ਹੁਣ ਕੋਈ ਮਹਾਤਮਾ ਗਾਂਧੀ ਨਹੀਂ ਹੋ ਸਕਦਾ...!

Monday, Sep 30, 2024 - 05:24 PM (IST)

ਹੁਣ ਕੋਈ ਮਹਾਤਮਾ ਗਾਂਧੀ ਨਹੀਂ ਹੋ ਸਕਦਾ...!

ਲੋਕ ਮਹਾਤਮਾ ਹੋ ਸਕਦੇ ਹਨ, ਗਾਂਧੀ ਵੀ ਹੋ ਸਕਦੇ ਹਨ ਪਰ ਮਹਾਤਮਾ ਗਾਂਧੀ ਨਹੀਂ ਹੋ ਸਕਦੇ। ਭਾਰਤ ਦੇ ਮਹਾਤਮਾ ਗਾਂਧੀ ਇਕ ਸਨ, ਇਕ ਹਨ ਅਤੇ ਇਕ ਹੀ ਰਹਿਣਗੇ। ਅੱਜ ਬਾਪੂ ਨੂੰ ਸਾਡੇ ਕੋਲੋਂ ਖੁੱਸਿਆਂ ਬੇਸ਼ੱਕ 76 ਸਾਲ ਹੋ ਗਏ ਹਨ ਪਰ ਹਮੇਸ਼ਾ ਅਜਿਹਾ ਜਾਪਦਾ ਹੈ ਕਿ ਜਿਵੇਂ ਕੱਲ ਦੀ ਗੱਲ ਹੋਵੇ। 30 ਜਨਵਰੀ, 1948 ਨੂੰ ਨੱਥੂਰਾਮ ਗੋਡਸੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਿੰਨ ਗੋਲੀਆਂ ਮਾਰ ਕੇ ਹੱਤਿਆ ਜ਼ਰੂਰ ਕਰ ਦਿੱਤੀ ਪਰ ਉਨ੍ਹਾਂ ਦੇ ਵਿਚਾਰਾਂ ਅਤੇ ਪ੍ਰੇਰਣਾ ਦੀ ਹੱਤਿਆ ਹੋ ਹੀ ਨਹੀਂ ਸਕਦੀ।

ਬਾਪੂ ਨੂੰ ਸੱਚ ਅਤੇ ਹਿੰਸਾ ਦੇ ਮਾਰਗ ’ਤੇ ਚੱਲਣ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਪ੍ਰੇਰਣਾਵਾਂ-ਕਿ ਅਸੀਂ ਵਰਤਮਾਨ ’ਚ ਕੀ ਕਰਦੇ ਹਾਂ; ਭੀੜ ’ਚ ਖੜ੍ਹਾ ਹੋਣਾ ਸੌਖਾ ਹੈ ਪਰ ਇਕੱਲੇ ਖੜ੍ਹੇ ਹੋਣ ਦੀ ਹਿੰਮਤ ਹੋਣੀ ਚਾਹੀਦੀ ਹੈ, ਬਿਨਾਂ ਨਿਮਰਤਾ ਦੀ ਸੇਵਾ ਸਵਾਰਥ ਅਤੇ ਹੰਕਾਰ ਹੈ, ਪਾਪ ਨਾਲ ਨਫਰਤ ਕਰੋ, ਪਾਪੀ ਨਾਲ ਨਹੀਂ; ਉਹ ਬਦਲਾਅ ਬਣੋ ਜਿਹੋ ਜਿਹਾ ਖੁਦ ਬਣਨਾ ਚਾਹੁੰਦੇ ਹੋ, ਮਨੁੱਖਤਾ ਦੀ ਮਹਾਨਤਾ ਮਨੁੱਖ ਹੋਣ ’ਚ ਨਹੀਂ ਸਗੋਂ ਮਨੁੱਖ ਦਿਸਣ ’ਚ ਹੈ, ਕਿਸੇ ਨੂੰ ਵੀ ਆਪਣੇ ਗੰਦੇ ਪੈਰਾਂ ਨਾਲ ਆਪਣੇ ਦਿਮਾਗ ’ਚ ਨਾ ਚੱਲਣ ਦਿਓ; ਕਮਜ਼ੋਰ ਕਦੇ ਮੁਆਫ ਨਹੀਂ ਕਰ ਸਕਦੇ ਜਦਕਿ ਮੁਆਫੀ ਤਾਕਤਵਾਰ ਦੀ ਖਾਸੀਅਤ ਹੈ।

ਗਾਂਧੀ ਜੀ ਚੇਤਨਾ ਦਾ ਚਿੰਤਨ ਸਨ ਅਤੇ ਚਿੰਤਕ ਦੀ ਚਿੰਤਾ। ਉਹ ਮੰਨਦੇ ਸਨ ਕਿ ਜਿਸ ਦੇਸ਼ ਜਾਂ ਸਮਾਜ ਕੋਲ ਚਿੰਤਨ ਅਤੇ ਚੇਤਨਾ ਨਹੀਂ, ਉਹ ਗਿਆਨ ਅਤੇ ਸੇਵਾ ਦਾ ਦੇਸ਼ ਜਾਂ ਸਮਾਜ ਬਣ ਹੀ ਨਹੀਂ ਸਕਦਾ। ਇਹੀ ਠਰ੍ਹੰਮਾ ਉਨ੍ਹਾਂ ਦੀ ਸਾਧਨਾ ਸੀ, ਤਾਂ ਨਿਯਮ ਉਨ੍ਹਾਂ ਦੀ ਨੈਤਿਕਤਾ। ਦੋਵੇਂ ਉਨ੍ਹਾਂ ਦੇ ਲੋਕਾਚਾਰ ਸਨ।

ਸਾਰਿਆਂ ਨੂੰ ਪਤਾ ਹੈ ਕਿ ਅਹਿੰਸਾ ਅਤੇ ਸ਼ਾਂਤੀਪੂਰਨ ਢੰਗਾਂ ਰਾਹੀਂ ਭਾਰਤ ਦੇ ਆਜ਼ਾਦੀ ਸੰਗਰਾਮ ’ਚ ਸਭ ਤੋਂ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਮਹਾਤਮਾ ਗਾਂਧੀ ਸਦਾ ਪ੍ਰਾਸੰਗਿਕ ਸਨ, ਹਨ ਅਤੇ ਰਹਿਣਗੇ। ਸਮੇਂ ਦੇ ਜ਼ਾਲਮਾਨਾ ਹੱਥਾਂ ਦੇ ਕਾਰਨ ਉਹ ਸਮੇਂ ਤੋਂ ਪਹਿਲਾਂ ਸਾਡੇ ’ਚੋਂ ਚਲੇ ਗਏ ਪਰ ਉਨ੍ਹਾਂ ਦੇ ਵਿਚਾਰ ਜਿਉਂ ਦੇ ਤਿਉਂ ਤਰੋਤਾਜ਼ਾ ਹਨ ਅਤੇ ਸਾਰਿਆਂ ਦੇ ਮਨ ਮਸਤਕ ’ਚ ਹਨ। ਉਹ ਗਾਂਧੀਵਾਦੀ ਵਿਚਾਰ ਹੀ ਹੈ, ਜਿਸ ’ਤੇ ਚੱਲ ਕੇ ਲੱਖਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦਾ ਰਾਹ ਅਤੇ ਜਿਊਣ ਦਾ ਢੰਗ ਬਦਲਿਆ ਹੈ।

ਯਕੀਨੀ ਤੌਰ ’ਤੇ ਇਹ ਗਾਂਧੀ ਜੀ ਹੀ ਸੋਚ ਸਕਦੇ ਸਨ ਕਿ ਅਜਿਹਾ ਜੀਓ ਜਿਵੇਂ ਕਿ ਕੱਲ ਹੀ ਮਰਨਾ ਹੈ। ਅਜਿਹਾ ਸਿੱਖੋ, ਜਿਸ ਨਾਲ ਤੁਸੀਂ ਹਮੇਸ਼ਾ ਜ਼ਿੰਦਾ ਰਹਿਣਾ ਹੈ। ਹੱਡ-ਮਾਸ ਦੇ ਇਸ ਪੁਤਲੇ ਦੀ ਕਿਹੋ ਜਿਹੀ ਨਿਰਾਲੀ ਸੋਚ ਸੀ ਕਿ ਡਰ ਸਰੀਰ ਦੀ ਬੀਮਾਰੀ ਨਾ ਹੋਵੇ, ਕਿਉਂਕਿ ਇਹ ਆਤਮਾ ਨੂੰ ਮਾਰਦਾ ਹੈ, ਇਸ ਲਈ ਨਿਡਰ ਰਹੋ।

ਯਕੀਨ ’ਤੇ ਉਨ੍ਹਾਂ ਨੂੰ ਅਟੁੱਟ ਭਰੋਸਾ ਸੀ, ਤਾਂ ਹੀ ਉਹ ਕਹਿੰਦੇ ਸਨ ਕਿ ਯਕੀਨ ਕਰਨਾ ਇਕ ਗੁਣ ਹੈ ਅਤੇ ਬੇਯਕੀਨੀ ਹੋਣਾ ਕਮਜ਼ੋਰੀ ਦੀ ਜਨਨੀ ਹੈ। ਉਨ੍ਹਾਂ ਦੀ ਦਾਰਸ਼ਨਿਕ ਸੋਚ ਅੱਜ ਵੀ ਸਾਰਿਆਂ ਲਈ ਸ਼ਾਨਦਾਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਸਮਾਂ ਬਚਾਉਂਦੇ ਹਨ, ਉਹ ਧਨ ਬਚਾਉਂਦੇ ਹਨ ਅਤੇ ਬਚਾਇਆ ਹੋਇਆ ਧਨ, ਕਮਾਏ ਹੋਏ ਧਨ ਦੇ ਬਰਾਬਰ ਹੁੰਦਾ ਹੈ। ਕਿਹੋ ਜਿਹੀ ਗੂੜ੍ਹੀ ਸੋਚ ਸੀ ਕਿ ਅੱਖ ਦੇ ਬਦਲੇ ਅੱਖ ਪੂਰੇ ਵਿਸ਼ਵ ਨੂੰ ਅੰਨ੍ਹਾ ਬਣਾ ਦੇਵੇਗੀ। ਅੱਜ ਦੁਨੀਆ ਜੰਗ ਦੇ ਮੁਹਾਣੇ ’ਤੇ ਕਿਉਂ ਹੈ? ਸ਼ਾਇਦ ਇਸੇ ਨਾਸਮਝੀ ਦੇ ਕਾਰਨ, ਜੋ ਇਕ-ਦੂਜੇ ਨੂੰ ਅੱਖਾਂ ਦਿਖਾ ਰਹੇ ਹਨ।

ਬਾਪੂ ਦਾ ਆਜ਼ਾਦੀ ਨੂੰ ਲੈ ਕੇ ਨਜ਼ਰੀਆ ਵੱਖਰਾ ਅਤੇ ਬੇਹੱਦ ਖਾਸ ਸੀ। ਉਹ ਮੰਨਦੇ ਸਨ ਕਿ ਆਜ਼ਾਦੀ ਦਾ ਕੋਈ ਮਤਲਬ ਨਹੀ, ਜੇਕਰ ਇਸ ’ਚ ਗਲਤੀ ਕਰਨ ਦੀ ਆਜ਼ਾਦੀ ਸ਼ਾਮਲ ਨਾ ਹੋਵੇ। ਯਕੀਨੀ ਤੌਰ ’ਤੇ ਇਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਅਸਫਲਤਾ ਹੀ ਸਫਲਤਾ ਦੀ ਪੌੜੀ ਹੈ।

ਖੁਸ਼ੀ ਨੂੰ ਲੈ ਕੇ ਵੀ ਉਨ੍ਹਾਂ ਦੀ ਸੋਚ ਬੇਹੱਦ ਵੱਖਰੀ ਸੀ। ਇਸ ਦੀ ਤੁਲਨਾ ਉਹ ਇਤਰ ਨਾਲ ਕਰਦੇ ਅਤੇ ਮੰਨਦੇ ਕਿ ਖੁਸ਼ੀ ਹੀ ਇਕੋ-ਇਕ ਉਹ ਇਤਰ ਹੈ ਜਿਸ ਨੂੰ ਦੂਜਿਆਂ ’ਤੇ ਛਿੜਕਦੇ ਹੋ ਤਾਂ ਕੁਝ ਬੂੰਦਾਂ ਤੁਹਾਡੇ ’ਤੇ ਵੀ ਪੈਂਦੀਆਂ ਹਨ। ਜ਼ਿੰਦਗੀ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬੇਹੱਦ ਵੱਖਰਾ ਸੀ। ਬਾਪੂ ਮੰਨਦੇ ਸਨ ਕਿ ਲੋਕ ਪਹਿਲਾਂ ਤੁਹਾਡੇ ’ਤੇ ਧਿਆਨ ਨਹੀਂ ਦੇਣਗੇ, ਜਦੋਂ ਦੇਣਗੇ ਉਦੋਂ ਹੱਸਣਗੇ, ਫਿਰ ਤੁਹਾਡੇ ਨਾਲ ਲੜਨਗੇ, ਉਦੋਂ ਤੁਸੀਂ ਜਿੱਤ ਜਾਓਗੇ।

ਚਰਿੱਤਰ ਨੂੰ ਲੈ ਕੇ ਕਿੰਨਾ ਨਜ਼ਰੀਆ ਵੱਖਰਾ ਸੀ ਕਿ ਵਿਅਕਤੀ ਦੀ ਪਛਾਣ ਕੱਪੜੇ ਤੋਂ ਨਹੀਂ ਚਰਿੱਤਰ ਤੋਂ ਹੁੰਦੀ ਹੈ। ਸ਼ਾਇਦ ਚਰਿੱਤਰ ਦੇ ਮਹੱਤਵ ਦੀ ਇਸ ਤੋਂ ਚੰਗੀ ਕੋਈ ਉਦਾਹਰਣ ਹੋ ਹੀ ਨਹੀਂ ਸਕਦੀ, ਜੋ ਇਕ ਲੰਗੋਟੀ ’ਚ ਲਿਪਟੇ ਵਿਅਕਤੀ ਨੇ ਦੁਨੀਆ ਨੂੰ ਜਿੱਤਣ ਦਾ ਢੰਗ ਦੱਸ ਦਿੱਤਾ।

ਯਕੀਨੀ ਤੌਰ ’ਤੇ ਬਾਪੂ ਦੀ ਜ਼ਿੰਦਗੀ ਇਕ ਆਦਰਸ਼ ਅਤੇ ਜਿਊਣ ਦੀ ਕਲਾ ਹੈ ਜੋ ਅਜਰ, ਅਮਰ ਅਤੇ ਅਮਿਟ ਹੈ। ਉਨ੍ਹਾਂ ਦੇ ਆਦਰਸ਼ਾਂ ਨੂੰ ਜ਼ਿੰਦਗੀ ’ਚ ਉਤਾਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਰਿਤੂਪਰਣ ਦਵੇ 


author

Rakesh

Content Editor

Related News