਚਾਰ ਕਰਨਾ ਹੋਵੇਗਾ ਸਗੋਂ ਕੌਮਾਂਤਰੀ ਭਾਈਚਾਰੇ ਦੇ ਨਾਲ ਸਹਿਯੋਗ ਵੀ ਕਰਨਾ ਹੋਵੇਗਾ।
ਵਿਨੀਤ ਨਾਰਾਇਣ