ਮੋਦੀ ‘3.0’ ਨਹੀਂ ਸਗੋਂ ਮੋਦੀ ‘2.1’

06/16/2024 6:40:21 PM

9 ਜੂਨ, 2024 ਨੂੰ ਸਹੁੰ ਚੁੱਕਣ ਵਾਲੀ ਨਵੀਂ ਸਰਕਾਰ ਦੀ ਕਹਾਣੀ ਨੂੰ 10 ਸ਼ਬਦਾਂ ’ਚ ਸੰਖੇਪ ’ਚ ਦੱਸਿਆ ਜਾ ਸਕਦਾ ਹੈ। ਲੋਕਾਂ ਨੇ ਤਬਦੀਲੀ ਲਈ ਵੋਟ ਪਾਈ ਅਤੇ ਨਰਿੰਦਰ ਮੋਦੀ ਨੇ ਨਿਰੰਤਰਤਾ ਨੂੰ ਚੁਣਿਆ।

ਵੋਟਰ : ਆਮ ਬੁੱਧੀਜੀਵੀ ਵੋਟਰਾਂ ਨੇ ਸਹੀ ਫੈਸਲਾ ਕੀਤਾ। ਉਨ੍ਹਾਂ ਨੇ ਪਿਛਲੇ 10 ਸਾਲਾਂ ਦੇ ਭਾਜਪਾ ਦੇ ਰਾਜ ਮਾਡਲ ਨੂੰ ਰੱਦ ਕਰ ਦਿੱਤਾ ਪਰ ਜੇ ਮੋਦੀ ਨੇ ਕੋਈ ਵੱਡਾ ਸੁਧਾਰ ਕੀਤਾ ਤਾਂ ਉਹ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣ ਲਈ ਤਿਆਰ ਸਨ। ਭਾਜਪਾ ਨੇ 303 ਸੀਟਾਂ ਨਾਲ ਸ਼ੁਰੂਆਤ ਕੀਤੀ ਅਤੇ ਆਪਣੇ ਲਈ 370 ਅਤੇ ਐੱਨ. ਡੀ. ਏ. ਦੇ ਲਈ 400+ ਸੀਟਾਂ ਦਾ ਟੀਚਾ ਰੱਖਿਆ। ਇਹ ਸੀਟਾਂ ਦੋਹਾਂ ਨਿਸ਼ਾਨਿਆਂ ਤੋਂ ਬਹੁਤ ਘੱਟ ਰਹਿ ਗਈਆਂ। ਅਖੀਰ ਭਾਜਪਾ ਆਪਣੇ ਲਈ ਸਿਰਫ 240 ਅਤੇ ਐੱਨ. ਡੀ. ਏ. ਲਈ 292 ਸੀਟਾਂ ਹੀ ਹਾਸਲ ਕਰ ਸਕੀ।

ਭਾਜਪਾ ਲਈ ਲੋਕਾਂ ਦਾ ਸੰਦੇਸ਼ ਸਪੱਸ਼ਟ ਸੀ ਕਿ ਸਹਿਯੋਗੀ ਪਾਰਟੀਆਂ ਦੀ ਅਹਿਮ ਭੂਮਿਕਾ ਵਾਲੀ ਗੱਠਜੋੜ ਸਰਕਾਰ ਬਣਾਓ, ਭੰਨਤੋੜ ਨੀਤੀਆਂ ਨੂੰ ਛੱਡੋ, ਆਰਥਿਕ ਸਥਿਤੀ ਦੀ ਅਸਲੀਅਤ ਨੂੰ ਮੰਨੋ, ਸਮਾਜਿਕ ਵੰਡ ਨੂੰ ਦੂਰ ਕਰੋ, ਹੰਕਾਰੀ ਦਾਅਵਿਆਂ ਤੋਂ ਬਚੋ ਅਤੇ ਸਭ ਭਾਰਤੀਆਂ ਨੂੰ ਵਿਕਾਸ ਦੇ ਰਾਹ ’ਤੇ ਲਿਜਾਓ।

ਵੋਟਰਾਂ ਨੇ ਇਹ ਵੀ ਸਿੱਟਾ ਕੱਢਿਆ ਕਿ ਜੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸੱਤਾ ਹਥਿਆਉਣ ਲਈ ਦ੍ਰਿੜ੍ਹ ਯਤਨ ਕੀਤੇ ਸਨ ਪਰ ਉਹ ਸ਼ਾਇਦ ਅਜੇ ਤਿਆਰ ਨਹੀਂ ਹੈ। ਉਸ ਨੂੰ 9 ਸੂਬਿਆਂ ’ਚ ਆਪਣੀਆਂ ਜੜ੍ਹਾਂ ਮੁੜ ਤੋਂ ਟਿਕਾਉਣੀਆਂ ਪੈਣਗੀਆਂ ਜਿੱਥੇ ਲੋਕ ਸਭਾ ਦੀਆਂ 170 ਸੀਟਾਂ ਹਨ।

ਭਾਜਪਾ : ਨਰਿੰਦਰ ਮੋਦੀ ਨੂੰ ਸਰਕਾਰ ਬਣਾਉਣ ਲਈ ਸ਼ਰਤਾਂ ਸਮੇਤ ਲੋਕ ਫਤਵਾ ਮਿਲਿਆ ਸੀ ਪਰ ਜਿਵੇਂ ਕਿ ਉਨ੍ਹਾਂ ਦਾ ਸੁਭਾਅ ਹੈ, ਉਨ੍ਹਾਂ ਨੇ ਆਪਣੇ ਫੈਸਲੇ ’ਤੇ ਹੰਕਾਰ ਨੂੰ ਭਾਰੂ ਹੋਣ ਦਿੱਤਾ। ਮੁੱਢਲੇ ਝਟਕਿਆਂ ਪਿੱਛੋਂ ਮੋਦੀ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਪਾਰਟੀ ’ਚ ਉਨ੍ਹਾਂ ਲਈ ਕੋਈ ਚੁਣੌਤੀ ਨਹੀਂ ਹੈ ਅਤੇ ਕਿਸੇ ਹੋਰ ਪਾਰਟੀ ਕੋਲ ਦਾਅਵਾ ਕਰਨ ਲਈ ਲੋੜੀਂਦੀ ਗਿਣਤੀ ਨਹੀਂ ਹੈ।

ਉਨ੍ਹਾਂ ਇਹ ਵੀ ਸਹੀ ਸਿੱਟਾ ਕੱਢਿਆ ਕਿ ਚੰਦਰਬਾਬੂ ਨਾਇਡੂ (ਤੇਦੇਪਾ) ਅਤੇ ਨਿਤੀਸ਼ ਕੁਮਾਰ (ਜਦ-ਯੂ) ਦੋਵੇਂ ਹੀ ਲੈਣ -ਦੇਣ ਕਰਨ ਵਾਲੇ ਨੇਤਾ ਸਨ ਅਤੇ ਦਿੱਲੀ ’ਚ ‘ਕਿੰਗਮੇਕਰ’ ਦੀ ਭੂਮਿਕਾ ਨਿਭਾਉਣ ਦੀ ਬਜਾਏ ਕ੍ਰਮਵਾਰ ਆਂਧਰਾ ਪ੍ਰਦੇਸ਼ ਅਤੇ ਬਿਹਾਰ ’ਚ ਆਪਣੀ ਸਖਤ ਮਿਹਨਤ ਨਾਲ ਜਿੱਤੀ ਗਈ ਜ਼ਮੀਨ ਨੂੰ ਬਚਾਉਣ ’ਚ ਵਧੇਰੇ ਦਿਲਚਸਪੀ ਰੱਖਦੇ ਸਨ। ਜਿਵੇਂ ਕਿ ਹੋਇਆ, ਮੋਦੀ ਉਨ੍ਹਾਂ ਨੂੰ ਆਸਾਨੀ ਨਾਲ ਧਨ, ਯੋਜਨਾਵਾਂ ਅਤੇ ਉਨ੍ਹਾਂ ਦੇ ਸੂਬਿਆਂ ਲਈ ਕਿਸੇ ਤਰ੍ਹਾਂ ਦੇ ‘ਵਿਸ਼ੇਸ਼ ਦਰਜੇ’ ਦੇ ਨਿੱਜੀ ਭਰੋਸਿਆਂ ਨਾਲ ਸੰਤੁਸ਼ਟ ਕਰ ਸਕਦੇ ਸਨ। ਮੋਦੀ ਨੇ ਆਪਣੀ ਕੋਰ ਟੀਮ ਨੂੰ ਦੋਹਰਾਉਣ ’ਚ ਗਲਤੀ ਕੀਤੀ ਜਿਸ ਬਾਰੇ ਮੈਂ ਹੇਠਾਂ ਚਰਚਾ ਕਰਾਂਗਾ।

ਕਾਂਗਰਸ : ਅੰਕਗਣਿਤ ਦੀ ਖੇਡ ਪੁੱਠੀ ਪੈ ਗਈ ਹੈ। ਕਾਂਗਰਸ ਨੇ 9 ਸੂਬਿਆਂ ’ਚੋਂ 99 ’ਚੋਂ 79 ਸੀਟਾਂ ਜਿੱਤੀਆਂ ਹਨ। 170 ਸੀਟਾਂ ਵਾਲੇ 9 ਹੋਰਨਾਂ ਸੂਬਿਆਂ ’ਚ ਕਾਂਗਰਸ ਨੂੰ ਸਿਰਫ 4 ਸੀਟਾਂ ਮਿਲੀਆਂ (5 ਸੂਬਿਆਂ ’ਚ ਜ਼ੀਰੋ ਅਤੇ 4 ਸੂਬਿਆਂ ’ਚ ਇਕ-ਇਕ)। ਇਹ ਵਿਸ਼ਲੇਸ਼ਣ ਕਰਨਾ ਲਾਹੇਵੰਦ ਹੋਵੇਗਾ ਕਿ ਕਾਂਗਰਸ ਨੇ ਪਹਿਲਾਂ 9 ਸੂਬਿਆਂ ’ਚ ਕੀ ਠੀਕ ਕੀਤਾ ਅਤੇ ਬਾਅਦ ਦੇ 9 ਸੂਬਿਆਂ ’ਚ ਕੀ ਗਲਤ ਕੀਤਾ। ਪਾਰਟੀ ਨੇ ਉਦੈਪੁਰ ਅਤੇ ਰਾਏਪੁਰ ’ਚ ਆਪਣੇ ਸੰਮੇਲਨਾਂ ’ਚ ਤਿਆਰੀ ਦਾ ਕੰਮ ਕੀਤਾ ਪਰ ਲੱਗਦਾ ਨਹੀਂ ਹੈ ਕਿ ਤਿਆਰੀ ਲੋੜੀਂਦੇ ਸਿੱਟੇ ਤੱਕ ਅੱਗੇ ਵਧ ਸਕੀ ਹੈ।

ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ’ਚ ਕੁਝ ਮਹੀਨਿਆਂ ਬਾਅਦ ਅਸੈਂਬਲੀ ਚੋਣਾਂ ਹੋਣ ਵਾਲੀਆਂ ਹਨ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ’ਚ ਜਿੱਤੀਆਂ ਗਈਆਂ ਸੀਟਾਂ ਦੇ ਆਧਾਰ ’ਤੇ ਕਾਂਗਰਸ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ 3 ਸੂਬਿਆਂ ’ਚ ਲੀਡ ਬਣਾ ਲਈ ਹੈ ਅਤੇ ਸੂਬਿਆਂ ਦੀਆਂ ਅਸੈਂਬਲੀ ਚੋਣਾਂ ’ਚ ਉਸ ਦੀ ਸੱਤਾ ਨੂੰ ਹਾਸਲ ਕਰਨ ਦੀ ਬਰਾਬਰ ਸੰਭਾਵਨਾ ਹੈ ਕਿਉਂਕਿ 3 ਸੂਬਿਆਂ ’ਚ ਚੋਣਾਂ ਦੇ ਨਤੀਜੇ ਉਨ੍ਹਾਂ ਸੂਬਿਆਂ ਤੋਂ ਪਰੇ ਹਨ, ਇਸ ਲਈ ਭਾਜਪਾ ਯਕੀਨੀ ਤੌਰ ’ਤੇ ਸਖਤ ਟੱਕਰ ਦੇਵੇਗੀ। ਭਾਰਤੀ ਜਨਤਾ ਪਾਰਟੀ ਨੂੰ ਜਿੱਤਣ ਲਈ ਸੰਘਰਸ਼ ਕਰਨਾ ਹੋਵੇਗਾ।

ਸਰਕਾਰ : ਜਦੋਂ ਮੋਦੀ ਨੇ ਤਬਦੀਲੀ ਦੀ ਬਜਾਏ ਨਿਰੰਤਰਤਾ ਨੂੰ ਚੁਣਿਆ ਤਾਂ ਉਨ੍ਹਾਂ ਖੁਦ ਹੀ ਆਪਣੇ ਪੈਰਾਂ ’ਤੇ ਕੋਹਾੜੀ ਮਾਰ ਲਈ। ਮੋਦੀ ਦੀ ਤੀਜੀ ਸਰਕਾਰ ਦੀ ਬਣਤਰ ਅਤੇ ਵਿਭਾਗਾਂ ਦੀ ਵੰਡ ਤੋਂ ਕਈ ਸਿੱਟੇ ਕੱਢੇ ਜਾ ਸਕਦੇ ਹਨ। ਸਭ ਤੋਂ ਪਹਿਲਾਂ ਮੋਦੀ ਨੇ ਵੋਟਰਾਂ ਦੀ ਚਿਤਾਵਨੀ ਨੂੰ ਠੁਕਰਾ ਦਿੱਤਾ ਕਿ ਉਹ ਆਪਣੀ ਸਰਕਾਰ ਦੀ ਦਿਸ਼ਾ ਤੇ ਸ਼ੈਲੀ ਨੂੰ ਬਦਲਣ। ਦੂਜਾ, ਉਨ੍ਹਾਂ ਅੜੀਅਲ ਢੰਗ ਨਾਲ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਬੁਨਿਆਦੀ ਨੀਤੀਆਂ ਖਾਸ ਕਰ ਕੇ ਅਰਥਵਿਵਸਥਾ, ਅੰਦਰੂਨੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਸਬੰਧਤ ਨੀਤੀਆਂ ’ਚ ਕੁਝ ਵੀ ਗਲਤ ਨਹੀਂ ਹੈ।

ਤੀਜਾ, ਉਨ੍ਹਾਂ ਸਪੱਸ਼ਟ ਰੂਪ ਨਾਲ ਮੰਨਿਆ ਕਿ ਉਨ੍ਹਾਂ ਦੇ ਰੈਂਕ ’ਚ ਯੋਗਤਾ ਦੀ ਗੰਭੀਰ ਕਮੀ ਸੀ। ਚੌਥਾ, ਉਨ੍ਹਾਂ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੇ ਮੰਤਰੀ ਮੰਡਲ ’ਚ ਸਿਰਫ ਉਨ੍ਹਾਂ ਲੋਕਾਂ ਲਈ ਥਾਂ ਸੀ ਜੋ ਇਹ ਮੰਨਦੇ ਸਨ ਕਿ ਉਨ੍ਹਾਂ ਦੀ ਤੀਜੀ ਸਰਕਾਰ ਪੀ. ਐੱਮ. ਓ. ਵੱਲੋਂ ਸੰਚਾਲਿਤ ਹੋਵੇਗੀ। ਅੰਤ ’ਚ ਉਨ੍ਹਾਂ ਨੂੰ ਭਰੋਸਾ ਹੈ ਕਿ ਅਮਿਤ ਸ਼ਾਹ ਅਤੇ ਉਨ੍ਹਾਂ ਕੋਲ ਸਹਿਯੋਗੀਆਂ ਨੂੰ ਸਰਕਾਰ ’ਚ ਸਨਮਾਨਜਨਕ ਭੂਮਿਕਾ ਦਿੱਤੇ ਬਿਨਾਂ ਪ੍ਰਬੰਧਤ ਕਰਨ ਲਈ ਸੋਮੇ ਹਨ।

ਹੁਣ ਤੱਕ ਕਿਸੇ ਵੀ ਮੰਤਰੀ ਨੇ ਆਪਣੀਆਂ ਪਹਿਲਕਦਮੀਆਂ ਬਾਰੇ ਗੱਲ ਨਹੀਂ ਕੀਤੀ ਹੈ। ਨਿਰਮਲਾ ਸੀਤਾਰਮਨ ਇਹ ਦਾਅਵਾ ਕਰਨਾ ਜਾਰੀ ਰੱਖ ਸਕਦੀ ਹੈ ਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। 240 ਮਿਲੀਅਨ ਲੋਕ ਗਰੀਬੀ ਤੋਂ ਬਾਹਰ ਨਿਕਲ ਚੁੱਕੇ ਹਨ। ਸਿੱਕੇ ਦੇ ਪਸਾਰ ਦੀ ਦਰ ਘੱਟ ਹੈ, ਨੌਕਰੀਆਂ ਪੈਦਾ ਹੋ ਰਹੀਆਂ ਹਨ ਅਤੇ ਭਾਰਤ ਅਣਮਿੱਥੀ ਮਿਤੀ ’ਤੇ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ।

ਅਮਿਤ ਸ਼ਾਹ ਇਹ ਕਹਿ ਸਕਦੇ ਹਨ ਕਿ ਅੱਤਵਾਦ ਨੂੰ ਕੁਚਲ ਦਿੱਤਾ ਗਿਆ ਹੈ, ਮਣੀਪੁਰ ’ਚ ਸੰਵਿਧਾਨ ਮੁਤਾਬਕ ਸਰਕਾਰ ਚਲਾਈ ਜਾ ਰਹੀ ਹੈ। ਸੀ. ਏ. ਏ. ਅਤੇ ਯੂ. ਸੀ. ਸੀ. ਸਹੀ ਦਿਸ਼ਾ ’ਚ ਅੱਗੇ ਵਧ ਰਹੇ ਹਨ ਅਤੇ ਆਈ. ਪੀ. ਸੀ., ਸੀ. ਆਰ. ਪੀ. ਸੀ. ਅਤੇ ਸਬੂਤ ਐਕਟ ਦੀ ਥਾਂ ਲੈਣ ਵਾਲੇ 3 ਕਾਨੂੰਨ ਥਾਮਸ ਬੈਬਿੰਗਟਨ ਮੈਕਾਲੇ ਪਿੱਛੋਂ ਭਾਰਤ ਲਈ ਸਭ ਤੋਂ ਚੰਗੀਆਂ ਗੱਲਾਂ ਹਨ।

ਜੈਸ਼ੰਕਰ ਦੁਨੀਆ ਦੀਆਂ ਰਾਜਧਾਨੀਆਂ ’ਚ ਤਸਵੀਰਾਂ ਖਿਚਵਾਉਣ ਦੇ ਮੌਕਿਆਂ ਦਾ ਅਨੰਦ ਲੈ ਸਕਦੇ ਹਨ ਜਦੋਂ ਕਿ ਚੀਨ ਚੁੱਪਚਾਪ ਭਾਰਤ ਨਾਲ ਆਪਣੀ ਸਵੈ-ਐਲਾਨੀ ਸਰਹੱਦ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਮਾਲਦੀਵ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਮਿਆਂਮਾਰ ਨਾਲ ਨਵੇਂ ਆਰਥਿਕ ਅਤੇ ਫੌਜੀ ਸਬੰਧ ਬਣਾ ਰਿਹਾ ਹੈ। ਰਾਜਨਾਥ ਸਿੰਘ ਦਾ ਮੰਨਣਾ ਹੈ ਕਿ ਰੱਖਿਆ ਮੰਤਰੀ ਦਾ ਕੰਮ ਸਮੇਂ-ਸਮੇਂ ’ਤੇ ਫੌਜੀਆਂ ਕੋਲ ਜਾ ਕੇ ਅਤੇ ਛੋਟੇ ਮਾਮਲਿਆਂ ਨੂੰ ਐੱਨ. ਐੱਸ. ਏ. ਅਤੇ ਸੀ. ਡੀ. ਐੱਸ. ਕੋਲ ਛੱਡ ਕੇ ਪੂਰਾ ਹੋ ਜਾਂਦਾ ਹੈ।

ਪਿਊਸ਼ ਗੋਇਲ ਇਹ ਵਿਚਾਰ ਕਰਨਾ ਜਾਰੀ ਰੱਖ ਸਕਦੇ ਹਨ ਕਿ ਭਾਰਤ ਦਾ ਉਦਯੋਗ ਅਤੇ ਵਿਦੇਸ਼ੀ ਵਪਾਰ ਫਲ-ਫੁਲ ਰਿਹਾ ਹੈ ਜਦਕਿ ਵਪਾਰ ਘਾਟਾ ਹਰ ਸਾਲ 200 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ (ਇਸ ’ਚ ਇਕੱਲੇ ਚੀਨ ਦਾ ਹਿੱਸਾ 85 ਬਿਲੀਅਨ ਅਮਰੀਕੀ ਡਾਲਰ ਹੈ)।

ਪੀ. ਕੇ. ਮਿਸ਼ਰਾ ਨੂੰ ਪ੍ਰਿੰਸੀਪਲ ਸਕੱਤਰ ਅਤੇ ਅਜੀਤ ਡੋਪਾਲ ਨੂੰ ਐੱਨ. ਐੱਸ. ਏ. ਵਜੋਂ ਨਿਯੁਕਤ ਕਰਨ ਨਾਲ ਮੋਦੀ ਸਰਕਾਰ ਦੀ ਇਕਰੂਪਤਾ ਦੀ ਪੁਸ਼ਟੀ, ਹਸਤਾਖਰ ਅਤੇ ਮੋਹਰ ਲੱਗ ਗਈ ਹੈ। ਇਹ ਯਕੀਨੀ ਤੌਰ ਮੋਦੀ 3.0 ਨਹੀਂ। ਮੋਦੀ 2.1 ਹੈ।

ਲੋਕ ਆਪਣੇ ਜੀਵਨ ’ਚ ‘ਵਧੀਆ ਤਬਦੀਲੀ’ ਚਾਹੁੰਦੇ ਸਨ। ਲੋਕਾਂ ਨੇ ਨੌਕਰੀਆਂ, ਮੂਲ ਸਥਿਰਤਾ ਅਤੇ ਸ਼ਾਂਤੀ ਤੇ ਸੁਰੱਖਿਆ ਲਈ ਵੋਟ ਪਾਈ। ਜੇ ਇਕ ਮੰਤਰੀ ਇਕ ਹੀ ਅਹੁਦੇ ’ਤੇ ਬੈਠੇ ਅਤੇ ਇਕ ਹੀ ਨੀਤੀ ਦਾ ਪ੍ਰਚਾਰ ਕਰੇ ਤਾਂ ਇਹ ਲੋਕਾਂ ਦੇ ਫੈਸਲੇ ਦਾ ਕੋਝਾ ਮਜ਼ਾਕ ਹੋਵੇਗਾ।

ਪਹਿਲੇ ਪੜਾਅ ’ਚ ਸਰਕਾਰ ਦੇ ਗਠਨ ਦੌਰਾਨ ਮੋਦੀ ਲੜਖੜਾ ਗਏ ਅਤੇ ਦੇਸ਼ ਨੂੰ ਨਾਕਾਮ ਕਰ ਦਿੱਤਾ। ਲੋਕ ਦੂਜੇ ਅਤੇ ਤੀਜੇ ਪੜਾਅ ਭਾਵ ਰਾਸ਼ਟਰਪਤੀ ਦੇ ਭਾਸ਼ਣ ਅਤੇ ਬਜਟ ਦੀ ਉਡੀਕ ਕਰ ਰਹੇ ਹਨ।

ਪੀ. ਚਿਦਾਂਬਰਮ


Rakesh

Content Editor

Related News