ਹੁਣ ਮੋਦੀ ਦੀ ਟੱਕਰ ’ਚ ਮਮਤਾ

05/03/2021 3:59:04 AM

ਡਾ. ਵੇਦਪ੍ਰਤਾਪ ਵੈਦਿਕ 
ਪੰਜ ਗੈਰ-ਹਿੰਦੀ ਭਾਸ਼ਾਈ ਸੂਬਿਆਂ ’ਚ ਹੋਈਆਂ ਇਹ ਚੋਣਾਂ ਸਨ ਤਾਂ ਸੂਬਾਈ ਪਰ ਇਨ੍ਹਾਂ ਨੂੰ ਰਾਸ਼ਟਰੀ ਸਰੂਪ ਦੇਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੈ। ਭਾਜਪਾ ਦੇ ਜਿੰਨੇ ਨੇਤਾ ਇਕੱਲੇ ਪੱਛਮੀ ਬੰਗਾਲ ’ਚ ਡਟੇ ਰਹੇ, ਅਜੇ ਤੱਕ ਕਿਸੇ ਵੀ ਸੂਬਾਈ ਚੋਣ ’ਚ ਰਾਸ਼ਟਰੀ ਪੱਧਰ ਦੇ ਇੰਨੇ ਨੇਤਾ ਕਦੇ ਨਹੀਂ ਡਟੇ। ਇਸ ਲਈ ਹੁਣ ਇਸ ਦੇ ਨਤੀਜਿਆਂ ਦਾ ਅਸਰ ਵੀ ਰਾਸ਼ਟਰੀ ਸਿਆਸਤ ’ਤੇ ਪੈਣਾ ਜ਼ਰੂਰੀ ਹੈ। ਮਮਤਾ ਬੈਨਰਜੀ ਹੁਣ ਨਰਿੰਦਰ ਮੋਦੀ ਲਈ ਸਭ ਤੋਂ ਵੱਡੀ ਚੁਣੌਤੀ ਬਣ ਜਾਵੇਗੀ।

ਅਜੇ ਤੱਕ ਮੋਦੀ ਦੀ ਟੱਕਰ ਦਾ ਇਕ ਵੀ ਨੇਤਾ ਵਿਰੋਧੀ ਧਿਰ ’ਚ ਉੱਭਰ ਨਹੀਂ ਸਕਿਆ ਸੀ। ਦੋ ਪਾਰਟੀਆਂ ਅਖਿਲ ਭਾਰਤੀ ਹਨ। ਇਕ ਕਾਂਗਰਸ ਅਤੇ ਦੂਸਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ। ਕਮਿਊਨਿਸਟ ਪਾਰਟੀ ਸਿਰਫ ਕੇਰਲ ’ਚ ਹੈ। ਉਹ ਮਲਿਆਲੀ ਉਪ-ਰਾਸ਼ਟਰਵਾਦ ਦੀ ਵੱਧ, ਮਾਰਕਸਵਾਦ ਦੀ ਘੱਟ ਪ੍ਰਤੀਨਿਧਤਾ ਕਰਦੀ ਹੈ। ਉਹ ਮੋਦੀ ਨੂੰ ਕੋਈ ਚੁਣੌਤੀ ਨਹੀਂ ਦੇ ਸਕਦੀ।

ਹਾਂ, ਕਾਂਗਰਸ ਜ਼ਰੂਰ ਇਕ ਅਖਿਲ ਭਾਰਤੀ ਪਾਰਟੀ ਹੈ ਅਤੇ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ’ਚ ਬੰਗਾਲ ਤੋਂ ਇਲਾਵਾ ਉਸ ਦੀ ਸਾਰੇ ਪਾਸੇ ਹੋਂਦ ਵੀ ਹੈ ਪਰ ਉਸ ਕੋਲ ਸੂਬਾਈ ਨੇਤਾ ਤਾਂ ਹਨ ਪਰ ਉਸ ਕੋਲ ਅਜਿਹੇ ਅਖਿਲ ਭਾਰਤੀ ਨੇਤਾ ਦੀ ਘਾਟ ਹੈ ਜੋ ਮੋਦੀ ਨੂੰ ਚੁਣੌਤੀ ਦੇ ਸਕੇ। ਕਾਂਗਰਸ ’ਚ ਕਈ ਬਹੁਤ ਜ਼ਿਆਦਾ ਤਜਰਬੇਕਾਰ ਅਤੇ ਸਮਰੱਥ ਨੇਤਾ ਹਨ, ਜੋ ਮੋਦੀ ’ਤੇ ਭਾਰੀ ਪੈ ਸਕਦੇ ਹਨ ਪਰ ਕਾਂਗਰਸ ਦੀ ਮਾਂ-ਪੁੱਤ ਦੀ ਅਗਵਾਈ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦੇਵੇਗੀ।

ਅੱਜ ਵੀ ਦੇਸ਼ ਦੇ ਲਗਭਗ ਹਰ ਜ਼ਿਲੇ ’ਚ ਕਾਂਗਰਸ ਦਾ ਸੰਗਠਨ ਹੈ ਪਰ ਉਸ ਦੀ ਹੈਸੀਅਤ ਹੁਣ ਪ੍ਰਾ. ਲਿਮ. ਕੰਪਨੀ ਦੀ ਇਕ ਸ਼ਾਖਾ ਤੋਂ ਜ਼ਿਆਦਾ ਨਹੀਂ ਹੈ। ਅਜਿਹੀ ਹਾਲਤ ’ਚ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਮਮਤਾ ਬੈਨਰਜੀ ਨੂੰ ਲਿਆ ਕੇ ਮੋਦੀ ਦੀ ਟੱਕਰ ’ਚ ਖੜ੍ਹਾ ਕਰ ਦਿੱਤਾ ਹੈ। ਮਮਤਾ ਦੇ ਸਮਰਥਨ ’ਚ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਸਾਹਮਣੇ ਨਹੀਂ ਆਏ ਅਤੇ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਵਿਰੋਧ ’ਚ ਆਪਣੇ ਉਮੀਦਵਾਰ ਵੀ ਖੜ੍ਹੇ ਕੀਤੇ ਸਨ ਪਰ ਦੇਸ਼ ਦੀਆਂ ਲਗਭਗ ਸਾਰੀਆਂ ਸੂਬਾਈ ਪਾਰਟੀਆਂ ਦੇ ਨੇਤਾ ਮਮਤਾ ਨੂੰ ਜਿਤਾਉਣ ਲਈ ਬੰਗਾਲ ਗਏ ਸਨ।

ਹੁਣ ਮਮਤਾ ਨੂੰ ਅਖਿਲ ਭਾਰਤੀ ਨੇਤਾ ਮੰਨਣ ’ਚ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਵੇਗੀ। ਹੋ ਸਕਦਾ ਹੈ ਕਿ ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਵੀ ਇਸ ਉੱਭਰ ਰਹੇ ਗਠਜੋੜ ’ਚ ਸ਼ਾਮਲ ਹੋ ਜਾਣ। ਫਿਰ ਵੀ ਹੋ ਸਕਦਾ ਹੈ ਕਿ ਇਸ ਗਠਜੋੜ ਨੂੰ ਕਿਸੇ ਜੈਪ੍ਰਕਾਸ਼ ਨਾਰਾਇਣ ਦੀ ਲੋੜ ਹੋਵੇ, ਹਾਲਾਂਕਿ ਨਰਿੰਦਰ ਮੋਦੀ ਦੀ ਹੈਸੀਅਤ ਇੰਦਰਾ ਗਾਂਧੀ ਵਰਗੀ ਨਹੀਂ ਹੈ ਪਰ ਇਹ ਵੀ ਸੱਚ ਹੈ ਕਿ ਅੱਜ ਨਰਿੰਦਰ ਮੋਦੀ ਦੀ ਹਾਲਤ ਉਹੋ ਜਿਹੀ ਵੀ ਨਹੀਂ ਹੋਈ ਹੈ ਜਿਹੋ ਜਿਹੀ ਕਿ 1977 ’ਚ ਇੰਦਰਾ ਗਾਂਧੀ ਦੀ ਹੋ ਗਈ ਸੀ।

ਕੋਰੋਨਾ ਦੀ ਬਦਹਾਲੀ ਨੇ ਕੇਂਦਰ ਸਰਕਾਰ ਪ੍ਰਤੀ ਵਿਆਪਕ ਅਸੰਤੋਸ਼ ਜ਼ਰੂਰ ਪੈਦਾ ਕਰ ਦਿੱਤਾ ਹੈ ਪਰ ਦੇਸ਼ ਦੀ ਜਨਤਾ ਮੋਦੀ ਦੇ ਮੁਕਾਬਲੇ ਮਮਤਾ ਨੂੰ ਪ੍ਰਵਾਨ ਤਦ ਹੀ ਕਰੇਗੀ, ਜਦਕਿ ਮਮਤਾ ਬੰਗਾਲੀ ਉਪ-ਰਾਸ਼ਟਰਵਾਦ ਤੋਂ ਉਪਰ ਉੱਠੇਗੀ ਅਤੇ ਉਹ ਦੇਸ਼ ਦੇ ਹੋਰਨਾਂ ਘਾਗ ਨੇਤਾਵਾਂ ਨਾਲ ਤਾਲਮੇਲ ਬਿਠਾਉਣ ਦੀ ਕਲਾ ’ਚ ਨਿਪੁੰਨਤਾ ਹਾਸਲ ਕਰ ਲਵੇਗੀ।


Bharat Thapa

Content Editor

Related News