ਸਿਰਫ ਭਾਸ਼ਣਾਂ ਨਾਲ ਘੱਟ ਨਹੀਂ ਹੋਵੇਗਾ ਪ੍ਰਦੂਸ਼ਣ

Saturday, Dec 09, 2023 - 03:16 PM (IST)

ਸਿਰਫ ਭਾਸ਼ਣਾਂ ਨਾਲ ਘੱਟ ਨਹੀਂ ਹੋਵੇਗਾ ਪ੍ਰਦੂਸ਼ਣ

ਨੈਸ਼ਨਲ ਡੈਸਕ- ਇਸ ਸਮੇਂ ਪੌਣ-ਪਾਣੀ ਤਬਦੀਲੀ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ’ਤੇ ਵਿਚਾਰ ਕਰਨ ਲਈ ਦੁਬਈ ’ਚ ਸੰਯੁਕਤ ਰਾਸ਼ਟਰ ਪੌਣ-ਪਾਣੀ ਤਬਦੀਲੀ ਸੰਮੇਲਨ (ਕਾਪ-28) ਚੱਲ ਰਿਹਾ ਹੈ। ਇਸ ਸੰਮੇਲਨ ’ਚ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਭਾਰਤ ’ਤੇ ਕੇਂਦ੍ਰਿਤ ਇਕ ਰਿਪੋਰਟ ’ਚ ਦੱਸਿਆ ਹੈ ਕਿ ਪੌਣ-ਪਾਣੀ ਤਬਦੀਲੀ ਕਾਰਨ 2011 ਤੋਂ 2020 ਦਾ ਦਹਾਕਾ ਔਸਤ ਤੋਂ ਜ਼ਿਆਦਾ ਗਰਮੀ ਅਤੇ ਸਭ ਤੋਂ ਵੱਧ ਮੀਂਹ ਵਾਲਾ ਰਿਹਾ। ਇਸ ਮਿਆਦ ’ਚ ਪੌਣ-ਪਾਣੀ ਤਬਦੀਲੀ ਦੀ ਦਰ ਚਿੰਤਾਜਨਕ ਤੌਰ ’ਤੇ ਵਧੀ। ਰਿਪੋਰਟ ਅਨੁਸਾਰ 2011-2020 ਦਾ ਦਹਾਕਾ ਉੱਤਰ ਪੱਛਮੀ ਭਾਰਤ, ਪਾਕਿਸਤਾਨ, ਚੀਨ ਤੇ ਅਰਬ ਪ੍ਰਾਇਦੀਪ ਦੇ ਦੱਖਣੀ ਕੰਢੇ ਲਈ ਸਭ ਤੋਂ ਗਰਮ ਰਿਹਾ। ਓਧਰ ਠੰਡੇ ਦਿਨਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।

ਪਿਛਲੇ ਦਹਾਕੇ ’ਚ 1961-1990 ਦੇ ਦਹਾਕੇ ਦੀ ਤੁਲਨਾ ’ਚ ਠੰਡੇ ਦਿਨ 40 ਫੀਸਦੀ ਘਟੇ ਹਨ। ਭਾਰਤ ’ਚ ਹੜ੍ਹਾਂ ਦੀ ਸਮੱਸਿਆ ਵੀ ਵਧੀ ਹੈ। ਇਹ ਬਦਕਿਸਮਤੀ ਹੈ ਕਿ ਪ੍ਰਦੂਸ਼ਣ ਰੋਕਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਦੂਸ਼ਣ ’ਚ ਕਮੀ ਨਹੀਂ ਆ ਰਹੀ ਹੈ। ਸਾਡੇ ਦੇਸ਼ ’ਚ ਹੀ ਨਹੀਂ ਸਗੋਂ ਪੂਰੇ ਵਿਸ਼ਵ ’ਚ ਪ੍ਰਦੂਸ਼ਣ ਘੱਟ ਕਰਨ ਅਤੇ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਇਸ ਮਹੱਤਵਪੂਰਨ ਸੰਮੇਲਨ ਦਾ ਲਾਭ ਉਦੋਂ ਹੋਵੇਗਾ ਜਦੋਂ ਵਾਤਾਵਰਣ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਕੋਈ ਕਾਰਗਰ ਅਤੇ ਠੋਸ ਪਹਿਲ ਹੋਵੇਗੀ।

ਇਹ ਤ੍ਰਾਸਦੀ ਹੀ ਹੈ ਕਿ ਵਿਕਸਿਤ ਦੇਸ਼ ਆਪਣੀ ਕਾਰਬਨ ਨਿਕਾਸੀ ਆਸ ਅਨੁਸਾਰ ਘੱਟ ਨਹੀਂ ਕਰ ਰਹੇ। ਆਪਣੇ ਸਵਾਰਥ ਕਾਰਨ ਦੁਨੀਆ ਦੇ ਕਈ ਅਮੀਰ ਦੇਸ਼ ਇਸ ਦਿਸ਼ਾ ’ਚ ਤੇਜ਼ੀ ਨਾਲ ਕਦਮ ਨਹੀਂ ਉਠਾਉਂਦੇ। ਇਸ ਕਾਰਨ ਪ੍ਰਦੂਸ਼ਣ ਦੀ ਸਥਿਤੀ ’ਚ ਵੀ ਓਨਾ ਸੁਧਾਰ ਨਹੀਂ ਹੁੰਦਾ , ਜਿੰਨਾ ਅਸਲ ’ਚ ਹੋਣਾ ਚਾਹੀਦਾ ਹੈ।

ਕੁਝ ਸਮਾਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਮਾਹਿਰ ਡੇਵਿਟ ਬੋਇਡ ਨੇ ਵੀ ਆਪਣੇ ਇਕ ਬਿਆਨ ’ਚ ਕਿਹਾ ਸੀ ਕਿ ਲਗਭਗ 6 ਅਰਬ ਲੋਕ ਨਿਯਮਿਤ ਤੌਰ ’ਤੇ ਘਾਤਕ ਪ੍ਰਦੂਸ਼ਿਤ ਹਵਾ ’ਚ ਸਾਹ ਲੈ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਅਤੇ ਸਿਹਤ ਜੋਖਮ ’ਚ ਘਿਰੇ ਹਨ। ਇਸ ਦੇ ਬਾਵਜੂਦ ਇਸ ਮਹਾਮਾਰੀ ’ਤੇ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਹੈ। ਡੇਵਿਡ ਬੋਇਡ ਅਨੁਸਾਰ ਪ੍ਰਤੀ ਘੰਟੇ 800 ਲੋਕ ਮਰ ਰਹੇ ਹਨ ਜਿਨ੍ਹਾਂ ’ਚੋਂ ਕਈ ਸਿਹਤ ਸਬੰਧੀ ਸਮੱਸਿਆਵਾਂ ਝੱਲਣ ਦੇ ਕਈ ਸਾਲਾਂ ਬਾਅਦ ਮਰ ਰਹੇ ਹਨ। ਕੈਂਸਰ, ਸਾਹ ਦੀਆਂ ਬਿਮਾਰੀਆਂ ਅਤੇ ਦਿਲ ਦੇ ਰੋਗਾਂ ’ਚ ਪ੍ਰਦੂਸ਼ਿਤ ਹਵਾ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਘਰ ਦੇ ਅੰਦਰ ਅਤੇ ਬਾਹਰ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ, ਜਿਨ੍ਹਾਂ ’ਚ 6 ਲੱਖ ਬੱਚੇ ਵੀ ਸ਼ਾਮਲ ਹਨ। ਸਾਡੇ ਦੇਸ਼ ’ਚ ਨਿਰਮਾਣ ਸਬੰਧੀ ਸਰਗਰਮੀਆਂ, ਉਦਯੋਗਿਕ ਪ੍ਰਦੂਸ਼ਣ, ਪਰਾਲੀ ਸਾੜਨ ਦੀ ਪ੍ਰਕਿਰਿਆ, ਜੀਵਾਸ਼ਮ ਈਂਧਨ ਅਤੇ ਵਾਹਨਾਂ ’ਚੋਂ ਨਿਕਲਣ ਵਾਲੇ ਧੂੰਏਂ ਕਾਰਨ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਪਿਛਲੇ ਦਿਨੀਂ ਇਕ ਅਧਿਐਨ ’ਚ ਦੱਸਿਆ ਗਿਆ ਸੀ ਕਿ ਹਵਾ ਪ੍ਰਦੂਸ਼ਣ ਟਾਈਪ-2 ਸ਼ੂਗਰ ਨੂੰ ਵੀ ਵਧਾ ਰਿਹਾ ਹੈ।

ਪੀ. ਐੱਮ.-2.5 ਟਾਈਪ-2 ਸ਼ੂਗਰ ਦੇ ਮਾਮਲਿਆਂ ਅਤੇ ਮੌਤ ਨੂੰ ਵਧਾਉਂਦਾ ਹੈ। ਪੀ. ਐੱਮ.-2.5 ਨੂੰ ਬਲੱਡ ਪ੍ਰੈਸ਼ਰ ਲਈ ਵੀ ਜ਼ਿੰਮੇਵਾਰ ਮੰਨਿਆ ਗਿਆ ਹੈ। ਸਾਡੇ ਦੇਸ਼ ’ਚ ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਹਾਰਟ ਅਟੈਕ, ਫੇਫੜਿਆਂ ਦੇ ਕੈਂਸਰ ਦੇ ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਮੌਤ ਦਰ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਭਾਰਤ ’ਚ ਲਗਾਤਾਰ ਵਾਹਨਾਂ ਦੀ ਗਿਣਤੀ ਵਧਣ ਕਾਰਨ ਪ੍ਰਦੂਸ਼ਣ ਅਤੇ ਸਾਹ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਦੇ ਮਾਹਿਰ ਡੇਵਿਡ ਬੋਇਡ ਅਨੁਸਾਰ ਸਵੱਛ ਹਵਾ ਹਾਸਲ ਕਰਨਾ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਹੈ। ਇਸ ਤਰ੍ਹਾਂ ਸਵੱਛ ਹਵਾ ਯਕੀਨੀ ਨਾ ਕਰ ਸਕਣਾ ਤੰਦਰੁਸਤ ਵਾਤਾਵਰਣ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਸਵੱਛ ਹਵਾ ਯਕੀਨੀ ਕਰਨ ਲਈ ਕੁਝ ਯਤਨ ਕੀਤੇ ਜਾਣ ਦੀ ਲੋੜ ਹੈ। ਇਸ ’ਚ ਹਵਾ ਗੁਣਵੱਤਾ ਅਤੇ ਮਨੁੱਖੀ ਸਿਹਤ ’ਤੇ ਉਸ ਦੇ ਪ੍ਰਭਾਵਾਂ ਦੀ ਨਿਗਰਾਨੀ, ਹਵਾ ਪ੍ਰਦੂਸ਼ਣ ਦੇ ਸਰੋਤਾਂ ਦਾ ਮੁਲਾਂਕਣ ਅਤੇ ਲੋਕ ਸਿਹਤ ਸਲਾਹਾਂ ਸਮੇਤ ਹੋਰ ਸੂਚਨਾਵਾਂ ਨੂੰ ਜਨਤਕ ਤੌਰ ’ਤੇ ਮੁਹੱਈਆ ਕਰਾਉਣਾ ਸ਼ਾਮਲ ਹੈ। ਇਹ ਕੌੜਾ ਸੱਚ ਹੈ ਕਿ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਵਾਹਨਾਂ ’ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਹੈ। ਹਵਾ ਪ੍ਰਦੂਸ਼ਣ ’ਤੇ ਇਸ ਤਰ੍ਹਾਂ ਦੇ ਅਧਿਐਨ ਨਾ ਸਿਰਫ ਵਾਹਨਾਂ ਦੇ ਮਾਧਿਅਮ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ’ਤੇ ਸਾਡੀਆਂ ਅੱਖਾਂ ਖੋਲ੍ਹਦੇ ਹਨ ਸਗੋਂ ਲੋੜ ਤੋਂ ਜ਼ਿਆਦ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦੀ ਲਾਲਸਾ ’ਤੇ ਵੀ ਸਵਾਲੀਆ ਨਿਸ਼ਾਨ ਲਾਉਂਦੇ ਹਨ।

ਦੱਸਣਯੋਗ ਹੈ ਕਿ 75 ਫੀਸਦੀ ਤੋਂ ਵੀ ਵੱਧ ਹਵਾ ਪ੍ਰਦੂਸ਼ਣ ਵਾਹਨਾਂ ਰਾਹੀਂ ਹੁੰਦਾ ਹੈ। ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ’ਚ ਕਾਰਬਨਮੋਨੋਆਕਸਾਈਡ, ਨਾਈਟ੍ਰੋਜਨ ਕੇ ਆਕਸਾਈਡ, ਹਾਡਡ੍ਰੋਕਾਰਬਨ ਅਤੇ ਸਸਪੈਂਡਿਡ ਪਰਟਿਕੁਲੇਟ ਮੈਟਰ ਵਰਗੇ ਖਤਰਨਾਕ ਤੱਤ ਤੇ ਗੈਸਾਂ ਹੁੰਦੀਆਂ ਹਨ, ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਕਾਰਬਨਮੋਨੋਆਕਸਾਈਡ ਜਦੋਂ ਸਾਹ ਰਾਹੀਂ ਸਰੀਰ ਅੰਦਰ ਪਹੁੰਚਦਾ ਹੈ ਤਾਂ ਉੱਥੇ ਹੀਮੋਗਲੋਬਿਨ ਨਾਲ ਮਿਲ ਕੇ ਕਾਰਬੋਕਸੀਹੀਮੋਗਲੋਬਿਨ ਨਾਂ ਦਾ ਤੱਤ ਬਣਾਉਂਦਾ ਹੈ। ਇਸ ਤੱਤ ਦੇ ਕਾਰਨ ਸਰੀਰ ’ਚ ਆਕਸੀਜਨ ਦੀ ਆਵਾਜਾਈ ਸੁਚਾਰੂ ਤੌਰ ’ਤੇ ਨਹੀਂ ਹੋ ਸਕਦੀ। ਨਾਈਟ੍ਰੋਜਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵੀ ਘੱਟ ਖਤਰਨਾਕ ਨਹੀਂ ਹੈ। ਨਾਈਟ੍ਰੋਜਨ ਮੋਨੋਆਕਸਾਈਡ, ਕਾਰਬਨਮੋਨੋਆਕਸਾਈਡ ਵਾਂਗ ਹੀ ਹੀਮੋਗਲੋਬਿਨ ਨਾਲ ਮਿਲ ਕੇ ਸਰੀਰ ’ਚ ਆਕਸੀਜਨ ਦੀ ਮਾਤਰਾ ਘਟਾਉਂਦਾ ਹੈ। ਇਸੇ ਤਰ੍ਹਾਂ ਨਾਈਟ੍ਰੋਜਨ ਡਾਈਆਕਸਾਈਡ ਫੇਫੜਿਆਂ ਲਈ ਬਹੁਤ ਹੀ ਖਤਰਨਾਕ ਹੈ। ਇਸ ਦੀ ਜ਼ਿਆਦਾ ਮਾਤਰਾ ਨਾਲ ਦਮਾ ਅਤੇ ਬ੍ਰੋਂਕਾਈਟਿਸ ਵਰਗੇ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਵਾਤਾਵਰਣ ’ਚ ਹਾਈਡ੍ਰੋਕਾਰਬਨ ਦੀ ਜ਼ਿਆਦਾ ਮਾਤਰਾ ਕੈਂਸਰ ਵਰਗੇ ਰੋਗਾਂ ਲਈ ਜ਼ਿੰਮੇਵਾਰ ਹੈ। ਵਾਹਨਾਂ ’ਚੋਂ ਨਿਕਲਣ ਵਾਲਾ ਇਥਾਈਲੀਨ ਜਿਵੇਂ ਹਾਈਡ੍ਰੋਕਾਰਬਨ ਥੋੜ੍ਹੀ ਮਾਤਰਾ ’ਚ ਵੀ ਪੌਦਿਆਂ ਲਈ ਹਾਨੀਕਾਰਕ ਹੈ। ਸਸਪੈਂਡਿਡ ਪਰਟਿਕੁਲੇਟ ਮੈਟਰ ਬਹੁਤ ਛੋਟੇ-ਛੋਟੇ ਕਣਾਂ ਦੇ ਰੂਪ ’ਚ ਵੱਖ-ਵੱਖ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਦੇ ਹਨ। ਅਜਿਹੇ ਤੱਤ ਸਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਕੇ ਸਾਹ ਸਬੰਧੀ ਰੋਗ ਪੈਦਾ ਕਰਦੇ ਹਨ।

ਅਸਲ ’ਚ ਝੂਠਾ ਵੱਕਾਰ ਅਖੀਰ ਸਾਡੀ ਸਿਹਤ ਨੂੰ ਵੀ ਝੁਠਲਾ ਰਿਹਾ ਹੈ। ਹਾਲਾਂਕਿ ਸੜਕਾਂ ’ਤੇ ਵਾਹਨਾਂ ਦਾ ਦਬਾਅ ਘੱਟ ਕਰਨ ਲਈ ਵਾਰ-ਵਾਰ ਕਾਰ-ਪੂਲ ਦੀ ਸਲਾਹ ਦਿੱਤੀ ਜਾਂਦੀ ਹੈ ਭਾਵ ਇਕ ਥਾਂ ਤੋਂ ਆਉਣ-ਜਾਣ ਵਾਲੇ ਦੋ ਜਾਂ ਵੱਧ ਲੋਕਾਂ ਨੂੰ ਇਕ ਹੀ ਗੱਡੀ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਝੂਠੇ ਵੱਕਾਰ ਲਈ ਇਸ ਸਲਾਹ ਨੂੰ ਵੀ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਪ੍ਰਦੂਸ਼ਣ ’ਤੇ ਲਗਾਤਾਰ ਹੋ ਰਹੇ ਅਧਿਐਨ ਸਾਨੂੰ ਵਾਰ-ਵਾਰ ਵਿਚਾਰ ਕਰਨ ਦਾ ਸੰਦੇਸ਼ ਦਿੰਦੇ ਰਹੇ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਸਿਰਫ ਭਾਸ਼ਣਾਂ ਨਾਲ ਪ੍ਰਦੂਸ਼ਣ ਘੱਟ ਨਹੀਂ ਹੋਵੇਗਾ। ਜੇ ਅਸੀਂ ਹੁਣ ਵੀ ਨਹੀਂ ਵਿਚਾਰ ਕਰਦੇ ਤਾਂ ਇਹ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਵਰਗਾ ਹੋਵੇਗਾ।

ਰੋਹਿਤ ਕੌਸ਼ਿਕ


author

Tanu

Content Editor

Related News