ਚੀਨੀ ਵਿਦਿਆਰਥੀਆਂ ’ਚ ਹੁਣ ਵਿਦੇਸ਼ ’ਚ ਪੜ੍ਹਨ ਦੀ ਹੋੜ ਸ਼ੁਰੂ
Thursday, Aug 31, 2023 - 04:52 PM (IST)

ਚੀਨ ਦੇ ਵਿਦਿਆਰਥੀਆਂ ’ਚ ਹੁਣ ਵਿਦੇਸ਼ ’ਚ ਪੜ੍ਹਨ ਦੀ ਘੋੜ ਦੌੜ ਸ਼ੁਰੂ ਹੋ ਗਈ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਚੀਨ ’ਚ ਨੌਕਰੀਆਂ ਦੀ ਘਾਟ ਤੇ ਮੰਦੀ ਪੈਂਦੀ ਚੀਨੀ ਅਰਥਵਿਵਸਥਾ ਹੈ। ਇਸ ਸਮੇਂ ਚੀਨ ਦਾ ਨੌਜਵਾਨ ਵਰਗ ਆਪਣੀ ਸਰਕਾਰ ਤੋਂ ਬਹੁਤ ਨਾਰਾਜ਼ ਅਤੇ ਮਾਯੂਸ ਹੈ। ਇਸ ਦੇ ਪਿੱਛੇ ਚੀਨ ਦੀ ਸਿੱਖਿਆ ਨੀਤੀ ਵੀ ਹੈ ਜੋ ਪੱਛੜੀ ਹੋਈ ਅਤੇ ਦਕਿਆਨੂਸੀ ਹੈ। ਸਾਲ 2023 ’ਚ 47 ਲੱਖ ਚੀਨੀ ਵਿਦਿਆਰਥੀ ਪੋਸਟ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਲਈ ਵਿਦੇਸ਼ ਜਾਣ ਨੂੰ ਤਿਆਰ ਹਨ, ਇਸਦੇ ਇਲਾਵਾ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ’ਚ 20 ਫੀਸਦੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ। ਇਹ 20 ਫੀਸਦੀ ਵਿਦਿਆਰਥੀ ਚੀਨ ’ਚ ਨੌਕਰੀਆਂ ਨਾ ਮਿਲਣ ਤੋਂ ਪ੍ਰੇਸ਼ਾਨ ਹਨ ਅਤੇ ਵਿਦੇਸ਼ ਜਾ ਕੇ ਉੱਥੋਂ ਉੱਚ ਪੱਧਰ ਦੀ ਸਿੱਖਿਆ ਲੈ ਕੇ ਉੱਥੇ ਹੀ ਨੌਕਰੀ ਕਰਨ ਦੀ ਚਾਅ ’ਚ ਚੀਨ ਛੱਡ ਕੇ ਭੱਜ ਰਹੇ ਹਨ।
ਚੀਨ ’ਚ ਉੱਚ ਪੱਧਰ ਦੀ ਸਿੱਖਿਆ ਲਈ ਪ੍ਰੀਖਿਆ ਦੇਣ ਦੀ ਥਾਂ ਉਹ ਦੇਸ਼ ਛੱਡ ਕੇ ਭੱਜਣਾ ਚਾਹੁੰਦੇ ਹਨ। ਚੀਨ ਦੇ ਨੌਜਵਾਨਾਂ ’ਚ ਇਸ ਸਮੇਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਭੱਜ-ਦੌੜ ਲੱਗੀ ਹੋਈ ਹੈ। ਇਸ ਨੂੰ ਘੌੜ ਦੌੜ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਉਲਟ ਸਥਿਤੀਆਂ ’ਚ ਵੀ ਚੀਨ ਦੀ ਕਮਿਊਨਿਸਟ ਪਾਰਟੀ ਆਪਣੇ ਬੱਚਿਆਂ ਦੇ ਭਵਿੱਖ ’ਤੇ ਧਿਆਨ ਨਹੀਂ ਦੇ ਰਹੀ ਹੈ। ਚੀਨ ਦੀ ਸਰਕਾਰ ਇਸ ਵੇਲੇ ਚਹੁੰਆਂ ਪਾਸਿਆਂ ਤੋਂ ਘਿਰੀ ਹੋਈ ਹੈ। ਅਰਥਵਿਵਸਥਾ ’ਚ ਇਸ ਵੇਲੇ ਕੁਝ ਵੀ ਸਹੀ ਨਹੀਂ ਚੱਲ ਰਿਹਾ। ਉੱਥੇ ਹੀ ਕਮਿਊਨਿਸਟ ਬ੍ਰਿਗੇਡ ਆਪਣੀ ਹਕੂਮਤ ਨੂੰ ਬਚਾਉਣ ਦੀ ਜੁਗਤ ’ਚ ਜ਼ਿਆਦਾ ਰੁੱਝਾ ਹੋਇਆ ਹੈ ਕਿਉਂਕਿ ਲੋਕਾਂ ਦਾ ਗੁੱਸਾ ਇਸ ਵੇਲੇ ਸੱਤਵੇਂ ਆਸਮਾਨ ’ਤੇ ਹੈ। ਚੀਨ ਦੇ ਲੋਕ ਕਮਿਊਨਿਸਟ ਪਾਰਟੀ ਨੂੰ ਸੱਤਾ ਤੋਂ ਪੁੱਟ ਸੁੱਟਣਾ ਚਾਹੁੰਦੇ ਹਨ ਪਰ ਉੱਥੇ ਕਿਸੇ ਦੂਜੀ ਪਾਰਟੀ ਦੀ ਹੋਂਦ ਨਹੀਂ ਹੈ।
ਅਜਿਹੇ ਮਾਹੌਲ ’ਚ ਚੀਨ ਦਾ ਨੌਜਵਾਨ ਬਾਹਰੀ ਦੁਨੀਆ ’ਚ ਸਾਹ ਲੈਣਾ ਚਾਹੁੰਦਾ ਹੈ, ਉੱਥੇ ਜਾ ਕੇ ਆਧੁਨਿਕ ਸਿੱਖਿਆ ਲੈ ਕੇ ਉਹ ਦੁਨੀਆ ਨਾਲ ਆਪਣੇ ਕਦਮ ਮਿਲਾਉਣਾ ਚਾਹੁੰਦਾ ਹੈ। ਸਾਲ 1978 ਤੋਂ 2021 ਦਰਮਿਆਨ ਲਗਭਗ 80 ਲੱਖ ਚੀਨੀ ਵਿਦਿਆਰਥੀਆਂ ਨੇ ਵਿਦੇਸ਼ ’ਚ ਪੜ੍ਹਾਈ ਕੀਤੀ। ਇਹ ਅੰਕੜੇ ਚੀਨ ਦੇ ਸਿੱਖਿਆ ਮੰਤਰਾਲਾ ਨੇ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਾਲ 2022 ’ਚ ਪਿਛਲੇ ਸਾਲ ਦੀ ਤੁਲਨਾ ’ਚ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ’ਚ 23.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਵਿਦੇਸ਼ਾਂ ’ਚ ਚੀਨੀ ਬੱਚਿਆਂ ਨੂੰ ਉੱਚ ਸਿੱਖਿਆ ਲਈ ਭੇਜਣ ਵਾਲੀ ਚੀਨੀ ਏਜੰਸੀ ਈ. ਆਈ. ਸੀ. ਅਨੁਸਾਰ ਪੋਸਟ ਗ੍ਰੈਜੂਏਸ਼ਨ ਲਈ 81.2 ਫੀਸਦੀ ਵਿਦਿਆਰਥੀ ਚੀਨ ਤੋਂ ਬਾਹਰ ਸਿੱਖਿਆ ਲਈ ਜਾਂਦੇ ਹਨ।
ਚੀਨੀ ਵਿਦਿਆਰਥੀ ਆਪਣੇ ਦੇਸ਼ ਦੇ ਪ੍ਰੀਖਿਆ ਸਿਸਟਮ ਅਤੇ ਘਰੇਲੂ ਵਿਵਸਥਾ ’ਚ ਖਾਮੀਆਂ ਕਾਰਨ ਮਾਸਟਰਜ਼ ਡਿਗਰੀ ’ਚ ਗ੍ਰੈਜੂਏਸ਼ਨ ਦੀ ਸਿੱਖਿਆ ਦਾ ਲਾਭ ਨਾ ਮਿਲਣ ਕਾਰਨ ਵੀ ਵਿਦੇਸ਼ਾਂ ’ਚ ਜਾ ਰਹੇ ਹਨ। ਹਾਲਾਂਕਿ ਚੀਨੀ ਵਿਦਿਆਰਥੀਆਂ ਦਾ ਵਿਦੇਸ਼ ਜਾਣ ਪਿੱਛੇ ਸਭ ਤੋਂ ਵੱਡਾ ਕਾਰਨ ਉਥੇ ਸਿੱਖਿਆ ਪਿੱਛੋਂ ਨੌਕਰੀ ਕਰਨਾ ਰਿਹਾ ਹੈ। ਭਾਰੀ ਗਿਣਤੀ ’ਚ ਚੀਨੀ ਵਿਦਿਆਰਥੀਆਂ ਦਾ ਵਿਦੇਸ਼ ਜਾਣਾ ਅਤੇ ਇਸ ਕਾਰਨ ਚੀਨ ਦੀਆਂ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦਾ ਕਾਲ ਪੈਣਾ ਚੀਨ ਲਈ ਇਕ ਨਵੀਂ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਸ਼ੰਘਾਈ ਦੀ ਫੂਦਾਨ ਯੂਨੀਵਰਸਿਟੀ ’ਚ ਗਣਿਤ ਵਿਭਾਗ ਦੇ ਪ੍ਰੋਫੈਸਰ ਲੀ ਚੁਨ ਅਨੁਸਾਰ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀ ਚੀਨ ਆ ਕੇ ਆਪਣੀ ਉੱਚ ਸਿੱਖਿਆ ਗ੍ਰਹਿਣ ਕਰਦੇ ਸਨ ਪਰ ਕੋਰੋਨਾ ਮਹਾਮਾਰੀ ਪਿੱਛੋਂ ਇਥੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਨਾਂਹ ਦੇ ਬਰਾਬਰ ਰਹਿ ਗਈ ਹੈ ਅਤੇ ਅਜਿਹੇ ’ਚ ਚੀਨ ਸਾਹਮਣੇ ਆਪਣੇ ਵਿਦਿਆਰਥੀਆਂ ਨੂੰ ਦੇਸੀ ਯੂਨੀਵਰਸਿਟੀਆਂ ’ਚ ਸਿੱਖਿਆ ਲੈਣ ਲਈ ਮਨਾਉਣਾ ਬਹੁਤ ਮੁਸ਼ਕਲ ਭਰਿਆ ਕੰਮ ਹੈ।
ਚੀਨ ’ਚ ਪੋਸਟ ਗ੍ਰੈਜੂਏਸ਼ਨ ਲਈ ਵਿਦਿਆਰਥੀ ਸਿਰਫ ਇਕ ਯੂਨੀਵਰਸਿਟੀ ’ਚ ਇਕ ਹੀ ਵਿਸ਼ੇ ’ਚ ਅਰਜ਼ੀ ਦੇ ਸਕਦੇ ਹਨ, ਜਦਕਿ ਵਿਦੇਸ਼ਾਂ ’ਚ ਅਜਿਹਾ ਨਹੀਂ ਹੈ, ਇਸ ਲਈ ਵੀ ਚੀਨੀ ਵਿਦਿਆਰਥੀ ਵਿਦੇਸ਼ਾਂ ’ਚ ਪੜ੍ਹਨਾ ਚਾਹੁੰਦੇ ਹਨ। ਉੱਥੇ ਹੀ ਦੂਜੇ ਬੰਨੇ ਵਿਦੇਸ਼ਾਂ ’ਚ ਯੂਨੀਵਰਸਿਟੀ ’ਚ ਦਾਖਲੇ ਲਈ ਕੋਈ ਪ੍ਰੀਖਿਆ ਨਹੀਂ ਹੁੰਦੀ। ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਯੂਨੀਵਰਸਿਟੀ ’ਚ ਕਿਸੇ ਵੀ ਵਿਸ਼ੇ ’ਚ ਅੱਗੋਂ ਦੀ ਪੜ੍ਹਾਈ ਜਾਰੀ ਰੱਖਣ ਦੀ ਆਜ਼ਾਦੀ ਹੁੰਦੀ ਹੈ ਜੋ ਇਨ੍ਹਾਂ ਨੂੰ ਵਿਦੇਸ਼ਾਂ ’ਚ ਪੜ੍ਹਾਈ ਕਰਨ ਲਈ ਖਿੱਚਦੀ ਹੈ।
ਪਰ ਚੀਨੀ ਵਿਦਿਆਰਥੀਆਂ ਲਈ ਹੁਣ ਅਮਰੀਕਾ ਜਾ ਕੇ ਪੜ੍ਹਨਾ ਇੰਨਾ ਸੌਖਾ ਨਹੀਂ ਰਿਹਾ। ਪਹਿਲਾਂ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਹੋਇਆ ਅਤੇ ਉਸ ਪਿੱਛੋਂ ਚੀਨ ਅਤੇ ਅਮਰੀਕਾ ਦਰਮਿਆਨ ਪੈਦਾ ਹੋਏ ਤਣਾਅ ਕਾਰਨ ਚੀਨੀ ਵਿਦਿਆਰਥੀਆਂ ’ਤੇ ਅਮਰੀਕਾ ਨੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਚੀਨ ’ਚ ਆਰਥਿਕ ਮੰਦੀ ਕਾਰਨ ਨੌਜਵਾਨਾਂ ਨੂੰ ਚੰਗੀ ਨੌਕਰੀ ਨਹੀਂ ਮਿਲ ਰਹੀ ਹੈ। ਦੂਜੇ ਬੰਨੇ ਚੀਨ ’ਚ ਇਸ ਸਾਲ 1 ਕਰੋੜ 10 ਲੱਖ ਤੋਂ ਵੱਧ ਗ੍ਰੈਜੂਏਟ ਵਿਦਿਆਰਥੀ ਨੌਕਰੀਆਂ ਦੇ ਬਾਜ਼ਾਰ ’ਚ ਪ੍ਰਵੇਸ਼ ਕਰਨਗੇ। ਅਜਿਹੇ ’ਚ ਜਿਨ੍ਹਾਂ ਚੀਨੀ ਵਿਦਿਆਰਥੀਆਂ ਨੂੰ ਹੁਣ ਤਕ ਨੌਕਰੀ ਨਹੀਂ ਮਿਲੀ ਹੈ, ਆਉਣ ਵਾਲੇ ਦਿਨ ਉਨ੍ਹਾਂ ਲਈ ਮੁਸ਼ਕਲ ਭਰੇ ਹੋਣਗੇ।
ਜੇ ਅਮਰੀਕਾ ਦੀ ਗੱਲ ਕਰੀਏ ਤਾਂ ਪਿਛਲੇ 20 ਸਾਲਾਂ ’ਚ ਉੱਥੇ ਵੀ ਟਿਊਸ਼ਨ ਫੀਸ ’ਚ 134 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉੱਥੇ ਵੀ ਤਕਨੀਕੀ ਕੰਪਨੀਆਂ ਅਤੇ ਕੰਪਿਊਟਰ ਸਾਫਟਵੇਅਰ ਕੰਪਨੀਆਂ ’ਚ ਛਾਂਟੀ ਹੋ ਰਹੀ ਹੈ ਕਿਉਂਕਿ ਹੁਣ ਇਨ੍ਹਾਂ ਕੰਪਨੀਆਂ ਨੂੰ ਲੱਗਣ ਲੱਗਾ ਹੈ ਕਿ ਜਿਸ ਆਧਾਰ ’ਤੇ ਇਨ੍ਹਾਂ ਨੇ ਪੇਸ਼ਾਵਰ ਕੰਪਿਊਟਰ ਇੰਜੀਨੀਅਰਾਂ ਨੂੰ ਨੌਕਰੀ ’ਤੇ ਰੱਖਿਆ ਸੀ, ਉਸ ਆਧਾਰ ’ਤੇ ਇਨ੍ਹਾਂ ਕੋਲ ਕੰਮ ਨਹੀਂ ਆ ਰਿਹਾ ਹੈ। ਚੀਨ ’ਚ ਵੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਫੀਸ ’ਚ ਭਾਰੀ ਵਾਧਾ ਹੋਇਆ ਹੈ। ਇਸ ਲਈ ਵੀ ਵਿਦੇਸ਼ਾਂ ’ਚ ਸਿੱਖਿਆ ਚੀਨ ਦੀ ਤੁਲਨਾ ’ਚ ਘੱਟ ਮਹਿੰਗੀ ਹੈ। ਜਦ ਤਕ ਚੀਨ ਆਪਣੇ ਦੇਸ਼ ਅੰਦਰ ਸਿੱਖਿਆ ਸੁਧਾਰ ਨਹੀਂ ਕਰਦਾ ਅਤੇ ਅਰਥਵਿਵਸਥਾ ਨੂੰ ਸੰਭਾਲਣ, ਨੌਕਰੀਆਂ ਨੂੰ ਸਿਰਜਣ ਲਈ ਵੱਡੇ ਸੁਧਾਰਵਾਦੀ ਕਦਮ ਨਹੀਂ ਚੁੱਕਦਾ, ਚੀਨ ਦਾ ਨੌਜਵਾਨ ਇੰਝ ਹੀ ਵਿਦੇਸ਼ ਭੱਜਦਾ ਰਹੇਗਾ ਜਿਸ ਨਾਲ ਚੀਨ ’ਚ ਉੱਚ ਸਿੱਖਿਆ ਹਾਸਲ ਕਰਨ ਵਾਲਿਆਂ ਅਤੇ ਨੌਕਰੀਆਂ ਲਈ ਨੌਜਵਾਨਾਂ ਦਾ ਮਿਲਣਾ ਹੋਰ ਮੁਸ਼ਕਲ ਹੋਵੇਗਾ। ਪਹਿਲਾਂ ਤੋਂ ਹੀ ਬੁੱਢੇ ਹੁੰਦੇ ਹੋਏ ਚੀਨ ਨੂੰ ਨੌਜਵਾਨਾਂ ਦੀ ਜ਼ਿਆਦਾ ਲੋੜ ਹੈ ਪਰ ਨੌਜਵਾਨ ਵਰਗ ਚੀਨ ਦੇ ਮੌਜੂਦਾ ਹਾਲਾਤ ਨੂੰ ਦੇਖ ਕੇ ਬਾਹਰ ਭੱਜ ਰਿਹਾ ਹੈ। ਇਸ ਤਰ੍ਹਾਂ ਚੀਨ ਦੀ ਹਾਲਤ ’ਚ ਸੁਧਾਰ ਘੱਟ ਅਤੇ ਨੁਕਸਾਨ ਜ਼ਿਆਦਾ ਹੋਵੇਗਾ।