ਹੁਣ ਭਾਰਤੀ ਬਾਜ਼ਾਰ ’ਚ ਸਸਤੇ ਚੀਨੀ ਮੋਬਾਇਲ ਫੋਨ ’ਤੇ ਲੱਗੇਗੀ ਪਾਬੰਦੀ
Thursday, Aug 25, 2022 - 05:04 PM (IST)

ਚੀਨ ਨੇ ਜਿਸ ਤਰ੍ਹਾਂ ਆਪਣੇ ਦੇਸ਼ ’ਚ ਬਣੇ ਇਲੈਕਟ੍ਰਾਨਿਕ ਉਤਪਾਦਾਂ ਨੂੰ ਭਾਰਤ ’ਚ ਡੰਪ ਕਰਨਾ ਸ਼ੁਰੂ ਕੀਤਾ ਹੈ, ਉਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪੁੱਜਾ ਹੈ, ਅਰਬਾਂ ਦੀ ਗਿਣਤੀ ’ਚ ਭਾਰਤੀ ਵਿਦੇਸ਼ੀ ਮੁਦਰਾ ਚੀਨ ਨੂੰ ਗਈ ਹੈ। ਇਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ’ਚ ਮੋਬਾਇਲ ਫੋਨ ਦਾ ਸ਼ੇਅਰ ਸਭ ਤੋਂ ਵੱਧ ਰਿਹਾ ਹੈ। ਇਸ ਨੂੰ ਰੋਕਣ ਲਈ ਜਲਦੀ ਹੀ ਭਾਰਤ ਸਰਕਾਰ 12 ਹਜ਼ਾਰ ਰੁਪਏ ਦੀ ਘੱਟ ਕੀਮਤ ਵਾਲੇ ਚੀਨੀ ਮੋਬਾਇਲ ਫੋਨ ’ਤੇ ਪਾਬੰਦੀ ਲਾ ਸਕਦੀ ਹੈ। ਇਨ੍ਹਾਂ ’ਚ ਓਪੋ, ਵੀਵੋ, ਸ਼ਓਮੀ ਵਰਗੇ ਮੋਬਾਇਲ ਫੋਨ ਸ਼ਾਮਲ ਹੋ ਸਕਦੇ ਹਨ। ਪਿਛਲੇ ਸਾਲ ਭਾਰਤ ਨੇ ਚੀਨ ਦੀਆਂ ਢੇਰ ਸਾਰੀਆਂ ਮੋਬਾਇਲ ਐਪਲੀਕੇਸ਼ਨਜ਼ ’ਤੇ ਪਾਬੰਦੀ ਲਾਈ ਸੀ। ਇਸ ਨਾਲ ਚੀਨ ਨੂੰ ਲਗਭਗ 20 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ ਪਰ ਬਾਅਦ ’ਚ ਜਦੋਂ ਭਾਰਤ ਨੇ ਕੁਝ ਹੋਰ ਮੋਬਾਇਲ ਐਪਲੀਕੇਸ਼ਨਜ਼ ’ਤੇ ਪਾਬੰਦੀ ਲਾਈ ਹੈ ਤਾਂ ਚੀਨ ਨੂੰ ਹਰ ਸਾਲ ਇਸ ਤੋਂ ਵੀ ਵੱਧ ਦਾ ਨੁਕਸਾਨ ਹੋ ਰਿਹਾ ਹੈ।
ਇਸ ਸਮੇਂ ਭਾਰਤੀ ਗਾਹਕ ਹਰ ਸਾਲ ਡੇਢ ਲੱਖ ਕਰੋੜ ਰੁਪਏ ਦੇ ਚੀਨੀ ਮੋਬਾਇਲ ਫੋਨ ਖਰੀਦਦੇ ਹਨ ਅਤੇ ਇਕ ਬੜੀ ਵੱਡੀ ਧਨਰਾਸ਼ੀ ਭਾਰਤ ਤੋਂ ਚੀਨ ਜਾ ਰਹੀ ਹੈ। ਭਾਰਤ ਨੇ 12 ਹਜ਼ਾਰ ਰੁਪਏ ਦੇ ਫੋਨ ਨੂੰ ਹੀ ਕਿਉਂ ਟਾਰਗੈੱਟ ਬਣਾਇਆ ਹੈ। ਇਸ ਦੇ ਪਿੱਛੇ ਵੀ ਇਕ ਕਾਰਨ ਹੈ। ਦਰਅਸਲ ਇਸ ਲੜੀ ’ਚ ਭਾਰਤੀ ਫੋਨ ਦੀ ਬਾਜ਼ਾਰ ’ਚ ਐਂਟਰੀ ਹੋ ਰਹੀ ਹੈ ਅਤੇ ਇਸ ’ਚ ਲਾਵਾ, ਮਾਈਕ੍ਰੋਮੈਕਸ, ਕਾਰਬਨ, ਸੋਲੋ, ਸਪਾਈਸ, ਇੰਟੈਕਸ, ਰਿਲਾਇੰਸ ਦਾ ਐੱਲ. ਵਾਈ. ਐੱਫ. ਮੋਬਾਇਲ, ਸੇਲਕਾਨ ਅਤੇ ਆਈਬਾਲ ਮੋਬਾਇਲ ਕੰਪਨੀਆਂ ਸ਼ਾਮਲ ਹਨ। ਭਾਰਤ ਸਰਕਾਰ ਚਾਹੁੰਦੀ ਹੈ ਕਿ ਭਾਰਤੀ ਮੋਬਾਇਲ ਨਿਰਮਾਤਾਵਾਂ ਨੂੰ ਦੇਸੀ ਬਾਜ਼ਾਰ ’ਚ ਪਨਪਨ ਦਾ ਮੌਕਾ ਮਿਲੇ। ਇਸ ਲਈ ਚੀਨ ਦੇ ਸਸਤੇ ਮੋਬਾਇਲ ਫੋਨ ’ਤੇ ਜਲਦੀ ਹੀ ਪਾਬੰਦੀ ਲਾਈ ਜਾਵੇਗੀ। ਹੁਣ ਤੱਕ ਸਸਤੇ ਮੋਬਾਇਲ ਫੋਨ ਦੇ ਮੁਕਾਬਲੇ ਭਾਰਤੀ ਕੰਪਨੀਆਂ ਮੁਕਾਬਲੇਬਾਜ਼ੀ ਨਹੀਂ ਕਰ ਸਕਦੀਆਂ ਸਨ। ਇਸੇ ਲਈ ਭਾਰਤ ਸਰਕਾਰ ਨੇ ਵਿਦੇਸ਼ੀ ਮੋਬਾਇਲ ਕੰਪਨੀਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ।
ਚੀਨੀ ਮੋਬਾਇਲ ਫੋਨ ਕੰਪਨੀਆ ਨੇ ਰਣਨੀਤੀ ਬਣਾ ਕੇ ਭਾਰਤੀ ਬਾਜ਼ਾਰਾਂ ’ਚ ਆਪਣੀ ਪੈਠ ਬਣਾਉਣ ਲਈ ਬੜੇ ਘੱਟ ਭਾਵਾਂ ’ਚ ਆਪਣੇ ਮੋਬਾਇਲ ਫੋਨ ਵੇਚੇ, ਇਸ ਦੇ ਲਈ ਚੀਨੀ ਕੰਪਨੀਆਂ ਨੇ ਡੀਲਰਾਂ ਅਤੇ ਰੀਟੇਲ ਸੈਕਟਰ ਦੇ ਲੋਕਾਂ ਨੂੰ ਫੋਨ ’ਤੇ ਭਾਰੀ ਛੋਟ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਵੀ ਚੰਗਾ ਮੁਨਾਫਾ ਹੋਣ ਲੱਗਾ। ਡੀਲਰ ਅਤੇ ਦੁਕਾਨਦਾਰ ਆਪਣੇ ਮੁਨਾਫੇ ਲਈ ਗਾਹਕਾਂ ਨੂੰ ਚੀਨੀ ਫੋਨ ਖਰੀਦਣ ਦੀ ਸਲਾਹ ਵੀ ਦਿੰਦੇ ਹੁੰਦੇ ਸਨ। ਚੀਨ ਨੇ ਬੜੇ ਘੱਟ ਮੁਨਾਫੇ ’ਚ ਭਾਰਤ ’ਚ ਆਪਣੇ ਫੋਨ ਵੇਚੇ, ਇਸ ਦੇ ਪਿੱਛੇ ਕਾਰਨ ਇਹ ਹੈ ਕਿ ਚੀਨ ਦੀ ਹਰ ਕੰਪਨੀ ’ਚ ਉੱਥੋਂ ਦੀ ਸਰਕਾਰ ਦੀ ਜ਼ਬਰਦਸਤ ਦਖਲਅੰਦਾਜ਼ੀ ਹੁੰਦੀ ਹੈ। ਜਦੋਂ ਕੰਪਨੀ ਡੁੱਬਣ ਲੱਗਦੀ ਹੈ ਤਾਂ ਚੀਨ ਸਰਕਾਰ ਉਸ ਕੰਪਨੀ ’ਚ ਪੈਸਾ ਲਾਉਂਦੀ ਹੈ ਜਿਸ ਨਾਲ ਕੰਪਨੀ ਦੋਬਾਰਾ ਆਪਣਾ ਵਪਾਰ ਸਫਲਤਾ ਨਾਲ ਕਰ ਸਕੇ।
ਅਜਿਹੇ ’ਚ ਚੀਨੀ ਫੋਨ ਦਾ ਭਾਰਤੀ ਬਾਜ਼ਾਰ ’ਤੇ 98 ਤੋਂ 99 ਫੀਸਦੀ ਤੱਕ ਕਬਜ਼ਾ ਹੋ ਗਿਆ, ਅਜਿਹੇ ’ਚ ਭਾਰਤੀ ਫੋਨ ਕੰਪਨੀਆਂ ਲਈ ਬਾਜ਼ਾਰ ’ਚ ਰਹਿਣਾ ਔਖਾ ਹੋ ਗਿਆ ਸੀ। ਚੀਨ ਕਦੀ ਵੀ ਨਿਯਮ-ਕਾਨੂੰਨ ਨਾਲ ਨਹੀਂ ਚੱਲਦਾ। ਚੀਨ ਦੀਆਂ ਮੋਬਾਇਲ ਕੰਪਨੀਆਂ ਇੰਨੀਆਂ ਘੱਟ ਕੀਮਤਾਂ ’ਤੇ ਇਸ ਲਈ ਭਾਰਤ ’ਚ ਫੋਨ ਵੇਚ ਰਹੀਆਂ ਹਨ ਜਿਸ ਨਾਲ ਭਾਰਤ ਦੀਆਂ ਦੇਸੀ ਕੰਪਨੀਆਂ ਬੈਠ ਜਾਣ। ਜੋ ਆਰਥਿਕ ਨੁਕਸਾਨ ਚੀਨ ਦੀਆਂ ਕੰਪਨੀਆਂ ਨੂੰ ਹੁੰਦਾ ਹੋਵੇ ਉਸ ਨੂੰ ਚੀਨ ਸਰਕਾਰ ਪੂਰਾ ਕਰ ਦਿੰਦੀ ਹੈ। ਚੀਨ ਆਪਣੀ ਹਰ ਮੁਨਾਫਾ ਕਮਾਉਣ ਵਾਲੀ ਕੰਪਨੀ ਨੂੰ ਉਸ ਦੀ ਔਖੀ ਘੜੀ ’ਚ ਆਰਥਿਕ ਮਦਦ ਕਰਦੀ ਹੈ। ਅਜੇ ਤੱਕ ਚੀਨ ਭਾਰਤ ’ਚ ਆਪਣੇ ਮੋਬਾਇਲ ਫੋਨ ਘੱਟ ਕੀਮਤ ’ਤੇ ਡੰਪ ਕਰ ਰਿਹਾ ਸੀ।
ਭਾਰਤ ਦੇਸੀ ਮੋਬਾਇਲ ਕੰਪਨੀਆਂ ਦੀ ਮਦਦ ਲਈ ਕਦਮ ਇਸ ਲਈ ਚੁੱਕ ਰਿਹਾ ਹੈ ਕਿਉਂਕਿ ਹਾਲ ਹੀ ਮਾਰਕਿਟ ਰਿਸਰਚ ਕੰਪਨੀ ਡੇਲੋਲਾਈਟ ਨੇ ਜਾਰੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਸਾਲ 2026 ਤੱਕ ਭਾਰਤ ’ਚ ਇਕ ਅਰਬ ਸਮਾਰਟਫੋਨ ਦੇ ਗਾਹਕ ਹੋਣਗੇ। ਸਮਾਰਟਫੋਨ ਸਿਰਫ ਗੱਲ ਕਰਨ ਦਾ ਯੰਤਰ ਨਹੀਂ ਹੈ ਸਗੋਂ ਇਸ ਰਾਹੀਂ ਲੋਕ ਬਹੁਤ ਸਾਰੇ ਕੰਮ ਕਰ ਸਕਦੇ ਹਨ, ਆਪਣੇ ਬੈਂਕ ਦੇ ਖਾਤੇ ਨੂੰ ਰੈਗੂਲੇਟ ਕਰ ਸਕਦੇ ਹਨ, ਬਾਜ਼ਾਰ ਤੋਂ ਸਾਮਾਨ ਖਰੀਦਣ ਦੇ ਬਾਅਦ ਪੈਸਿਆਂ ਦਾ ਭੁਗਤਾਨ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਵੈਕਸੀਨ ਲੱਗਣੀ ਹੈ ਤਾਂ ਉਸ ਦਾ ਵੇਰਵਾ ਆਪਣੇ ਫੋਨ ’ਚ ਸੁਰੱਖਿਅਤ ਰੱਖ ਸਕਦੇ ਹਨ, ਨਾਲ ਹੀ ਮੋਬਾਇਲ ਐਪਸ ਰਾਹੀਂ ਵੈਕਸੀਨ ਦੀ ਜਾਣਕਾਰੀ ਕਿਸੇ ਇਮਾਰਤ ਦੀ ਐਂਟਰੀ ਪੁਆਇੰਟ ’ਤੇ ਦਿਖਾ ਸਕਦੇ ਹਨ। ਅੱਜ ਦੀ ਤਰੀਕ ’ਚ ਮੋਬਾਇਲ ਫੋਨ ਨਿਤ ਦੀ ਲੋੜ ’ਚ ਸ਼ਾਮਲ ਹੋ ਚੁੱਕਾ ਹੈ। ਇਹ ਇਕ ਬੜਾ ਵੱਡਾ ਬਾਜ਼ਾਰ ਹੈ ਅਤੇ ਇਸ ਬਾਜ਼ਾਰ ’ਚ ਭਾਰਤੀ ਉਤਪਾਦਕਾਂ ਦੇ ਹਿੱਤਾਂ ਦਾ ਧਿਆਨ ਭਾਰਤ ਨੂੰ ਹੀ ਰੱਖਣਾ ਹੋਵੇਗਾ। ਨਹੀਂ ਤਾਂ ਚੀਨੀ ਕੰਪਨੀਆਂ ਆਪਣੇ ਪੈਸੇ ਦੇ ਜ਼ੋਰ ’ਤੇ ਭਾਰਤੀ ਮੋਬਾਇਲ ਕੰਪਨੀਆਂ ਨੂੰ ਖਤਮ ਕਰ ਦੇਣਗੀਆਂ। ਉਸ ਦੇ ਬਾਅਦ ਚੀਨੀ ਮੋਬਾਇਲ ਕੰਪਨੀਆਂ ਭਾਰਤੀ ਬਾਜ਼ਾਰ ’ਤੇ ਗਲਬਾ ਕਰ ਕੇ ਹੌਲੀ-ਹੌਲੀ ਆਪਣੇ ਭਾਅ ਵਧਾਉਣਗੀਆਂ।
ਇੰਨੇ ਵੱਡੇ ਬਾਜ਼ਾਰ ’ਚ ਦੇਸੀ ਕੰਪਨੀਆਂ ਲਈ ਮੁਕਾਬਲੇਬਾਜ਼ੀ ਦੀ ਬਰਾਬਰ ਦੀ ਜ਼ਮੀਨ ਹੋਣੀ ਜ਼ਰੂਰੀ ਹੈ ਜਿਸ ਨਾਲ ਇਹ ਵਿਦੇਸ਼ੀ ਕੰਪਨੀਆਂ ਨਾਲ ਮੁਕਾਬਲਾ ਕਰ ਸਕਣ।
ਭਾਰਤ ਸਰਕਾਰ ਦੀ ਇਸ ਨੀਤੀ ਦਾ ਅਸਰ ਚੀਨੀ ਮੋਬਾਇਲ ਫੋਨ ’ਤੇ ਪਵੇਗਾ, ਇਸ ਦੇ ਬਾਅਦ ਚੀਨੀ ਮੋਬਾਇਲ ਫੋਨ ਕੰਪਨੀਆਂ ਨੂੰ ਘੱਟ ਤੋਂ ਘੱਟ ਆਪਣਾ ਭਾਅ 12500 ਰੁਪਏ ਤੱਕ ਵਧਾਉਣਾ ਹੋਵੇਗਾ। ਆਉਣ ਵਾਲੇ ਦਿਨਾਂ ’ਚ ਚੀਨੀ ਮੋਬਾਇਲ ਭਾਰਤੀ ਬਾਜ਼ਾਰਾਂ ’ਚ 8 ਜਾਂ 9 ਹਜ਼ਾਰ ਰੁਪਏ ਦੇ ਨਹੀਂ ਮਿਲਣਗੇ। ਇਹ ਫੋਨ ਉਦੋਂ 12 ਤੋਂ ਲੈ ਕੇ 15 ਅਤੇ 20 ਹਜ਼ਾਰ ਤੱਕ ਦੀ ਰੇਂਜ ’ਚ ਮਿਲਣਗੇ। ਇਸ ਲਈ ਚੀਨੀ ਮੋਬਾਇਲ ਕੰਪਨੀਆਂ ਨੂੰ ਭਾਅ ਦੇ ਨਾਲ-ਨਾਲ ਫੋਨਜ਼ ’ਚ ਨਵੇਂ ਫੀਚਰ ਜੋੜਨੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਵਧੇ ਹੋਏ ਰੇਟਾਂ ਨੂੰ ਨਿਆਸੰਗਤ ਠਹਿਰਾਉਣ ਲਈ ਅਜਿਹਾ ਕਰਨਾ ਹੋਵੇਗਾ। ਓਧਰ ਭਾਰਤੀ ਮੋਬਾਇਲ ਫੋਨ ਕੰਪਨੀਆਂ ਨੂੰ ਮਿਲਣ ਵਾਲਾ ਸਹਾਰਾ ਉਨ੍ਹਾਂ ਨੂੰ ਹੋਂਦ ਬਚਾਉਣ ’ਚ ਬੜਾ ਕੰਮ ਆਵੇਗਾ।